ਨਿਮਰਤਾ ,ਪ੍ਰੀਤ ,ਪਿਆਰ

ਸੰਜੀਵ ਸਿੰਘ ਸੈਣੀ

(ਸਮਾਜ ਵੀਕਲੀ)

ਪਿਆਰ ਇੱਕ ਛੋਟਾ ਜਿਹਾ ਸ਼ਬਦ ਹੈ, ਜੋ ਤਿੰਨ ਅੱਖਰਾਂ ਨਾਲ ਬਣਿਆ ਹੋਇਆ ਹੈ। ਇਸ ਬਿਨਾਂ ਤਾਂ ਜ਼ਿੰਦਗੀ ਅਧੂਰੀ ਹੈ।ਪਿਆਰ ਇੱਕ ਨਿੱਘ ਦਾ ਅਹਿਸਾਸ ਹੈ। ਪਿਆਰ ਇੱਕ ਰੂਹ ਦਾ ਰਿਸ਼ਤਾ ਹੈ। ਪਿਆਰ ਵਿਸ਼ਵਾਸ ਤੇ ਟਿਕਦਾ ਹੈ।ਪਿਆਰ ਦੀ ਕੋਈ ਸੀਮਾ ਨਹੀਂ ਹੁੰਦੀ। ਪਿਆਰ ਇੱਕ ਖਿੱਚ ਦਾ ਅਹਿਸਾਸ ਹੁੰਦਾ ਹੈ। ਹਰ ਰਿਸ਼ਤੇ ਵਿੱਚ ਪਿਆਰ ਦਾ ਆਪਣਾ ਹੀ ਅਲੱਗ ਅਨੁਭਵ ਹੁੰਦਾ ਹੈ। ਕਿਸੇ ਦਾ ਉਸ ਦਾਤੇ ਲਈ ਪਿਆਰ ਹੁੰਦਾ ਹੈ। ਪਿਆਰ ਹਰ ਇੱਕ ਇਨਸਾਨ ਦੇ ਦਿਲ ਵਿੱਚ ਉਭਰਦਾ ਹੈ ।ਪਿਆਰ ਦਾ ਮਤਲਬ ਹੈ ਇਕ ਦੂਜੇ ਦੇ ਦੁੱਖ ਦਰਦ ਵਿਚ ਸ਼ਰੀਕ ਹੋਣਾ, ਜੇ ਸਮੱਸਿਆ ਹੈ ਤਾਂ ਉਸ ਨੂੰ ਸੁਲਝਾਉਣ ਦਾ ਯਤਨ ਕਰਨਾ।

ਪਿਆਰ ਨੂੰ ਸਿਰਫ਼ ਮਹਿਸੂਸ ਕੀਤਾ ਜਾ ਸਕਦਾ ਹੈ। ਇਸ ਨੂੰ ਕਦੇ ਵੀ ਦੇਖਿਆ ਜਾਂ ਫ਼ੜ ਕੇ ਨਹੀਂ ਰੱਖਿਆ ਜਾ ਸਕਦਾ ।ਤਕਰੀਬਨ ਸਾਰੇ ਹੀ ਰਿਸ਼ਤਿਆਂ ਵਿੱਚ ਪਿਆਰ ਹੁੰਦਾ ਹੈ ,ਚਾਹੇ ਉਹ ਮਾਂ ਬਾਪੂ ਨਾਲ ਹੋਵੇ, ਭੈਣ- ਭਰਾ ,ਰਿਸ਼ਤੇਦਾਰ ,ਦੋਸਤ-ਮਿੱਤਰ , ਆਂਢ-ਗੁਆਂਢ। ਪਿਆਰ ਕਿਸੇ ਨਾਲ ਵੀ ਹੋ ਸਕਦਾ ਹੈ। ਅੱਜ ਦੁਨੀਆ ਚੰਨ ਤੱਕ ਪਹੁੰਚ ਚੁੱਕੀ ਹੈ। ਵਿਗਿਆਨ ਨੇ ਬਹੁਤ ਤਰੱਕੀ ਕਰ ਲਈ ਹੈ। ਪੱਛਮੀ ਸੱਭਿਅਤਾ ਦਾ ਜ਼ਿਆਦਾ ਬੋਲ-ਬਾਲਾ ਹੈ। ਅੱਜ ਕੱਲ੍ਹ ਦੀ ਜਿੰਦਗੀ ਵਿੱਚ ਲੋਕਾਂ ਨੇ ਪਿਆਰ ਨੂੰ ਵੀ ਮਤਲਬ ਦੇਣਾ ਸ਼ੁਰੂ ਕਰ ਦਿੱਤਾ। ਆਪਣੇ ਨਿੱਜੀ ਸਵਾਰਥਾਂ ਖਾਤਰ ਚਾਹੇ ਕੋਈ ਵੀ ਰਿਸ਼ਤਾ ਹੋਵੇ ,ਉਸ ਇਨਸਾਨ ਨਾਲ ਪਿਆਰ ਕਰਦਾ ਹੈ।

ਬਸ਼ਰਤੇ ਇਸ ਵਿੱਚ ਸਵਾਰਥ ਨਹੀਂ ਹੋਣਾ ਚਾਹੀਦਾ। ਇਮਾਨਦਾਰੀ, ਸਮਝਦਾਰੀ, ਸਮਰਪਣ, ਪਿਆਰ ਦੀਆਂ ਸ਼ਰਤਾਂ ਹਨ। ਹਲੀਮੀ, ਨਿਮਰਤਾ, ਸ਼ਹਿਣਸ਼ੀਲਤਾ, ਪ੍ਰੀਤ, ਪਿਆਰ ਉਸ ਇਨਸਾਨ ਵਿੱਚ ਹੋਣੀ ਚਾਹੀਦੀ ਹੈ। ਪਿਆਰ ਵਿੱਚ ਕੋਈ ਵੀ ਸਮਝੌਤਾ ਨਹੀਂ ਨਿਭਦਾ। ਪਿਆਰ ਕਦੇ ਨਫ਼ਾ ਨੁਕਸਾਨ ਨਹੀਂ ਦੇਖਦਾ।ਉਧਾਰਣ ਦੇ ਤੋਰ ਤੇ ਜੇ ਕੋਈ ਬੰਦਾ ਵਿਦੇਸ਼ ਬੈਠਾ ਹੈ ,ਉਹ ਆਪਣੇ ਦੋਸਤ ਨਾਲ ਹਰ ਰੋਜ਼ ਗੱਲ ਕਰਦਾ ਹੈ। ਉਸ ਨੂੰ ਸਵੇਰੇ ਮੈਸੇਜ ਭੇਜਦਾ ਹੈ ,ਇਹ ਪਿਆਰ ਹੈ। ਜੋ ਛੋਟਾ ਬੱਚਾ ਹੁੰਦਾ ਹੈ ,ਜੇ ਉਹ ਮਾਂ ਤੋਂ ਥੋੜ੍ਹੇ ਸਮੇਂ ਲਈ ਦੂਰ ਹੋ ਜਾਵੇ ਤਾਂ ਰੋਣਾ ਸ਼ੁਰੂ ਕਰ ਦਿੰਦਾ ਹੈ। ਜਦੋਂ ਮਾਂ ਬੱਚੇ ਨੂੰ ਆਪਣੀ ਗੋਦ ਵਿੱਚ ਲੈ ਲੈਂਦੀ ਹੈ ਤਾਂ ਬੱਚਾ ਚੁੱਪ ਹੋ ਜਾਂਦਾ ਹੈ।

ਇਹ ਪਿਆਰ ਦੀ ਨਿਸ਼ਾਨੀ ਹੈ। ਠੀਕ ਇਸੇ ਤਰ੍ਹਾਂ ਜੇ ਕੋਈ ਬੱਚਾ ਵਿਦੇਸ਼ ਵਿੱਚ ਹੈ, ਉਹ ਹਰ ਰੋਜ਼ ਅਪਣੀ ਮਾਂ ਨਾਲ ਗੱਲ ਕਰਦਾ ਹੈ ਇਹ ਪਿਆਰ ਹੈ। ਜੇ ਕੋਈ ਸਾਡਾ ਦੋਸਤ ਕਿਤੇ ਦੂਰ ਬੈਠਾ ਹੋਵੇ, ਅਸੀਂ ਉਸ ਨੂੰ ਮਿਲਣ ਜਾਣਾ ਹੁੰਦਾ ਹੈ, ਤਾਂ ਅਸੀਂ ਉਸ ਕੋਲ ਜਾਂਦੇ ਹਾਂ, ਉਹ ਸਾਨੂੰ ਇਸ ਸਥਾਨ ਬਾਰੇ ਵਧੀਆ ਜਾਣਕਾਰੀ ਦਿੰਦਾ ਹੈ। ਆਪਣੇ ਇਲਾਕੇ ਦੀ ਸੈਰ ਕਰਵਾਉਂਦਾ ਹੈ।ਇਹੀ ਪਿਆਰ ਹੈ। ਪਿਆਰ ਸਾਨੂੰ ਕਿਸੇ ਨਾਲ ਵੀ ਹੋ ਸਕਦਾ ਹੈ ਕੋਈ ਜਵਾਨ ਹੋਵੇ ਜਾਂ ਹੋਵੇ ਔਰਤ, ਬਜ਼ੁਰਗ।

ਇਹ ਕਿਸੇ ਵੀ ਉਮਰ ਦੇ ਇਨਸਾਨ ਨਾਲ ਹੋ ਜਾਂਦਾ ਹੈ। ਪਿਆਰ ਨਾ ਅਮੀਰੀ ਦੇਖਦਾ ਹੈ, ਨਾ ਗਰੀਬੀ। ਨਾ ਮਹਿਲ ਦੇਖਦਾ ਹੈ,ਨਾ ਝੋਪੜੀ। ਨਾ ਊਚ ਨਾ ਨੀਚ। ਕੋਈ ਬਜ਼ੁਰਗ ਸੜਕ ਪਾਰ ਕਰਨ ਲਈ ਖੜ੍ਹਾ ਹੈ, ਉਹ ਕਿਸੇ ਦਾ ਇੰਤਜ਼ਾਰ ਕਰ ਰਿਹਾ ਹੈ ਕਿ ਉਸਨੂੰ ਕੋਈ ਸੜਕ ਪਾਰ ਕਰਵਾਏ, ਅਸੀਂ ਉਸ ਕੋਲ ਚਲੇ ਜਾਂਦੇ ਹਾਂ, ਉਸ ਨੂੰ ਸੜਕ ਪਾਰ ਕਰਾਉਣ ਵਿੱਚ ਮਦਦ ਕਰਦੇ ਹਨ। ਇਹ ਪਿਆਰ ਦੀਆਂ ਨਿਸ਼ਾਨੀਆਂ ਹਨ। ਪਿਆਰ ਕਿਸੇ ਨਾਲ ਬੋਲ ਕੇ ਜਾਂ ਬਿਆਨ ਕਰਕੇ ਨਹੀਂ ਹੁੰਦਾ। ਪਿਆਰ ਕਰਨ ਵਾਲੇ ਦੋਵਾਂ ਨੂੰ ਹਰ ਵੇਲੇ ਮਿਲਣ ਦੀ ਚਾਹਤ ਹੁੰਦੀ ਹੈ।

ਬੋਲ ਬਾਣੀ ਮਨੁੱਖੀ ਜੀਵਨ ਦਾ ਸ਼ਿੰਗਾਰ ਹੈ। ਇਹ ਬੋਲ ਬਾਣੀ ਨਾਲ ਅਸੀਂ ਜੱਗ ਜਿੱਤ ਸਕਦੇ ਹਾਂ। ਜੇ ਵਧੀਆ ਬੋਲ ਬਾਣੀ ਹੁੰਦੀ ਹੈ,ਤਾਂ ਆਪਣੇ ਆਪਣੇ ਆਪ ਹੀ ਦੂਜਿਆਂ ਨਾਲ ਪਿਆਰ ਹੋਣਾ ਸ਼ੁਰੂ ਹੋ ਜਾਂਦਾ ਹੈ । ਪਿਆਰ ਲੱਭਣਾ ਮੁਸ਼ਕਿਲ ਨਹੀਂ ਹੈ। ਸਾਰਿਆਂ ਨੂੰ ਵੀ ਇੱਕ ਸੱਚਾ, ਬਿਨਾਂ ਸਵਾਰਥ ਤੋਂ ਪਿਆਰ ਦੀ ਲੋੜ ਹੁੰਦੀ ਹੈ। ਅੱਜ ਦੇ ਜ਼ਮਾਨੇ ਵਿੱਚ ਪਿਆਰ ਦੀ ਪਰਿਭਾਸ਼ਾ ਨੂੰ ਹਰ ਕੋਈ ਨਹੀਂ ਸਮਝ ਸਕਦਾ। ਜੇ ਅੱਜ ਕੱਲ ਦੀ ਦੋਸਤੀ ਵਿਚ ਕੋਈ ਨੁਕਸਾਨ ਹੋ ਜਾਵੇ,ਤਾਂ ਦੋਸਤੀ ਵਿਚ ਪਿਆਰ ਨਹੀਂ ਰਹਿੰਦਾ। ਜਿੱਥੇ ਨਫਰਤ ਹੁੰਦੀ, ਉਥੇ ਪਿਆਰ ਨਹੀਂ ਹੋ ਸਕਦਾ।

ਅਕਸਰ ਹੁੰਦਾ ਹੈ ਕਿ ਕੁੱਝ ਲੋਕਾਂ ਵਿਚ ਇੰਨਾ ਹੰਕਾਰ ਹਉਮੈ ਹੁੰਦਾ ਹੈ, ਉਨ੍ਹਾਂ ਦੀ ਜ਼ੁਬਾਨ ਹਮੇਸ਼ਾ ਤਲਖ਼ ਵਾਲੀ ਹੁੰਦੀ ਹੈ। ਖ਼ਾਸਕਰ ਜੋ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਹੈ, ਉਨ੍ਹਾਂ ਨੂੰ ਰਿਸ਼ਤਿਆਂ ਦੀ ਪਰਿਭਾਸ਼ਾ ਦਾ ਬਿਲਕੁਲ ਵੀ ਨਹੀਂ ਪਤਾ ਹੈ। ਰਿਸ਼ਤਿਆਂ ਦਾ ਘਾਣ ਹੋ ਰਿਹਾ ਹੈ। ਅੱਜਕੱਲ ਦੀ ਨੌਜਵਾਨ ਪੀੜ੍ਹੀ ਦਾ ਆਪਣੇ ਮਾਂ-ਬਾਪ ਨਾਲ ਵੀ ਚੰਗਾ ਰਸੂਖ਼ ਨਹੀਂ ਹੈ। ਅੱਜਕਲ ਦੀ ਪੀੜ੍ਹੀ ਪਿਆਰ ਕਰਨਾ ਹੀ ਨਹੀਂ ਜਾਣਦੀ। ਜਿਥੇ ਪਿਆਰ ਅਤੇ ਸਤਿਕਾਰ ਹੋਵੇਗਾ ਉਥੇ ਮਾਹੌਲ ਵੀ ਵਧੀਆ ਹੋਵੇਗਾ। ਪਿਆਰ ਨਾਲ ਬਹੁਤ ਕੁੱਝ ਜਿੱਤਿਆ ਜਾ ਸਕਦਾ ਹੈ। ਨਾ ਹੋਣ ਵਾਲੇ ਕੰਮ ਵੀ ਪਿਆਰ ਨਾਲ ,ਸਹਿਜ ਨਾਲ ਬੋਲ ਕੇ ਕਰਵਾਏ ਜਾਂ ਸਕਦੇ ਹਨ।

ਅੱਜ ਦੁਨੀਆਂਦਾਰੀ ਵਿੱਚ ਹਰ ਇਨਸਾਨ ਚਾਹੁੰਦਾ ਹੈ ਕਿ ਉਸ ਨੂੰ ਹਰ ਕੋਈ ਪਿਆਰ ਕਰੇ, ਹਰ ਕੋਈ ਉਸਦੀ ਇੱਜਤ ਕਰੋ। ਪਿਆਰ ਇੱਕ ਪਾਸੜ ਨਹੀਂ ਹੁੰਦਾ। ਜੇ ਅਸੀਂ ਪਿਆਰ-ਸਤਿਕਾਰ ਦੂਜੇ ਤੋਂ ਲੈਣ ਦੀ ਆਸ ਰੱਖਦੇ ਹਨ ਤਾਂ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਵੀ ਉਸਨੂੰ ਦੁਗਣਾ ਕਰਕੇ ਪਿਆਰ ਅਤੇ ਸਤਿਕਾਰ ਦੇਈਏ। ਘਰ ਵਿੱਚ ਮਾਂ ਬਾਪ ਨੂੰ ਆਪਸ ਵਿੱਚ ਪਿਆਰ ਨਾਲ ਬੋਲਣਾ ਚਾਹੀਦਾ ਹੈ। ਘਰ ਦੇ ਸਾਰੇ ਜੀਆਂ ਨੂੰ ਆਪਸ ਵਿੱਚ ਇਕ ਦੂਜੇ ਦਾ ਸਤਿਕਾਰ ਕਰਨਾ ਚਾਹੀਦਾ ਹੈ। ਜੇ ਘਰ ਵਿੱਚ ਇੱਕ ਦੂਜੇ ਦਾ ਵਧੀਆ ਮਾਣ-ਸਤਿਕਾਰ ਹੋਵੇਗਾ ,ਤਾਂ ਬੱਚੇ ਆਪਣੇ ਆਪ ਬਹਾਰ ਇੱਕ ਦੂਜੇ ਨਾਲ ਪਿਆਰ ਨਾਲ ਗੱਲ ਕਰਨਗੇ।

ਸਾਡੇ ਸਾਹਮਣੇ ਅਜਿਹੀਆਂ ਉਦਾਹਰਨਾਂ ਹਨ, ਜੋ ਸਾਨੂੰ ਇਕ ਦੂਜੇ ਦਾ ਪਿਆਰ ਤੇ ਸਤਿਕਾਰ ਕਰਨ ਲਈ ਪ੍ਰੇਰਦੀਆਂ ਹਨ। ਕ੍ਰਿਸ਼ਨ ਅਤੇ ਸੁਦਾਮਾ ਦੀ ਜੋੜੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਕਿਸੇ ਇਨਸਾਨ ਨਾਲ ਵੀ ਪਿਆਰ ਕਰੋ, ਕਦੇ ਵੀ ਮਤਲਬ ਰੱਖ ਕੇ ਨਾ ਕਰੋ। ਦਿਖਾਵਾ ਕਰਕੇ ਕਦੇ ਵੀ ਪਿਆਰ ਨਾ ਕਰੋ। ਪਿਆਰ ਨੂੰ ਸਮਝਣਾ ਸਿੱਖੋ। ਜਿੱਥੇ ਦੋਸਤੀ ਗੂੜੀ ਹੁੰਦੀ ਹੈ, ਉਥੇ ਪਿਆਰ ਫਿਰ ਫਿੱਕਾ ਨਹੀਂ ਹੋ ਸਕਦਾ। ਜੋ ਇਨਸਾਨ ਪਿਆਰ ਕਰਦੇ ਹਨ, ਉੱਥੇ ਲੜਾਈ ਝਗੜਾ ਬਿਲਕੁੱਲ ਵੀ ਨਹੀਂ ਰਹਿੰਦਾ।

ਜਾਨਵਰਾਂ ਵਿੱਚ ਹੀ ਪਿਆਰ ਦੇਖਣ ਨੂੰ ਮਿਲਦਾ ਹੈ। ਪਿੱਛੇ ਜਿਹੇ ਮੈਂ ਵਿਹੜੇ ਵਿੱਚ ਬੈਠਾ ਸੀ ,ਦੇਖਿਆ ਕਿ ਇੱਕ ਚਿੜੀ ਦੇ ਪੈਰ ਵਿੱਚ ਕੋਈ ਨੁਕਸ ਸੀ ।ਤਾਂ ਦੂਜੀ ਚਿੜੀ ਨੇ ਆਪ ਚੋਗਾ ਚੁੱਗ ਕੇ ਉਸ ਦੇ ਮੂੰਹ ਵਿਚ ਪਾਇਆ। ਦੇਖੋ ਕਿੰਨੀ ਮਮਤਾ ਹੈ। ਜੋ ਅੱਜ ਤੇਜ਼ ਰਫ਼ਤਾਰ ਜ਼ਿੰਦਗੀ ਹੈ, ਇਸ ਵਿਚ ਪਿਆਰ ਸਿਰਫ਼ ਨਾਮਾਤਰ ਲਈ ਹੀ ਰਹਿ ਗਿਆ ਹੈ। ਜਿਸ ਕਰਕੇ ਰਿਸ਼ਤਿਆਂ ਦਾ ਘਾਣ ਹੋ ਰਿਹਾ ਹੈ। ਸਮਾਜ ਵਿਚ ਵਿਚਰਦੇ ਹੋਏ ਜੇ ਅਸੀਂ ਕਿਸੇ ਦਾ ਸਤਿਕਾਰ ਕਰਾਂਗੇ, ਤਾਂ ਸਾਡਾ ਉਸ ਨਾਲ ਵੀ ਪਿਆਰ ਵਧੀਆ ਰਹੇਗਾ। ਪਿਆਰ ਨੂੰ ਸਿਰਫ਼ ਅਨੁਭਵ ਹੀ ਕੀਤਾ ਜਾ ਸਕਦਾ ਹੈ।

ਸੰਜੀਵ ਸਿੰਘ ਸੈਣੀ

ਮੋਹਾਲੀ 7888966168

 

Previous articleਦਰਿਆਵਾਂ ਦੀ ਗੱਲ ਕਰਦੀ ਕਵਿਤਾ
Next articleਏਹੁ ਹਮਾਰਾ ਜੀਵਣਾ ਹੈ -192