ਮੇਰਾ ਬਾਬਾ ਨਾਨਕ ਜੀ

(ਸਮਾਜ ਵੀਕਲੀ)

ਜ਼ਿੰਦਗੀ ਵਿੱਚ ਜਦੋਂ ਵੀ ਕਦੀ ਮੁਸ਼ਕਲ ਪਈ ਹੈ ਤਾਂ ਮੂੰਹੋਂ ਝੱਟ ਨਿਕਲ ਜਾਂਦਾ ਹੈ, ਬਾਬਾ ਨਾਨਕ ਜੀ ਮਿਹਰ ਕਰਿਉ! ਬਾਬਾ ਜੀ ਸੱਚਮੁੱਚ ਮਿਹਰ ਦੀ ਨਜ਼ਰ ਕਰ ਦਿੰਦੇ ਹਨ ਅਤੇ ਮੁਸ਼ਕਲਾਂ-ਮੁਸੀਬਤਾਂ ਵਿੱਚੋਂ ਬਾਂਹ ਫੜ੍ਹ ਕੇ ਬਾਹਰ ਕੱਢ ਲੈਂਦੇ ਹਨ। ਗੱਲ ਤਾਂ ਸਿਰਫ ਵਿਸ਼ਵਾਸ ਦੀ ਹੈ। ਸੱਚੇ ਮਨ ਨਾਲ ਕੀਤੀ ਅਰਦਾਸ ਕਦੀ ਵੀ ਵਿਰਥਾ ਨਹੀਂ ਜਾਂਦੀ। ਬਾਬਾ ਨਾਨਕ ਜੀ ਹੈ ਤਾਂ ਸਭ ਦੇ ਸਾਂਝੇ ਹਨ, ਪਰ ਮੇਰੇ ਲਈ ਮੇਰੇ ਬਾਬਾ ਨਾਨਕ ਜੀ ਹਨ। ਉਹਨਾਂ ਨੇ ਹਲੀਮੀ, ਏਕਤਾ, ਪਿਆਰ ਅਤੇ ਮਿਲਵਰਤਨ ਦਾ ਸਨੇਹਾ ਦਿਤਾ ਹੈ। ਉਹ ਸਭ ਦੇ ਪਿਆਰੇ ਅਤੇ ਸਤਿਕਾਰੇ ਹਨ।

ਇੱਕ ਵਾਰ ਕਿਸੇ ਨੇ ਮੇਰੇ ਮੂੰਹੋਂ ‘ਮੇਰੇ ਬਾਬਾ ਨਾਨਕ’ ਜੀ ਸੁਣ ਕੇ ਕਿਹਾ ਕਿ ਬਾਬਾ ਨਾਨਕ ਤੇਰੇ ਇਕੱਲੀ ਦੇ ਹਨ। ਮੈਂ ਕਿਹਾ, “ਉਹ ਤਾਂ ਸਭ ਦੇ ਸਾਂਝੇ ਹਨ।” ਫਿਰ ਉਸ ਨੇ ਕਿਹਾ, “ਤੂੰ ਕਿਉਂ ਕਹਿੰਦੀ ਹੈ, ਮੇਰੇ ਬਾਬਾ ਨਾਨਕ।” ਮੈਂ ਕਿਹਾ ਤੁਸੀਂ ਵੀ ਕਹਿ ਲਵੋ ਕਿ ਬਾਬਾ ਨਾਨਕ ਜੀ ਮੇਰੇ ਹਨ। ਇਸ ਵਿੱਚ ਕਿਹੜੀ ਮਨਾਹੀ ਹੈ, ਮੇਰੀ ਇਹ ਗੱਲ ਸੁਣ ਕੇ ਉਹ ਖੁਸ਼ ਹੋ ਗਈ।

