(ਸਮਾਜ ਵੀਕਲੀ)– ਦੇਸ਼ ਵਿਚ ਰੈਡੀਕਲ ਤਬਦੀਲੀ ਦੇ ਨਾਂ ਉੱਤੇ ਉਸਾਰੀ ਆਮ ਆਦਮੀ ਦੀ ‘ਹਿਤੈਸ਼ੀ’ ਪਾਰਟੀ ਵਿਚ ਸੱਤਾ ਲਈ ਸੰਘਰਸ਼ ਰੁਕਣ ਦਾ ਨਾਂ ਨ੍ਹੀ ਲੈ ਰਿਹਾ ਜਾਪਦਾ। ਸ਼ੁਕਰਵਾਰ ਨੂੰ ਪ੍ਰੈੱਸ ਕਲੱਬ ਜਲੰਧਰ ਵਿਚ ਜਦੋਂ ਦਿੱਲੀ ਦਾ ਲੋਕਲ ਵਿਧਾਇਕ ਬੋਲਣ ਆਇਆ ਤਾਂ ਪਾਰਟੀ ਵਲੰਟੀਅਰਜ਼ (ਵੀ) ਇੱਕਤਰ ਹੋ ਗਏ। ਦਿੱਲੀਓਂ ਆਇਆ ਲੈਰਾ ਜਿਹਾ ਕਾਕਾ ਜਿਹੜਾ ਓਧਰ ਐੱਮ ਐੱਲ ਏ ਐ, ਓਹ ਕਾਰ ਅੰਦਰੋਂ, ਬਾਹਰ ਈ ਨਾ ਆਇਆ। ਵਲੰਟੀਅਰਜ਼ ਖਿੰਡਣੇ ਸ਼ੁਰੂ ਹੋਏ ਤਾਂ ਓਹ ਪ੍ਰੈੱਸ ਕਲੱਬ ਵਿਚ ਲਾਮ ਲਸ਼ਕਰ ਲੈ ਕੇ ਪੁੱਜਾ।ਓਥੇ ਬਾਕੀ ਰਵਾਇਤੀ ਪਾਰਟੀਆਂ ਵਿਚ ਖੁੱਡੇ ਲਾਈਨ ਲੱਗੇ ਸਿਆਸੀ ਬੰਦੇ ਪਾਰਟੀ ਵਿਚ ਸ਼ਾਮਲ ਕਰ ਲਏ। ਅਵਾਰਾ ਕਿਸਮ ਦੇ ਅਨਸਰ ਨੂੰ ਪਾਰਟੀ ਵਿਚ ਸ਼ਾਮਲ ਕਰਦੇ ਸਾਰ, ਅਸੰਬਲੀ ਹਲਕੇ ਤੋਂ ਉਮੀਦਵਾਰ (ਵੀ) ਐਲਾਨ ਦਿੱਤਾ।
ਇਹ ਗੱਲ ਵਲੰਟੀਅਰਜ਼ ਨੂੰ ਪਤਾ ਲੱਗੀ ਤਾਂ ਟਿਕਟ ਹਾਸਲ ਕਰਨ ਦੀ ਰਣਨੀਤੀ ਤਹਿਤ ਪਾਰਟੀ ਵਿਚ ਰਲੇ ਦੁੱਧ ਪੀਣੇ ਮਜਨੂੰ ਪਿੱਟ ਉੱਠੇ। ਦੂਜੇ ਪਾਸੇ, ਇਨ੍ਹਾਂ ਸਿਆਸੀ ਕਾਹਲਿਆਂ ਦੇ ਸਮਰਥਕ ਪ੍ਰੈੱਸ ਕਲੱਬ ਦੇ ਬਾਹਰ ਆਪੋਂ ਵਿੱਚੀਂ ਖਹਿਬੜ ਪਏ। ਏਸੇ ਦੌਰਾਨ ਸਿਰਹੀਣ ਵਰਕਰਾਂ ਨੇ ਇਕ ਦੂਜੇ ਦੇ ਥੱਪੜ ਕੱਢ ਮਾਰੇ।
