HOME ਕਣੀਆਂ ਆਈਆਂ

ਕਣੀਆਂ ਆਈਆਂ

ਮਨਜੀਤ ਸਿੰਘ ਬੱਧਣ
(ਸਮਾਜ ਵੀਕਲੀ)
ਕਣੀਆਂ ਆਈਆਂ, ਕਣੀਆਂ ਆਈਆਂ। ਨਿੱਕੀਆਂ-ਨਿੱਕੀਆਂ ਕਣੀਆਂ ਆਈਆਂ।
ਸੁਣੋ ਕੋਇਲਾਂ ਨੇ ਕੂਕਾਂ ਵਜਾਈਆਂ। ਬੂਟਿਆਂ, ਰੁੱਖਾਂ, ਮੁੱਖਾਂ ‘ਤੇ ਰੌਣਕਾਂ ਛਾਈਆਂ।
ਨਿੱਕੀਆਂ-ਨਿੱਕੀਆਂ ਕਣੀਆਂ ਆਈਆਂ।
ਸੋਨੂੰ, ਮਿੰਟਾ, ਬਿੱਲਾ, ਹੋਏ ਇਕੱਠੇ ਸਾਰੇ। ਕਣੀਆਂ ਵਿੱਚ ਭਿੱਜ-ਭਿੱਜ ਲੈਣ ਨਜ਼ਾਰੇ।
ਚਾਂਭਲ ਚਾਂਭਲ ਭੱਜਿਆ ਫਿਰਦਾ ਤਿਲਕਿਆ ਮੀਤਾ, ਹਾਸੇ-ਹਾਸੀਆਂ ਆਈਆਂ,
ਨਿੱਕੀਆਂ-ਨਿੱਕੀਆਂ ਕਣੀਆਂ ਆਈਆਂ।
ਕੰਮੋ, ਪ੍ਰੀਤੀ, ਸੁੱਖੀ ਪੇਜ ਲਿਆਈਆਂ। ਕਾਗਜ਼ਾਂ ਦੀਆਂ ਕਿਸ਼ਤੀਆਂ ਬਣਾਈਆਂ।
ਫੋਟੋਆਂ ਖਿੱਚ ਲੈਣੀਆਂ ਨੇ, ਜਦ ਇਹਨਾਂ ਕਿਸ਼ਤੀਆਂ ਵੀ ਤਾਰੀਆਂ ਲਗਾਈਆਂ,
ਨਿੱਕੀਆਂ ਨਿੱਕੀਆਂ ਕਣੀਆਂ ਆਈਆਂ।
ਬਿਜਲੀ ਲਿਸ਼ਕੇ ਬੱਦਲ ਵੀ ਗਰਜਣ ਲੱਗੇ। ਮਾਪੇ ਬੱਚਿਆਂ ਨੂੰ ਵਰਜਣ ਲੱਗੇ।
ਝਿੜਕਣ ਨੂੰ ਵੇਖੋ ਕਿਵੇਂ ਇਕੱਠੀਆਂ ਹੋਈਆਂ, ਮਾਂਵਾਂ, ਚਾਚੀਆਂ ਤੇ ਤਾਈਆਂ,
ਨਿੱਕੀਆਂ-ਨਿੱਕੀਆਂ ਕਣੀਆਂ ਆਈਆਂ।
ਰੌਲਾ ਸੁਣ ਬਾਪੂ ਜੀ ਵੀ‌ ਬਾਹਰ ਆ ਗਏ। ਫਸਲਾਂ-ਮੌਸਮਾਂ ਦੇ ਮਾਹਰ ਆ ਗਏ।
ਬੱਦਲਾਂ ਨੂੰ ਤੱਕ ਹੱਥ ਜੋੜੇ, ਬੁੱਲਾਂ ਉੱਤੇ ਸ਼ੁਕਰ-ਸ਼ੁਕਰ ਨੇ ਹਾਜ਼ਰੀਆਂ ਲਵਾਈਆਂ,
ਨਿੱਕੀਆਂ-ਨਿੱਕੀਆਂ ਕਣੀਆਂ ਆਈਆਂ।
ਕਹਿੰਦੇ ਕਿਸਾਨਾਂ ਨੂੰ ਸੌਖਾ ਸਾਹ ਹੋ ਜਾਣਾ। ਫਸਲਾਂ ਨੇ ਵਾਧੇ ਦੇ ਰਾਹ ਹੋ ਜਾਣਾ।
ਵਧੀਆ ਚਾਰਾ ਤੇ ਘਾਹ ਵੀ ਹੋ ਜਾਣਾ, ਰੱਜਣ ਸਾਡੀਆਂ ਮੱਝੀਆਂ ਤੇ ਗਾਈਆਂ,
ਨਿੱਕੀਆਂ-ਨਿੱਕੀਆਂ ਕਣੀਆਂ ਆਈਆਂ।
ਹੌਲ਼ੀ-ਹੌਲ਼ੀ ਇੱਧਰ ਬੱਦਲ ਆਉਣ ਲੱਗੇ। ਠੰਢੀ-ਠੰਢੀ ਹਵਾ ਲਿਆਉਣ ਲੱਗੇ।
ਮੂਹਰੇ ਹੋ ਪੁੱਛੋ ਇਹਨਾਂ ਨੂੰ, ‘ਬੋਲੋ ਬੱਦਲੋ! ਇੱਧਰ ਨੂੰ ਕਿਉਂ ਦੇਰੀਆਂ ਲਗਾਈਆਂ’,
ਨਿੱਕੀਆਂ-ਨਿੱਕੀਆਂ ਕਣੀਆਂ ਆਈਆਂ।
‘ਅੰਦਰ ਆਵੋ ਸਾਰੇ’, ਬੇਬੇ ਜੀ ਬੁਲਾਉਣ। ਢਿੱਲੇ ਨਾ ਹੋ ਜਾਈਏ ਉਹ ਸਮਝਾਉਣ।
ਕੋਲ ਆ ਕੇ ਉਹ ਬੋਲੇ, ‘ਲੱਗਦਾ ਤਾਂ ਹੀ ਮੰਨੋਂਗੇ ਜਦ ਕੰਨਾਂ ‘ਤੇ, ਦੋ-ਦੋ ਲਗਾਈਆਂ,
ਨਿੱਕੀਆਂ-ਨਿੱਕੀਆਂ ਕਣੀਆਂ ਆਈਆਂ।
 ਮਨਜੀਤ ਸਿੰਘ ਬੱਧਣ 9417635053
Previous articleਸੜਕ ਹਾਦਸੇ – ਜ਼ਿੰਦਗੀਆਂ ਨੂੰ ਰੋਂਦਦੇ ਪਲ
Next article***ਬਿੰਦੀ ਅਤੇ ਬੋਲੀ***