ਜਗਤਾਰ ਸਿੰਘ ਹਿੱਸੋਵਾਲ
(ਸਮਾਜ ਵੀਕਲੀ) ਅਜੇ ਰੋਟੀ ਦੀ ਪਹਿਲੀ ਬੁਰਕੀ ਹੀ ਤੋੜੀ ਸੀ ਕਿ ਮੋਬਾਇਲ ਫੋਨ ਦੀ ਰਿੰਗ ਵੱਜਣ ਲੱਗੀ ।ਇਸ ਤੋਂ ਪਹਿਲਾਂ ਕਿ ਮੈਂ ਫੋਨ ਚੁੱਕ ਕੇ ਦੇਖਦਾ ਕਿ ਪਤਨੀ ਦੀ ਰਸੋਈ ‘ਚੌਂ ਆਵਾਜ਼ ਆਈ ,”ਹੁਣ ਮੋਬਾਇਲ ਨਾ ਚੁੱਕ ਕੇ ਬਹਿ ਜਾਇਓ ।ਰੋਟੀ ਖਾ ਲੋ ਚੈਨ ਨਾਲ ।”
ਮੇਰਾ ਰੋਟੀ ਖਾਂਦੇ ਦਾ ਵਾਰ- ਵਾਰ ਧਿਆਨ ਮੋਬਾਇਲ ਵੱਲ ਜਾ ਰਿਹਾ ਸੀ ।ਸੋਚ ਰਿਹਾ ਸਾਂ ਕਿ ਕੋਈ ਜ਼ਰੂਰੀ ਫੋਨ ਨਾ ਹੋਵੇ ।
ਰੋਟੀ ਅਜੇ ਅੱਧ ਵਿਚਕਾਰ ਹੀ ਸੀ ਕਿ ਮੋਬਾਇਲ ਦੀ ਦੁਬਾਰਾ ਫਿਰ ਰਿੰਗ ਵੱਜੀ ।ਮੈਂ ਰੋਟੀ ਛੱਡ ਕੇ ਮੋਬਾਇਲ ਚੁੱਕਿਆ । ਸਕਰੀਨ ਤੇ ਨਾਮਲੂਮ ਨੰਬਰ ਤੋਂ ਕਾਲ ਸੀ ।ਆਨ ਕਰਕੇ ਮੈਂ ‘ਹਾਂ ਜੀ ‘ ਕਿਹਾ ।
“ਸਤਿ ਸ੍ਰੀ ਅਕਾਲ ਸਰ ਜੀ ।”ਅੱਗੋਂ ਆਵਾਜ਼ ਆਈ।
“ਜੀ ਤੁਸੀ ਮੁਨਸ਼ੀ ਜੀ ਬੋਲਦੇ ਹੋ ? “ ਉਸਨੇ ਦੁਬਾਰਾ ਪੁੱਛਿਆ ।
“ਦੱਸੋ ਕੀ ਗੱਲ ਆ ..ਕੋਈ ਜ਼ਰੂਰੀ ਕੰਮ ਆ ..ਜੋ ਏਸ ਟੈਮ ਫੋਨ ਕੀਤਾ ।” ਮੈ ਪੁੱਛਿਆ ।
“ਜੀ ਮੇਰੇ ਪਾਸਪੋਰਟ ਦੀ ਇਨਕੁਆਰੀ ਆਈ ਹੈ ।ਮੈਂ ਤੁਹਾਨੂੰ ਮਿਲ ਕੇ ਗੱਲ ਕਰਨੀ ਚਾਹੁੰਦਾ ਸੀ ।ਕਿਸੇ ਨੇ ਦੱਸਿਆ ਸੀ ਕਿ ਮੁਨਸ਼ੀ ਜੀ ਬਹੁਤ ਚੰਗੇ ਨੇ ਤੂੰ ਮਿਲ ਕੇ ਗੱਲ ਕਰ ਲਵੀਂ ।” ਉਸ ਦੀ ਆਵਾਜ ਤੋ ਲੱਗ ਰਿਹਾ ਸੀ ਜਿਵੇਂ ਉਹ ਕੋਈ ਨੌਜਵਾਨ ਹੋਵੇ ।
“ਟੈਮ ਵੀ ਦੇਖ ਲਿਆ ਕਰੋ ਸ਼੍ਰੀ ਮਾਨ ਜੀ ।” ਉਸਦੀ ਗੱਲ ਸੁਣ ਕੇ ਮੈਨੂੰ ਖਿੱਝ ਆਈ ।
“ਜੀ ਮੈਂ ਕੱਲ੍ਹ .. ਤੁਹਾਨੂੰ ਮਿਲ ਸਕਦਾਂ ? “ ਉਸਨੇ ਝਿਜਕਦੇ ਜਿਹੇ ਤਰਲਾ ਜਿਹਾ ਕੀਤਾ ।
“ਇਸ ਵਿੱਚ ਮਿਲਣ ਦੀ ਕੀ ਗੱਲ ਆ ..ਮੈਂ ਤਾਂ ਰਿਪੋਰਟ ਕਰਨੀ ਆ …ਰਿਕਾਰਡ ਪੜਤਾਲ ਦੇਖ ਕੇ ਕਰ ਦੇਣੀ ਆ ।“ ਮੈ ਸਪੱਸ਼ਟ ਕਰਕੇ ਫੋਨ ਬੰਦ ਕਰਨਾ ਚਾਹਿਆ ।ਸਾਹਮਣੇ ਪਤਨੀ ਬੈਠੀ ਮੈਨੂੰ ਘੂਰ ਰਹੀ ਸੀ ਤੇ ਫੋਨ ਬੰਦ ਹੋਣ ਦਾ ਇੰਤਜ਼ਾਰ ਕਰ ਰਹੀ ਸੀ ਤਾਂ ਕਿ ਉਹ ਰੋਟੀ ਖੁਆ ਕੇ ਭਾਂਡੇ ਧੋ ਕੇ ਵਿਹਲੀ ਹੋਵੇ ।
“ਸਰ ਜੀ …ਥੋੜੀ ਦਿੱਕਤ ਹੈ ਜੀ ।ਮੈਂ ਮਿਲ ਕੇ ਦੱਸਣਾ ਚਾਹੁੰਦਾ ਹਾਂ ਜੀ ..ਪਲੀਜ ਸਰ ਜੀ ।” ਉਸਨੇ ਬਹੁਤ ਹੀ ਨਿਮਰ ਭਾਵ ਵਿੱਚ ਤਰਲਾ ਜਿਹਾ ਕੀਤਾ ।
“ਕੋਈ ਨਾ …ਕੱਲ੍ਹ ਆ ਜਾਵੀਂ ਥਾਣੇ ।” ਕਹਿ ਕੇ ਮੈਂ ਫੋਨ ਕੱਟ ਦਿੱਤਾ ।
ਪਤਨੀ ਬੋਲੀ ,”ਕਿਹੋ ਜਿਹੀ ਨੌਕਰੀ ਆ ..ਲੋਕ ਰਾਤ ਨੂੰ ਵੀ ਚੈਨ ਨ੍ਹੀਂ ਲੈਣ ਦਿੰਦੇ ।”
ਮੈਂ ਰੋਟੀ ਖਾ ਕੇ ਮੈਗਜ਼ੀਨ ਚੁੱਕ ਲਿਆ ਤਾਂ ਪਤਨੀ ਗੁੱਸੇ ਵਿੱਚ ਦੁੱਧ ਦਾ ਗਲਾਸ ਰੱਖਦੀ ਹੋਈ ਬੋਲੀ ,”ਅੱਧੀ ਰਾਤ ਹੋਈ ਪਈ …ਦੁੱਧ ਪੀ ਲੋ ..ਮੈਂ ਵੀ ਡਿੱਗਾਂ ..ਤੜਕੇ ਦੀ ਉੱਠੀ ਆਂ ।”
“ਐਵੇਂ ਨਾ ਗੁੱਸੇ ਹੋਇਆ ਕਰ । ਐਨੇ ਸਾਲ ਹੋ’ਗੇ ਵਿਆਹ ਨੂੰ ..ਤੂੰ ਅਜੇ ਤੱਕ ਆਪਣਾ ਸੁਭਾਅ ਨ੍ਹੀ ਬਦਲਿਆ ..ਤੂੰ ਕਿਉਂ ਨ੍ਹੀਂ ਸਮਝਦੀ ਕਿ ਤੂੰ ਇੱਕ ਪੁਲਿਸ ਮੁਲਾਜ਼ਮ ਦੀ ਘਰਵਾਲੀ ਏਂ ..ਨਾ ਕਿ ਕਿਸੇ ਮਾਸਟਰ ਦੀ ।” ਮੈ ਕਿਹਾ ।
“ਕਿਉਂ ਪੁਲੀਸ ਵਾਲਿਆਂ ਦੀ ਕੋਈ ਪਰਸਨਲ ਲਾਈਫ ਨ੍ਹੀਂ ਹੁੰਦੀ ।ਮਕਿਹਮਾ ਮਹਿਕਮਾ …ਘਰ ਵੀ ਮਹਿਕਮਾ ਤੇ ਬਾਹਰ ਵੀ ..ਆਪਣੀਆਂ ਟੈਨਸ਼ਨਾਂ ਥਾਣੇ ਹੀ ਛੱਡ ਕੇ ਆਇਆ ਕਰੋ ..ਕਦੇ ਘਰ ਦੀ ਤੇ ਬੱਚਿਆਂ ਦੀ ਗੱਲ ਕਰ ਲਿਆ ਕਰੋ ..ਉਹਨਾਂ ਬਾਰੇ ਸੋਚ ਲਿਆ ਕਰੋ ਕੁਝ ।” ਹੁਣ ਉਸਨੇ ਥੋੜ੍ਹੀ ਤਲਖੀ ਜਿਹੀ ਵਿੱਚ ਕਿਹਾ ।
“ਐਵੇਂ ਨਾ ਬੋਝ ਪਾਇਆ ਕਰ …ਵਾਹਿਗੁਰੂ ਹੈ ਨਾ ..ਆਪੇ ਸੋਚੂ ਸਾਡੇ ਬਾਰੇ ਤੇ ਬੱਚਿਆਂ ਬਾਰੇ ।” ਮੈਂ ਸਮਝਾਉਣ ਦੇ ਲਹਿਜੇ ਵਿੱਚ ਕਿਹਾ ।
ਮੈਂ ਮੈਗਜ਼ੀਨ ਵਿੱਚੋਂ ਕਵਿਤਾ ਪੜ੍ਹਨੀ ਚਾਹੁੰਦਾ ਸੀ ਪਰ ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਮੈਗਜ਼ੀਨ ਬੰਦ ਕਰਨ ਵਿੱਚ ਆਪਣੀ ਬੇਹਤਰੀ ਸਮਝੀ ।
ਦੂਜੇ ਦਿਨ ਕਰੀਬ 4 ਵਜੇ ਸ਼ਾਮ ਨੂੰ ਐੱਸ.ਪੀ. ਸਾਹਿਬ ਦੇ ਦਫ਼ਤਰ ਵਿੱਚ ਮੀਟਿੰਗ ਅਟੈਂਡ ਕਰਕੇ ਆਇਆ ਤਾਂ ਮੇਰੀ ਮੇਜ਼ ਦੇ ਸਾਹਮਣੇ ਕੁਰਸੀ ਤੇ ਇੱਕ ਸਰਦਾਰ ਨੌਜਵਾਨ ਬੈਠਾ ਸੀ ।ਮੈਂ ਫਾਇਲ ਮੇਜ਼ ਤੇ ਰੱਖਦਿਆਂ ਦੁਬਾਰਾ ਇੱਕ ਵਾਰ ਫਿਰ ਉਸ ਨੌਜਵਾਨ ਨੂੰ ਚੰਗੀ ਤਰ੍ਹਾਂ ਦੇਖਿਆ ।ਉਸ ਦੀ ਪੱਗ ਦਾ ਜੱਸੜ ਸਟਾਈਲ ..ਸੋਹਣੇ ਨੈਣ ਨਕਸ਼ , ਕੱਟਵੀਂ ਦਾਹੜੀ ,ਮੁੱਛਾਂ ਹਲਕੀਆਂ ਉਤਾਂਹ ਨੂੰ …ਸਾਫ ਰੰਗ …ਪੂਰਾ ਪੰਜਾਬੀ ਨੌਜਵਾਨ ਸੀ।
