ਹਿਆਉਂ ਨ ਕੈਹੀ ਠਾਹਿ……

ਮਨਜੀਤ ਕੌਰ ਧੀਮਾਨ

(ਸਮਾਜ ਵੀਕਲੀ)

ਮਹਾਨ ਸੂਫ਼ੀ ਸੰਤ ਕਵੀ ਸ਼ੇਖ ਫ਼ਰੀਦ ਜੀ ਉਪਰੋਕਤ ਕਥਨ ਰਾਹੀਂ ਇਹ ਸੁਨੇਹਾ ਦਿੰਦੇ ਹਨ ਕਿ ਸਾਨੂੰ ਕਦੇ ਵੀ ਕਿਸੇ ਦਾ ਦਿਲ ਨਹੀਂ ਦੁਖਾਉਣਾ ਚਾਹੀਦਾ। ਫ਼ਰੀਦ ਜੀ ਅਨੁਸਾਰ ਸੱਭਨਾਂ ਦੇ ਦਿਲਾਂ ਵਿੱਚ ਉਹ ਸੱਚਾ ਪਰਮਾਤਮਾ ਵਾਸ ਕਰਦਾ ਹੈ ਤੇ ਜੇਕਰ ਅਸੀਂ ਕਿਸੇ ਦਾ ਵੀ ਦਿਲ ਦੁਖਾਉਂਦੇ ਹਾਂ ਤਾਂ ਅਸੀਂ ਉਸ ਪਰਮਾਤਮਾ ਦਾ ਦਿਲ ਦੁਖਾਉਂਦੇ ਹਾਂ।

ਜੇਕਰ ਅਸੀਂ ਇਹਨਾਂ ਮਹਾਨ ਸੰਤਾਂ ਦੀਆਂ ਗੱਲਾਂ ਤੇ ਅਮਲ ਕਰੀਏ ਤਾਂ ਸਾਡੀ ਜ਼ਿਦੰਗੀ ਵਿੱਚ ਕੋਈ ਕਮੀ ਨਹੀਂ ਰਹਿ ਜਾਏਗੀ। ਪਰ ਨਹੀਂ, ਅਸੀਂ ਤਾਂ ਸਿਰਫ਼ ਇਹਨਾਂ ਨੂੰ ਮੱਥੇ ਟੇਕਣੇ ਹਨ। ਇਹਨਾਂ ਦੀਆਂ ਫੋਟੋਆਂ ਤੇ ਹਾਰ ਪਾ ਕੇ ਬੱਸ ਇਹਨਾਂ ਨੂੰ ਪੂਜੀ ਜਾਣਾ ਹੈ। ਇਹਨਾਂ ਦੇ ਪਾਏ ਪੂਰਨਿਆਂ ਤੇ ਚੱਲਣਾ ਅਸੀਂ ਜ਼ਰੂਰੀ ਨਹੀਂ ਸਮਝਦੇ। ਸਾਡਾ ਫ਼ਰਜ਼ ਤਾਂ ਮੱਥੇ ਟੇਕਣ ਨਾਲ਼ ਹੀ ਪੂਰਾ ਹੋ ਜਾਂਦਾ ਹੈ।

ਹੁਣ ਗੱਲ ਕਰਦੇ ਹਾਂ ਬਾਬਾ ਫ਼ਰੀਦ ਜੀ ਦੇ ਕਹੇ ਸ਼ਬਦ ਦੀ ਕਿ ਸਾਨੂੰ ਕਦੇ ਵੀ ਕਿਸੇ ਦਾ ਦਿਲ ਨਹੀਂ ਦੁਖਾਉਣਾ ਚਾਹੀਦਾ। ਅਕਸਰ ਅਸੀਂ ਜਾਣੇ ਅਣਜਾਣੇ ਵਿੱਚ ਬਹੁਤ ਲੋਕਾਂ ਦਾ ਦਿਲ ਦੁੱਖਾ ਦਿੰਦੇ ਹਾਂ। ਅਨਜਾਣੇ ਵਿੱਚ ਤਾਂ ਮੰਨਿਆ ਪਰ ਜੇਕਰ ਜਾਣ ਬੁੱਝ ਕੇ ਅਸੀਂ ਕਿਸੇ ਦਾ ਦਿਲ ਦੁਖਾਉਂਦੇ ਹਾਂ ਤਾਂ ਇਹ ਬਹੁਤ ਬੁਰੀ ਗੱਲ ਹੈ। ਅਸੀਂ ਜਿੰਨੇ ਮਰਜ਼ੀ ਧਰਮ-ਕਰਮ ਕਰ ਲਈਏ ਪਰ ਜੇ ਕਿਸੇ ਦਾ ਦਿਲ ਦੁੱਖਾ ਦਿੱਤਾ ਤਾਂ ਸੱਭ ਵਿਅਰਥ ਹੈ।

ਪਤੀ-ਪਤਨੀ ਵਿੱਚ ਵੀ ਅਕਸਰ ਕਿਹਾ-ਸੁਣੀ ਹੁੰਦੀ ਰਹਿੰਦੀ ਹੈ। ਪਰ ਦੋਵਾਂ ਵਿੱਚ ਇੱਕ ਪਿਆਰ ਵਾਲ਼ੀ ਸਾਂਝ ਬਣੀ ਹੁੰਦੀ ਹੈ ਜਿਸ ਕਰਕੇ ਉਹ ਇੱਕ- ਦੂਜੇ ਨਾਲ ਜੁੜੇ ਰਹਿੰਦੇ ਹਨ। ਪਰ ਕਈ ਵਾਰ ਪਤੀ-ਪਤਨੀ ਇੱਕ-ਦੂਜੇ ਨੂੰ ਇਹੋ ਜਿਹੇ ਮਿਹਣੇ- ਤਾਹਨੇ ਮਾਰਦੇ ਹਨ ਕਿ ਦਿਲੋਂ ਉੱਤਰ ਜਾਂਦੇ ਹਨ। ਫ਼ੇਰ ਚਾਹੇ ‘ਕੱਠੇ ਰਹਿਣ ਦੀ ਮਜ਼ਬੂਰੀ ਹੋਵੇ ਪਰ ਅੰਦਰੋਂ ਪਿਆਰ ਖਤਮ ਹੋ ਜਾਂਦਾ ਹੈ। ਇਸ ਤੋਂ ਚੰਗਾ ਕਿ ਗ਼ੁੱਸੇ ਦੇ ਵਕਤ ਥੋੜਾ ਰੁੱਕ ਜਾਓ। ਛੋਟੀਆਂ-ਛੋਟੀਆਂ ਗੱਲਾਂ ਪਿੱਛੇ ਆਪਣੇ ਰਿਸ਼ਤੇ ਨਾ ਵਿਗਾੜੋ।

ਇਸੇ ਤਰ੍ਹਾਂ ਕਦੇ- ਕਦੇ ਭੈਣ-ਭਰਾਵਾਂ ਵਿੱਚ ਵੀ ਅਣਬਣ ਹੋ ਜਾਂਦੀ ਹੈ। ਛੋਟੀਆਂ- ਛੋਟੀਆਂ ਗੱਲਾਂ ਤੋਂ ਵੱਡਾ ਬਤੰਗੜ ਬਣ ਜਾਂਦਾ ਹੈ। ਫ਼ੇਰ ਸ਼ੁਰੂ ਹੁੰਦਾ ਹੈ ਇੱਕ-ਦੂਜੇ ਦੇ ਦਿਲਾਂ ਨੂੰ ਦੁਖਾਉਣ ਦਾ ਸਿਲਸਿਲਾ।ਹਰ ਕੋਈ ਇਹੋ ਜਿਹੀਆ ਚੁੱਭਵੀਆਂ ਗੱਲਾਂ ਕਰਦਾ ਹੈ ਕਿ ਅਗਲੇ ਦੇ ਅੰਦਰ ਬੱਸ ਭਾਂਬੜ ਮਚ ਜਾਣ। ਫਿਰ ਉਹ ਆਪਣੀ ਤੱਸਲੀ ਲਈ ਚੰਗੀ ਤਰ੍ਹਾਂ ਬਦਲਾ ਲੈਂਦਾ ਹੈ। ਬੱਸ ਇੰਝ ਹੀ ਚੱਲਦਾ ਰਹਿੰਦਾ ਹੈ ਤੇ ਅਸੀਂ ਭੁੱਲੇ ਰਹਿੰਦੇ ਹਾਂ।

ਹੁਣ ਇਸੇ ਤਰ੍ਹਾਂ ਹੁੰਦਾ ਹੈ ਦਫ਼ਤਰਾਂ ਜਾਂ ਕੰਮ ਕਾਜ਼ ਵਾਲੀਆਂ ਥਾਵਾਂ ਤੇ। ਜੇ ਕੋਈ ਮਜ਼ਦੂਰ ਜਾਂ ਵਰਕਰ ਰਤਾਂ ਕੁ ਦੇਰ ਨਾਲ ਪਹੁੰਚੇ ਤਾਂ ਬੌਸ ਨੂੰ ਗੱਲਾਂ ਸੁਣਾਉਣ ਦਾ ਮੌਕਾ ਮਿਲ ਜਾਂਦਾ ਹੈ। ਫਿਰ ਵਰਕਰ ਵੀ ਮੌਕੇ ਦੀ ਤਾੜ ਵਿੱਚ ਰਹਿੰਦਾ ਹੈ ਕਿ ਕਦੋਂ ਉਹ ਬਦਲਾ ਲਵੇ।
ਸਿਆਣੇ ਲੋਕ ਕਹਿੰਦੇ ਹਨ ਕਿ ਕਿਸੇ ਨੂੰ ਮਾਫ਼ ਕਰ ਦਿਓ ਜਾਂ ਕਿਸੇ ਤੋਂ ਮਾਫ਼ੀ ਮੰਗ ਲਓ। ਪਰ ਅੱਜਕਲ੍ਹ ਇਸ ਗੱਲ ਤੇ ਹੁਣ ਬਹੁਤ ਘੱਟ ਲੋਕ ਹੀ ਅਮਲ ਕਰਦੇ ਹਨ। ਬਾਕੀ ਤਾਂ ਮਰਨ ਮਰਾਉਣ ਵਿੱਚ ਹੀ ਵਿਸ਼ਵਾਸ ਰੱਖਦੇ ਹਨ।

ਆਓ ਜ਼ਰਾ ਸੋਚ ਕੇ ਦੇਖੀਏ ਕਿ ਨਫ਼ਰਤ ਦੀ ਇਸ ਦੁਨੀਆਂ ਵਿੱਚ ਅਸੀਂ ਕਿੱਧਰ ਨੂੰ ਜਾ ਰਹੇ ਹਾਂ। ਕਿੱਥੇ ਗਈ ਉਹ ਪਿਆਰ ਮੁਹੱਬਤ ਜਿਹੜੀ ਜਾਨ ਦੇਣ ਤੱਕ ਜਾਂਦੀ ਸੀ। ਕਿੱਥੋਂ ਆ ਗਈ ਇਹ ਨਫ਼ਰਤ,ਬੇਯਕੀਨੀ ਤੇ ਤੰਗਦਿਲੀ?

ਆਧੁਨਿਕਤਾ ਆਪਣੀ ਥਾਂ ਜ਼ਰੂਰੀ ਹੈ ਪਰ ਪੁਰਾਣਾ ਪਿਆਰ ਤੇ ਸਾਂਝ ਵਾਲ਼ਾ ਸੱਭਿਆਚਾਰ ਬਹੁਤ ਸੋਹਣਾ ਹੈ। ਚਲੋ ਮੁੜ ਚਲੀਏ! ਉਸ ਰਿਸ਼ਤਿਆਂ ਦੀ ਮਿਠਾਸ ਵੱਲ ਤੇ ਸਾਂਭ ਲਈਏ ਆਪਣੇ ਗੁਰੂਆਂ ਤੇ ਪੀਰਾਂ ਦੀਆਂ ਕਹੀਆਂ ਮਹਾਨ ਗੱਲਾਂ ਨੂੰ। ਫ਼ੇਰ ਅਸਲ ਵਿੱਚ ਅਸੀਂ ਉਹਨਾਂ ਦੇ ਅਨੁਯਾਈ ਕਹਾਂਵਾਗੇ। ਛੱਡੋ ਜਿੱਦਾਂ ਵਾਲੀਆਂ ਅੜੀਆਂ ਤੇ ਖੋਲੋ ਮੁੱਹਬਤ ਦੀਆਂ ਕੜੀਆਂ। ਤੇ ਫੇਰ ਇੰਝ ਹੋਵੇ…

ਦੁਨੀਆਂ ਦੇ ਵਿੱਚ ਰੱਖ ਫਰੀਦਾ
ਕੁਝ ਐਸਾ ਬਹਿਣ ਖਲੋਣ,
ਕੋਲ ਹੋਈਏ ਤਾਂ ਹੱਸਣ ਲੋਕੀ
ਤੁਰ ਜਾਈਏ ਤਾਂ ਰੋਣ ।

ਮਨਜੀਤ ਕੌਰ ਧੀਮਾਨ

ਸ਼ੇਰਪੁਰ, ਲੁਧਿਆਣਾ। ਸੰ:9464633059

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁੰਮਨਾਮ ਸ਼ਹੀਦ: ਲਾਂਸ ਨਾਇਕ ਸ. ਸੋਹਣ ਸਿੰਘ ਢਿਲਵਾਂ
Next articleAmid multi-layered security for Modi’s visit, Jammu’s Palli village waits eagerly to welcome him