HOME ਲੰਡਨ ’ਚ ਭਾਰਤੀ ਵਿਦਿਆਰਥੀਆਂ ਦੀ ਇਤਿਹਾਸਕ ਜਿੱਤ ਦੇ ਜਸ਼ਨ ਲਈ ਹਜ਼ਾਰਾਂ ਦਾ...

ਲੰਡਨ ’ਚ ਭਾਰਤੀ ਵਿਦਿਆਰਥੀਆਂ ਦੀ ਇਤਿਹਾਸਕ ਜਿੱਤ ਦੇ ਜਸ਼ਨ ਲਈ ਹਜ਼ਾਰਾਂ ਦਾ ਇਕੱਠ, ਸਿੱਖਿਆ ਸੁਧਾਰਾਂ ਅਤੇ ਲੋਕਤੰਤਰੀ ਹੱਕਾਂ ਲਈ ਗੂੰਜੀ ਆਵਾਜ਼

2

ਸਮਾਜ ਵੀਕਲੀ ਯੂ ਕੇ

ਇੰਡੀਅਨ ਵਰਕਰਜ਼ ਐਸੋਸੀਏਸ਼ਨ (ਗ੍ਰੇਟ ਬ੍ਰਿਟੇਨ) ਵੱਲੋਂ ਬਿਹਾਰ ਵਿੱਚ ਪੁਲਿਸ ਜ਼ਬਰ ਦੀ ਸਖ਼ਤ ਨਿੰਦਾ

ਲੰਡਨ, 27 ਜੁਲਾਈ: ਭਾਰਤ ਦੇ ਵਿਦਿਆਰਥੀ ਅੰਦੋਲਨ ਨਾਲ ਇਕਜੁੱਟਤਾ ਪ੍ਰਗਟਾਉਣ ਲਈ ਐਤਵਾਰ ਨੂੰ ਲੰਡਨ ਦੇ ਟਰਾਫ਼ਲਗਰ ਸਕੁਆਇਰ ਵਿੱਚ ਹਜ਼ਾਰਾਂ ਲੋਕ ਇਕੱਠੇ ਹੋਏ, ਜਿੱਥੋਂ ਇੱਕ ਵਿਸ਼ਾਲ ਅਤੇ ਸ਼ਾਂਤਮਈ ਮਾਰਚ ਭਾਰਤੀ ਹਾਈ ਕਮਿਸ਼ਨ ਤੱਕ ਕੱਢਿਆ ਗਿਆ। ਇਸ ਨੂੰ ਬਰਤਾਨੀਆ ਵਿੱਚ ਭਾਰਤ ਦੇ ਵਿਦਿਆਰਥੀਆਂ ਦੇ ਹੱਕ ਵਿੱਚ ਹੋਏ ਸਭ ਤੋਂ ਵੱਡੇ ਇਕੱਠਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ।

ਸਾਊਥ ਏਸ਼ੀਆ ਸੋਲਿਡੈਰਿਟੀ ਗਰੁੱਪ ਵੱਲੋਂ ਆਯੋਜਿਤ ਲੰਡਨ ਡੇ ਆਫ਼ ਐਕਸ਼ਨ ਵਿੱਚ ਇੰਡੀਅਨ ਵਰਕਰਜ਼ ਐਸੋਸੀਏਸ਼ਨ (ਗ੍ਰੇਟ ਬ੍ਰਿਟੇਨ), ਯੂਕੇ ਇੰਡੀਅਨ ਮੁਸਲਿਮ ਕੌਂਸਲ, ਹਿੰਦੂਜ਼ ਫਾਰ ਹਿਊਮਨ ਰਾਈਟਸ ਯੂਕੇ, ਸਟਰਾਈਵ ਯੂਕੇ, ਸਵਾਗਥਮ ਸਮੇਤ ਕਈ ਸਮਾਜਿਕ, ਵਿਦਿਆਰਥੀ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ ਨੇ ਹਿੱਸਾ ਲਿਆ।

ਪ੍ਰਦਰਸ਼ਨਕਾਰੀਆਂ ਨੇ ਭਾਰਤ ਦੇ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਨੂੰ ਵਿਦਿਆਰਥੀਆਂ ਦੀ ਲੋਕਤੰਤਰੀ ਲੜਾਈ ਦੀ ਇੱਕ ਇਤਿਹਾਸਕ ਜਿੱਤ ਕਰਾਰ ਦਿੰਦਿਆਂ ਇਸ ਦਾ ਸਵਾਗਤ ਕੀਤਾ। ਇਸ ਦੇ ਨਾਲ ਹੀ ਬੁਲਾਰਿਆਂ ਨੇ ਕਿਹਾ ਕਿ ਸਿੱਖਿਆ ਪ੍ਰਣਾਲੀ ਵਿੱਚ ਪਾਰਦਰਸ਼ਤਾ, ਜਵਾਬਦੇਹੀ, ਭ੍ਰਿਸ਼ਟਾਚਾਰ ਦਾ ਖ਼ਾਤਮਾ ਅਤੇ ਲੋਕਤੰਤਰੀ ਹੱਕਾਂ ਦੀ ਰੱਖਿਆ ਲਈ ਸੰਘਰਸ਼ ਅਜੇ ਜਾਰੀ ਰਹੇਗਾ।

