(ਸਮਾਜ ਵੀਕਲੀ) .
ਤੈਨੂੰ ਜਦ ਤੋਂ ਸੱਜਣਾ ਵੇਖਿਆ ਏ,
ਬੱਸ ਤੇਰੇ ਹੋ ਕੇ ਰਹਿ ਗਏ ਹਾਂ।
ਤੈਨੂੰ ਵੇਖਣ ਖਾਤਿਰ ਆਏ ਹਾਂ,
ਪਰ ਤੇਰੇ ਕੋਲ ਫ਼ੁਰਸਤ ਨਹੀਂ ।
ਤੈਨੂੰ ਲੇਖਾਂ ਵਿੱਚ ਲਿਖਾਵਣ ਲਈ,
ਕਈ ਜਨਮ ਅਰਜ਼ੋਈਆਂ ਕੀਤੀਆਂ ਨੇ।
ਕਈ ਜਨਮ ਮੁਕਾ ਕੇ ਆਏ ਹਾਂ,
ਪਰ, ਤੇਰੇ ਕੋਲ ਫ਼ੁਰਸਤ ਨਹੀਂ ।
ਤੇਰੇ ਤੱਕ ਆਉਂਦੇ ਰਾਹਵਾਂ ਨੂੰ,
ਨ੍ਹੇਰੀਆਂ ਰਾਤਾਂ ਘੇਰਿਆ ਏ।
ਅਸੀਂ ਕਿੰਨੇ ਦੀਪ ਜਗਾਏ ਆ,
ਪਰ, ਤੇਰੇ ਕੋਲ ਫ਼ੁਰਸਤ ਨਹੀਂ ।
ਤੈਨੂੰ ਸਿਜਦਾ ਕਰਨ ਲਈ,
ਰੱਬ ਤੋਂ ਵੀ ਮੁਨਕਰ ਹੋਏ ਹਾਂ ।
ਕਿੰਨੇ ਝਗੜੇ ਕਰਕੇ ਆਏ ਹਾਂ,
ਪਰ, ਤੇਰੇ ਕੋਲ ਫ਼ੁਰਸਤ ਨਹੀਂ।
ਧਰਮਿੰਦਰ ਸਾਥੀ