“ਸਤਿ ਸ਼੍ਰੀ ਅਕਾਲ ਜੀ ।” ਉਸਨੇ ਕਿਹਾ ।
“ਹਾਂ ਜੀ ਦੱਸੋ ?” ਮੈਂ ਕੁਰਸੀ ਤੇ ਬੈਠਦੇ ਹੋਏ ਨੇ ਪੁੱਛਿਆ ।
ਉਸਦੇ ਬੋਲਣ ਤੋਂ ਪਹਿਲਾਂ ਹੀ ਮੇਰਾ ਸਹਾਇਕ ਬੋਲਿਆ ,” ਉਸਤਾਦ ਜੀ , ਇਹ ਆਪਣੇ ਪਾਸਪੋਰਟ ਦੀ ਇਨਕੁਆਰੀ ਦੇ ਸਬੰਧ ਵਿੱਚ ਆਇਆ ਜੀ ।”
“ਅੱਛਾ ..ਅੱਛਾ…ਰਾਤ ਤੂੰਹੀਂ ਫੋਨ ਕੀਤਾ ਸੀ ? “ ਮੈਨੂੰ ਸਮਝਣ ਵਿੱਚ ਦੇਰ ਨਾ ਲੱਗੀ ।
“ਹਾਂ ਜੀ । “ ਉਹ ਬੋਲਿਆ ।
“ਹਾਂ ਜੀ ਦਿਆ ਲੱਗਦਿਆ ..ਦਿਨੇ ਆ ਕੇ ਦੱਸ ਸਕਦਾ ਸੀ ..ਕੀ ਐਮਰਜੈਂਸੀ ਸੀ …।“ ਮੈਂ ਆਪਣਾ ਰਾਤ ਵਾਲਾ ਗੁੱਸਾ ਲਾਹੁੰਦਿਆਂ ਕਿਹਾ ।
“ਵੈਰੀ ਵੈਰੀ ਸੌਰੀ ਜੀ ..ਦਰਅਸਲ ਜੀ ..ਮੈ ਪ੍ਰੇਸ਼ਾਨੀ ਜਿਹੀ ਵਿੱਚ ਸੀ ।” ਉਹ ਸਰਮਿੰਦਾ ਜਿਹਾ ਹੁੰਦਾ ਬੋਲਿਆ ।
“ਤਾਂ ਕੀ ਹੱਲ ਹੋ ਗਿਆ ਪ੍ਰੇਸ਼ਾਨੀ ਦਾ …ਚੱਲ ਦੱਸ ਗੱਲ ਕੀ ਆ ?” ਮੈਂ ਪੁੱਛਿਆ ।
“ਜੀ ਮੇਰਾ ਨਾਮ ਯਾਦਵਿੰਦਰ ਸਿੰਘ ਹੈ ਜੀ …ਮੈਂ ਹਰਬੰਸਪੁਰੇ ਰਹਿੰਦਾ ਜੀ ।ਮੇਰੇ ਪਾਸਪੋਰਟ ਦੀ ਇਨਕੁਆਰੀ ਆ ਜੀ ।” ਉਹ ਬੋਲਿਆ ।
“ਇਹ ਤਾਂ ਤੂੰ ਰਾਤ ਵੀ ਦੱਸ ਦਿੱਤਾ ਸੀ ..ਮੈਂ ਰਿਕਾਰਡ ਦੇਖ ਕੇ ਆਪੇ ਰਿਪੋਰਟ ਕਰ ਦਿਆਂਗਾ ..ਤੁਸੀ ਜਾ ਸਕਦੇ ਹੋ ।” ਮੈਂ ਕਿਹਾ ।
ਏਨੇ ਵਿੱਚ ਮੈਨੂੰ ਸਰਕਾਰੀ ਨੰਬਰ ਤੇ ਇੱਕ ਫੋਨ ਆ ਗਿਆ । ਅਜੇ ਮੈ ਫੋਨ ਸੁਣਨ ਹੀ ਲੱਗਾ ਸੀ ਕਿ ਸਾਹਿਬ ਦੇ ਗੰਨਮੈਨ ਨੇ ਆ ਕੇ ਕਿਹਾ ਕਿ ਐੱਸ.ਐੱਚ.ਓ. ਸਾਹਿਬ ਨੇ ਬੁਲਾਇਆ ।ਮੈ ਉਵੇਂ ਹੀ ਕੰਨ ਨੂੰ ਫੋਨ ਲਾ ਕੇ ਡਾਇਰੀ ਚੁੱਕ ਕੇ ਮੁੱਖ ਅਫਸਰ ਸਾਹਿਬ ਦੇ ਦਫ਼ਤਰ ਵੱਲ ਤੁਰ ਗਿਆ ।
ਜਦੋਂ ਮੈਂ ਸਾਹਿਬ ਦੇ ਦਫ਼ਤਰ ਤੋਂ ਵਾਪਸ ਆਇਆ ਤਾਂ ਉਹ ਨੌਜਵਾਨ ਮੁਨਸ਼ੀ ਦਫ਼ਤਰ ਦੇ ਬਾਹਰ ਖੜ੍ਹਾ ਸੀ ।
“ਭਾਈ ਸਾਬ੍ਹ ..ਅਜੇ ਤੱਕ ਤੁਸੀ ਗਏ ਨ੍ਹੀਂ !” ਮੈਂ ਹੈਰਾਨੀ ਨਾਲ ਕਿਹਾ ।
“ਜੀ ਮੇਰੀ ਗੱਲ ਸੁਣ ਲੈਂਦੇ ਜੀ ਇੱਕ ਵਾਰ ..ਦਰਅਸਲ ਪਿਛਲੀ ਵਾਰ ਮੇਰਾ ਪਾਸਪੋਰਟ ਰਿਜੈਕਟ ਹੋ ਗਿਆ ਸੀ ।” ਉਸਨੇ ਤਰਲਾ ਜਿਹਾ ਕੀਤਾ ।ਇਸ ਵਾਰ ਮੈਨੂੰ ਉਹ ਇੱਕ ਮਜਬੂਰ ਜਿਹਾ ਨੌਜਵਾਨ ਲੱਗਿਆ ਪਰ ਉਸ ਦੇ ਪਹਿਰਾਵੇ ਅਤੇ ਉਸਦੀ ਸ਼ਕਲ ਸੂਰਤ ਤੋ ਨਹੀ ਲੱਗ ਰਿਹਾ ਸੀ ਕਿ ਉਸ ਵਿੱਚ ਕੋਈ ਕਮੀ ਹੋਵੇਗੀ ।
ਮੈਨੂੰ ਦਫ਼ਤਰ ਵੜ੍ਹਦਿਆਂ ਦੇਖ ਉਸਨੇ ਕਿਹਾ ,“ਜੀ ਇਕੱਲਿਆਂ ਗੱਲ ਕਰਨੀ ਸੀ …ਜੇ ਏਥੇ ਹੀ ਕਰ ਲੈਦੇ ਤਾਂ …।”
ਮੈ ਦਫਤਰ ਦੇ ਬਾਹਰ ਹੀ ਡਿਊਟੀ ਅਫਸਰ ਦੀ ਖਾਲੀ ਪਈ ਕੁਰਸੀ ਤੇ ਬੈਠਦੇ ਨੇ ਕਿਹਾ,”ਹਾਂ ਦੱਸ ਯਾਰ ..ਰਾਤ ਦਾ ਦਿਮਾਗ਼ ਖਾਧਾ ।”
“ਜੀ, ਮੈਂ ਸੱਚਾਈ ਦੱਸ ਕੇ ਤੁਹਾਡੀ ਮਦਦ ਚਾਹੁੰਦਾ ਹਾਂ …ਮੈਨੂੰ ਕਿਸੇ ਨੇ ਦੱਸਿਆ ਕਿ ਤੁਸੀ ਬਹੁਤ ਭਲੇ ਬੰਦੇ ਹੋ ।” ਉਸਨੇ ਕਿਹਾ ।
ਉਸਨੇ ਮੇਰੇ ਕੁੱਝ ਬੋਲਣ ਤੋਂ ਪਹਿਲਾਂ ਹੀ ਉਸਨੇ ਆਪਣੀ ਗੱਲ ਨੂੰ ਅੱਗੇ ਤੋਰਦਿਆਂ ਕਿਹਾ,”ਮੈ ਇੱਕ ਆਈਲੈੱਸ ਸੈਂਟਰ ਵਿੱਚ ਬੱਚਿਆਂ ਨੂੰ ਕੋਚਿੰਗ ਦਿੰਦਾ ਹਾਂ ।ਪਰ ਮੈਂ ਪਾਸਪੋਰਟ ਤੋਂ ਵਗੈਰ ਇਸ ਮੈ ਕੋਚਿੰਗ ਦੇਣ ਲਈ ਯੋਗ ਨਹੀਂ ਹਾਂ ।ਇਸ ਕਰਕੇ ਪਾਸਪੋਰਟ ਬਣਾ ਰਿਹਾ ਹਾਂ ।”
“ਪਾਸਪੋਰਟ ਬਣਨ ਵਿੱਚ ਕੀ ਦਿੱਕਤ ਹੈ ?” ਮੈਂ ਪੁੱਛਿਆ ।
“ਮੇਰੇ ਤੇ ਕਤਲ ਦਾ ਮੁਕੱਦਮਾ ਦਰਜ ਹੈ , ਇਸ ਕਰਕੇ …ਪਾਸਪੋਰਟ ਤੇ ਇਸ ਮੁਕੱਦਮੇ ਦੀ ਰਿਪੋਰਟ ਹੋ ਜਾਂਦੀ ਆ ।” ਉਸਨੇ ਸਹਿਜ ਹੀ ਦੱਸਿਆ ।
“ਓ ਹੋ ! …ਤੇਰੇ ਤੇ !!…ਇਹ ਕਿਵੇਂ ਹੋਇਆ ?” ਇਹ ਗੱਲ ਸੁਣ ਕੇ ਮੈ ਆਵਾਕ ਰਹਿ ਗਿਆ ।
“ ਜੀ …ਮੈ ਬਹੁਤ ਚੰਗੇ ਘਰ ਬਲੌਂਗ ਕਰਦਾ ਸੀ ।ਮੇਰੇ ਪਿਤਾ ਜੀ ਯੂਨੀਵਰਸਿਟੀ ਵਿੱਚ ਸਰਵਿਸ ਕਰਦੇ ਸਨ।ਮੈਂ ਪਲਸ ਟੂ ਤੱਕ ਸੀ.ਬੀ.ਐਸ.ਈ. ਮੀਡੀਅਮ ਵਿੱਚ ਪੜ੍ਹਿਆ ਹਾਂ ।ਮੈਂ ਪੜ੍ਹਨ ਨੂੰ ਤੇਜ਼ ਸੀ….ਮੈਂ ਉਦੋਂ ਬੀ.ਏ. ਸੈਕਿੰਡ ਵਿੱਚ ਪੜ੍ਹਦਾ ਸੀ ਖ਼ਾਲਸਾ ਕਾਲਜ ।ਅਸੀ ਕਾਲਜ ਵਿੱਚ ਪੰਜ ਮੁੰਡੇ ਇਕੱਠੇ ਰਹਿੰਦੇ ਸੀ । ਇੰਜ ਕਹਿ ਲਵੋ ਕਿ ਜੁੰਡੀ ਦੇ ਯਾਰ ਸੀ ।ਸਾਡਾ ਇੱਕ ਦੋਸਤ ਇੱਕ ਲੜਕੀ ਨੂੰ ਵੰਨ ਸਾਰੀਡ ਪਿਆਰ ਕਰਦਾ ਸ਼ੀ । ਇੱਕ ਦਿਨ ਉਸਨੇ ਉਸ ਲੜਕੀ ਨੂੰ ਕੰਨਟੀਨ ਵਿੱਚ ਕੁੱਝ ਬੋਲ ਦਿੱਤਾ ।ਤੇ ਲੜਕੀ ਨੇ ਇੱਕ ਪ੍ਰੋਫੈਸ਼ਰ ਕੋਲ ਕੰਪਲੇਂਟ ਕਰ ਦਿੱਤੀ ।ਉਹ ਪ੍ਰੋਫੈਸਰ ਬਹੁਤ ਖੱਟ ਦਿਮਾਗ਼ ਸੀ ।ਉਸਨੇ ਸਾਡੇ ਦੋਸਤ ਦੀ ਕਲਾਸ ਵਿੱਚ ਕੁੜੀਆਂ ਦੇ ਸਾਹਮਣੇ ਬਹੁਤ ਬੇਜੱਤੀ ਕੀਤੀ ।ਸਾਡਾ ਸਾਰਿਆਂ ਦਾ ਮੂਡ ਖਰਾਬ ਹੋ ਗਿਆ ।ਅਸੀ ਉਸਨੂੰ ਕਾਲਜ ਤੋਂ ਵਾਪਸ ਪਰਤਦੇ ਨੂੰ ਘੱਟ ਆਵਾਜਾਈ ਵਾਲੇ ਰੋਡ ਤੇ ਘੇਰ ਲਿਆ ..ਅਸੀ ਉਸਦੀ ਝਾੜ-ਝੰਬ ਹੀ ਕਰਨੀ ਚਾਹੁੰਦੇ ਸੀ ਤਾਂ ਕਿ ਆਪਣੇ ਦੋਸਤ ਦੀ ਬੇਜੱਤੀ ਦਾ ਬਦਲਾ ਲਿਆ ਜਾ ਸਕੇ । ਪਰ ਇਸ ਹੱਥੋਪਾਈ ਉਸਨੂੰ ਅਟੈਕ ਆ ਗਿਆ ਸੀ ਸ਼ਾਇਦ । ਉਹ ਡਿੱਗ ਪਿਆ ਅਸੀ ਡਰ ਗਏ ਤੇ ਉੱਥੋਂ ਭੱਜ ਗਏ । ਬਾਅਦ ਵਿੱਚ ਪਤਾ ਲੱਗਾ ਕਿ ਉਹ ਉੱਥੇ ਹੀ ਮਰ ਗਿਆ ਸੀ। ਅਸੀ ਅਜਿਹਾ ਨਹੀਂ ਸੀ ਕਰਨਾ …ਨਾਹੀਂ ਅਸੀ ਇਹ ਸੋਚਿਆ ਸੀ। ਜਵਾਨੀ ਦੇ ਨਸ਼ੇ ਵਿੱਚ ਕੀਤੀ ਗਲਤੀ ਨਾਲ ਸਾਡੇ ਘਰਾਂ ਦੀਆਂ ਖੁਸ਼ੀਆਂ ਗ੍ਰਹਿਣੀਆਂ ਗਈਆਂ ।ਸਾਡੇ ਤੇ ਉਹ ਮੁਕੱਦਮਾ ਚੱਲਦਾ ਹੈ । ਮੈਂ ਜੇਲ੍ਹ ਵਿੱਚ ਹੀ ਬੀ.ਏ. ਮੁਕੰਮਲ ਕੀਤੀ ਅਤੇ ਬਾਹਰ ਆ ਕੇ ਐਮ.ਏ. …। ਜ਼ਿੰਦਗੀ ਪਛਤਾਵੇ ਤੋਂ ਵਗੈਰ ਕੁੱਝ ਨਹੀ ਰਹਿ ਗਈ । ਘਰ ਦਾ ਤਾਣਾ ਬਾਣਾ ਖਿਲਰ ਗਿਆ ਹੈ ।ਮੰਮੀ ਡੈਡੀ ਮੇਰੇ ਭਵਿੱਖ ਨੂੰ ਦੇਖ ਕੇ ਝੂਰਦੇ ਰਹਿੰਦੇ ਹਨ ।…ਜਦੋ ਤੱਕ ਮੁਕੱਦਮਾ ਚਲਦਾ ਮੈਂ ਵਿਦੇਸ਼ ਨਹੀਂ ਜਾਣਾ …ਗੁਜ਼ਰ ਬਸਰ ਮੈ ਦਫਤਰ ਮੈ ਆਈਲੈੱਸ ਦੀ ਕੋਚਿੰਗ ਦਿੰਦਾ ਹਾਂ ..ਪਰ ਇਹਦੇ ਲਈ ਪਾਸਪੋਰਟ ਜ਼ਰੂਰੀ ਹੈ ।…ਮੈਂ ਤੁਹਾਡੀ ਸੇਵਾ ਕਰਨ ਨੂੰ ਤਿਆਰ ਹਾਂ । ਦੱਸੋ …? “ ਕਹਿੰਦੇ ਹੋਏ ਨੇ ਉਸਨੇ ਦੋਵੇਂ ਹੱਥ ਜੋੜੇ । ਉਸਦੀਆਂ ਅੱਖਾਂ ਹੰਝੂਆਂ ਨਾਲ ਭਿੱਜ ਗਈਆਂ ।
“ਮੈਨੂੰ ਸੇਵਾ ਦੀ ਲੋੜ ਨਹੀਂ ਹੈ …ਮੈਂ ਸਮਝ ਸਕਦਾ ਹਾਂ ਤੇਰੀ ਹਾਲਤ ਨੂੰ …ਪਰ ਸਿਆਣੇ ਪੁਲਿਸ ਅਫਸਰ ਕਹਿੰਦੇ ਹਨ ਕਿ ਕਦੇ ਦੂਜੇ ਦੀ ਕਬਰ ਵਿੱਚ ਲੱਤਾਂ ਨਹੀਂ ਪਾਈਦੀਆਂ ।” ਮੈਂ ਉਸ ਨੂੰ ਹੌਸਲਾ ਦੇਣ ਦੇ ਨਾਲ ਸਮਝਾਉਣਾ ਚਾਹਿਆ ।
ਸ਼ਾਮ ਨੂੰ ਮੈਂ ਉਸਦਾ ਪਾਸਪੋਰਟ ਫਾਰਮ ਕੱਢਿਆ ।ਰਿਕਾਰਡ ਪੜਤਾਲ ਕਰਵਾਈ । ਉਸ ਤੇ ਸੱਚ ਮੁੱਚ ਹੀ ਮੁਕੱਦਮਾ ਦਰਜ ਸੀ ।ਜਦੋ ਮੈਂ ਉਸਦੇ ਪਾਸਪੋਰਟ ਤੇ ਨਾਮੰਨਜੂਰ ਵਾਲੇ ਖਾਨੇ ਵਿੱਚ ਮੁੱਖ ਅਫਸਰ ਸਾਹਿਬ ਦੇ ਦਸਤਖ਼ਤ ਕਰਵਾਏ ਤਾਂ ਯਾਦਵਿੰਦਰ ਸਿੰਘ ਦੀਆਂ ਹੰਝੂਆਂ ਨਾਲ ਭਰੀਆਂ ਅੱਖਾਂ ਮੈਨੂੰ ਅੰਦਰ ਤੱਕ ਰੁਆ ਗਈਆਂ ਸਨ ।ਉਸ ਰਾਤ ਮੈਂ ਸ਼ਿਖਰ ਦੁਪਹਿਰੇ ਡੁੱਬੇ ਸੂਰਜਾਂ ਦਾ ਦਰਦ ਲੈ ਕੇ ਘਰ ਪਰਤਿਆ ਸੀ ।
132, ਸਿੰਗਲਾ ਇਨਕਲੇਵ
ਰਾਏਕੋਟ ਰੋਡ, ਮੁੱਲਾਂਪੁਰ ਜ਼ਿਲ੍ਹਾ ਲੁਧਿਆਣਾ 141104
ਮੋਬਾ . 98783 30324
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



