ਮਰਦੇ ਰਿਸ਼ਤੇ 

ਗੁਰਮੀਤ ਸਿੰਘ ਮਰਾੜ੍ਹ
  (ਸਮਾਜ ਵੀਕਲੀ)-“ਮਾਸਟਰ ਜੀ, ਜਿੰਨੀ ਛੇਤੀ ਹੋ ਸਕੇ,ਸਾਡੇ ਬੱਚੇ ਦਾ ਨਾਮ ਕੱਟ ਕੇ ਸਰਟੀਫਿਕੇਟ ਦੇ ਦਿਓ। ਅਸੀਂ ਇਹਨੂੰ ਪਿਉ ਕੋਲ਼ ਸੁੱਟ ਕੇ ਆਉਣਾ।” ਇੱਕ ਬਜ਼ੁਰਗ ਔਰਤ ਅਤੇ ਉਸ ਦੇ ਨਾਲ ਇੱਕ ਪੈਂਤੀ ਚਾਲੀ ਸਾਲ ਦੀ ਔਰਤ ਨੇ ਆਉਂਦੇ ਸਾਰ ਹੀ ਕਿਹਾ। ਅਸੀਂ ਹੈਰਾਨੀ ਨਾਲ ਵੇਖਣ ਲੱਗੇ।
“ਮਾਤਾ ਸ਼ੁਭ ਸ਼ੁਭ ਬੋਲ, ਬਥੇਰੇ ਲੋਕ ਬੱਚਿਆਂ ਨੂੰ ਤਰਸਦੇ ਹਨ ਅਤੇ ਤੂੰ ਸੁੱਟਣ ਦੀਆਂ ਗੱਲਾਂ ਕਰ ਰਹੀ ਹੈਂ।ਬੱਚਾ ਹੈ ਕੋਈ ਮਿੱਟੀ ਦੀ ਬੋਰੀ ਨਹੀਂ।” ਮੇਰੇ ਸਾਥੀ ਅਧਿਆਪਕ ਨੇ ਮਾਤਾ ਨੂੰ ਟੋਕਦਿਆਂ ਕਿਹਾ।ਜਵਾਨ ਔਰਤ ਬੁੱਤ ਬਣੀ ਹੋਈ ਬਿਲਕੁਲ ਚੁੱਪ ਬੈਠੀ ਹੋਈ ਸੀ।
“ਕੀ ਦੱਸਾਂ ਪੁੱਤ, ਇਹ ਮੇਰੀ ਧੀ ਹੈ। ਪ੍ਰਾਹੁਣਾ ਡੁੱਬੜਾ ਨਸ਼ਿਆਂ ਵਿੱਚ ਗਰਕ ਹੋਇਆ ਪਿਆ। ਪਤਾ ਨਹੀਂ ਕੀ ਅੱਗ ਸੁਆਹ ਅੰਦਰ ਸੁੱਟੀ ਜਾਂਦਾ। ਘਰ ਦੀਆਂ ਚੀਜ਼ਾਂ ਵੇਚ ਵੱਟ ਆਪਣੀ ਲੱਤ ਪੂਰੀ ਕਰੀ ਜਾਂਦਾ, ਟੱਬਰ ਟੀਹਰ ਦੀ ਕੋਈ ਸੋਝੀ ਨਹੀਂ।ਇਹ ਮੇਰੀ ਸੋਨੇ ਵਰਗੀ ਧੀ ਨੂੰ ਕੁੱਟ ਮਾਰਕੇ ਘਰੋਂ ਕੱਢ ਦਿੱਤਾ।ਇਹ ਜੁਆਕ ਨੂੰ ਆਪਣੇ ਨਾਲ ਲੈ ਆਈ। ਇੱਥੇ ਔਖੇ ਸੌਖੇ ਪਾਲ਼ੀ ਜਾਂਦੇ ਸੀ ਪਰ ਹੁਣ ਹੱਥ ਖੜ੍ਹੇ ਹੋ ਗਏ, ਜਿੰਨਾ ਦਾ ਹੈ, ਆਪੇ ਸੰਭਾਲਣ। ਸਾਡੀ ਕੋਈ ਵਾਹ ਨਹੀਂ।” ਬਜ਼ੁਰਗ ਔਰਤ ਨੇ ਭਰੇ ਮਨ ਨਾਲ ਦੱਸਿਆ, ਬੱਚੇ ਦੀ ਮਾਂ ਦੀਆਂ ਅੱਖਾਂ ਵਿੱਚੋਂ ਲਗਾਤਾਰ ਹੰਝੂ ਵਹਿ ਰਹੇ ਸਨ।
“ਮਾਤਾ, ਸ਼ਰਾਬੀ ਕਬਾਬੀ ਬੱਚੇ ਨੂੰ ਕਿਵੇਂ ਸਾਂਭੂ, ਬੱਚੇ ਦੇ ਮਾਮੇ ਵਗੈਰਾ ਵੀ ਹੋਣਗੇ, ਐਨਾ ਤਾਂ ਉਹ ਵੀ ਕਰ ਸਕਦੇ ਹਨ। ਬੱਚੇ ਦੀ ਜ਼ਿੰਦਗੀ ਬਾਰੇ ਸੋਚੋ।” ਮੈਂ ਵੀ ਆਪਣੀ ਰਾਇ ਦੇਣ ਲੱਗਾ।
“ਪੁੱਤ,ਕੀ ਦੱਸਾਂ ਸਾਰੇ ਘਰੀਂ ਇੱਕੋ ਅੱਗ ਹੈ, ਇਸ ਦਾ ਮਾਮਾ ਵੀ ਕਿਹੜਾ ਚੰਗਾ ਹੈ।ਉਹੋ ਹਾਲ ਉਸ ਦਾ ਹੈ। ਜਿੰਨੇਂ ਕਮਾਂਉਦਾ, ਨਸ਼ਿਆਂ ਵਿੱਚ ਰੋੜ੍ਹ ਦਿੰਦਾ। ਹੁਣ ਕਚੀਰਾ ਪਾਈ ਬੈਠਾ ਮੈਂ ਕੁੜੀ ਨੂੰ ਤਾਂ ਰੋਟੀ ਦੇਈ ਜਾਂਦਾ, ਜੁਆਕ ਨਹੀਂ ਮੈਥੋਂ ਪਲ਼ਦੇ। ਇਹਨੂੰ ਉੱਥੇ ਸੁੱਟ ਕੇ ਆਓ। ਹੁਣ ਪੱਥਰ ਦਿਲ ਤੇ ਧਰਨਾ ਪੈਣਾ….। ਤੁਸੀਂ ਮਾਂ ਦੇ ਸਾਈਨ ਸੂਨ ਕਰਾ ਬੱਚੇ ਦੇ ਕਾਗਜ਼ ਦੇ ਦਿਓ। ਨਸ਼ਿਆਂ ਨਾਲ ਇਕੱਲੇ ਬੰਦੇ ਹੀ ਨਹੀਂ ਮਰਦੇ, ਲੱਗਦਾ ਰਿਸ਼ਤੇ ਵੀ ਮਰ ਗਏ।” ਬਜ਼ੁਰਗ ਔਰਤ ਨੇ ਹੌਂਕਾ ਭਰਿਆ, ਮਾਂ ਬਿਨਾਂ ਕੁੱਝ ਬੋਲੇ ਪੱਥਰ ਦੀ ਮੂਰਤ ਬਣੀ ਬੈਠੀ ਸੀ।
ਗੁਰਮੀਤ ਸਿੰਘ ਮਰਾੜ੍ਹ,
ਸੰ:9501400397 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨੋਰਵੁੱਡ ਸਕੂਲ ਬਲਾਚੌਰ ਦੇ ਬੱਚਿਆਂ ਨੇ ਕੀਤੀ ਪ੍ਰਭ ਆਸਰਾ ਵਿਖੇ ਸ਼ਿਰਕਤ
Next articleਗ਼ਜ਼ਲ