ਬਾਬਾ ਜੀ ਦੀ ਸਿਫ਼ਤ ਕਰਨਾ ਮੇਰੇ ਵੱਸ ਵਿੱਚ ਨਹੀਂ ਹੈ, ਪਰ ਫਿਰ ਵੀ ਬਾਬਾ ਜੀ ਬਾਰੇ ਕੁਝ ਲਿਖ ਰਹੀ ਹਾਂ। ਬਾਬਾ ਨਾਨਕ ਜੀ ਨੇ ਦੁਨੀਆਂ ਤੇ ਵੱਖਰੀਆਂ ਅਤੇ ਪਿਆਰੀਆਂ ਮਿਸਾਲਾਂ ਪੇਸ਼ ਕੀਤੀਆਂ।ਬਾਬਾ ਨਾਨਕ ਜੀ ਅਤੇ ਬੀਬੀ ਨਾਨਕੀ ਜੀ ਦੇ ਨਿਰਸਵਾਰਥ ਪਿਆਰ ਦੀ ਮਿਸਾਲ ਕਿਤੇ ਨਹੀਂ ਮਿਲਦੀ। ਭੈਣ ਭਰਾ ਦਾ ਬਿਲਕੁਲ ਸੱਚਾ ਪਿਆਰ ਜਿਸ ਬਾਰੇ ਸਾਨੂੰ ਆਪਣੇ ਬੱਚਿਆਂ ਨਾਲ ਵੀ ਵਿਚਾਰ ਸਾਂਝੇ ਕਰਨੇ ਚਾਹੀਦੇ ਹਨ।

ਦੀਨ ਦੁਨੀਆਂ ਨੂੰ ਤਾਰਨ ਲਈ ਉਹਨਾਂ ਨੇ ਦੁਨੀਆਂ ਵਿੱਚ ਜਾ ਕੇ ਕਰਮ ਕੀਤਾ। ਕਿਰਤ ਕਰੋ ,ਨਾਮ ਜਪੋ ਅਤੇ ਵੰਡ ਛਕੋ ਦਾ ਉਪਦੇਸ਼ ਦੇ ਕੇ ਕਿਰਤ ਦੀ ਮਹਾਨਤਾ ਬਾਰੇ ਦੱਸਿਆ। ਕਿਰਤੀ ਮਨੁੱਖ ਵਿੱਚ ਗੁਣ ਵੀ ਹੁੰਦੇ ਹਨ। ‘ਨਾਮ ਜਪ’ ਕੇ ਪ੍ਰਭੂ ਭਗਤੀ ਦੀ ਮਹਿਮਾਂ ਨੂੰ ਉੱਚਾ ਦਰਜਾ ਦਿੱਤਾ। ਇਸ ਦੇ ਨਾਲ ਹੀ ਪੰਜ ਕਮਜ਼ੋਰੀਆਂ ਨੂੰ ਕਾਬੂ ਕਰਨ ਲਈ ਰੱਬ ਦਾ ਨਾਮ ਜਪਣ ਲਈ ਕਿਹਾ। ‘ਵੰਡ ਕੇ ਛੱਕਣ’ ਨਾਲ ਆਪਸੀ ਸਾਂਝ ਪਾਉਣ ਲਈ ਦੁਨੀਆਂ ਨੂੰ ਕਿਹਾ। ਇੱਕ ਦੂਸਰੇ ਦੀ ਸਹਾਇਤਾ ਬਿਨਾਂ ਭੇਦ ਭਾਵ ਤੋਂ ਕਰਨ ਲਈ ਕਿਹਾ।

ਗੁਰੂ ਜੀ ਨੇ ਆਪਣੇ ਜੀਵਨ ਕਾਲ ਦੌਰਾਨ ਬਹੁਤ ਯਾਤਰਾਵਾਂ ਕੀਤੀਆਂ। ਜਿਸ ਨੂੰ ਅਸੀਂ ਉਦਾਸੀਆਂ ਕਹਿੰਦੇ ਹਾਂ। ਇਹਨਾਂ ਦੌਰਾਨ ਗੁਰੂ ਜੀ ਨੇ ਵੱਖ-ਵੱਖ ਮੱਤਾਂ ਦੇ ਧਾਰਨੀ ਲੋਕਾਂ ਨੂੰ ਮਾਨਵਤਾ ਦੀ ਸੇਵਾ ਕਰਨ ਦਾ ਉਪਦੇਸ਼ ਦਿੱਤਾ। ਰਸਤੇ ਵਿੱਚ ਆਈਆਂ ਮੁਸ਼ਕਲਾਂ ਦਾ ਡੱਟ ਕੇ ਮੁਕਾਬਲਾ ਕੀਤਾ ਅਤੇ ਅੱਗੇ ਹੀ ਅੱਗੇ ਵੱਧਦੇ ਗਏ। ਮਨੁੱਖਾਂ ਨੂੰ ਸੰਸਾਰ ਭਰ ਵਿੱਚ ਵੱਸਦੇ ਹੋਰ ਮਨੱਖਾਂ ਨਾਲ ਆਪਸੀ ਪਿਆਰ ਪਾਉਣ ,ਸਮਝਣ ਅਤੇ ਨੇੜਤਾ ਬਣਾਉਣ ਲਈ ਸਹਿਯੋਗ ਦੇਣ ਲਈ ਕਿਹਾ।

ਔਰਤ ਜਾਤ ਨੂੰ ਉਸ ਸਮੇਂ ਬਹੁਤ ਮਾੜਾ ਸਮਝਿਆ ਜਾਂਦਾ ਸੀ। ਬਾਬਾ ਜੀ ਨੇ ਔਰਤ ਦੇ ਹੱਕ ਵਿੱਚ ਅਵਾਜ਼ ਉਠਾਈ। ਔਰਤ ਦਾ ਸਤਿਕਾਰ ਕਰਨ ਲਈ ਕਿਹਾ। ਝੂਠ, ਅਡੰਬਰੀ ਅਤੇ ਫਰੇਬੀਆਂ ਨੂੰ ਸਹੀ ਰਸਤੇ ਪਾਇਆ। ਸਭ ਮਨੁੱਖਾਂ ਨੂੰ ਬਰਾਬਰਤਾ ਦਾ ਸੁਨੇਹਾ ਦਿੱਤਾ। ੧ੳ ਦਾ ਉਪਦੇਸ਼ ਦੇ ਕੇ ਸਮੁੱਚੇ ਸੰਸਾਰ ਨੂੰ ਇੱਕ ਡੋਰ ਵਿੱਚ ਬੰਨਿਆ।

ਉਦਾਸੀਆਂ ਦੌਰਾਨ ਜ਼ੁਲਮੀ ਅਤੇ ਅਧਰਮੀ ਲੋਕਾਂ ਦੇ ਕੋਲ਼ ਜਾ ਕੇ ਸਮਝਾਇਆ ਅਤੇ ਸਿੱਧੇ ਰਸਤੇ ਪਾਇਆ। ਹਰ ਦੁਨਿਆਵੀ ਮੁਸ਼ਕਲ ਨੂੰ ਠਰੰਮੇ ਨਾਲ ਨਿਪਟਾਇਆ। ਵੀਹ ਰੁਪਏ ਦਾ ਸੱਚਾ ਸੌਦਾ ਕਰਕੇ ਭੁੱਖੇ ਢਿੱਡਾਂ ਨੂੰ ਧਰਵਾਸ ਦਿੱਤੀ ਅਤੇ ਦੁਨੀਆਂ ਵਿੱਚ ਰਹਿ ਕੇ ਹਲਾਤਾਂ ਦਾ ਡੱਟ ਕੇ ਮੁਕਾਬਲਾ ਕਰਨ ਲਈ ਕਿਹਾ। ਸੱਚੇ ਸੌਦੇ ਲਈ ਬਾਪ ਕੋਲੋਂ ਚਪੇੜਾਂ ਵੀ ਖਾਧੀਆਂ ,ਪਰ ਸੀ ਨਹੀਂ ਕੀਤੀ। ਵੱਡਿਆਂ ਦੀ ਇੱਜ਼ਤ ਅਤੇ ਸਤਿਕਾਰ ਦਾ ਸੁਨੇਹਾ ਦਿੱਤਾ। ਗ੍ਰਹਿਸਥੀ ਜੀਵਨ ਨੂੰ ਅਪਨਾਉਂਦੇ ਹੋਏ ਦੁਨੀਆਂ ਦੀ ਅਸਲੀਅਤ ਨੂੰ ਸਮਝਣ ਲਈ ਕਿਹਾ।

ਅਖ਼ੀਰਲੀ ਉਮਰ ਵਿੱਚ ਸੱਚੀ ਕਿਰਤ ਦੀ ਮਹਾਨਤਾ ਦੱਸਦੇ ਹੋਏ ਆਪ ਆਪਣੇ ਹੱਥੀਂ ਕੰਮ ਕੀਤਾ। ਅਨਾਜ ਦੀ ਸਾਂਝ ਦੁਨੀਆਂ ਨਾਲ ਗਹਿਰੀ ਹੈ ਇਸ ਲਈ ਖੇਤੀਬਾੜੀ ਕਰਕੇ ਸੱਚੀ ਕਿਰਤ ਨਾਲ ਸਾਂਝ ਪਾਈ। ਸਭ ਨੂੰ ਪਿਆਰ, ਮਿਲਵਰਤਨ, ਸਲੂਕ , ਇਤਫ਼ਾਕ ਅਤੇ ਰੂਹਾਨੀ ਸਾਂਝ ਪਾਉਣ ਦਾ ਸੁਨੇਹਾ ਦਿੱਤਾ। ਮੇਰੇ‌ ਬਾਬਾ ਨਾਨਕ ਜੀ ਦੀ ਮਹਿਮਾ ਅਪਰ ਅਪਾਰ ਹੈ। ਸ਼ਬਦਾਂ ਵਿੱਚ ਬਿਆਨ ਨਹੀਂ ਹੁੰਦੀ। ਆਉ ਅਸੀਂ ਬਾਬਾ ਨਾਨਕ ਜੀ ਦੀ ਬਾਣੀ ਨੂੰ ਪੜ੍ਹਨ ਦੇ ਨਾਲ ਸਮਝੀਏ ਅਤੇ ਜੀਵਨ ਵਿੱਚ ਧਾਰਨ ਵੀ ਕਰੀਏ।

ਬਹੁਤ ਕੀਮਤੀ ‘ਬਾਣੀ’ ਦੇ ਖ਼ਜ਼ਾਨੇ ਨੂੰ ਵਿਚਾਰਦੇ ਹੋਏ ਜੀਵਨ ਦੇ ਚਰਿੱਤਰ ਨੂੰ ਉੱਚਾ ਚੁੱਕੀਏ। ਧੰਨ ਬਾਬਾ ਨਾਨਕ ਜੀ ਦੇ ਦਿੱਤੇ ਉਪਦੇਸ਼ਾਂ ਨੂੰ ਜੀਵਨ ਵਿੱਚ ਧਾਰਨ ਕਰਕੇ ਸਫ਼ਲ ਬਣਾਈਏ। ਸਭ ਨੂੰ ਬਾਬਾ ਨਾਨਕ ਜੀ ਦੇ ਅਵਤਾਰ ਪੁਰਬ ਦੀਆ ਬਹੁਤ ਮੁਬਾਰਕਾਂ।

ਪਰਵੀਨ ਕੌਰ ਸਿੱਧੂ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article🌹ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰਦਿਆਂ🌹
Next articleਗੁਰਪੁਰਬ ਦੇ ਸੁਭ ਦਿਹਾੜੇ ਨੂੰ ਸਮਰਪਿਤ ਜੀ।