(ਸਮਾਜ ਵੀਕਲੀ)
ਜੇ ਪਰਮੇਸ਼ੁਰ ਕਣ ਕਣ ਵਿੱਚ ਸਮਾਇਆ ਐ,
ਫੇਰ ਮੰਦਿਆਂ ਨਾਲ ਕਿਉਂ ਨਫ਼ਰਤਾਂ ਕਰੀਆਂ ਨੇ।
ਜੇ ਦੁੱਖ ਸੁੱਖ ਸਭ ਨੂੰ ਮਿਲਦਾ ਲਿਖਿਆ ਕਰਮਾਂ ਦਾ,
ਫੇਰ ਡਾਕਟਰਾਂ ਕਿਉਂ ਡਿਗਰੀਆਂ ਕਰੀਆਂ ਨੇ।
ਜੇ ਹਰ ਕੋਈ ਆਪਣੀ ਮੌਤ ਲਿਖਾ ਕੇ ਲਿਆਉਂਦਾ ਐ,
ਫੇਰ ਤਿੰਨ ਸੌ ਦੋ ਦੀਆਂ ਕਿਉਂ ਧਰਾਵਾਂ ਘੜੀਆਂ ਨੇ।
ਜੇ ਉਹਦੀ ਰਜ਼ਾ ਤੋਂ ਬਿਨਾਂ ਪੱਤਾ ਵੀ ਹਿੱਲਦਾ ਨਹੀਂ,
ਫੇਰ ਹੱਥਾਂ ਵਿੱਚ ਕਿਉਂ ਲਾਇਸੰਸੀ ਰਫਲਾਂ ਫੜੀਆਂ ਨੇ।
ਉਹ ਮੌਤ ਤੋਂ ਮਗਰੋਂ ਸਵਰਗ ਦੀ ਇੱਛਾ ਰੱਖਦੇ ਨੇ,
ਜਿੰਨਾ ਜਿਉਂਦੇ ਜੀ ਨਰਕਾਂ ਦੀਆਂ ਪੌੜੀਆਂ ਚੜੀਆਂ ਨੇ।
ਦੋ ਬੇੜੀਆਂ ਦੇ ਸਵਾਰ ਪਾਰ ਕਦੇ ਵੀ ਲਗਦੇ ਨਹੀਂ,
ਮੁਹੋਂ ਰੱਬ ਰੱਬ ਦਿਲੋਂ ਦੁਨਿਆਵੀ ਘਾੜਤਾਂ ਘੜੀਆਂ ਨੇ।
ਤੇਰੀ ਸਮਝ ਚ ਇਹ ਗੋਰਖਧੰਦਾ ਆਉਣਾ ਨਹੀਂ,
ਰੋਟੀ ਖਾ ਕੇ ਸੌਂਜਾ ਆਲੂ ਵੜੀਆਂ ਧਰੀਆਂ ਨੇ।
ਬੂਟਾ ਸਿੰਘ ਭਦੌੜ



