~~ਖੋਜ ਦਾ ਆਧਾਰ~~

ਰਿਤੂ ਵਾਸੂਦੇਵ
(ਸਮਾਜ ਵੀਕਲੀ)
ਮੇਰੀ ਖੋਜ ਦਾ ਆਧਾਰ ਜੋ
ਰਹਿੰਦਾ ਏ ਪਰਲੇ ਪਾਰ ਜੋ
ਸਭ ਅੰਬਰਾਂ ਤੋਂ ਉੱਚੜਾ
ਸਭ ਧਰਤੀਆਂ ਤੋਂ ਸੁੱਚੜਾ
ਸੱਤੀਂ ਆਕਾਸ਼ੀਂ ਝਾਕਿਆ
ਸਾਗਰ ਦਾ ਥੱਲਾ ਨਾਪਿਆ
ਮਿਲ਼ਿਆ ਨਹੀਂ ਕੋਈ ਪਤਾ
ਸਦੀਆਂ ਤੋਂ ਦਿਲਬਰ ਲਾਪਤਾ
ਜਿਸ ਹੁਕਮ ਵਿਚ ਬ੍ਰਹਿਮੰਡ ਹੈ
ਵਿਸਮਾਦ ਵਿਚ ਹਰ ਖੰਡ ਹੈ
ਸਭ ਨੂੰ ਬਰਾਬਰ ਤੋਲਦਾ
ਜੋ ਕਿਰਤੀਆਂ ਵਿਚ ਬੋਲਦਾ
ਮੇਰਾ ਉਸ ਦੇ ਰਾਹ ‘ਤੇ ਪੈਰ ਹੈ
ਜਿਸਦਾ ਦੀਵਾਨਾ ਸ਼ਹਿਰ ਹੈ
ਜੋ ਚਿਰ ਤੋਂ ਮੈਂਨੂੰ ਜਾਣਦਾ
ਹੈ ਰੂਹ ਮੇਰੀ ਦੇ ਹਾਣ ਦਾ
ਹੀਲਾ ਕਿਸੇ ਮਸ਼ਕੂਰ ਦਾ
ਮਾਲਿਕ ਰੂਹਾਨੀ ਨੂਰ ਦਾ
ਉਹ ਚਿਲਮਨਾਂ ‘ਚੋਂ ਵੇਖਦਾ
ਮੈਂ ਜਦ ਵੀ ਮੱਥਾ ਟੇਕਦਾ
ਉਹ ਝੂਮਦਾ ਉਹ ਮੌਲ਼ਦਾ
ਆਖੀ ਮੇਰੀ ਨੂੰ ਗੌਲ਼ਦਾ
ਉਹ ਮਿਸ਼ਰੀਆਂ ਦਾ ਸਵਾਦ ਹੈ
ਅਨਹਦ ਦੇ ਵਿਚਲਾ ਨਾਦ ਹੈ
ਉਸ ਇਸ਼ਕ ਦਾ ਉਸ ਗੀਤ ਦਾ
ਖੋਜੀ ਮੈਂ ਬੇ-ਪ੍ਰਤੀਤ ਦਾ
ਸਾਗਰ ਮੇਰੇ ਅਹਿਸਾਸ ਦਾ
ਕਤਰਾ ਮੈਂ ਉਸਦੀ ਪਿਆਸ ਦਾ
ਲੱਖ ਪਰਦਿਆਂ ਵਿਚ ਕ਼ੈਦ ਜੋ
ਮੇਰੀ ਵੇਦਨਾ ਦਾ ਵੈਦ ਜੋ
ਜਿਸਦੀ ਯਕੀਨਨ ਗੁਫ਼ਤਗੂ
ਹੋਵੇਗਾ ਇਕ ਦਿਨ ਰੁ-ਬਰੂ
ਉਸਦੀ ਕੋਈ ਮੂਰਤ ਨਹੀਂ
ਆਕਾਰ ਤੇ ਸੂਰਤ ਨਹੀਂ
ਸਾਹਾਂ ਦਾ ਮਸਲਾ ਅਹਿਮ ਹੈ
ਹਸਤੀ ਤਾਂ ਫਿਰ ਇਕ ਵਹਿਮ ਹੈ
ਕੰਦਰਾਂ ਤੇ ਖਾਣਾਂ ਤੋਂ ਪਰੇ
ਪਰਬਤ ਨਿਵਾਣਾਂ ਤੋਂ ਪਰੇ
ਤਲਖ਼ੀ ਦਾ ਖ਼ਾਰਿਜ ਢੰਗ ਹੈ
ਮਨਮਾਨਿਆਂ ਇੱਕ ਰੰਗ ਹੈ
ਉਹ ਵਕਤ ਦੀ ਰਫ਼ਤਾਰ ਵਿਚ
ਹੈ ਕੁਦਰਤੀ ਇਕਸਾਰ ਵਿਚ
ਬੇਸੁਰਤੀਆਂ ਦਾ ਜਾਲ ਵੀ
ਸੁਰਤਾਂ ਦੀ ਵਿੱਚੋਂ ਭਾਲ ਵੀ
ਅਜ਼ਲਾਂ ਤੋਂ ਮਿੱਥੀ ਮਿੱਥ ਜੋ
ਸਮਿਆਂ ‘ਚ ਪੈ ਗਈ ਵਿੱਥ ਜੋ
ਓਸੇ ਦਾ ਸਾਰਾ ਜਾਪ ਜੀ
ਹਰ ਥਾਂ ਵਿਚਰਦਾ ਆਪ ਜੀ
ਜੋ ਸਿਰਜਿਆ ਸੰਸਾਰ ਹੈ
ਕੋਈ ਸਿਰਜਣਾ ਦੇ ਪਾਰ ਹੈ
ਬੇਨਾਮ ਹੈ ਜੋ ਨਾਮ ਹੈ
ਬਸ ਚੁੱਪ ਹੈ ਵਿਸ਼ਰਾਮ ਹੈ
ਸਫ਼ਿਆਂ ‘ਤੋਂ ਝਾੜੀ ਖ਼ਾਕ ਨੂੰ
ਧਰਤੀ ‘ਤੇ ਬੈਠੀ ਰਾਖ਼ ਨੂੰ
ਤੂੰ ਫਿਰ ਮਚਾ ਲੈ ਬਾਲ਼ ਲੈ
ਜੋ ਗੁੰਮ ਗਿਆ ਹੈ ਭਾਲ਼ ਲੈ
~ ਰਿਤੂ ਵਾਸੂਦੇਵ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਝੋਲ਼ੀ ਬਾਹਰੇ ਦਰਵੇਸ਼
Next articleਬੁੱਧ ਚਿੰਤਨ