ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
(ਸਮਾਜ ਵੀਕਲੀ) ਸਾਡੇ ਸਰੀਰ ਰੂਪੀ ਰੱਥ ਦਾ ਚਾਲਕ, ਸੰਚਾਲਕ, ਨਿਰਦੇਸ਼ਕ ਤਾਂ ਮਨ ਹੀ ਹੈ। ਮਨ ਸਾਨੂੰ ਕਿਸੇ ਕੰਮ ਨੂੰ ਕਰਨ ਜਾਂ ਨਾ ਕਰਨ ਲਈ ਮਜਬੂਰ ਕਰ ਸਕਦਾ ਹੈ। ਮਨ ਚੰਚਲ ਹੈ, ਅਸਥਿਰ ਹੈ, ਲਾਲਚੀ ਹੈ ਅਤੇ ਚਲਾਕ ਹੈ। ਜਦੋਂ ਅਸੀਂ ਕਿਸੇ ਨਾਲ ਗੱਲਬਾਤ ਕਰ ਰਹੇ ਹੋਇਏ ਉਸ ਵੇਲੇ ਸਾਡਾ ਮਨ ਪਤਾ ਨਹੀਂ ਕਿਸੇ ਹੋਰ ਪਾਸੇ ਉਡਾਰੀ ਮਾਰ ਰਿਹਾ ਹੁੰਦਾ ਹੈ। ਮਨ ਤੋਂ ਵੱਧ ਕੇ ਧੋਖੇਬਾਜ਼ ਹੋਰ ਕੋਈ ਨਹੀਂ ਹੋ ਸਕਦਾ। ਬੇਸ਼ਕ ਕੋਈ ਬੰਦਾ ਸੌਂ ਚੱਕ ਕੇ ਵੀ ਕੋਈ ਗੱਲ ਕਿਉਂ ਨਾ ਕਹੇ, ਲੇਕਿਨ ਅਸਲ ਵਿੱਚ ਉਸ ਦੇ ਮਨ ਵਿੱਚ ਕੀ ਚੱਲ ਰਿਹਾ ਹੈ ਕਿਸੇ ਨੂੰ ਪਤਾ ਨਹੀਂ ਹੁੰਦਾ।। ਆਮ ਤੌਰ ਤੇ ਲੋਕ ਆਪਣੇ ਮਨ ਦੀ ਗੱਲ ਕਿਸੇ ਨੂੰ ਨਹੀਂ ਕਹਿੰਦੇ। ਗੱਲ ਨੂੰ ਮੋੜ ਤਰੋੜ ਕੇ ਟਾਲ ਦਿੰਦੇ ਹਨ । ਕਈ ਲੋਕ ਮਨ ਦੀ ਗੱਲ ਲੁਕਾਉਣ ਵਾਸਤੇ ਹਸ ਦਿੰਦੇ ਹਨ, ਕਈ ਲੋਕ ਮਨ ਦੀ ਗੱਲ ਲੁਕਾਉਣ ਲਈ ਟੌਪਿਕ ਹੀ ਬਦਲ ਦਿੰਦੇ ਹਨ। ਅਤੇ ਕੋਈ ਕੋਈ ਹੋਰ ਬਹਾਨਾ ਲੱਭ ਲੈਂਦਾ ਹੈ। ਸਾਡੇ ਸਨਮਾਨਯੋਗ ਪ੍ਰਧਾਨ ਮੰਤਰੀ, ਮੋਦੀ ਸਾਹਿਬ ਹਰ ਮਹੀਨੇ,,, ਮਨ ਕੀ ਬਾਤ,,, ਉੱਤੇ ਦੇਸ਼ ਵਾਸੀਆਂ ਨੂੰ ਸੰਬੋਧਿਤ ਕਰਦੇ ਹਨ। ਇਹ ਉਹਨਾਂ ਦਾ ਆਮ ਲੋਕਾਂ ਨਾਲ ਜੁੜੇ ਰਹਿਣ ਦਾ ਤਰੀਕਾ ਹੈ। ਇਸ ਮਾਮਲੇ ਵਿੱਚ ਉਹ ਲੋਕਾਂ ਤੋਂ ਸਲਾਹ ਵੀ ਲੈਂਦੇ ਰਹਿੰਦੇ ਹਨ। ਮੇਰੇ ਵਿਚਾਰ ਵਿੱਚ,,, ਮਨ ਕੀ ਬਾਤ,, ਦੇ ਦੁਆਰਾ ਉਹ ਰਾਜਨੀਤੀ ਕਰਦੇ ਹਨ। ਚੋਣਾਂ ਤੋਂ ਪਹਿਲਾਂ ਇਸ ਤਰੀਕੇ ਨਾਲ ਉਹ ਲੋਕਾਂ ਨੂੰ ਪ੍ਰਭਾਵਿਤ ਕਰਦੇ ਰਹੇ ਹਨ ਅਤੇ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਵੀ ਉਹਨਾਂ ਨੇ ਇਸ ਸਿਲਸਿਲਾ ਫਿਰ ਤੋਂ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਕੁਝ ਸਮੇਂ ਬਾਅਦ ਕੁਝ ਸਟੇਟਾਂ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਹਨ। ਉਹ ਲੋਕਾਂ ਨੂੰ ਆਪਣੀ ਪਾਰਟੀ ਵਾਸਤੇ ਵੋਟ ਦੇਣ ਲਈ ਤਿਆਰ ਕਰਦੇ ਹਨ। ਇਹ ਸਾਰੇ ਦੇ ਬਾਵਜੂਦ ਵੀ ਇਹ ਪੱਕੇ ਤੌਰ ਤੇ ਕੁਝ ਨਹੀਂ ਕਿਹਾ ਜਾ ਸਕਦਾ ਕਿ ਪ੍ਰਧਾਨ ਮੰਤਰੀ ਦੇ,, ਮਨ ਕੀ ਬਾਤ,,, ਪ੍ਰੋਗਰਾਮ ਦੇ ਪਿੱਛੇ ਅਸਲੀਅਤ ਕੀ ਹੈ।
ਕਿਸੇ ਦੇ ਮਨ ਦੀ ਗੱਲ ਨੂੰ ਜਾਣਨਾ ਸਮੁੰਦਰ ਦੀ ਗਹਿਰਾਈ ਮਾਪਣ ਦੇ ਬਰਾਬਰ ਹੈ। ਵਿਆਹ ਸ਼ਾਦੀ ਤੋਂ ਬਾਅਦ ਪਤੀ ਅਤੇ ਪਤਨੀ 20–30 ਸਾਲ ਇਕੱਠੇ ਰਹਿੰਦੇ ਹਨ ਫਿਰ ਵੀ ਪੱਤੀ ਜਾਂ ਪਤਨੀ ਵਿੱਚੋਂ ਇੱਕ ਦੂਜੇ ਨੂੰ ਕਹਿ ਹੀ ਦਿੰਦਾ ਹੈ,,, ਮੇਰੇ ਵਾਸਤੇ ਤੇਰੇ ਮਨ ਦੀ ਗੱਲ ਨੂੰ ਸਮਝਣਾ ਬਹੁਤ ਮੁਸ਼ਕਿਲ ਹੈ। ਕਿਉਂਕਿ ਪਤੀ ਪਤਨੀ ਇਕੱਠੇ ਰਹਿਣ ਦੇ ਬਾਵਜੂਦ ਵੀ ਇੱਕ ਦੂਜੇ ਦੇ ਮਨ ਦੀ ਗੱਲ ਨਹੀਂ ਸਮਝ ਸਕਦੇ ਇਸ ਲਈ ਜਿੰਦਗੀ ਦਾ ਸਫਰ ਇਕੱਠੇ ਕੱਟਣ ਤੋਂ ਬਾਅਦ ਵੀ ਉਹ ਇੱਕ ਦੂਜੇ ਨੂੰ ਤਲਾਕ ਦੇਣ ਵਾਸਤੇ ਤਿਆਰ ਹੋ ਜਾਂਦੇ ਹਨ ਹਨ।। ਰਾਜਨੀਤੀ ਵਿੱਚ ਤਾਂ ਲੋਕ ਇੱਕ ਦੂਜੇ ਦੇ ਮਨ ਦੀ ਗੱਲ ਸਮਝ ਹੀ ਨਹੀਂ ਸਕਦੇ। ਸਾਰੇ ਲੂੰਬੜੀ, ਗਿਰਗਿਟ ਆਦਿ ਦੀ ਤਰ੍ਹਾਂ ਹੁੰਦੇ ਹਨ।