ਟਰਾਫ਼ਲਗਰ ਸਕੁਆਇਰ ਵਿੱਚ ਜਨ ਸਭਾ ਤੋਂ ਬਾਅਦ ਹਜ਼ਾਰਾਂ ਲੋਕਾਂ ਨੇ ਭਾਰਤੀ ਹਾਈ ਕਮਿਸ਼ਨ ਤੱਕ ਮਾਰਚ ਕੀਤਾ, ਜਿੱਥੇ ਸਾਊਥ ਏਸ਼ੀਆ ਸੋਲਿਡੈਰਿਟੀ ਗਰੁੱਪ ਦੀ ਕਲਪਨਾ ਵਿਲਸਨ, ਇੰਡੀਅਨ ਵਰਕਰਜ਼ ਐਸੋਸੀਏਸ਼ਨ (ਗ੍ਰੇਟ ਬ੍ਰਿਟੇਨ) ਦੇ ਸੀਤਲ ਸਿੰਘ ਗਿੱਲ ਅਤੇ ਸਲਵਿੰਦਰ ਸਿੰਘ ਢਿੱਲੋਂ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸੰਬੋਧਨ ਕੀਤਾ।

ਆਪਣੇ ਸੰਬੋਧਨ ਵਿੱਚ ਸੀਤਲ ਸਿੰਘ ਗਿੱਲ ਨੇ ਕਿਹਾ ਕਿ ਭਾਰਤ ਦੇ ਵਿਦਿਆਰਥੀਆਂ ਨੇ ਆਪਣੀ ਏਕਤਾ, ਦ੍ਰਿੜਤਾ ਅਤੇ ਸ਼ਾਂਤਮਈ ਸੰਘਰਸ਼ ਰਾਹੀਂ ਇਤਿਹਾਸਕ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਮੰਤਰੀ ਦੇ ਅਸਤੀਫ਼ੇ ਦੀ ਗੱਲ ਨਹੀਂ, ਸਗੋਂ ਲੋਕਤੰਤਰ ਦੀ ਜਿੱਤ ਹੈ।

ਉਨ੍ਹਾਂ ਨੇ ਬਿਹਾਰ ਵਿੱਚ ਵਿਦਿਆਰਥੀਆਂ ਅਤੇ ਸ਼ਾਂਤਮਈ ਪ੍ਰਦਰਸ਼ਨਕਾਰੀਆਂ ’ਤੇ ਹੋਏ ਲਾਠੀਚਾਰਜ, ਅੱਥਰੂ ਗੈਸ ਅਤੇ ਪੁਲਿਸ ਗੋਲੀਬਾਰੀ ਦੀਆਂ ਰਿਪੋਰਟਾਂ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਅਜਿਹੀਆਂ ਘਟਨਾਵਾਂ ਦਾ ਸੁਤੰਤਰ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ ਅਤੇ ਜੇਕਰ ਕਿਸੇ ਵੱਲੋਂ ਗੈਰ-ਕਾਨੂੰਨੀ ਤਾਕਤ ਦੀ ਵਰਤੋਂ ਕੀਤੀ ਗਈ ਹੈ ਤਾਂ ਉਸ ਲਈ ਜਵਾਬਦੇਹੀ ਤੈਅ ਕੀਤੀ ਜਾਣੀ ਚਾਹੀਦੀ ਹੈ।

ਸੀਤਲ ਸਿੰਘ ਗਿੱਲ ਨੇ ਕਿਹਾ, “ਇਹ ਜਿੱਤ ਭਾਰਤ ਦੇ ਵਿਦਿਆਰਥੀਆਂ ਅਤੇ ਨੌਜਵਾਨਾਂ ਦੀ ਹੈ। ਪਰ ਸਿਰਫ਼ ਇੱਕ ਅਸਤੀਫ਼ਾ ਕਾਫ਼ੀ ਨਹੀਂ। ਜਦੋਂ ਤੱਕ ਸਿੱਖਿਆ ਸੁਧਾਰ, ਜਵਾਬਦੇਹੀ, ਲੋਕਤੰਤਰੀ ਹੱਕਾਂ ਦੀ ਰੱਖਿਆ ਅਤੇ ਵਿਦਿਆਰਥੀਆਂ ਦੀਆਂ ਜਾਇਜ਼ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਇੰਡੀਅਨ ਵਰਕਰਜ਼ ਐਸੋਸੀਏਸ਼ਨ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਰਹੇਗੀ।”

ਅੰਤ ਵਿੱਚ ਸਾਰੀਆਂ ਜਥੇਬੰਦੀਆਂ ਨੇ ਲੋਕਤੰਤਰ, ਸਮਾਜਿਕ ਨਿਆਂ, ਮਨੁੱਖੀ ਅਧਿਕਾਰਾਂ ਅਤੇ ਅੰਤਰਰਾਸ਼ਟਰੀ ਏਕਤਾ ਲਈ ਆਪਣੇ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਦਾ ਅਹਿਦ ਦੁਹਰਾਇਆ।

Previous articleਪੰਜਾਬ ਰਾਜ ਡਿਪਟੀ ਕਮਿਸ਼ਨਰ ਦਫ਼ਤਰ ਕਰਮਚਾਰੀ ਯੂਨੀਅਨ ਦੀ ਸੂਬਾ ਪੱਧਰੀ ਹੜਤਾਲ, ਰਾਏਕੋਟ ਤਹਿਸੀਲ ਕੰਪਲੈਕਸ ਵਿੱਚ ਧਰਨਾ-ਪ੍ਰਦਰਸ਼ਨ