******** ਜੇਠ ********

ਰਿੱਤੂ ਵਾਸੂਦੇਵ
(ਸਮਾਜ ਵੀਕਲੀ)
ਅਮਲਤਾਸ ਨੂੰ ਪਹਿਲੀ ਗੁੜ੍ਹਤੀ
ਮੁੜ੍ਹਕੇ ਭਿੱਜਾ ਜੇਠ ਦਊਗਾ
ਕਾੱਈ ਦੀ ਦੁੰਬੀ ਨੂੰ ਲੱਗਾ
ਅੱਕ ਦਾ ਫ਼ੰਬਾ ਯਾਦ ਰਹੂਗਾ!
ਕਿਉਂ ਤੂੰ ਮੈਨੂੰ ? ਗੇਰੀ ਘੁਲ਼ਿਆ
ਰੰਗ ਹਥੇਲੀ ਲਾਉਣ ਨੀ ਦਿੰਦਾ
ਕਿਹੜੀ ਗੱਲੋਂ? ਲੰਘੀ ਰੁੱਤ ਦਾ
ਮੈਨੂੰ ਸੋਗ ਮਨਾਉਣ ਨੀ ਦਿੰਦਾ!
ਜੇਠ ਮੇਰੇ ਤਨ ਦੀ ਪ੍ਰਕਰਮਾਂ
ਨੱਕ ਦਾ ਜ਼ੇਵਰ, ਅੱਖ ਦਾ ਪਾਣੀ
ਇਹ ਮਨ ਦੀ ਉਪਜਾਊ ਧਰਤੀ
ਉੱਤੇ ਛਪੀ ਅਕੱਥ ਕਹਾਣੀ!
ਸ਼ਗਨਾਂ ਵਾਲਾ ਪਾ ਕੇ ਚੂੜਾ
ਅੱਖਾਂ ਵਿੱਚ ਉਦਾਸੀ ਬੈਠੀ
ਦਰਿਆਵਾਂ ਦੇ ਸੁਣੇ ਕਸੀਦੇ
ਮਾਰੂਥਲ ਵਿਚ ਪਿਆਸੀ ਬੈਠੀ!
ਜੇਠ ‘ਚ ਮੇਰੇ ਹਾਵਾਂ ਅੰਦਰ
ਬਲ਼ਦੀ ਕੋਈ ਰੁੱਤ ਗੁਲਾਬੀ
ਜਿਸਨੇ ਕੰਜਕ ਉਮਰੇ ਮੈਂਨੂੰ
ਦਿੱਤਾ ਸੀ ਇੱਕ ਫੁੱਲ ਕਿਤਾਬੀ!
ਗ਼ਰਮ ਜਲੋਅ ਦਾ ਜੇਠ ਵੇਖ ਕੇ
ਧੁੱਪਾਂ ਉੱਠ ਕੇ ਕਰੀ ਚੜ੍ਹਾਈ
ਰੁੱਖਾਂ ਨੂੰ ਵੈਰਾਗ਼ ਖਾ ਗਿਆ
ਛਾਵਾਂ ਨੇ ਨਾ ਸੁਣੀ ਦੁਹਾਈ!
ਜੇਠ’ ਚ ਕੋਈ ਟੁੱਟਿਆ ਤਾਰਾ
ਮੇਰੇ ਕੱਚੇ ਕੋਠੇ ਆਇਆ
ਚਾਰ ਕੁ ਲੱਪਾਂ ਚਾਨਣ ਲੈ ਕੇ
ਮੈਂ ਕੰਧਾਂ ਨੂੰ ਲੇਪ ਚੜ੍ਹਾਇਆ!
ਜੇਠ ਨੇ ਮੇਰੀ ਨਰਮ ਹਥੇਲੀ
ਫੁੱਲ ਆਖ ਕੇ ਕੋਲ਼ਾ ਧਰਿਆ
ਰੋਜ਼ ਹਵਾਵਾਂ ਛੁੱਟੀ ਕੀਤੀ
ਧੁੱਪਾਂ ਨੇ ਨਾ ਨਾਗ਼ਾ ਕਰਿਆ!
ਜੇਠ ‘ਚ ਸਾਡਾ ਤਨ ਕੁਮਲ਼ਾਇਆ
ਮਨ ਕੁਮਲ਼ਾਇਆ, ਰੂਹ ਕੁਮਲ਼ਾਈ
ਬਿਰਹੇ ਸਾਨੂੰ ਫਾਹੇ ਲਾਇਆ
ਹਾਸਿਆਂ ਸਾਥੋਂ ਜਿੰਦ ਛੁਡਾਈ!
ਸਾਡੀ ਧੁਖ਼ਦੀ ਦੇਹੀ ਉੱਤੇ
ਵਾਛੜ ਤੇਜ ਮਾਰਿਆ ਛੱਟਾ
ਪੀੜਾਂ ਭਰਿਆ ਕਾਂਬਾ ਛਿੜਿਆ
ਹਿਜਰ ਬਹਿ ਗਿਆ ਪਾ ਕੇ ਰੱਟਾ!
ਨਾਲ਼ ਸਰਕੜੇ ਸਾਕ ਫੁੱਲ ਦਾ
ਹਾਇ ਵੇ ਰੱਬਾ! ਆਹ ਕੀ ਕੀਤਾ?
ਰੂਹ ਸਾਡੀ ਦੀ ਸ਼ਿੱਦਤ ਮਾਪੇਂ
ਖ਼ੁਦਗਰਜ਼ੀ ਦਾ ਲਾ ਕੇ ਫ਼ੀਤਾ!
~ ਰਿੱਤੂ ਵਾਸੂਦੇਵ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਗੀਤ- ਬਾਪੂ
Next articleਮਿੰਨੀ ਕਹਾਣੀ