ਨਵਾਂਸ਼ਹਿਰ /ਕਾਠਗੜ੍ਹ, (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ) : ਜਮੀਨੀ ਕਬਜ਼ੇ ਦੀ ਨੀਅਤ ਅਤੇ ਪੁਰਾਣੀ ਰੰਜਿਸ਼ ਨੂੰ ਲੈ ਕੇ ਹਥਿਆਰਬੰਦ ਵਿਅਕਤੀਆਂ ਵੱਲੋਂ ਖੇਤਾਂ ਵਿੱਚ ਕੰਮ ਕਰ ਰਹੇ ਇੱਕੋ ਪਰਿਵਾਰ ‘ਤੇ ਜਾਨਲੇਵਾ ਹਮਲਾ ਕਰਨ, ਭੰਨਤੋੜ ਕਰਨ ਅਤੇ ਧਮਕੀਆਂ ਦੇਣ ਦਾ ਬੇਹੱਦ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਐਸ ਐਚ ਓ ਅਭਿਸ਼ੇਕ ਸ਼ਰਮਾ ਕਾਠਗੜ੍ਹ ਅਤੇ ਏ ਐਸ ਆਈ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਮੁਦਈ ਅਰਸ਼ਦੀਪ ਸਿੰਘ ਪੁੱਤਰ ਗੁਰਬਚਨ ਸਿੰਘ, ਵਾਸੀ ਪਿੰਡ ਮਸਤਗੜ੍ਹ ਥਾਣਾ ਮੁੱਲਾਂਪੁਰ ਗਰੀਬਦਾਸ ਦੇ ਬਿਆਨਾਂ ‘ਤੇ ਕਾਰਵਾਈ ਕਰਦਿਆਂ ਚਾਰ ਨਾਮਜ਼ਦ ਮੁਲਜ਼ਮਾਂ ਅਤੇ 10/12 ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਭਾਰਤੀ ਨਿਆ ਸੰਹਿਤਾ ਦੀਆਂ ਸੰਗੀਨ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਗੁਰਿੰਦਰ ਸਿੰਘ ਨੂੰ ਮੌਕੇ ‘ਤੇ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਪੁਲਿਸ ਨੂੰ ਦਿੱਤੇ ਲਿਖਤੀ ਬਿਆਨ ਵਿੱਚ ਸ਼ਿਕਾਇਤਕਰਤਾ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਉਸਦੇ ਨਾਮ ‘ਤੇ ਪਿੰਡ ਐਮਾ ਚਾਹਲ ਥਾਣਾ ਕਾਠਗੜ੍ਹ ਵਿਖੇ 36 ਕਨਾਲ (ਕੁੱਲ 4 ਕਿੱਲੇ) ਜਮੀਨ ਹੈ। ਉਹ ਅੱਜ ਸਮੇਤ ਆਪਣੇ ਪਿਤਾ ਗੁਰਬਚਨ ਸਿੰਘ, ਮਾਤਾ ਜਸਵਿੰਦਰ ਕੌਰ ਅਤੇ ਆਪਣੀ ਮਾਸੀ ਦੇ ਲੜਕੇ ਇਸ਼ਪਿੰਦਰ ਸਿੰਘ ਪੁੱਤਰ ਭੁਪਿੰਦਰ ਸਿੰਘ (ਵਾਸੀ ਲੁਧਿਆਣਾ) ਦੇ ਨਾਲ ਆਪਣੇ ਇਨ੍ਹਾਂ ਖੇਤਾਂ ਵਿੱਚ ਝੋਨਾ ਲਾਉਣ ਦੀ ਤਿਆਰੀ ਕਰ ਰਿਹਾ ਸੀ। ਇਸੇ ਦੌਰਾਨ ਗੁਰਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ, ਸੁਖਵਿੰਦਰ ਕੌਰ ਪਤਨੀ ਗੁਰਮੀਤ ਸਿੰਘ (ਪੁੱਤਰੀ ਨਾਇਬ ਸਿੰਘ, ਵਾਸੀ ਪਿੰਡ ਦੁਰਾਲੀ ਜ਼ਿਲ੍ਹਾ ਮੋਹਾਲੀ, ਹਾਲ ਵਾਸੀ ਪਿੰਡ ਮਸਤਗੜ੍ਹ ਥਾਣਾ ਮੁੱਲਾਂਪੁਰ ਗਰੀਬਦਾਸ, ਕਰਮਜੀਤ ਕੌਰ ਪਤਨੀ ਸੁਰਜੀਤ ਸਿੰਘ ਅਤੇ ਸੁਰਜੀਤ ਸਿੰਘ (ਵਾਸੀਆਨ ਬਡਾਲੀ, ਜ਼ਿਲ੍ਹਾ ਰੂਪਨਗਰ) ਤਿੰਨ ਗੱਡੀਆਂ ਵਿੱਚ ਸਵਾਰ ਹੋ ਕੇ ਉੱਥੇ ਪਹੁੰਚੇ। ਇਨ੍ਹਾਂ ਗੱਡੀਆਂ ਵਿੱਚ ਚਿੱਟੇ ਰੰਗ ਦੀ ਇੱਕ ਸਕਾਰਪੀਓ ਜਿਸਦਾ ਨੰਬਰ ਪੀਬੀ.65ਬੀਜੀ-0372 ਹੈ, ਕਾਲੇ ਰੰਗ ਦੀ ਇੱਕ ਥਾਰ ਗੱਡੀ ਜਿਸਦਾ ਨੰਬਰ ਪੀਬੀ.65BEਬੀਈ-6060 ਹੈ ਅਤੇ ਚਿੱਟੇ ਰੰਗ ਦੀ ਦੂਜੀ ਸਕਾਰਪੀਓ ਜਿਸਦਾ ਨੰਬਰ PBਪੀਬੀ65ਏਆਰ-5691 ਹੈ, ਸ਼ਾਮਲ ਸਨ। ਇਨ੍ਹਾਂ ਗੱਡੀਆਂ ਵਿੱਚ ਉਕਤ ਨਾਮਜ਼ਦ ਵਿਅਕਤੀਆਂ ਤੋਂ ਇਲਾਵਾ 10/12 ਹੋਰ ਅਣਪਛਾਤੇ ਵਿਅਕਤੀ ਸਵਾਰ ਸਨ, ਜਿਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸਨ ਅਤੇ ਉਨ੍ਹਾਂ ਦੇ ਹੱਥਾਂ ਵਿੱਚ ਡਾਂਗਾਂ, ਸੋਟੇ ਅਤੇ ਕਿਰਪਾਨਾਂ ਵਰਗੇ ਹਥਿਆਰ ਫੜੇ ਹੋਏ ਸਨ। ਖੇਤਾਂ ਵਿੱਚ ਆਉਂਦਿਆਂ ਹੀ ਉਕਤ ਮੁਲਜ਼ਮਾਂ ਨੇ ਜਮੀਨ ‘ਤੇ ਨਾਜਾਇਜ਼ ਕਬਜ਼ਾ ਕਰਨ ਦੀ ਨੀਅਤ ਨਾਲ ਉੱਥੇ ਲੱਗੀ ਹੋਈ ਕੰਢਿਆਲੀ ਤਾਰ ਦੇ ਪਿੱਲਰ ਪੁੱਟਣੇ ਸ਼ੁਰੂ ਕਰ ਦਿੱਤੇ ਅਤੇ ਪਿੱਲਰ ਤੋੜ ਕੇ ਸ਼ਿਕਾਇਤਕਰਤਾ ਦਾ ਕਾਫ਼ੀ ਮਾਲੀ ਨੁਕਸਾਨ ਕੀਤਾ। ਜਦੋਂ ਪੀੜਤ ਪਰਿਵਾਰ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਮੁਲਜ਼ਮਾਂ ਨੇ ਭਿਅੰਕਰ ਗਾਲੀ-ਗਲੋਚ ਕਰਨਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਮੁਲਜ਼ਮ ਸ਼ਰੇਆਮ ਕਹਿ ਰਹੇ ਸਨ ਕਿ ਤੁਹਾਨੂੰ ਥਾਣੇ ਵਿੱਚ ਪਹਿਲਾਂ ਦਿੱਤੀ ਦਰਖਾਸਤ ਦੇਣ ਦਾ ਮਜ਼ਾ ਚਖਾਉਂਦੇ ਹਾਂ। ਇਸ ਦੌਰਾਨ ਮੁੱਖ ਮੁਲਜ਼ਮ ਗੁਰਿੰਦਰ ਸਿੰਘ ਨੇ ਲਲਕਾਰਾ ਮਾਰਦਿਆਂ ਸਿੱਧੇ ਤੌਰ ‘ਤੇ ਕਿਹਾ ਕਿ “ਤੈਨੂੰ ਮਾਰ ਕੇ ਤੇਰੀ ਜਮੀਨ ‘ਤੇ ਕਬਜ਼ਾ ਕਰਾਂਗੇ।” ਹਮਲਾਵਰਾਂ ਦੇ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਦੇਖ ਕੇ ਸ਼ਿਕਾਇਤਕਰਤਾ ਅਰਸ਼ਦੀਪ ਸਿੰਘ ਅਤੇ ਉਸਦੇ ਬਾਕੀ ਪਰਿਵਾਰਕ ਮੈਂਬਰਾਂ ਨੇ ਖੇਤਾਂ ਵਿੱਚੋਂ ਭੱਜ ਕੇ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ। ਇਸ ਸਾਰੀ ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਏ.ਐਸ.ਆਈ. ਸੁਰਿੰਦਰ ਪਾਲ ਨੇ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਕਾਰਵਾਈ ਅਮਲ ਵਿੱਚ ਲਿਆਂਦੀ। ਪੁਲਿਸ ਵੱਲੋਂ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ‘ਤੇ ਗੁਰਿੰਦਰ ਸਿੰਘ, ਸੁਖਵਿੰਦਰ ਕੌਰ, ਕਰਮਜੀਤ ਕੌਰ, ਸੁਰਜੀਤ ਸਿੰਘ ਅਤੇ 10/12 ਅਣਪਛਾਤੇ ਹਮਲਾਵਰਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਮੁਲਜ਼ਮ ਗੁਰਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਬਾਕੀ ਨਾਮਜ਼ਦ ਹਮਲਾਵਰਾਂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



