ਕੀ ਦਲਿਤ ਭਾਈਚਾਰਾ ਆਪਣੀ ਸ਼ਕਤੀ ਪਹਿਚਾਣੇਗਾ?
ਬੁੱਧ ਸਿੰਘ ਨੀਲੋਂ
(ਸਮਾਜ ਵੀਕਲੀ) ਸਾਡੇ ਸਮਾਜ ਵਿਚ ਸਭ ਤੋਂ ਵਧੇਰੇ ਸ਼ਕਤੀ ਦਲਿਤ ਸਮਾਜ ਦੇ ਕੋਲ਼ ਹੈ ਪਰ ਇਹ ਭਾਈਚਾਰਾ ਵੱਖ-ਵੱਖ ਖੇਮਿਆਂ ਵਿੱਚ ਵੰਡਿਆ, ਅਨਪੜ੍ਹ ਤੇ ਗੈਰ-ਸੰਗਠਿਤ ਹੋਣ ਕਰਕੇ ਹਰ ਪਾਸੇ ਤੋਂ ਮਾਰ ਖਾ ਰਿਹਾ ਹੈ । ਇਸ ਵਰਗ ਦੀ ਸਮਾਜ, ਧਰਮ, ਆਰਥਿਕਤਾ ਤੇ ਰਾਜਨੀਤੀ ਵਿੱਚ ਉਹ ਨੁਮਾਇੰਦਗੀ ਨਹੀਂ ਹੈ ਜੋ ਹੋਣੀ ਚਾਹੀਦੀ ਹੈ। ਦੁਖ ਦੀ ਗੱਲ ਇਹ ਹੈ ਕਿ ਇਹ ਸਮਾਜ ਇੱਕਜੁੱਟ ਵੀ ਨਹੀਂ। ਇਹਨਾਂ ਨੂੰ ਆਪਣੀ ਸ਼ਕਤੀ ਦਾ ਇਲਮ ਨਹੀਂ ਕਿ ਉਹ ਹੁਣ ਅਖੌਤੀ ਉੱਚ ਜਾਤੀਏ ਲੋਕਾਂ ਦੇ ਸੇਵਾਦਾਰ ਨਹੀਂ ਸਗੋਂ ਬਰਾਬਰ ਦੇ ਭਾਈਵਾਲ ਹਨ। ਉਨ੍ਹਾਂ ਕੋਲ਼ ਹਰ ਤਰ੍ਹਾਂ ਦੀ ਸ਼ਕਤੀ ਹੈ, ਜਿਸ ਨੂੰ ਇੱਕ ਮੰਚ ’ਤੇ ਇੱਕਠੇ ਕਰਨ ਦੀ ਲੋੜ ਹੈ। ਸੰਸਾਰ ਦਾ ਹਰ ਛੇਵਾਂ ਮਨੁੱਖ ਭਾਰਤੀ ਤੇ ਦਲਿਤ ਹੈ, ਜਿਸ ਨੂੰ ਅਛੂਤ ਸਮਝਿਆ ਜਾਂਦਾ ਹੈ। ਭਾਰਤ ਵਿੱਚ ਪੈਂਤੀ ਸੌ ਸਾਲਾ ਤੋਂ ਚਲਿਆ ਆ ਰਿਹਾ ਜਾਤ ਪਾਤ ਦਾ ਸਿਸਟਮ ਅੱਜ ਵੀ ਮਨੁੱਖਤਾ ਦੇ ਨਾਂ ’ਤੇ ਧੱਬਾ ਹੈ । ਭਾਰਤ ਵਿਚ ਦਲਿਤਾਂ ਦੀ ਆਬਾਦੀ 16.5. ਫੀ ਸਦੀ ਹੈ ਜੋ ਦੁਨੀਆਂ ਵਿੱਚ ਅਮਰੀਕਾ ਅਤੇ ਫਰਾਂਸ ਦੀ ਕੁੱਲ ਫੀਸਦ ਤੋਂ ਤਿੰਨ ਗੁਣਾ ਵੱਧ ਹਨ। ਇਹ ਸੱਚ ਨਰੇਂਦਰ ਯਾਦਵ ਦੀ ਸਵੈਜੀਵਨੀ ‘ਦਾਮੂ ਅਛੂਤ ਅਤੇ ਉਸ ਦੀ ਔਲਾਦ’ ਜੀਵਨਨਾਮੇ ਵਿੱਚ ਦਰਜ ਹੈ। ਭਾਰਤੀ ਸਮਾਜ ਵਿੱਚ 10 ਹਜ਼ਾਰ ਜਾਤਾਂ ਤੇ ਉਪ ਜਾਤਾਂ ਹਨ ਜਦਕਿ ਇਕੱਲੇ ਦਲਿਤ ਸਮਾਜ ਵਿੱਚ ਇਨ੍ਹਾਂ ਦੀ ਗਿਣਤੀ ਛੇ ਹਜ਼ਾਰ ਪੰਜ ਸੌ ਦੇ ਕਰੀਬ ਦੱਸੀ ਜਾਂਦੀ ਹੈ। ਸਾਡਾ ਦੇਸ਼ ਬਹੁਤ ਸਮਾਂ ਗੁਲਾਮ ਰਹਿਣ ਕਰਕੇ ਸਾਡੀ ਸਮੁੱਚੀ ਮਾਨਸਿਕਤਾ ਵੀ ਇਸ ਕਦਰ ਗੁਲਾਮ ਹੋ ਗਈ ਹੈ ਕਿ ਅਸੀਂ ਜਾਤ ਪਾਤ ਦੇ ਸਿਸਟਮ ਵਿੱਚ ਬੁਰੀ ਤਰ੍ਹਾਂ ਜਕੜੇ ਗਏ ਹਾਂ ਅਤੇ ਹੁਣ ਤੱਕ ਇਸ ਖਲਜਗਣ ਵਿਚੋਂ ਨਿਕਲ ਨਹੀਂ ਸਕੇ। ਇਸੇ ਕਰਕੇ ਸਾਡੇ ਦੇਸ਼ ਵਿੱਚ ਹੋਰ ਕਈ ਤਰ੍ਹਾਂ ਦੇ ਇਨਕਲਾਬ ਤਾਂ ਆਏ, ਜਿਵੇਂ ‘ਹਰੀ ਕ੍ਰਾਂਤੀ, ਚਿੱਟੀ ਕ੍ਰਾਂਤੀ ਤੇ ਨੀਲੀ ਕ੍ਰਾਂਤੀ’ ਪਰ ਸਮਾਜ ਵਿੱਚ ਜਾਤ ਪਾਤ ਨੂੰ ਖਤਮ ਕਰਨ ਲਈ ਅਜਿਹੀ ਕੋਈ ਵੀ ਕ੍ਰਾਂਤੀ ਨਹੀਂ ਆਈ, ਜਿਸ ਨੇ ਇਸ ਢਾਂਚੇ ਨੂੰ ਤਹਿਸ ਨਹਿਸ ਕੀਤਾ ਹੋਵੇ। ਇਸ ਕ੍ਰਾਂਤੀ ਦੇ ਨਾ ਆਉਣ ਦੇ ਮੂਲ ਕਾਰਨਾਂ ਵਿੱਚੋਂ ਇਕ ਵੱਡਾ ਕਾਰਨ ਇਹ ਵੀ ਸੀ ਕਿ ਲੜਨ ਦਾ ਕੰਮ ਕੇਵਲ ਕੱਸ਼ਤਰੀ ਕੋਲ਼ ਸੀ, ਦਲਿਤ ਦਾ ਕੰਮ ਉਨ੍ਹਾਂ ਦੀ ਸੇਵਾ ਕਰਨਾ ਸੀ, ਨਾ ਕਿ ਲੜਨਾ। ਭਾਰਤ ਦੇ ਮੂਲ਼ ਨਿਵਾਸੀਆਂ ਨੂੰ ਆਰੀਅਨਾਂ ਨੇ ਖਦੇੜ ਕੇ ਭਾਰਤ ਦੇ ਦੱਖਣ ਵੱਲ ਧੱਕ ਦਿੱਤਾ ਤੇ ਇਨ੍ਹਾਂ ਦੀਆਂ ਜ਼ਮੀਨਾਂ ਤੇ ਜਾਇਦਾਦਾਂ ਉੱਤੇ ਅਜਿਹਾ ਕਬਜ਼ਾ ਕੀਤਾ ਕਿ ਅੱਜ ਵੀ ਉਹ ਬਰਕਰਾਰ ਹੈ। ਭਾਰਤ ਦੇ ਪੂਰੇ ਇਤਿਹਾਸ ਵਿੱਚ ਸਿੱਖ ਧਰਮ ਤੋਂ ਬਿਨਾਂ ਕਿਸੇ ਵੀ ਧਰਮ ਨੇ ਉਹਨਾਂ ਨਿੱਕੀਆਂ, ਦੱਬੀਆਂ, ਕੁਚਲੀਆਂ ਤੋਂ ਖੇਰੂੰ-ਖੇਰੂੰ ਹੋਈਆਂ ਜਾਤਾਂ ਨੂੰ ਗਲ਼ ਨਾਲ਼ ਨਹੀਂ ਲਾਇਆ ਪਰ ਗੁਰੂ ਸਾਹਿਬਾਨ ਨੇ ਲੰਗਰ ਦੀ ਪ੍ਰਥਾ ਸ਼ੁਰੂ ਕਰਕੇ, ਸੰਗਤ ਤੇ ਪੰਗਤ ਦਾ ਜਿਹੜਾ ਢਾਂਚਾ ਸ਼ੁਰੂ ਕੀਤਾ, ਉਸ ਨੇ ਹੈਂਕੜਬਾਜ਼ ਸਵਰਨ ਹਿੰਦੂਆਂ ਦੀ ਹਿੱਕ ’ਤੇ ਮੂੰਗ ਤਾਂ ਭਾਂਵੇਂ ਦਲ਼ੇ ਪਰ ਗੁਰੂ ਸਾਹਿਬਾਨ ਨੂੰ ਇਸਦਾ ਮੁੱਲ ਆਪਣੀਆਂ ਜਾਨਾਂ ਵਾਰ ਕੇ ਤਾਰਨਾ ਪਿਆ । ਇਸਦਾ ਨਤੀਜਾ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਦੇ ਰੂਪ ਵਿੱਚ ਨਿਕਲਿਆ। ਇਹ ਸਿਲਸਿਲਾ 9ਵੇਂ ਗੁਰੂ ਦੀ ਸ਼ਹੀਦੀ ਤੋਂ ਬਾਅਦ 10ਵੇਂ ਗੁਰੂ ਜੀ ਦੇ ਜੀਵਨ ਵਿੱਚ ਸਰਬੰਸ ਵਾਰਨ ਤੱਕ ਪੁੱਜ ਗਿਆ। ਕਿਉਕਿ ਗੁਰੂ ਗੋਬਿੰਦ ਸਿੰਘ ਜੀ ਨੇ ਭਾਰਤ ਦੀਆਂ ਦੱਬੀਆਂ ਕੁੱਚਲੀਆਂ, ਲਤਾੜੀਆਂ ਤੇ ਅਛੂਤ ਕੌਮਾਂ ਨੂੰ ਆਪਣੀ ਫੌਜ ਵਿੱਚ ਸ਼ਾਮਲ ਹੀ ਨਹੀਂ ਸੀ ਕੀਤਾ ਸਗੋਂ ਉਹਨਾਂ ਨੂੰ ਆਪਣੀ ਹਿੱਕ ਨਾਲ਼ ਲਾ ਕੇ ਰੱਖਿਆ । ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਦਿੱਲੀ ਚਾਂਦਨੀ ਚੌਂਕ ਵਿੱਚੋਂ ਗੁਰੂ ਜੀ ਦਾ ਸੀਸ ਲੈ ਕੇ ਆਉਣ ਵਾਲ਼ੇ ਭਾਈ ਜੈਤਾ ਜੀ ਨੂੰ ‘ਰੰਘਰੇਟਾ ਗੁਰੂ ਕਾ ਬੇਟਾ’ ਦੇ ਖ਼ਿਤਾਬ ਨਾਲ਼ ਸਤਿਕਾਰਿਆ ਤੇ ਉਸਨੂੰ ਖਾਲਸਾ ਫੌਜ ਦਾ ਮੁਖੀ ਥਾਪ ਦਿੱਤਾ ਸੀ । ਉਹ ਗੁਰੂ ਜੀ ਦਾ ਅੰਗ ਰੱਖਿਅਕ ਵੀ ਸੀ । ਹਰ ਵੇਲੇ ਗੁਰੂ ਜੀ ਨਾਲ਼ ਪਰਛਾਵੇਂ ਵਾਂਙੂ ਰਹਿੰਦਾ ਸੀ । ਗੁਰੂ ਗੋਬਿੰਦ ਸਿੰਘ ਜੀ ਨੇ ਮਧਕਾਲੀ ਸਮਾਜ ਵਿੱਚ ਅਛੂਤ ਮੰਨੀਆਂ ਜਾਂਦੀਆਂ ਇਹਨਾਂ ਕੌਮਾਂ ਨੂੰ ਆਪਣੀ ਫੌਜ ਵਿੱਚ ਸ਼ਾਮਲ ਕਰਕੇ ‘ਹਿੰਦੂਸ਼ਾਹੀ’ ਦੇ ਵਿਰੁੱਧ ਮੋਰਚਾਬੰਦੀ ਸ਼ੁਰੂ ਕੀਤੀ । 1699 ਦੀ ਵਿਸਾਖੀ ਮੌਕੇ ਜਦੋਂ ਗੁਰੂ ਜੀ ਨੇ ਹਜ਼ਾਰਾਂ ਲੋਕਾਂ ਦੇ ਇਕੱਠ ਵਿੱਚ ਖੜ੍ਹੇ ਹੋ ਕੇ ਪੰਜ ਸੀਸ ਮੰਗੇ ਤਾਂ ਇਨ੍ਹਾਂ ਵਿਚ ਦੱਬੀਆਂ-ਕੁਚਲੀਆਂ ਤੇ ਲਤਾੜੀਆਂ ਕੌਮਾਂ ਦੇ ਪੰਜ ਸਿੱਖ ਉਨ੍ਹਾਂ ਲਈ ਆਪਣਾ ਆਪਾ ਵਾਰਨ ਵਾਲ਼ਿਆਂ ਦੇ ਮੋਹਰੀ ਬਣੇ। ਗੁਰੂ ਸਾਹਿਬ ਨੇ ਇਨ੍ਹਾਂ ਪੰਜਾਂ ਨੂੰ ਖੰਡੇ ਦੀ ਪਾਹੁਲ ਦੇ ਕੇ ਇਨ੍ਹਾਂ ਦੇ ਹੱਥੋਂ ਆਪ ਵੀ ਖੰਡੇ ਦੀ ਪਾਹੁਲ ਲੈ ਲਈ ਤੇ ਗੁਰੂ ਅਤੇ ਸਿੱਖ ਦਾ ਇੱਕੋ ਦਰਜਾ ਹੋਣਾ ਸਾਬਤ ਕਰਕੇ ਸਮਾਜ ਵਿਚ ਇੱਕ ਅਨੋਖਾ ਬਿੰਬ ਸਿਰਜ ਦਿੱਤਾ ਕੀਤਾ । ਇਹ ਉਹ ਸਿਧਾਂਤ ਹੈ ਤੇ ਮਨੁੱਖੀ ਆਜ਼ਾਦੀ ਦਾ ਉਹ ਫਲਸਫਾ ਹੈ, ਜਿਹੜਾ ਅੱਜ ਤੀਕ ਕਿੱਧਰੇ ਵੀ ਕਿਸੇ ਕੌਮ, ਧਰਮ ਤੇ ਦੇਸ਼ ਅੰਦਰ ਨਜ਼ਰ ਨਹੀਂ ਆਉਦਾ। ਗੁਰੂ ਸਾਹਿਬਾਨ ਨੇ ਸਮਾਜ ਵਿੱਚੋਂ ਜਾਤ-ਪਾਤ ਦੇ ਕੋਹੜ ਨੂੰ ਖ਼ਤਮ ਕਰਨ ਦਾ ਬੀੜਾ ਚੁੱਕਿਆ ਸੀ । ਇਹ ਕੋਹੜ ਖਤਮ ਕਰਨ ਦਾ ਜਿਹੜਾ ਸਾਧਨ ਉਨ੍ਹਾਂ ਨੇ ਆਪਣਾਇਆ ਸੀ ਉਹ ਸਮੁੱਚੀ ਮਨੁੱਖਤਾ ਨੂੰ ਆਪਸ ਵਿੱਚ ਜੋੜਦਾ ਸੀ । ਬੀਤੀਆਂ ਚਾਰ ਸਦੀਆਂ ਦੌਰਾਨ ਸਿੱਖਾਂ ਵੱਲੋਂ ਮਨੁੱਖੀ ਆਜ਼ਾਦੀ ਲਈ ਦਿੱਤੀਆਂ ਗਈਆਂ ਕੁਰਬਾਨੀਆਂ ਵਿੱਚ ਵਧੇਰੇ ਯੋਗਦਾਨ ਦਲਿਤ ਸ੍ਰੇਣੀਆਂ ਦਾ ਹੀ ਰਿਹਾ ਹੈ, ਪ੍ਰੰਤੂ ਜਦੋਂ ਇਨ੍ਹਾਂ ਸ਼੍ਰੇਣੀਆਂ ਨੂੰ ਗੁਰੂ ਪੰਥ ਵਿੱਚ ਕੋਈ ਥਾਂ ਦੇਣੀ ਹੁੰਦੀ ਹੈ ਤਾਂ ਇਨ੍ਹਾਂ ਨੂੰ ‘ਖਾਲਸਾ’ ਕਹਿ ਕੇ ਵਡਿਆਇਆ ਤਾਂ ਜਾਂਦਾ ਹੈ ਪਰ ਵਾਹ ਲਗਦੇ ਕੋਈ ਜੁੰਮੇਵਾਰੀ ਦੇਣ ਤੋਂ ਗ਼ੁਰੇਜ਼ ਹੀ ਕੀਤਾ ਜਾਂਦਾ ਹੈ।। ਜਿਸ ਦੌਰ ਵਿੱਚੋਂ ਹੁਣ ਸਿੱਖ ਧਰਮ ਲੰਘ ਰਿਹਾ ਹੈ ਉਸ ਵਿੱਚ ‘ਜੱਟਵਾਦ’ ਦਾ ਵਧੇਰੇ ਬੋਲਵਾਲਾ ਹੈ । ਇਸੇ ਕਰਕੇ ਦੱਬੀਆਂ ਕੁਚਲੀਆਂ ਕੌਮਾਂ ਖਾਸ ਕਰਕੇ ਦਲਿਤ ਸ਼੍ਰੇਣੀਆਂ ਦਾ ਮਾਨਸਿਕ ਤੇ ਸਰੀਰਕ ਸ਼ੋਸ਼ਣ ਕੀਤਾ ਜਾਂਦਾ ਹੈ। ਇਸ ਤਰ੍ਹਾਂ ਦਾ ਸੋਸ਼ਣ ਸ਼ਾਇਦ ਹੀ ਕਿਸੇ ਹੋਰ ਕੌਮ ਵਿੱਚ ਹੀ ਹੁੰਦਾ ਹੋਵੇਗਾ। ਵਿਆਨਾ ਵਿੱਚ ਵਾਪਰੀ ਮੰਦਭਾਗੀ ਦੁਰਘਟਨਾ ਤੋਂ ਬਾਅਦ ਜਿਹੜਾ ਜਵਾਰਭਾਟਾ ਦਲਿਤ ਸਮਾਜ ਨੇ ਸਮਾਜ ਵਿੱਚ ਲਿਆਂਦਾ ਸੀ ਭਾਵੇਂ ਉਸਦੀ ਅਗਵਾਈ ਕਿਸੇ ਯੋਗ ਵਿਅਕਤੀ ਦੇ ਹੱਥ ਨਹੀਂ ਸੀ ਫਿਰ ਵੀ ਇਸਨੇ ਇਕ ਪਲ ਵਿੱਚ ਹੀ ਸਮੁੱਚੇ ਸਰਕਾਰੀ ਢਾਂਚੇ ਨੂੰ ਤਹਿਸ ਨਹਿਸ ਕਰ ਦਿੱਤਾ ਸੀ। ਇਸੇ ਹੀ ਤਰ੍ਹਾਂ ਜਦੋਂ ਦਿੱਲੀ ਵਿਚ ਗੁਰੂ ਰਵੀਦਾਸ ਜੀ ਦਾ ਮੰਦਰ ਢਾਹਿਆ ਗਿਆ ਤਾਂ ਦੇਸ਼ ਇੱਕ ਵਾਰ ਫਿਰ ਤੂਫ਼ਾਨ ਉਠਿਆ । ਇਹ ਤੂਫ਼ਾਨ ਕਿਉਂ ਉਠ ਰਹੇ ਹਨ ? ਇਸ ਦੇ ਸਮਾਜਕ ਤੇ ਮਨੋਵਿਗਿਆਨਕ ਕਾਰਨਾਂ ਨੂੰ ਸਮਝਣ ਦੀ ਲੋੜ ਹੈ। ਜਿਵੇਂ ਫਰਾਂਸ ਦੀ ਕ੍ਰਾਂਤੀ ਸਬੰਧੀ ਨਿਪੋਲੀਅਨ ਬੋਨਾਪਾਰਟ ਲਿਖਦਾ ਹੈ- ‘ਅਜ਼ਾਦੀ ਲੋਕਤੰਤਰ ਤੇ ਬਰਾਬਰਤਾ ਦੀ ਲੋੜ ਹੈ।’ ਪਰ ਇੱਥੇ ਤਾਂ ਹਰ ਪਾਸੇ ਹੀ ਦਲਿਤ ਭਾਈਚਾਰੇ ਦੇ ਨਾਲ਼ ਧੱਕਾ ਹੋ ਰਿਹਾ ਹੈ। ਬਰਾਬਰਤਾ ਤਾਂ ਕੀ ਦੇਣੀ ਸੀ? ਸਿੱਖ ਧਰਮ ਵਿੱਚ ਜਿਹੜਾ ਮੁਕਾਮ ਦਲਿਤ ਸਮਾਜ ਦਾ ਸੀ ਉਹ ਗੁਰੂ ਸਾਹਿਬ ਸਮੇਂ ਹੀ ਸੀ ਅਤੇ ਉਹ ਬਹੁਤ ਹੀ ਵਧੀਆ ਸੀ, ਹਰ ਪਾਸੇ ਹੀ ਦਲਿਤ ਸਨ। ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਬਹੁ-ਗਿਣਤੀ ਦਲਿਤ ਵਰਗ ਦੀ ਸੀ, ਜਿਸ ਨੇ ਕੁਰਬਾਨੀਆਂ ਦੇਣ ਦੀ ਅਜਿਹੀ ਲਹਿਰ ਚਲਾਈ ਕਿ ਅੱਜ ਵੀ ਜਦੋਂ ਕਦੇ ਅਸੀਂ ਸਿੱਖ ਇਤਿਹਾਸ ਵਿੱਚ ਦਲਿਤ ਵਰਗ ਦੇ ਯੋਗਦਾਨ ਦਾ ਜਿਕਰ ਕਰਦੇ ਹਾਂ ਤਾਂ ਇਨ੍ਹਾਂ ਦਾ ਨਾਮ ਸਭ ਤੋਂ ਉਪਰ ਆਉਦਾ ਹੈ। ਉਹਨਾਂ ਦੀਆਂ ਕੁਰਬਾਨੀਆਂ ਸਦਕਾ ਹੁੁਣ ਜਦੋਂ ਅਸੀਂ ਵਿਦੇਸ਼ੀਆਂ ਕੋਲ਼ੋਂ ਸਮੁੱਚੇ ਤੌਰ ’ਤੇ ਆਜ਼ਾਦ ਹੋ ਗਏ ਹਾਂ, ਸਾਡੇ ਉਪਰ ਕਿਸੇ ਕਿਸਮ ਦੀ ਬੰਦਿਸ਼ ਵੀ ਨਹੀਂ ਹੈ, ਫਿਰ ਵੀ ਅਸੀਂ ਸਿਰ ਤੋਂ ਪੈਰਾਂ ਤੱਕ ਜਾਤ-ਪਾਤ ਦੇ ਜੰਜ਼ਾਲ ਵਿੱਚ ਜਕੜੇ ਹੋਏ ਹਾਂ। ਚਾਹ ਕੇ ਵੀ ਅਸੀਂ ਇਸ ਤੋਂ ਖਹਿੜਾ ਨਹੀਂ ਛੁਡਾ ਸਕਦੇ। ਸਿੱਖ ਧਰਮ ਦੇ ਪਤਨ ਦਾ ਮੂਲ਼ ਕਾਰਨ ਵੀ ਇਹੋ ਹੈ ਕਿ ਇਹ ਧਰਮ ਕੁਝ ਚੰਦ ਕੁ ਧਿਰਾਂ ਦੀ ਸੰਪੱਤੀ ਬਣ ਕੇ ਰਹਿ ਗਿਆ ਹੈ। ਇਸ ਧਰਮ ਵਿੱਚ ‘ਜੱਟਵਾਦ’ ਦਾ ਬੋਲਬਾਲਾ ਵਧੇਰੇ ਹੋਣ ਕਰਕੇ ਇਸ ਵਿੱਚ ਜਾਤ-ਪਾਤ ਦੀਆਂ ਜੜ੍ਹਾਂ ਹੋਰ ਵੀ ਡੁੰੰਘੇਰੀਆਂ ਹੋ ਗਈਆਂ ਹਨ। ਗੁਰਦੁਆਰਿਆਂ ਵਿੱਚ ਆਉਣ ਵਾਲ਼ੇ ਦਲਿਤਾਂ ਦੀ ਹਾਲਤ ਕੋਈ ਬਹੁਤੀ ਚੰਗੀ ਨਹੀਂ। ਕਹਿਣ ਨੂੰ ਤਾਂ ਭਾਂਵੇਂ ਜਿੰਨਾ ਮਰਜ਼ੀ ਕਹੀ ਜਾਓ ਕਿ ਸਿੱਖ ਧਰਮ ਵਿੱਚ ਜਾਤ-ਪਾਤ, ਉਚ-ਨੀਚ ਵਰਗੇ ਕੋਹੜ ਲਈ ਕੋਈ ਥਾਂ ਨਹੀਂ ਪ੍ਰੰਤੂ ਜਦੋਂ ਸਮਾਜਕ ਨਜ਼ਰੀਏ ਤੋਂ ‘ਬਹੂ-ਬੇਟੀ’ ਦੀ ਸਾਂਝ ਦੀ ਗੱਲ ਆਉਦੀ ਹੈ ਤਾਂ ਸਿੱਖ ਧਰਮ ਵਿੱਚ ਜਾਤ ਦਾ ਕੱਟੜਪੁਣਾ ਸਪੱਸ਼ਟ ਰੂਪ ਵਿੱਚ ਨਜ਼ਰ ਆਉਦਾ ਹੈ। ਅਖ਼ਬਾਰਾਂ ਵਿੱਚ ਛਪਦੇ ਵਿਆਹ-ਸ਼ਾਦੀਆਂ ਦੇ ਇਸ਼ਤਿਹਾਰਾਂ ਵਿੱਚ ਇਹ ਸਪੱਸ਼ਟ ਦੇਖਿਆ ਜਾ ਸਕਦਾ ਹੈ। ਪਿੰਡਾਂ ਵਿੱਚ ਵੱਖ ਵੱਖ ਜਾਤਾਂ ਦੇ ਨਾਂ ਉਪਰ ਉਸਾਰੇ ਗਏ ਗੁਰਦੁਆਰੇ ਵੀ ਇਸੇ ਬੀਮਾਰੀ ਦੇ ਲੱਛਣ ਹਨ। ਹੁਣ ਜਦੋਂ ਸਿੱਖਾਂ ਨੇ ਆਪਣੇ ਗੁਰਦੁਆਰਿਆਂ ਵਿੱਚ ਦਲਿਤਾਂ ਨੂੰ ਮਾਨਤਾ ਹੀ ਨਹੀਂ ਦੇਣੀ ਤਾਂ ਉਨ੍ਹਾਂ ਨੇ ਆਪਣੀ ਆਸਥਾ ਲਈ ਕੋਈ ਨਾ ਕੋਈ ਹੋਰ ਰਾਹ ਅਪਨਾਉਣਾ ਹੀ ਹੈ। ਇਹੋ ਕਾਰਨ ਹੈ ਇਸ ਦਲਿਤ ਸਮਾਜ ਦਾ ਡੇਰਿਆਂ ਵੱਲ ਝੁਕਣਾ। ਸਪੱਸ਼ਟ ਨਜ਼ਰ ਆਉਦਾ ਹੈ ਕਿ ਇਹਨਾਂ ਡੇਰਿਆਂ ਵਿੱਚ ਘਟੋਘੱਟ ਉਨ੍ਹਾਂ ਦੀ ਜਾਤ-ਪਾਤ ਦੀ ਨਿਸ਼ਾਨਦੇਹੀ ਤਾਂ ਨਹੀਂ ਹੁੰਦੀ। ਪ੍ਰਤੱਖ ਤੌਰ ਤੇ ਸਾਡੀ ਸਮਾਜੀ ਜ਼ਿੰਦਗੀ ਵਿੱਚ ਜਾਤ-ਪਾਤ ਦਾ ਅਜਿਹਾ ਕੈਂਸਰ ਫੈਲ ਚੁੱਕਿਆ ਹੈ ਜਿਹੜਾ ਸੌਖਿਆਂ ਖਤਮ ਨਹੀਂ ਹੁੰਦਾ ਲਗਦਾ। ਗੁਰੂ ਸਾਹਿਬਾਨ ਨੇ ਤਾਂ 1699 ਦੀ ਵਿਸਾਖੀ ਮੌਕੇ ਜਾਤ-ਪਾਤ, ਉੱਚ-ਨੀਚ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਸੀ ਪਰ 400 ਸਾਲ ਲੰਘ ਜਾਣ ਦੇ ਬਾਅਦ ਵੀ ਅਸੀਂ ਇਸ ਬੀਮਾਰੀ ਨੂੰ ਆਪਣੇ ਮੋਢਿਆਂ ’ਤੇ ਢੋਅ ਰਹੇ ਹਾਂ। ਇਸ ਸਮੇਂ ਦਲਿਤ ਸਮਾਜ ਆਪਣੇ ਆਪ ਨੂੰ ਸਿੱਖ ਧਰਮ ਨਾਲ਼ੋਂ ਵੱਖ ਹੋਇਆ ਮਹਿਸੂਸ ਕਰਦਾ ਨਜ਼ਰ ਆਉਦਾ ਹੈ। ਹੁਣ ਜਦੋਂ ਡੇਰਾਵਾਦ ਬਾਰੇ ਚਰਚਾ ਚਲਦੀ ਹੈ ਤਾਂ ਅਸੀਂ ਉਹਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਨੂੰ ਦਿੱਤੀ ਜਾ ਰਹੀ ਚੁਣੌਤੀ ਦੀ ਗੱਲ ਕਰਦੇ ਹਾਂ। ਗੁਰੂ ਜੀ ਨੇ ਗੁਰਬਾਣੀ ਨੂੰ ਗੁਰੂ ਦਾ ਦਰਜਾ ਦਿੱਤਾ ਹੈ। ਜਦੋਂ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਮੱਥਾ ਟੇਕਦੇ ਹਾਂ ਤਾਂ ਅਸੀਂ ਸਮੁੱਚੇ ਬਾਣੀਕਾਰ ੩੫ ਮਹਾਂਪੁਰਖਾਂ ਨੂੰ ਸਜਦਾ ਕਰਦੇ ਹਾਂ। ਅੱਜ ਤੱਕ ਅਸੀਂ ਗੁਰੂ ਅਤੇ ਭਗਤ ਦੇ ਅਰਥ ਵੀ ਨਹੀਂ ਸਮਝ ਸਕੇ। ਜਿੱਥੇ ਦੱਖਣ ਵਿੱਚ ਭਗਤ ਦਾ ਅਰਥ ਗੁਰੂ ਹੈ, ਉਹ ਇੱਥੇ ਗੁਰੂ ਦਾ ਅਰਥ ਭਗਤ ਹੈ। ਪਰ ਅਸੀਂ ਭਗਤ ਨੂੰ ਗੁਰੂ ਨਹੀਂ ਮੰਨਦੇ। ਪਰ ਜੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਨੂੰ ਗੁਰੂ ਨਹੀਂ ਮੰਨਦੇ ਤਾਂ ਅਸੀਂ ਗੁਰੂ ਤੋਂ ਬੇਮੁੱਖ ਹਾਂ। ਹੁਣ ਇੱਥੇ ਗੁਰੂ ਤੇ ਗੁਰੂ ਬਾਣੀ ਨਾਲੋਂ ਜੱਟ ਦਲਿਤਾਂ ’ਤੇ ਭਾਰੂ ਹੋ ਗਏ ਹਨ। ਅਸੀਂ ਗੁਰਦੁਆਰਿਆਂ ਨੂੰ ਗੁਰੂ ਨਾਲ਼ ਜੋੜਨ ਨੂੰ ਹੀ ਸਿੱਖੀ ਸਮਝਦੇ ਹਾਂ ਪਰ ‘ਸ਼ਬਦ ਗੁਰੂ’ ਦੀ ਵਿਚਾਰਧਾਰਾ ਨੂੰ ਨਹੀਂ ਸਮਝਦੇ ਸਗੋਂ ਉਸਦੀ ਆੜ ਵਿੱਚ ਵੱਧ ਤੋਂ ਵੱਧ ਮਾਇਆ ਇਕੱਠੀ ਕਰਨ ਵਾਲ਼ੀਆਂ ਥਾਂਵਾਂ ਤੱਕ ਸੀਮਤ ਹੋ ਕੇ ਰਹਿ ਗਏ ਹਾਂ। ਸ਼ਾਇਦ ਸਿੱਖ ਧਰਮ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਸਿੱਖ ਧਰਮ ਦਾ ਪ੍ਰਚਾਰ ਕਰਨ ਵਾਲ਼ੇ ਇਕ ਸੰਤ ਨੂੰ ਸਿਰਫ਼ ਇਸ ਲਈ ਕਤਲ ਕਰ ਦਿੱਤਾ ਗਿਆ ਕਿ ਉਹ ਦਲਿਤ ਹੋ ਕੇ ਸਿੱਖ ਧਰਮ ਦਾ ਪ੍ਰਚਾਰ ਕਿਉਂ ਕਰ ਰਿਹਾ ਹੈ। ਭਾਵੇਂ ਇਸ ਕਤਲ ਦੇ ਹੋਰ ਵੀ ਕਈ ਕਾਰਨ ਹੋ ਸਕਦੇ ਹਨ। ਪ੍ਰੰਤੂ ਮੁੱਖ ਕਾਰਨ ਤਾਂ ਇਹੋ ਹੈ ਕਿ ਸਿੱਖ ਧਰਮ ਵਿੱਚ ਦਲਿਤ ਸਮਾਜ ਜਿਸ ਤਰ੍ਹਾਂ ਸੰਗਠਿਤ ਹੋ ਰਿਹਾ ਹੈ, ਉਹ ਸਿੱਖ ਧਰਮ ਦੇ ਅਖੌਤੀ ਉੱਚ ਜਾਤੀਏ ਚੌਧਰੀਆਂ ਲਈ ਖਤਰੇ ਦੀ ਘੰਟੀ ਬਣਦਾ ਨਜ਼ਰ ਆ ਰਿਹਾ ਹੈ। ਦਲਿਤ ਸਮਾਜ ਦਾ ਬਹੁਤਾ ਹਿੱਸਾ ਡੇਰਾ ਸਿਰਸਾ, ਡੇਰਾ ਬਿਆਸ, ਨਿਰੰਕਾਰੀ ਤੇ ਭਨਿਆਰੇ ਵਾਲ਼ੇ ਜਾਂ ਹੋਰ ਅਨਮਤੀ ਡੇਰਿਆਂ ਦੇ ਲੜ ਲੱਗਣ ਦਾ ਮਕਸਦ ਵੀ ਇਹੋ ਹੈ ਕਿ ਉਹਨਾਂ ਨੂੰ ਸਿੱਖ ਸਰੋਕਾਰਾਂ ਵਿੱਚ ਬਣਦਾ ਮਾਣ ਤੇ ਸਤਿਕਾਰ ਨਹੀਂ ਦਿੱਤਾ ਜਾ ਰਿਹਾ । ਜੇ ਕਾਤਲ ਸੰਤ ਰਾਮਾਨੰਦ ਜੀ ਕਤਲ ਕਰਨ ਲੱਗਿਆਂ ਇਹ ਤਰਕ ਦੇਂਦੇ ਹਨ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਦੇ ਬਰਾਬਰ ਆਸਨ ਲਾਉਦਾ ਤੇ ਮੱਥੇ ਟਿਕਾਉਦਾ ਹੈ ਤਾਂ ਉਨ੍ਹਾਂ ਨੂੰ ਨਾਮਧਾਰੀ, ਨੀਲਧਾਰੀ ਤੇ ਊਨੇ ਵਾਲ਼ੇ ਬੇਦੀ ਕਿਉ ਨਹੀਂ ਨਜ਼ਰ ਆਏ? ਜਿਹੜੇ ਆਪਣੇ ਆਪ ਨੂੰ ਗੁਰੂ ਵੀ ਮੰਨਦੇ ਹਨ – ਨਾਮਧਾਰੀਏ ਤਾਂ ਆਪਣੇ ਮੁਖੀ ਨੂੰ ‘ਗੁਰੂ’ ਤੇ ‘ਪਾਤਸ਼ਾਹ’ ਕਹਿ ਕੇ ਸਤਿਕਾਰ ਦੇਂਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਕਾਗਜ਼ੀ ਕੰਮ ਤਾਂ ਬੜਾ ਹੁੰਦਾ ਹੈ ਪ੍ਰੰਤੂ ਇਨ੍ਹਾਂ ਦੀ ਕਿਰਪਾ ਦੇ ਨਾਲ਼ ਅੱਜ ਸਿੱਖ ਧਰਮ ਵਿੱਚੋਂ ਸਿਕਲੀਗਰ, ਨਿਰਮਲੇ ਤੇ ਸਿੰਧੀ ਸਿੱਖਾਂ ਤੋਂ ਇਲਾਵਾ ਕਈ ਹੋਰ ਫਿਰਕੇ ਵੀ ਕੋਹਾਂ ਦੂਰ ਚਲੇ ਗਏ ਹਨ। ਇਨਾਂ ਦੇ ਦੂਰ ਜਾਣ ਦਾ ਮੁੱਖ ਕਰਾਨ ਇਹੋ ਹੈ ਕਿ ਇਨ੍ਹਾਂ ਫਿਰਕਿਆ ਨੂੰ ਸਿੱਖ ਧਰਮ ਵਿੱਚ ਉਹ ਮਾਣ ਤੇ ਸਤਿਕਾਰ ਨਾ ਮਿਲ਼ਿਆ, ਜਿਹੜਾ ਇਨ੍ਹਾਂ ਦੇ ਪੁਰਖਿਆ ਨੂੰ ਗੁਰੂ ਸਾਹਿਬਾਨ ਵੱਲੋਂ ਮਿਲਦਾ ਹੁੰਦਾ ਸੀ। ਅੱਜ ਦਲਿਤ ਵਰਗ ਵੀ ਇਸੇ ਉਲ਼ਝਣ ਦਾ ਸ਼ਿਕਾਰ ਹੈ। ਉਸ ਨੂੰ ਸਿੱਖ ਧਰਮ ਵਿੱਚ ਕਿਧਰੇ ਕੋਈ ਥਾਂ ਨਹੀਂ ਮਿਲ਼ ਰਹੀ ਜਿਸ ਕਾਰਨ ਉਹ ਅੱਜ ਸਿੱਖ ਧਰਮ ਤੋਂ ਬੇਮੁੱਖ ਹੋ ਕੇ ਵੱਖ ਵੱਖ ਡੇਰਿਆਂ ਵੱਲ ਝੁਕ ਰਿਹਾ ਹੈ। ਸਿੱਖ ਧਰਮ ਅੱਜ ਉਸ ਪੜਾਅ ‘ਤੇ ਆ ਗਿਆ ਹੈ ਜਿੱਥੇ ਇਸ ਵਿੱਚ ਵਧ੍ਹ ਰਹੇ ਜੱਟਵਾਦ ਤੇ ਹਿੰਦੂਵਾਦ ਨੂੰ ਸਮਝਣ ਦੀ ਲੋੜ ਹੈ, ਨਾ ਕਿ ਕਿਸੇ ਦਲਿਤ ਦਾ ਕਤਲ ਕਰਨ ਦੀ। ਕਿਉਕਿ ਹਿੰਦੂਤਵੀ ਕਦੇ ਵੀ ਨਹੀਂ ਚਾਹੁੰਦੇ ਕਿ ਸਮਾਜ ਵਿਚੋਂ ਜਾਤ-ਪਾਤ ਜਾਂ ਕਰਮਕਾਂਡੀ ਧਰਮਾਂ ਦਾ ਬੋਲਬਾਲਾ ਖ਼ਤਮ ਹੋਵੇ। ਉਹਨਾਂ ਲਈ ਤਾਂ ਇਹ ਸਮਾਜ ਨੂੰ ਵੰਡਣ ਦਾ ਸਭ ਤੋਂ ਸੌਖਾ ਤੇ ਕਾਰਗਰ ਹਥਿਆਰ ਹਨ ਜਿਹੜਾ ਉਹ ਮੌਕੇ-ਬੇ-ਮੌਕੇ ਵਰਤ ਕੇ ਸਮਾਜ ਵਿੱਚ ਅਜਿਹੀ ਹਲਚਲ ਪੈਦਾ ਕਰਦੇ ਹਨ ਕਿ ਚੰਗੀ ਭਲੀ ਚਲਦੀ ਜ਼ਿੰਦਗੀ ਵਿੱਚ ਭੁਚਾਲ ਆ ਜਾਂਦਾ ਹੈ। ਅਜਿਹੀ ਸਾਜਿਸ਼ੀ ਆਫ਼ਤ ਤੋਂ ਬਾਅਦ ਸਮਾਜ ਨੂੰ ਸੰਭਲਣ ਲਈ ਕਿੰਨਾ ਹੀ ਸਮਾਂ ਲੱਗ ਜਾਂਦਾ ਹੈ। ਦਲਿਤ ਸਮਾਜ ਵਿੱਚ ਵਧ੍ਹ ਰਿਹਾ ਗੁੱਸਾ ਸਮਝਣ ਲਈ ਇਸ ਦੇ ਸਮਾਜਕ, ਆਰਥਿਕ ਤੇ ਸਭਿਆਚਾਰਕ ਕਾਰਨਾਂ ਨੂੰ ਤਲਾਸ਼ਣ ਦੀ ਲੋੜ ਹੈ। ਜਿਸ ਕਦਰ ਦਲਿਤ ਸਮਾਜ ਸਿੱਖ ਧਰਮ ਤੋਂ ਦੂਰ ਹੁੰਦਾ ਜਾ ਰਿਹਾ ਹੈ ਉਹ ਦਿਨ ਦੂਰ ਨਹੀਂ ਜਦੋਂ ਸਿੱਖ ਧਰਮ ਕੇਵਲ ਹਿੰਦੂਵਾਦੀ ਸਵਰਨਾਂ ਦਾ ਧਰਮ ਬਣਕੇ ਰਹਿ ਜਾਵੇਗਾ? ਸਿੱਖ ਧਰਮ ਵਿੱਚ ਵਧ੍ਹ ਰਹੇ ਜੱਟਵਾਦ ਨੂੰ ਰੋਕਣ ਦੀ ਬੇਹੱਦ ਲੋੜ ਹੈ ਤਾਂ ਕਿ ਸਿੱਖ ਧਰਮ ਨੂੰ ਖੇਰੂੰ ਖੇਰੂੰ ਹੋਣ ਤੋਂ ਬਚਾਇਆ ਜਾ ਸਕੇ। ਕੀ ਦਲਿਤ ਭਾੲਚਾਰਾ ਆਪਣੀ ਅੰਦਰਲੀ ਸ਼ਕਤੀ ਨੂੰ ਪਹਿਚਾਣ ਕੇ ਤਖ਼ਤ ’ਤੇ ਕਾਬਜ਼ ਹੋਣ ਦੀ ਸਮਰੱਥਾ ਹਾਸਲ ਕਰ ਸਕੇਗਾ? ਇਸ ਨੂੰ ਨਿੱਠ ਕੇ ਸਮਝਣ ਤੇ ਵਿਚਾਰਨ ਦੀ ਲੋੜ ਹੈ।
ਬੁੱਧ ਸਿੰਘ ਨੀਲੋਂ,
9464370823
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj