ਬਾਬਾ ਬੀਰ ਸਿੰਘ ਲਾਇਬ੍ਰੇਰੀ ਬੂਲਪੁਰ ਨੇ ਮਨਾਇਆ 12ਵਾਂ ਸਥਾਪਨਾ ਦਿਵਸ

ਸੌ ਪੁਸਤਕਾਂ ਤੋਂ ਸ਼ੁਰੂ ਕੀਤਾ ਸਫ਼ਰ 12 ਸਾਲਾਂ ਵਿਚ ਪੁੱਜਿਆ 5 ਹਜ਼ਾਰ ਪੁਸਤਕਾਂ ਤੱਕ 
ਬਾਬਾ ਬੀਰ ਸਿੰਘ ਲਾਇਬ੍ਰੇਰੀ ਬੂਲਪੁਰ ਹਰੇਕ ਵਰਗ ਲਈ ਬਣੀ ਪ੍ਰੇਰਨਾ ਸਰੋਤ-ਸਾਧੂ ਸਿੰਘ 
ਕਪੂਰਥਲਾ , (ਕੌੜਾ )- ਸੇ‍ਵਾ ਮੁਕਤ ਬਲਾਕ ਸਿੱਖਿਆ ਅਫਸਰ ਸਰਦਾਰ ਸਾਧੂ ਸਿੰਘ ਬੂਲਪੁਰ ਵੱਲੋਂ  ਅਗਾਂਹ ਵਧੂ ਕਿਸਾਨ ਰਣਜੀਤ ਸਿੰਘ ਥਿੰਦ ਬੂਲਪੁਰ ਤੇ ਹੋਰ ਸਮਾਜ ਸੇਵੀ ਲੋਕਾਂ ਦੇ ਸਹਿਯੋਗ ਨਾਲ ਆਪਣੇ ਪਿੰਡ ਵਿਚ ਨਿਸ਼ਕਾਮ ਸੇਵਾ ਵਜੋਂ ਚਲਾਈ ਜਾ ਰਹੀ ਬਾਬਾ ਬੀਰ ਸਿੰਘ ਲਾਇਬ੍ਰੇਰੀ ਬੂਲਪੁਰ ਦੀ ਸਥਾਪਨਾ ਦੇ 12 ਸਾਲ ਪੂਰੇ ਹੋਣ ਤੇ ਸਥਾਪਨਾ ਦਿਵਸ ਮਨਾਇਆ ਗਿਆ । ਇਸ ਸਮੇ ਬਹੁਤ ਸਾਰੇ ਵਿਦਵਾਨ ਲੇਖਕਾਂ ਵੱਲੋਂ ਲਾਇਬ੍ਰੇਰੀ ਦੇ ਸਥਾਪਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਗਈਆਂ ।
 ਬਲਾਕ ਸਿੱਖਿਆ ਅਫਸਰ ਰਿਟਾ. ਸਾਧੂ ਸਿੰਘ ਬੂਲਪੁਰ ਤੇ ਰਣਜੀਤ ਸਿੰਘ ਥਿੰਦ ਬੂਲਪੁਰ ਨੇ ਗੱਲਬਾਤ ਦੌਰਾਨ ਦੱਸਿਆ ਕਿ  ਸਿਰਫ਼ ਸੌ ਕਿਤਾਬਾਂ ਨਾਲ ਤਕਰੀਬਨ 12 ਸਾਲ ਪਹਿਲਾਂ ਸ਼ੁਰੂ ਕੀਤੀ ਗਈ ਲਾਇਬ੍ਰੇਰੀ ਵਿੱਚ ਅੱਜ ਵੱਖ ਵੱਖ ਵਿਦਵਾਨ ਲੇਖਕਾਂ ਦੀਆਂ  ਪੰਜ ਹਜ਼ਾਰ ਤੋਂ ਵੀ ਵੱਧ ਕਿਤਾਬਾਂ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਚਾਰ ਰੋਜ਼ਾਨਾ ਅਖ਼ਬਾਰ ਅਤੇ ਦਰਜਨ ਤੋਂ ਵੱਧ ਸਾਹਿਤਕ , ਧਾਰਮਿਕ ਅਤੇ ਮੁਲਾਜ਼ਮਾਂ ਨਾਲ ਸੰਬੰਧਤ ਰਸਾਲੇ ਵੀ ਲਾਇਬ੍ਰੇਰੀ ਵਿਚ ਨਿਰੰਤਰ ਆਉਂਦੇ ਹਨ ।
ਉਨ੍ਹਾਂ ਦੱਸਿਆ ਕਿ ਭਾਵੇਂ ਲਾਇਬ੍ਰੇਰੀ  ਸ਼ੁਰੂ ਕਰਨ ਲਈ ਅਤੇ ਇਸ ਲੰਬੇ ਸਮੇਂ ਦੌਰਾਨ ਉਨ੍ਹਾਂ ਬੇਸ਼ੁਮਾਰ ਦੁਸ਼ਵਾਰੀਆਂ ਝੱਲੀਆਂ ।ਹਨੇਰੇ ਦੇ ਸੌਦਾਗਰਾਂ ਦੀਆਂ ਕੋਝੀਆਂ ਹਰਕਤਾਂ ਦੇ ਬਾਵਜੂਦ, ਬਿਨਾਂ ਕਿਸੇ ਸਰਕਾਰੀ -ਗੈਰ ਸਰਕਾਰੀ  ਸਹਿਯੋਗ  ਦੇ ਐਨਾ ਲੰਬਾ ਸਫ਼ਰ ਤਹਿ ਕਰ ਸਕਣਾ ਬਹੁਤ ਮੁਸ਼ਕਿਲ ਸੀ। ਪਰ ਕੁੱਝ ਸੁਹਿਰਦ ਲੇਖਕਾਂ ਅਤੇ ਸਨੇਹੀਆਂ ਦੇ ਭਰਪੂਰ ਸਹਿਯੋਗ ਤੇ ਪ੍ਰੇਰਨਾ ਨਾਲ ਵਾਹਿਗੁਰੂ  ਅਕਾਲ ਪੁਰਖ ਨੇ ਇਹ ਕਾਰਜ ਕਰਨ ਦਾ ਉਤਸ਼ਾਹ ਸਾਨੂੰ ਹੋਰ ਬਖਸ਼ਿਆ ਹੈ ।
ਸਿੱਖਿਆ ਅਫਸਰ ਸਾਧੂ ਸਿੰਘ ਬੂਲਪੁਰ ਨੇ ਉਨ੍ਹਾਂ ਨੌਜਵਾਨਾਂ ਤੇ ਬੱਚਿਆਂ ਦਾ ਵੀ ਬੇਹੱਦ ਧੰਨਵਾਦ ਕੀਤਾ , ਜਿਨ੍ਹਾਂ ਨੇ ਇਸ ਕਾਰਜ ਵਿੱਚ ਯੋਗਦਾਨ ਪਾਇਆ । ਉਨ੍ਹਾਂ ਕਿਹਾ ਕਿ ਮੈ ਪੈਰ ਪੈਰ ਤੇ ਟੋਏ ਪੁੱਟਣ ਵਾਲਿਆਂ ਦਾ ਵੀ ਬੇਹੱਦ ਰਿਣੀ ਹਾਂ, ਜਿਨ੍ਹਾਂ ਦੀ ਬਦੌਲਤ ਸੰਭਲ ਸੰਭਲ ਕੇ ਤੁਰਨਾ ਸਿੱਖਿਆ ਹੈ।ਉਨ੍ਹਾਂ ਨੇ ਪਿੰਡ ਦੀਆਂ ਸਮੇਂ ਸਮੇਂ ਦੀਆਂ ਪੰਚਾਇਤਾਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਲਾਇਬ੍ਰੇਰੀ ਖੋਹਲਣ ਵਾਸਤੇ ਦੁਕਾਨ (ਕਮਰਾ) ਕਿਰਾਏ ਤੇ ਦੇਣ ਦੀ ਖ਼ੇਚਲ ਕੀਤੀ ਹੋਈ ਹੈ  । ਉਨ੍ਹਾਂ ਕਿਹਾ ਕਿ ਅੱਜ ਮੋਬਾਈਲ ਦੇ ਯੁੱਗ ਵਿੱਚ ਕਿਤਾਬਾਂ ਪੜ੍ਹਨ ਦੀ ਰੁਚੀ ਬਹੁਤ ਹੀ ਘੱਟ ਗਈ ਹੈ। ਆਪਣੇ ਬੱਚਿਆਂ ਨੂੰ ਵਧੀਆ ਕਿਤਾਬਾਂ ਪੜ੍ਹਨ ਲਈ ਵੱਧ ਵੱਧ ਪ੍ਰੇਰਨਾ ਕੀਤੀ ਜਾਵੇ ਤਾਂ ਜੋ ਉਹ ਚੰਗੇ ਇਨਸਾਨ ਬਣ ਸਕਣ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleकांग्रेस-भाजपा के शासन में महंगाई कम होने की बजाय बढ़ी : एडवोकेट बलविंदर कुमार
Next articleਪਿੰਡ ਦੰਦੂਪੁਰ ਦਾ ਰਵਿੰਦਰਪਾਲ ਸਿੰਘ ਖੇਡੇਗਾ ਕਨੇਡਾ ਦੀ ਕ੍ਰਿਕਟ ਟੀਮ ਵੱਲੋਂ ਵਰਲਡ ਕੱਪ