ਮੇਰਾ ਘੁਮਿਆਰਾ

ਰਮੇਸ ਸੇਠੀ ਬਾਦਲ
(ਭਾਗ 5)
 ਰਮੇਸ਼ ਸੇਠੀ‌ ਬਾਦਲ
(ਸਮਾਜ ਵੀਕਲੀ) ਮੈਂ ਆਪਣੇ ਜੀਵਨ ਦੇ ਪਹਿਲੇ ਕੋਈਂ ਪੰਦਰਾਂ। ਸੋਲਾਂ ਸਾਲ ਯਾਨੀ 1960 ਤੋਂ 1976 ਤੱਕ ਆਪਣੇ ਪਿੰਡ ਘੁਮਿਆਰਾ ਹੀ ਗੁਜ਼ਾਰੇ। ਮੈਂ ਦਸਵੀਂ ਤੱਕ ਉਥੇ ਹੀ ਪੜ੍ਹਿਆ ਹਾਂ। ਪਹਿਲ਼ਾਂ ਤਾਂ ਆਮ ਘਰਾਂ ਵਿੱਚ ਦਸਵੀਂ ਪਾਸ ਕਰਦੇ ਹੀ ਜਾਂ ਪਹਿਲ਼ਾਂ ਮੁੰਡੇ ਨੂੰ ਵਿਆਹ ਦਿੱਤਾ ਜਾਂਦਾ ਸੀ। ਪਰ ਮੇਰੇ ਮਾਪਿਆਂ ਦੀ ਰੀਝ ਮੈਨੂੰ ਬੀ. ਏ. ਕਰਾਉਣ ਦੀ ਸੀ। ਓਦੋ ਇਹ ਸਕੂਲ  ਹਾਈ ਹੀ ਸੀ। ਓਦੋਂ ਪਹਿਲੀ ਤੋਂ ਪਹਿਲ਼ਾਂ ਕੱਚੀ ਪੱਕੀ ਵੀ ਹੁੰਦੀ ਸੀ। ਮੇਰੀ ਪਹਿਲੀ ਅਧਿਆਪਕ ਜੀਤ ਕੌਰ ਸੀ ਜਿਸ ਨੂੰ ਅਸੀਂ ਅੱਜ ਵੀ ਜੀਤ ਭੈਣ ਜੀ ਦੇ ਨਾਮ ਨਾਲ ਯਾਦ ਕਰਦੇ ਹਾਂ। ਓਦੋਂ ਸ੍ਰੀ ਗੁਰਚਰਨ ਸਿੰਘ ਮੁਸਾਫ਼ਿਰ ਘੁਮਿਆਰਾ ਸਕੂਲ ਦੇ ਹੈਡਮਾਸਟਰ ਹੁੰਦੇ ਹਨ। ਵੈਸੇ ਕਹਿੰਦੇ ਸਭ ਤੋਂ ਪਹਿਲ਼ਾਂ ਕੋਈਂ ਬਲਬੀਰ ਸਿੰਘ ਅਤੇ ਉਸ ਦੀ ਪਤਨੀ ਅਧਿਆਪਕ ਸਨ। ਜੋ ਬਾਅਦ ਵਿੱਚ ਵੜਿੰਗ ਖੇੜੇ ਰਹਿਣ ਲੱਗ ਪਏ। ਉਹਨਾਂ ਨੇ ਈਸਾਈ ਧਰਮ ਗ੍ਰਹਿਣ ਕਰ ਲਿਆ ਸੀ। ਓਹਨਾ ਦੇ ਦੋ ਬੇਟੇ ਸਨ ਕੁਲਬੀਰ ਅਤੇ ਦਲਬੀਰ। ਦਲਬੀਰ ਆਪਣਾ ਨਾਮ ਵਿਲੀਅਮ ਪਾਸੀਂ ਦੱਸਦਾ ਹੁੰਦਾ ਸੀ। ਜਦੋਂ ਬਾਕੀ ਦੇ ਅਧਿਆਪਕਾਂ ਨੂੰ ਯਾਦ ਕਰਦਾ ਹਾਂ ਤਾਂ ਮੈਨੂੰ ਸ੍ਰੀ ਰਾਜ ਕੁਮਾਰ ਬਾਗਲਾ, ਸ੍ਰੀ ਮਨੋਹਰ ਲਾਲ ਕਾਮਰਾ, ਮਾਸਟਰ ਬੰਤਾ ਸਿੰਘ, ਮਾਸਟਰ ਦਰਸ਼ਨ ਸਿੰਘ ਸਿੱਧੂ ਸਿੰਘੇਵਾਲਾ, ਸ੍ਰੀ ਨਛੱਤਰ ਸਿੰਘ,  ਗਿਆਨੀ ਮਹਿੰਦਰ ਸਿੰਘ ਭਾਊ, ਮਾਸਟਰ ਜ਼ੋਰਾ ਸਿੰਘ ਅਤੇ ਗੁਰਲਾਭ ਸਿੰਘ ਭੀਟੀਵਾਲਾ ਬਹੁਤ ਯਾਦ ਆਉਂਦੇ ਹਨ। ਮਾਸਟਰ ਕੇਵਲ ਕ੍ਰਿਸ਼ਨ ਸ਼ਰਮਾ ਜੀ ਬਠਿੰਡਾ ਲਾਗੇ ਲੇਲੇਆਣਾ ਪਿੰਡ ਦੇ ਸਨ ਹਿੰਦੀ ਮਾਸਟਰ ਸਨ। ਉਹ ਮਹਾਂ ਭਾਰਤ ਦੀਆਂ ਕਹਾਣੀਆਂ ਬਹੁਤ ਸੁਣਾਉਂਦੇ। ਡੀ ਪੀ ਗੁਰਮੇਲ ਸਿੰਘ ਅਤੇ ਡਰਾਇੰਗ ਮਾਸਟਰ ਸੁਖਦੇਵ ਸਿੰਘ ਫੱਤਾਕੇਰਾ ਵੀ ਵਾਧੂ ਯਾਦ ਆਉਂਦੇ ਹਨ। ਮਾਸਟਰ ਸੁਖਦੇਵ ਸਿੰਘ ਪੈਨਸਿਲ ਨਾਲ ਹੀ ਚੀਕਾਂ ਕਢਵਾ ਦਿੰਦੇ। ਉਂਜ ਸਾਡੇ ਪਿੰਡ ਦੇ ਹੀ ਕਰਤਾਰ ਸਿੰਘ ਮਾਸਟਰ ਅਤੇ ਜਸਵੰਤ ਮਾਸਟਰ ਵੀ ਸਨ। ਕਰਤਾਰ ਮਾਸਟਰ ਦਾ ਬੇਟਾ ਬਲਦੇਵ  ਸ਼ੁਰੂ ਤੋਂ ਹੀ ਮੇਰਾ ਸਹਿਪਾਠੀ ਸੀ।  ਨਿਰਮਲ ਕੌਰ ਨਾਮ ਦੀ ਭੈਣ ਜੀ ਵੀ ਸਾਨੂੰ ਪੜ੍ਹਾਉਂਦੇ ਸਨ। ਪਤਾ ਨਹੀਂ ਕਿਓ ਬੱਚੇ ਉਹਨਾਂ ਨੂੰ  ਟੀਟੀਰੀਂ ਆਖਦੇ ਸਨ। ਮੈਡਮ ਮਹਿੰਦਰ ਕੌਰ ਸਾਡੇ ਗੁਆਂਢ ਵਿੱਚ ਹੀ ਰਹਿੰਦੇ ਰਹੇ ਹਨ। ਉਹ ਬਿਲਕੁਲ ਸਾਦੇ ਅਤੇ ਦੇਸੀ ਸਨ। ਬਾਘੇਪੁਰਾਣੇ ਦੇ ਨੇੜਲੇ ਪਿੰਡ ਪੰਜਗਰਾਹੀਂ ਤੋਂ ਮਾਸਟਰ ਗੁਰਮੀਤ ਸਿੰਘ ਅਤੇ ਉਹਨਾਂ ਦੀ ਮੈਡਮ ਬਲਵਿੰਦਰ ਕੌਰ ਵੀ ਮੈਨੂੰ ਪੜ੍ਹਾਉਂਦੇ ਸਨ। ਮਾਸਟਰ ਜੀ ਦਾ ਸੁਭਾਅ ਥੋੜਾ ਸਖਤ ਸੀ ਤੇ ਬਲਵਿੰਦਰ ਭੈਣ ਜੀ ਬਹੁਤ ਹੱਸਮੁੱਖ ਸਨ। ਉਹ ਸੁਨਿਆਰ ਪਰਿਵਾਰ ਚੋਂ ਸਨ। ਇੱਕ ਸ੍ਰੀ ਹੰਸ ਰਾਜ ਤਨੇਜਾ ਸਾਨੂੰ ਛੋਟੀਆਂ ਜਮਾਤਾਂ ਵਿੱਚ ਸਾਇੰਸ ਪੜ੍ਹਾਉਂਦੇ ਸਨ ਉਹ ਸਰੀਰ ਦੇ ਜੋੜਾਂ ਬਾਰੇ ਖੁੱਲ੍ਹਕੇ ਦੱਸਦੇ। ਮੰਡੀ ਡੱਬਵਾਲੀ ਤੋਂ ਸ੍ਰੀ ਰਾਮਦਿਆਲ ਸੇਠੀ ਅਤੇ ਸ੍ਰੀ ਜੋਗਿੰਦਰਪਾਲ ਗਰੋਵਰ ਵੀ ਸਾਨੂੰ ਕਾਫੀ ਦੇਰ ਪੜ੍ਹਾਉਂਦੇ ਰਹੇ। ਸ਼ਕੂਲ ਦੇ ਪੁਰਾਣੇ ਕਲਰਕ ਅਮਰੀਕ ਸਿੰਘ ਅਤੇ ਸ੍ਰੀ ਦਰਸ਼ਨ ਸਿੰਘ ਜੀ ਦਾ ਜਿਕਰ ਕਰਨਾ ਵੀ ਜਰੂਰੀ ਹੈ। ਦਰਸ਼ਨ ਸਿੰਘ ਪਿੰਡ ਵਣਵਾਲਾ ਅਣੂ ਤੋਂ ਸੀ ਅਤੇ ਬਾਅਦ ਵਿੱਚ ਐਸ ਐਸ ਮਾਸਟਰ ਪ੍ਰਮੋਟ ਹੋ ਗਏ ਸਨ। ਪ੍ਰਸਿੱਧ ਸਿਖਿਆ ਸ਼ਾਸਤਰੀ ਪ੍ਰੋ ਨੰਦ ਕਿਸ਼ੋਰ ਜੀ ਦੀ ਭੈਣ ਕ੍ਰਿਸ਼ਨਾ ਸ਼ਰਮਾ ਮੇਰੇ ਹਿੰਦੀ ਦੇ ਟੀਚਰ ਸਨ। ਮੈਂ ਉਹਨਾਂ ਨੂੰ ਮਾਸੀ ਜੀ ਆਖਦਾ। ਫਿਰ ਸ੍ਰੀ ਰਜਿੰਦਰ ਸਿੰਘ ਸਚਦੇਵਾ  ਸਾਡੇ ਇੰਚਾਰਜ ਹੈਡਮਾਸਟਰ ਬਣਕੇ ਆਏ। ਮੈਡਮ ਜਸਵੰਤ ਕੌਰ ਸਾਨੂੰ ਪਹਿਲ਼ਾਂ ਹੀ ਪੰਜਾਬੀ ਪੜ੍ਹਾਉਂਦੇ ਸਨ। ਇਹ ਮੇਰੇ  ਨਾਨਕਿਆਂ ਦੀ ਗੋਤ ਦੇ ਸਨ ਤੇ ਮੈਂ ਮਾਮਾ ਜੀ ਆਖਦਾ। ਇਹ੍ਹਨਾਂ ਦੇ ਤਿੰਨ ਬੇਟੇ ਵੱਡਾ ਛੋਟਾ ਤੇ ਨੰਨਾ ਸਨ ਤੇ ਦੋ ਬੇਟੀਆਂ ਪੰਮੀ ਤੇ ਗੁਰਵਿੰਦਰ ਸਨ। ਹਾਕੂਵਾਲੇ ਤੋਂ ਮਾਸਟਰ ਬਚਿੱਤਰ ਸਿੰਘ ਵੀ ਕੁਝ ਸਮਾਂ ਘੁਮਿਆਰੇ ਰਹੇ। ਇੱਕ ਅੰਗਰੇਜਾਂ ਵਰਗੇ ਰੰਗ ਅਤੇ ਸਫੈਦ ਵਾਲਾ ਵਾਲੇ ਅਧਿਆਪਕ ਵੀ ਕੁਝ ਸਮਾਂ ਸਾਨੂੰ ਪੜ੍ਹਾਉਂਦੇ ਰਹੇ ਸ਼ਾਇਦ ਉਹਨਾਂ ਦਾ ਨਾਮ ਮਾਸਟਰ ਸੁਭਾਸ਼ ਜੀ ਸੀ। ਜਦੋਂ ਮੈਂ ਛੇਵੀਂ ਜਮਾਤ ਵਿੱਚ ਸੀ ਤਾਂ ਸ੍ਰੀ ਜੋਗਿੰਦਰ ਸਿੰਘ ਜੋਗਾ ਸਾਨੂੰ ਅੰਗਰੇਜ਼ੀ ਪੜ੍ਹਾਉਂਦੇ ਸਨ। ਉਹਨਾਂ ਨੇ ਮੈਨੂੰ ਸੱਜੇ ਹੱਥ ਨਾਲ ਲਿਖਣ ਦੀ ਆਦਤ ਪਾਉਣ ਲਈ ਬਹੁਤ ਕੋਸ਼ਿਸ਼ ਕੀਤੀ। ਇਸੇ ਦੌਰਾਨ ਸ੍ਰੀ ਸਰਵਣ ਸਿੰਘ ਹੈਡਮਾਸਟਰ ਵੀ ਥੌੜੇ ਸਮੇਂ ਲਈ ਆਏ ਉਹ ਸੰਗਰੂਰ ਤੋਂ ਸਨ। ਉਹ ਜਲਦੀ ਹੀ ਬਦਲੀ ਕਰਵਾਕੇ ਆਪਣੇ ਇਲਾਕੇ ਵੱਲ ਚਲੇ ਗਏ। ਫਿਰ ਸ੍ਰੀ ਹਰਬੰਸ ਸਿੰਘ ਸੇਖੋਂ ਨੇ ਬਤੌਰ ਹੈਡ ਮਾਸਟਰ ਚਾਰਜ ਸੰਭਾਲ ਲਿਆ। ਸੇਖੋਂ ਸਾਹਿਬ ਬਹੁਤ ਮਹਿਨਤੀ ਸਨ ਅਤੇ ਮੇਰੇ ਪਾਪਾ ਜੀ ਦੇ ਸਹਿਪਾਠੀ ਸ੍ਰੀ ਅਜਮੇਰ ਸਿੰਘ ਦੇ ਬਹਿਣੋਈ ਸਨ।  ਸੇਖੋਂ ਸਾਹਿਬ ਨੂੰ ਕੋਈਂ ਮਾਸਟਰ ਜੀ ਨਹੀਂ ਸੀ ਆਖ ਸਕਦਾ। ਉਹ ਹੈਡਮਾਸਟਰ ਅਖਵਾਕੇ ਖੁਸ਼ ਹੁੰਦੇ। ਸਕੂਲ ਦੇ ਚੌਕੀਦਾਰ ਸ੍ਰੀ ਗੁਰਦਿਆਲ ਸਿੰਘ ਅਤੇ ਮਾਲੀ ਰਾਮੂ ਨੂੰ ਯਾਦ ਕਰਨਾ ਵੀ ਜ਼ਰੂਰੀ ਹੈ। ਉਹਨਾਂ ਦਿਨਾਂ ਵਿੱਚ ਸਕੂਲ ਦਾ ਇੱਕ ਪੀਅਨ ਵੀ ਹੁੰਦਾ ਸੀ ਜੋ ਲੋਹਾਰੇ ਤੋਂ ਸੀ। ਉਸ ਦਾ ਨਾਮ ਗੁਰਮੁੱਖ ਸਿੰਘ ਸੀ। ਦਰਜਾ ਚਾਰ ਮੁਲਾਜਮਾਂ ਦਾ ਵੀ ਕਿਸੇ ਸੰਸਥਾ ਵਿੱਚ ਅਹਿਮ ਸਥਾਨ ਹੁੰਦਾ ਹੈ। ਭਾਵੇਂ ਆਪਣੇ ਇਸ ਦਸ ਗਿਆਰਾਂ ਸਾਲਾਂ ਦੇ ਸਕੂਲੀ ਸਫ਼ਰ ਦੇ ਬਹੁਤੇ ਅਧਿਆਪਕਾਂ ਨੂੰ ਯਾਦ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਫਿਰ ਵੀ ਲੱਗਦਾ ਹੈ ਕਿ ਮੈਂ ਸਭ ਨਾਲ ਨਿਆਂ ਨਹੀਂ ਕਰ ਸਕਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪਹਿਲਾ ਮੈਗਜ਼ੀਨ ਲੋਕ ਅਰਪਣ
Next articleਕੰਪਿਊਟਰ ਟੀਚਰ ਰੁਲ਼ਦੂ ਬਾਬੇ ਦੀ ਸ਼ਰਨ ਵਿੱਚ