ਇਹ ਸਾਰਾ ਤਮਾਸ਼ਾ ਵੇਖ ਰਹੇ ਖੋਜੀ ਪੱਤਰਕਾਰ ਤੇ ਲਿਖਾਰੀ ਗੱਲਾਂ ਕਰਨ ਲੱਗੇ। ਇਕ ਨੇ ਕਿਹਾ, “ਯਾਰ ਇਹ ਤਾਂ ਇਨਕਲਾਬੀ ਸਿਆਸਤ ਕਰਨ ਆਏ ਸੀ, ਸਭ ਤੋਂ ਗੰਦੀ ਖੇਡ, ਤਾਂ ਇਹ ਖੇਡ ਰਹੇ ਨੇ। ਹਰ ਪਾਰਟੀ ਦੇ ਗੰਦ ਮੰਦ ਤੇ ਜੂਠ ਨੂੰ ਆਪਣੀ ਪਾਰਟੀ ਵਿਚ ਵਾੜ ਲੈਂਦੇ ਨੇ। ਟਿਕਟਾਂ ਵੰਡਣ ਵੇਲੇ ਸਭ ਤੋਂ ਵੱਧ ਕੁੱਕੜਖੇਹ ਇਨ੍ਹਾਂ ਦੀ ਪਾਰਟੀ ਵਿਚ ਉੱਡ ਰਹੀ ਐ। ਰਾਜਨੀਤਕ ਵਿਚਾਰਧਾਰਾ ਦੀ ਗੱਲ ਕਰੀਏ ਤਾਂ ਦੁੱਕੀ ਤਿੱਕੀ ਸਮਰਥਕ ਈ ਨਹੀਂ ਬਲਕਿ ਇਨ੍ਹਾਂ ਦੇ ਕੌਮੀ ਪੱਧਰ ਦੇ ਆਗੂ ਵੀ “ਅਣਜਾਣ” ਈ ਲੱਗਦੇ ਨੇ। ਇਹ ਕਿਹੜਾ ਇਨਕਲਾਬ ਕਰਣਗੇ?”
ਇਹ ਗੱਲ ਸੁਣਦੇ ਸਾਰ ਦੂਜਾ ਪੱਤਰਕਾਰ ਸਾਥੀ ਆਖਣ ਲੱਗਿਆ, “ਯਾਰ, ਚੀਜ਼ਾਂ ਨੂੰ ਡੀ-ਕੋਡ ਕਰਿਆ ਕਰੋ। ਇਨ੍ਹਾਂ ਨੇ ਕਿਹੜਾ ਇਨਕਲਾਬ ਕਰਨਾ ਸੀ!!! ਇਨ੍ਹਾਂ ਨੇ ਚਾਤਰ ਬਣ ਕੇ ਪਹਿਲਾਂ ਦਿੱਲੀ ਵਿਚ ਰਾਜਭਾਗ ਹਥਿਆਅ ਲਿਆ ਸੀ, ਹੁਣ ਇਨ੍ਹਾਂ ਪੰਜਾਬ ਉੱਤੇ ਅੱਖ ਰੱਖੀ ਹੋਈ ਐ। ਦੇਖੋ, ਇਨ੍ਹਾਂ ਦੇ ਆਪਣੇ ਘਰਾਂ ਵਿਚ ‘ਇਨਕਲਾਬ’ ਆ ਚੁੱਕਿਆ ਐ। ਜਨਤਾ ਆਪਣੀ ਖ਼ੈਰ ਮਨਾਵੇ। ਬਾਕੀ ਸਭ ਪ੍ਰਾਪੇਗੰਡਾ ਐ, ਡੀ-ਕੋਡ ਕਰ ਕੇ ਵੇਖ ਲੇਓ…”।
*ਯਾਦਵਿੰਦਰ*
ਰਾਬਤਾ : ਸਰੂਪ ਨਗਰ, ਰਾਓਵਾਲੀ, ਜਲੰਧਰ ਦਿਹਾਤ।
+916284336773
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly