(ਸਮਾਜ ਵੀਕਲੀ)
ਸਫ਼ਾਈ
ਅੱਧੀ ਛੁੱਟੀ ਹੁੰਦੇ ਸਾਰ ਅਧਿਆਪਕ ਆਪਣਾ ਆਪਣਾ ਡੱਬਾ ਚੁੱਕ ਸਟਾਫ ਰੂਮ ਵਿੱਚ ਆ ਗਏ।
ਮਿਡ ਡੇ ਮੀਲ ਵਿੱਚੋਂ ਕੜ੍ਹੀ ਦਾ ਡੌਂਗਾ ਅਤੇ ਚਾਵਲਾਂ ਦਾ ਥਾਲ਼ ਵੀ ਆ ਗਿਆ।
ਨਵੀਂ ਆਈ ਇੰਗਲਿਸ਼ ਲੈਕਚਰਾਰ ਨੇ ਆਲੇ ਦੁਆਲੇ ਦੇਖਿਆ ਤੇ ਆਪਣੇ ਡੱਬੇ ਵਿੱਚ ਕੜ੍ਹੀ ਪਾਉਂਦਿਆਂ ਕਿਹਾ,”ਸ਼ੁਕਰ ਐ ਇਸ ਸਕੂਲ ਵਿੱਚ ਕੋਈ ਚੂ—,ਚ—ਨਹੀਂ ਹੈਗਾ। “
ਕੜ੍ਹੀ ਦਾ ਚਮਚ ਮੂੰਹ ਵਿੱਚ ਪਾਉਂਦੇ ਬੋਲੀ,”ਬੜੀ ਸਵਾਦ ਐ। ਜੇ ਸਭ ਨੇ ਲੈ ਲਈ ਏ ਤਾਂ ਡੌਂਗਾ ਇੱਧਰ ਕਰਿਓ ਪਲੀਜ਼”
ਆਪਣੇ ਡੱਬੇ ਵਿੱਚੋਂ ਫੁਲਕੇ ਕੱਢ ਕੇ ਢੱਕਣ ਤੇ ਰੱਖ ਲਏ ਤੇ ਡੱਬਾ ਕੜ੍ਹੀ ਨਾਲ ਭਰ ਲਿਆ।
“ਮੇਰੇ ਹਸਬੈਂਡ ਕੜ੍ਹੀ ਬਹੁਤ ਲਾਈਕ ਕਰਦੇ ਨੇ।
ਯੂ ਨੋ , ਆਈ ਹੈਵ ਨੋ ਟਾਈਮ ਟੂ ਵੇਸਟ ਓਨਲੀ ਫਾਰ ਕੜ੍ਹੀ”
(“You know I have no time to waste only for kari”)
ਦੋ ਅਧਿਆਪਕ ਖਾਸ ਤੌਰ ਤੇ ਉਸ ਦੀਆਂ ਹਰਕਤਾਂ ਨੋਟ ਕਰ ਕਰ ਰਹੇ ਸਨ।
“ ਯੂ ਨੋ ਮੇਰੇ ਪਿਛਲੇ ਸਕੂਲ ਦੀ ਹੈੱਡ,she was SC. ਸਰਕਾਰ ਇਹਨਾਂ ਨੂੰ ਸਿਰ ਚੜ੍ਹਾਈ ਜਾਂਦੀ ਐ। ਗੰਦ ਪਾਇਆ ਹੋਇਆ ਇਹਨਾਂ ਨੇ।
ਇਹ ਤਾਂ ਸਫਾਈ ਕਰਦੇ ਹੀ ਚੰਗੇ ਸੀ।”
ਰਮਨ ਮੈਡਮ ਜੋ ਹੁਣ ਤੱਕ ਚੁੱਪਚਾਪ ਸਭ ਸੁਣ ਤੇ ਸਹਿ ਰਹੀ ਸੀ, ਤਲਖ਼ੀ ਵਿੱਚ ਆ ਗਈ।
ਉਹ ਪੀ ਐੱਡ ਡੀ ਕਰ ਕੇ ਵੀ ਮਾਸਟਰ ਕੇਡਰ ਵਿੱਚ ਕੰਮ ਕਰ ਰਹੀ ਮਿਹਨਤੀ ਅਧਿਆਪਕਾ ਸੀ।
“ ਮੈਡਮ ਜੀ, ਜਦੋਂ ਅਸੀਂ ਭੁੱਖੇ ਤੇ ਗਰੀਬ ਸੀ,
ਤੁਹਾਡੇ ਘਰਾਂ ਦੀ ਸਫਾਈ ਕਰਦੇ ਸੀ। ਇਹ ਨੌਕਰੀ ਸਾਨੂੰ ਤੁਹਾਡੀ ਜਾਂ ਸਰਕਾਰ ਦੀ ਮਿਹਰਬਾਨੀ ਨਾਲ ਨਹੀਂ ਆਪਣੀ ਵਿੱਦਿਅਕ ਯੋਗਤਾ ਅਨੁਸਾਰ ਮਿਲੀ ਹੈ।ਅਸੀਂ ਬਦਲ ਗਏ ਹਾਂ ਪਰ ਤੁਹਾਡੀ ਸੋਚ ਨਹੀਂ ਬਦਲੀ।
ਲੱਗਦੈ ਹੁਣ ਸਾਨੂੰ ਤੁਹਾਡੇ ਦਿਮਾਗ਼ ਦੀ, ਤੁਹਾਡੀ ਸੋਚ ਦੀ ਸਫਾਈ ਕਰਨੀ ਪਵੇਗੀ।
ਅਮਰਜੀਤ ਕੌਰ ਮੋਰਿੰਡਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly