ਗੁੰਮਨਾਮ ਸ਼ਹੀਦ: ਲਾਂਸ ਨਾਇਕ ਸ. ਸੋਹਣ ਸਿੰਘ ਢਿਲਵਾਂ

ਰਣਬੀਰ ਕੌਰ ਬੱਲ

(ਸਮਾਜ ਵੀਕਲੀ)

‘ਸ਼ਹੀਦੋਂ ਕੀ ਚਿਤਾਓਂ ਪੇ ਲਗੇਗੇਂ ਹਰ ਬਰਸ ਮੇਲੇ
ਵਤਨ ਪਰ ਮਿਟਨੇ ਵਾਲੋਂ ਕਾ ਬਸ ਯਹੀ ਆਖਿਰੀ ਨਿਸ਼ਾਂ ਹੋਗਾ’

ਸ਼ਾਇਦ ਹੀ ਕੋਈ ਸੋਝੀ ਸੰਭਲਿਆ ਭਾਰਤੀ ਹੋਵੇ ਜਿਸਨੇ ਉਪਰੋਕਤ ਸ਼ੇਅਰ ਨਾ ਸੁਣਿਆ ਹੋਵੇ ਤੇ ਸੁਣ ਕੇ ਫਖਰ ਨਾ ਮਹਿਸੂਸ ਕੀਤਾ ਹੋਵੇ ਪਰ ਕੈਨੇਡਾ ਰਹਿੰਦੀ 80 ਸਾਲਾ ਜਸਵੰਤ ਕੌਰ ਜਦੋਂ ਕਦੇ ਵੀ ਇਹ ਸੁਣਦੀ ਹੈ ਤਾਂ ਜਿਵੇਂ ਉਹਦਾ ਕਾਲਜਾ ਲੂਹਿਆ ਤੇ ਧੂਹਿਆ ਜਾਂਦਾ ਹੈ ਕਿਉਂਕਿ ਸ਼ਹੀਦ ਬਾਪੂ ਲਈ ਕਦੇ ਨਹੀਂ ਗਾਇਆ ਜਾਂ ਵਜਾਇਆ ਗਿਆ ਇਹ ਜਾਂ ਅਜਿਹਾ ਗੀਤ।

ਜੀ ਹਾਂ…! ਆਉ ਅੱਜ ਤੁਹਾਡੇ ਨਾਲ਼ ਸਾਂਝੀ ਕਰਦੇ ਹਾਂ ਜਾਣਕਾਰੀ ਸ਼ਹੀਦ ਸ. ਸੋਹਣ ਸਿੰਘ ਪੁੱਤਰ ਸ. ਨੱਥਾ ਸਿੰਘ ਤੇ ਈਸਰ ਕੌਰ ਵਾਸੀ ਪਿੰਡ ਢਿੱਲਵਾਂ ਜਿਲ੍ਹਾ ਕਪੂਰਥਲਾ ਦੇ ਬਾਰੇ। ਜੋ ਦੂਜੀ ਸੰਸਾਰ ਜੰਗ (ਬਟਵਾਰੇ ਤੋਂ ਪਹਿਲਾਂ) ਸਮੇਂ ਭਾਰਤੀ ਫੌਜ ਵਿੱਚ (ਕਪੂਰਥਲਾ ਜਗਜੀਤ ਇਨਫੈਂਟਰੀ ਦਾ) ਲਾਂਸ ਨਾਇਕ ਸੀ। ਆਪਣੀ ਬੇਬੇ ਜੀ ਮੋਹਣ ਕੌਰ (ਪਤਨੀ ਸ਼ਹੀਦ ਸੋਹਣ ਸਿੰਘ) ਤੋਂ ਮਿਲੀ ਜਾਣਕਾਰੀ ਅਨੁਸਾਰ ਉਹਨਾਂ ਦੀ ਧੀ ਜਸਵੰਤ ਕੌਰ ਦੱਸਦੀ ਹੈ ਕਿ ਉਹ ਮਸਾਂ ਤਿੰਨ ਕੁ ਦਿਨਾਂ ਦੀ ਸੀ ਜਦੋਂ ਬਾਪੂ ਆਖਰੀ ਛੁੱਟੀ ਕੱਟਣ ਘਰੇ ਆਇਆ ਪਰ ਕਿਸੇ ਪੰਡਤ ਦੇ ਪਾਏ ਵਹਿਮ ਕਾਰਨ ਉਹ ਆਪਣੀ ਇਸ ਬਾਲੜੀ ਦੇ ਮੱਥੇ ਨਾ ਲੱਗਿਆ ਤੇ ਅਗਲੀ ਛੁੱਟੀ ਵਿੱਚ ਰੱਜਵਾਂ ਲਾਡ ਕਰਨ ਦੀਆਂ ਗੱਲਾਂ ਤੇ ਤਾਘਾਂ ਨਾਲ਼ ਵਾਪਸ ਡਿਊਟੀ ‘ਤੇ ਜਾ ਪਹੁੰਚਿਆ।

ਪਰ ਅਫਸੋਸ ਉਹ ਅਗਲੀ ਛੁੱਟੀ ਕਦੇ ਨਹੀਂ ਆਈ ਕਿਉਂਕਿ ਦੂਜੀ ਸੰਸਾਰ ਜੰਗ ਵਿੱਚ ਹਿੱਸਾ ਲੈਣ ਸਮੇਂ ਇਸ ਦੌਰਾਨ ਹੀ 15 ਫਰਵਰੀ 1942 ਨੂੰ ਸੋਹਣ ਸਿੰਘ ਸ਼ਹਾਦਤ ਦਾ ਜਾਮ ਪੀ ਗਏ। ਉਸ ਤੋਂ ਬਾਅਦ ਉਹਨਾਂ ਦਾ ਪੁੱਤਰ ਅਵਤਾਰ ਸਿੰਘ ਵੀ ਹੋਣੀ ਬਲਵਾਨ ਦੀ ਭੇਟ ਚੜ੍ਹ ਜਹਾਨੋ ਕੂਚ ਕਰ ਗਿਆ। ਬੇਸ਼ੱਕ ਜਸਵੰਤ ਕੌਰ ਨੂੰ ਇਸ ਗੱਲ ਦਾ ਬਹੁਤ ਝੋਰਾ ਹੈ ਕਿ ਸ਼ਹੀਦ ਬਾਪੂ ਦੀ ਕੋਈ ਤਸਵੀਰ ਜਾਂ ਜਨਮ ਸਰਟੀਫਿਕੇਟ ਵਗੈਰਾ ਉਪਲੱਬਧ ਨਹੀਂ ਪਰ ਉਹ ਇਸ ਗੱਲੋਂ ਬ੍ਰਿਟਿਸ਼ ਸਰਕਾਰ ਦਾ ਸ਼ੁਕਰਾਨਾ ਕਰਦੀ ਨਹੀਂ ਥੱਕਦੀ।

ਜਿਸਨੇ ਉਸ ਸਮੇਂ ਦੇ ਸ਼ਹੀਦਾਂ ਦੀ ਯਾਦ ਵਿੱਚ ਸਿੰਘਾਪੁਰ ਵਿਖੇ ਸਮਾਰਕ ਉੱਤੇ ਉਹਨਾਂ ਦੇ ਨਾਮ ਖੁਣਵਾਏ ਅਤੇ ਬਾਕਾਇਦਾ (ਦਿੱਤੀ ਗਈ ਤਸਵੀਰ ਵਾਲ਼ਾ) ਦਸਤਾਵੇਜ਼ ਉਨ੍ਹਾਂ ਦੀਆਂ ਬੇਟੀਆਂ (ਸ਼ਹੀਦ ਦੀਆਂ ਦੋਹਤੀਆਂ) ਦੀ ਮਿਹਨਤ ਸਦਕਾ ਉਪਲੱਬਧ ਵੀ ਕਰਵਾਇਆ। ਹੁਣ ਵਾਰੀ ਸਾਡੀ ਖਾਸ ਕਰਕੇ ਜਾਗਰੂਕ ਅਖਵਾਉਣ ਵਾਲ਼ੇ ਪੰਜਾਬੀਆਂ ਅਤੇ ਢਿੱਲਵਾਂ ਪਿੰਡ ਦੇ ਵਸਨੀਕਾਂ ਤੇ ਇਲਾਕਾ ਨਿਵਾਸੀਆਂ ਦੀ ਹੈ ਕਿ ਸ਼ਹੀਦ ਸੋਹਣ ਸਿੰਘ ਹੀ ਨਹੀਂ ਬਲਕਿ ਅਜਿਹੇ ਹੋਰ ਵੀ ਸੂਰਮਿਆਂ ਦੇ ਪਰਿਵਾਰਕ ਮੈਂਬਰਾਂ ਦਾ ਇਹ ਦੁੱਖ ਜਰੂਰ ਦੂਰ ਕਰੀਏ ਕਿ ਉਹਨਾਂ ਦੇ ਮਹਾਨ ਵਡੇਰਿਆਂ ਦੀ ਯਾਦ ਵਿੱਚ ਵੀ ਗਾਇਆ ਜਾਇਆ ਕਰੇ ‘ਸ਼ਹੀਦੋਂ ਕੀ ਚਿਤਾਓਂ ਪੇ ਲਗੇਗੇਂ ਹਰ ਬਰਸ ਮੇਲੇ……’।

ਰਣਬੀਰ ਕੌਰ ਬੱਲ ਯੂ.ਐੱਸ.ਏ.

+1 (510) 861-6871

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਰ ਰਹੀ ਸੰਵੇਦਨਾ
Next articleਹਿਆਉਂ ਨ ਕੈਹੀ ਠਾਹਿ……