ਸ਼ੁਭ ਸਵੇਰ ਦੋਸਤੋ,

(ਸਮਾਜ ਵੀਕਲੀ)-ਦੇਖਿਆ ਜਾਵੇ ਤਾਂ ਅਸਲ ਵਿੱਚ ਪ੍ਰਸੰਨ ਤਾਂ ਬੱਚੇ ਹੀ ਹੁੰਦੇ ਹਨ। ਹੋਲੀ ਖੇਡਦੇ, ਮਸਤੀਆਂ ਕਰਦੇ, ਚੀਕਾਂ ਮਾਰਦੇ ਬੇਫਿਕਰੀ ਦੇ ਆਲਮ ਵਿੱਚ ਬਹੁਤ ਪਿਆਰੇ ਲੱਗਦੇ ਹਨ। ਆਪਾਂ ਵੀ ਕਦੇ ਤਜਰਬਾ ਕਰਕੇ ਦੇਖੀਏ ਜੇਕਰ ਮਨ ਪ੍ਰਸੰਨ ਹੋਵੇ ਤਾਂ ਸਾਨੂੰ ਵੀ ਹਰ ਰੰਗ ਜਚਦਾ ਹੈ।
ਸਾਰੀ ਕੁਦਰਤ, ਕਾਇਨਾਤ ਅਨੇਕਾਂ ਰੰਗਾਂ ਦਾ ਸੁਮੇਲ ਹੋਕੇ ਵੀ ਇੱਕ ਹੀ ਹੈ, ਪਰ ਇਨਸਾਨੀਅਤ ਦੇ ਵੈਰੀਆਂ, ਧਰਮਾਂ ਦੇ ਸਾਰੇ ਮੁਦੱਈਆਂ ਨੇ ਆਪਣੇ ਹੰਕਾਰ ਵਿਚ ਆਪਣੇ-ਆਪ ਦੇ ਧਰਮ ਨੂੰ ਉੱਚਾ ਦਿਖਾਉਣ ਲਈ ਕੁਦਰਤ ਦੇ ਰੰਗਾਂ ਵਿੱਚ ਵੀ ਵੰਡੀਆਂ ਪਾਈਆਂ ਹੋਈਆਂ ਹਨ।
ਸਾਨੂੰ ਸਭ ਨੂੰ ਪਤਾ ਹੈ ਕਿ ਬਚਪਨ, ਜਵਾਨੀ ਅਤੇ ਬੁੱਢਾਪੇ ਦੀਆਂ ਗਲੀਆਂ ਵਿਚੋ ਲਗਦਿਆਂ ਇੱਕ ਦਿਨ ਤਾਂ ਆਹ ਸਭ ਕੁਝ ਛੱਡ ਕੇ ਜਾਣਾ ਹੀ ਪੈਣਾ ਹੈ, ਅਲਵਿਦਾ ਕਹਿਣਾ ਹੀ ਪੈਣਾ ਹੈ…ਇਸ ਸਵਰਗ ਨੂੰ…ਇਸ ਧਰਤੀ ਨੂੰ…ਇਸ ਜ਼ਿੰਦਗੀ ਨੂੰ…ਸਾਰੇ ਸਾਕ ਸੰਬੰਧੀਆਂ ਨੂੰ…
ਜੇ ਸੋਚੀਏ ਤਾਂ ਕੁਦਰਤ ਨੇ ਸਾਨੂੰ ਇਸ ਜ਼ਿੰਦਗੀ ਦੇ ਰੂਪ ਵਿਚ ਕਿੰਨੀ ਸੋਹਣੀ ਦਾਤ ਬਖ਼ਸ਼ੀ ਹੈ, ਸਾਰੀ ਕਾਇਨਾਤ ਇੱਕ ਮੰਤਵ ਨਾਲ ਰਚੀ ਗਈ ਲਗਦੀ ਹੈ। ਹਰ ਸ਼ੈਅ ਦਾ ਆਪਣਾ ਇੱਕ ਅਨੂਠਾ ਸਥਾਨ ਹੈ। ਹਰ ਸ਼ੈਅ ਦੀ ਆਪਣੀ ਇੱਕ ਅਨੋਖੀ ਮਹੱਤਤਾ ਹੈ।ਇੱਕ ਦੂਜੇ ਤੋਂ ਵੱਖ ਹੁੰਦੀ ਹੋਈ ਵੀ….ਹਰ ਸ਼ੈਅ ਇੱਕ ਦੂਜੇ ਨਾਲ ਜੁੜੀ ਹੋਈ ਹੈ। ਇੱਕ ਦੂਜੇ ਤੇ ਨਿਰਭਰ ਹੈ…
ਸਾਰੀ ਕਾਇਨਾਤ ‘ਚ ਜਿੱਥੇ ਇੱਕ ਸੰਪੂਰਨ ਤਰਤੀਬ ਜਾਪਦੀ ਹੈ। ਓਥੇ ਦੈਵੀ ਬੇਤਰਤੀਬੀ ਵੀ ਨਾਲ ਹੀ ਬਣੀ ਹੋਈ ਹੈ। ਸੁੰਦਰਤਾ ਦੇ ਨਾਲ ਕਰੋਪੀ ਵੀ ਦਿਖਾਈ ਦਿੰਦੀ ਹੈ। ਜੇ ਪਿਆਰ ਤੇ ਸਨੇਹ ਹੈ ਤਾਂ ਨਾਲ ਜਬਰ ਤੇ ਹਿੰਸਾ ਵੀ ਹਨ, ਜਿੱਥੇ ਜਨਮ ਦਾ ਨਿਯਮ ਹੈ ਉਥੇ ਮਰਨ ਦਾ ਤੱਤ ਵੀ ਨਾਲ ਹੀ ਹੈ।
ਇਨਸਾਨ ਦੀ ਜ਼ਿੰਦਗੀ ਵੀ ਸਰਿਸ਼ਟੀ ਦੇ ਇਹਨਾਂ ਅਸੂਲਾਂ ਦਾ ਹੀ ਪਾਲਣ ਕਰਦੀ ਹੈ, ਜਿਵੇਂ ਪ੍ਰਕਿਰਤੀ ਚ’ ਰੁੱਤਾਂ ਦਾ ਬਦਲ ਚਲਦਾ ਰਹਿੰਦਾ ਹੈ, ਬਿਲਕੁਲ ਉਸ ਤਰ੍ਹਾਂ ਹੀ ਇਨਸਾਨ ਦੀ ਜ਼ਿੰਦਗੀ ‘ਚ ਵੀ ਕਦੇ ਖੁਸ਼ੀਆਂ ਤੇ ਕਦੇ ਗ਼ਮ ਕਦੇ ਧੁੱਪ ਤੇ ਕਦੇ ਛਾਂ ਕਦੇ ਬਲ ਰਹੇ ਪ੍ਰਚੰਡ ਸੂਰਜ ਦੀ ਗਰਮੀ ਦਾ ਅਹਿਸਾਸ ਹੁੰਦਾ ਹੈ ਤੇ ਕਦੇ ਠੰਡੀ ਯਖ਼ ਬਰਫ ਦਾ ਪਾਲਾ ਮਾਰਦਾ ਹੈ।
ਇਨਸਾਨ ਨੂੰ ਸਭ ਕੁਝ ਹੰਢਾਉਣਾ ਪੈਂਦਾ ਹੈ ਪਰ ਕਿਉਂ ਨਾ ਧਰਮਾਂ ਦੇ ਜਾਲ ਵਿੱਚੋਂ ਨਿਕਲ ਕੇ ਇਸ ਪਿਆਰੀ ਕੁਦਰਤ, ਕਾਇਨਾਤ ਦਾ ਆਨੰਦ ਮਾਣੀਏ। ਮੋਹ, ਮੁਹੱਬਤ ਤੇ ਅਸਲ ਪਿਆਰ ਵਿਚ ਰੰਗੇ ਜਾਈਏ। ਕੁਦਰਤ ਦੀ ਨਜ਼ਰ ਵਿੱਚ ਅਸੀਂ ਇੱਕ ਸਧਾਰਨ ਜੀਵ ਜੰਤੂ ਹਾਂ, ਖੁਦ ਬਣਾਏ ਵਿਸ਼ਲੇਸ਼ਣਾਂ ਸਦਕੇ ਅਸੀਂ ਭਾਈਚਾਰਕ ਸਾਂਝ ਵਿਗਾੜ ਕੇ ਆਪਸੀ ਸਬੰਧ ਵਿਗਾੜ ਲਏ ਹਨ।

ਹਰਫੂਲ ਸਿੰਘ ਭੁੱਲਰ

ਮੰਡੀ ਕਲਾਂ 9876870157 

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article ਹੋਲਾ ਮਹੱਲਾ 
Next articleਸ੍ਰੀ ਆਨੰਦਪੁਰ ਸਾਹਿਬ ਦਾ ਹੋਲਾ ਮਹੱਲਾ