,,,, ਆਇਆ ਰਾਮ,,,, ਗਿਆ ਰਾਮ,, ਹੋਣਾ ਕੋਈ ਨਵੀਂ ਗੱਲ ਨਹੀਂ। ਅੱਜ ਇਸ ਪਾਰਟੀ ਵਿੱਚ, ਕੱਲ ਉਸ ਪਾਰਟੀ ਵਿੱਚ, ਸਵੇਰੇ ਇਸ ਪਾਰਟੀ ਵਿੱਚ ਅਤੇ ਸ਼ਾਮ ਨੂੰ ਹੋਰ ਪਾਰਟੀ ਵਿੱਚ। ਕਿਸੇ ਦੇ ਮਨ ਦਾ ਕੀ ਪਤਾ। ਕੋਈ ਜਮਾਨਾ ਸੀ ਜਦੋਂ ਲੋਕ ਇੱਕ ਦੂਜੇ ਉੱਤੇ ਯਕੀਨ ਕਰ ਲਿਆ ਕਰਦੇ ਸੀ। ਲੋਕ ਇੱਕ ਦੂਜੇ ਦੀ ਭੈਣ ਅਤੇ ਬੇਟੀ ਨੂੰ ਆਪਣੀ ਭੈਣ ਅਤੇ ਬੇਟੀ ਸਮਝਦੇ ਸੀ ਲੇਕਿਨ ਅੱਜ ਕੱਲ ਕਿਸੇ ਦੇ ਮਨ ਦਾ ਕੋਈ ਭਰੋਸਾ ਨਹੀਂ। ਅੱਜ ਕੱਲ ਕੌਣ ਭੇਜਣਾ ਚਾਹੇਗਾ ਆਪਣੀ ਭੈਣ ਜਾਂ ਬੇਟੀ ਨੂੰ ਕਿਸੇ ਹੋਰ ਦੇ ਨਾਲ ਤਾਂ ਜੋ ਉਹ ਉਸਨੂੰ ਕਿਸੇ ਹੋਰ ਪਾਸੇ ਲੈ ਜਾ ਸਕੇ। ਪਹਿਲਾਂ ਦੂਜੇ ਤੇ ਵਿਸ਼ਵਾਸ ਕਰਕੇ ਲੋਕ ਆਪਣੇ ਭੈਣ ਜਾਂ ਬੇਟੀ ਨੂੰ ਕਿਸੇ ਹੋਰ ਸ਼ਹਿਰ ਵਿੱਚ ਆਪਣੇ ਰਿਸ਼ਤੇਦਾਰ ਦੇ ਘਰ ਭੇਜ ਦਿੰਦੇ ਸਨ ਲੇਕਿਨ ਅੱਜ ਕੱਲ ਲੋਕਾਂ ਦੇ ਮਨ ਦਾ ਕੁਝ ਪਤਾ ਨਹੀਂ ਚਲਦਾ। ਕਿਸੇ ਦੇ ਮਨ ਵਿੱਚ ਚੋਰ ਹੈ ਜਾਂ ਖੋਟ ਹੈ, ਕੁਝ ਨਹੀਂ ਕਿਹਾ ਜਾ ਸਕਦਾ। ਅੱਜ ਕੱਲ ਬਲਾਤਕਾਰ ਅਤੇ ਗੈਂਗ ਰੇਪ ਦੀਆਂ ਬਹੁਤ ਸਾਰੀਆਂ ਘਟਨਾਵਾਂ ਇਸ ਲਈ ਹੋ ਰਹੀਆਂ ਹਨ ਕਿਉਂਕਿ ਕਿਸੇ ਦੇ ਮਨ ਦਾ ਕੁਝ ਵੀ ਪਤਾ ਨਹੀਂ। ਲੋਕ ਇੱਕ ਦੂਜੇ ਨਾਲ ਯਾਰੀ ਦੋਸਤੀ ਪਾਉਂਦੇ ਹਨ ਪਰ ਕਿਸੇ ਦੇ ਮਨ ਦਾ ਕਿਉਂਕਿ ਠੀਕ ਠੀਕ ਪਤਾ ਨਹੀਂ ਹੁੰਦਾ ਇਸ ਲਈ ਇਕ ਦੂਜੇ ਨੂੰ ਧੋਖਾ ਦੇ ਕੇ ਪਾਰ ਬੋਲਦੇ ਹਨ। ਮਾਂ ਆਪਣੇ ਪੁੱਤਰ ਨੂੰ ਪੈਦਾ ਕਰਕੇ ਉਸਦੀ ਦੇਖਭਾਲ ਲਈ ਬਹੁਤ ਕੁਰਬਾਨੀਆਂ ਕਰਦੀ ਹੈ, ਉਸ ਨੂੰ ਪੜਾਉਣਦੀ ਲਿਖਾਉਂਦੀ ਹੈ, ਉਸ ਦਾ ਵਿਆਹ ਕਰਦੀ ਹੈ ਲੇਕਿਨ ਉਹੀ ਪੁੱਤਰ ਜੋਰੂ ਦਾ ਗੁਲਾਮ ਬਣ ਕੇ ਆਪਣੀ ਮਾਂ ਨੂੰ ਬਿਰਧ ਆਸ਼ਰਮ ਵਿੱਚ ਛੱਡ ਆਉਂਦਾ ਹੈ। ਅੱਜ ਕੱਲ ਕਿਸੇ ਦੇ ਮਨ ਦਾ ਕੁਝ ਪਤਾ ਨਹੀਂ। ਜੇਕਰ ਮਾਂ ਨੂੰ ਆਪਣੇ ਪੁੱਤਰ ਦੀ ਇਸ ਕਰਤੂਤ ਦਾ ਪਤਾ ਹੁੰਦਾ ਤਾਂ ਉਹ ਉਸ ਨੂੰ ਪੈਦਾ ਹੁੰਦੇ ਹੀ ਮਾਰ ਦਿੰਦੀ ਜਾਂ ਕਿਸੇ ਬਾਲ ਆਸ਼ਰਮ ਵਿੱਚ ਛੱਡ ਆਉਦੀ। ਜਨਮ ਦੇਣ ਵਾਲੀ ਮਾਂ ਆਪਣੇ ਬੱਚਿਆਂ ਦੇ ਮਨ ਦੀ ਗੱਲ ਨਹੀਂ ਸਮਝਦੀ। ਅੱਜ ਕੱਲ ਦੇ ਕੁਝ ਧਾਰਮਿਕ ਬੰਦਿਆਂ ਦੇ ਮਨ ਨੂੰ ਸਮਝ ਨਾ ਬਹੁਤ ਮੁਸ਼ਕਿਲ ਹੈ। ਬੇਸ਼ਕ ਉਹਨਾਂ ਨੇ ਧਾਰਮਿਕ ਬਾਬਿਆਂ ਵਾਲੇ ਬਾਣੇ ਪਾ ਰੱਖੇ ਹੁੰਦੇ ਹਨ ਪਰ ਉਹਨਾਂ ਦੇ ਮਨ ਵਿੱਚ ਖੋਟ ਹੁੰਦਾ ਹੈ। ਮੋਹ ਮਾਇਆ ਤੋਂ ਉਹ ਪੀਛਾ ਨਹੀਂ ਛੁੜਵਾ ਸਕਦੇ। ਪ੍ਰਵਚਨ ਕਰਨ ਦੇ ਲੱਖਾਂ ਰੁਪਏ ਵਸੂਲ ਕਰਨ ਦੇ ਬਾਅਦ ਉਹ ਆਪਣੇ ਚੇਲਿਆਂ ਨੂੰ ਮੋਹ ਮਾਇਆ ਤੋਂ ਦੂਰ ਰਹਿਣ ਲਈ ਕਹਿੰਦੇ ਹਨ। ਏਅਰ ਕੰਡੀਸ਼ਨ ਕੁਟੀਆ ਵਿੱਚ ਰਹਿੰਦੇ ਹਨ, ਠਾਠ ਦੀ ਜ਼ਿੰਦਗੀ ਬਤੀਤ ਕਰਦੇ ਹਨ ਅਤੇ ਆਪਣੇ ਚੇਲਿਆਂ ਨੂੰ ਸਧਾਰਨ ਜੀਵਨ ਬਤੀਤ ਕਰਨ ਦਾ ਉਪਦੇਸ਼ ਦਿੰਦੇ ਹਨ! ਅਜਿਹੇ ਬਾਬਿਆਂ ਦੀ ਮਨ ਦੀ ਗੱਲ ਦਾ ਕਿਸੇ ਨੂੰ ਕੀ ਪਤਾ। ਅੱਜ ਕੱਲ ਹਰ ਬੰਦੇ ਨੇ ਮਖੋਟੇ ਤੇ ਮੁਖੋਟਾ ਲਗਾ ਰੱਖਿਆ ਹੈ। ਕਿਸੇ ਦੇ ਮਨ ਦੀ ਗੱਲ ਦਾ ਕੋਈ ਪਤਾ ਨਹੀਂ। ਇਸ ਲਈ ਕਿਸੇ ਦੇ ਨਾਲ ਸੰਬੰਧ ਬਣਾਉਣ ਤੋਂ ਪਹਿਲਾਂ ਉਸ ਦੇ ਮਨ ਦੀ ਚੰਗੀ ਤਰ੍ਹਾਂ ਪੜਤਾਲ ਕਰ ਲਓ ਨਹੀਂ ਤਾਂ ਧੋਖਾ ਖਾ ਜਾਓਗੇ।
ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 9416 35 90 45
ਰੋਹਤਕ 12 40 01 ਹਰਿਆਣਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly