ਲੋਕ ਸਭਾ: ਤੇਲ ਕੀਮਤਾਂ ’ਚ ਵਾਧੇ ਖ਼ਿਲਾਫ਼ ਵਿਰੋਧੀ ਧਿਰ ਦਾ ਵਾਕਆਊਟ

 

  • ਕਾਂਗਰਸ ਤੋਂ ਇਲਾਵਾ ਡੀਐਮਕੇ, ਐਨਸੀਪੀ, ਖੱਬੀਆਂ ਧਿਰਾਂ ਨੇ ਵੀ ਕੀਤਾ ਵਿਰੋਧ

ਨਵੀਂ ਦਿੱਲੀ (ਸਮਾਜ ਵੀਕਲੀ):  ਵੱਖ-ਵੱਖ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਅੱਜ ਤੇਲ ਕੀਮਤਾਂ ਵਿਚ ਵਾਧੇ ਉਤੇ ਲੋਕ ਸਭਾ ’ਚੋਂ ਵਾਕਆਊਟ ਕੀਤਾ। ਕਾਂਗਰਸ ਦੇ ਸੰਸਦ ਮੈਂਬਰਾਂ ਨੇ ਪੈਟਰੋਲ, ਡੀਜ਼ਲ ਤੇ ਗੈਸ ਦੀਆਂ ਕੀਮਤਾਂ ਵਿਚ ਚੋਣਾਂ ਖ਼ਤਮ ਹੋਣ ’ਤੇ 137 ਦਿਨਾਂ ਮਗਰੋਂ ਕੀਤੇ ਵਾਧੇ ’ਤੇ ਸਵਾਲ ਉਠਾਏ। ਗੌਰਵ ਗੋਗੋਈ ਨੇ ਤੇਲ ਕੀਮਤਾਂ ’ਚ ਕੀਤੇ ਗਏ ਵਾਧੇ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਮਹਿੰਗਾਈ ਤੇ ਮਹਾਮਾਰੀ ਮਗਰੋਂ ਹੋਈ ਰਿਕਵਰੀ ਤੋਂ ਬਾਅਦ ਲੋਕਾਂ ਨੂੰ ਹੁਣ ਸੌਖਾ ਸਾਹ ਆਉਣਾ ਚਾਹੀਦਾ ਸੀ।

ਉਨ੍ਹਾਂ ਦਾਅਵਾ ਕੀਤਾ ਕਿ ਰੂਸ ਤੇ ਯੂਕਰੇਨ ਵਿਚਾਲੇ ਤਣਾਅ ਪਿਛਲੇ ਸਾਲ ਦਸੰਬਰ ਤੋਂ ਵਧ ਰਿਹਾ ਸੀ, ਪਰ ਹੁਣ ਇਸ ਟਕਰਾਅ ਦਾ ਬਹਾਨਾ ਬਣਾ ਕੇ ਤੇਲ ਕੀਮਤਾਂ ਵਿਚ ਵਾਧਾ ਕੀਤਾ ਜਾ ਰਿਹਾ ਹੈ। ਗੋਗੋਈ ਨੇ ਕਿਹਾ ਕਿ ਹਾਲੇ ਇਹ ਨਹੀਂ ਪਤਾ ਕਿ ਹੋਰ ਕਿੰਨਾ ਵਾਧਾ ਕੀਤਾ ਜਾਵੇਗਾ। ਓਮੀਕਰੋਨ ਤੋਂ ਉੱਭਰੇ ਭਾਰਤ ਦੇ ਲੋਕਾਂ ਨੂੰ ਕਿੰਨਾ ਬੋਝ ਹੋਰ ਉਡੀਕ ਰਿਹਾ ਹੈ। ਕਾਂਗਰਸ ਮੈਂਬਰ ਨੇ ਕਿਹਾ ਕਿ ਲੋਕ ਅਜਿਹਾ ਮਾਹੌਲ ਚਾਹੁੰਦੇ ਹਨ ਜਿੱਥੇ ਉਹ ਕਾਰੋਬਾਰ ਕਰ ਸਕਣ ਪਰ ਹੁਣ ਕੀਮਤਾਂ ਵਿਚ ਵਾਧੇ ਨੇ ਕਾਰੋਬਾਰਾਂ ਦੀ ਲਾਗਤ ਵੀ ਵਧਾ ਦਿੱਤੀ ਹੈ। ਹੋਰਾਂ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਵੀ ਸਰਕਾਰ ਨੂੰ ਸਵਾਲ ਕੀਤੇ। ਉਨ੍ਹਾਂ ਕਿਹਾ ਕਿ ਸਦਨ ਵਿਚ ਮੌਜੂਦ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੂੰ ਜਵਾਬ ਦੇਣਾ ਚਾਹੀਦਾ ਹੈ। ਕਾਂਗਰਸ ਤੋਂ ਇਲਾਵਾ ਡੀਐਮਕੇ, ਐਨਸੀਪੀ, ਖੱਬੀਆਂ ਧਿਰਾਂ ਨੇ ਸਦਨ ਵਿਚੋਂ ਵਾਕਆਊਟ ਕਰ ਕੇ ਵਿਰੋਧ ਦਰਜ ਕਰਾਇਆ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਾਜ ਸਭਾ: ਬੀਰਭੂਮ ਕਾਂਡ ’ਤੇ ਹੰਗਾਮਾ, ਸੂਬੇ ’ਚ ਰਾਸ਼ਟਰਪਤੀ ਰਾਜ ਦੀ ਮੰਗ
Next articleਭਾਰਤ-ਚੀਨ ਦੇ ਸੁਖਾਵੇਂ ਸਬੰਧਾਂ ਲਈ ਸਰਹੱਦ ’ਤੇ ਸ਼ਾਂਤੀ ਜ਼ਰੂਰੀ: ਜੈਸ਼ੰਕਰ