ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।ਜੈ ਭੀਮ ਜੈ ਭਾਰਤ।
ਜੈ ਗੁਰਦੇਵ ਧੰਨ ਗੁਰਦੇਵ। ਜੈ ਭਗਵਾਨ ਵਾਲਮੀਕਿ ਜੀ- ਜੈ ਸਤਿਗੁਰੂ ਰਵਿਦਾਸ ਜੀ ।
ਲੁਧਿਆਣਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਜਰੂਰੀ ਮੀਟਿੰਗ ਮਿਤੀ 3 ਮਈ 2025, ਦਿਨ ਸ਼ਨੀਵਾਰ ਸ਼ਾਮ 4.30 ਵਜੇ ਸਥਾਨ ਗੁਰਦੁਆਰਾ ਗੁਰੂ ਰਵਿਦਾਸ ਜੀ, ਜਮਾਲਪੁਰ ਅਵਾਣਾ, ਚੰਡੀਗੜ੍ਹ ਰੋਡ , ਲੁਧਿਆਣਾ। ਸੰਪਰਕ -9876975655 ਸਾਰੇ ਬਹੁਜਨ ਸਮਾਜ ਨੂੰ ਬੇਨਤੀ ਹੈ ਕਿ ਗੁਰਦੁਆਰਾ ਗੁਰੂ ਰਵਿਦਾਸ ਜੀ, ਜਮਾਲਪੁਰ ਅਵਾਣਾ, ਚੰਡੀਗੜ੍ਹ ਰੋਡ , ਲੁਧਿਆਣਾ ਨੂੰ ਗਰੇਟਰ ਲੁਧਿਆਣਾ ਏਰੀਆ ਡਿਵੈਲਪਮੇਂਟ ਅਥਾਰਿਟੀ (ਗਲਾਡਾ) ਵੱਲੋ ਪੱਤਰ ਨੰਬਰ:ਮਿ.ਅ/ਗਲਾਡਾ/ਲੁਧਿ/1499 ਮਿਤੀ 25/3/25 ਦਾ ਇੱਕ ਨੋਟਿਸ ਆਇਆ ਹੈ ਕਿ ਗੁਰਦੁਆਰਾ ਸਾਹਿਬ ਦੀ ਜ਼ਮੀਨ ਮਾਲਕੀ ਦਾ ਸਬੂਤ ਦਿਖਾਓ ਜਾਂ ਫਿਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮ ਮੁਤਾਬਿਕ ਇਹ ਜਗਾਹ ਗਲਾਡਾ ਵੱਲੋ ਜਬਰੀ ਖਾਲੀ ਕਰਵਾ ਲਈ ਜਾਵੇਗੀ ।ਇਸ ਵਿੱਚ ਕਿਹਾ ਗਿਆ ਹੈ ਕਿ ਤੁਸੀਂ ਗਲਾਡਾ ਦੀ ਉਕਤ ਜਮੀਨ ਤੇ ਗੁਰਦੁਆਰਾ ਨਾਮ ਦੀ ਦੁਕਾਨ ਬਣਾ ਕੇ ਨਾਜਾਇਜ ਕਬਜਾ ਕੀਤਾ ਹੋਇਆ ਹੈ।ਇਸ ਨੋਟਿਸ ਮੁਤਾਬਿਕ ਸੱਤ ਦਿਨਾਂ ਅੰਦਰ ਜਮੀਨ ਦੀ ਮਾਲਕੀ ਦੇ ਕਾਗਜਾਤ ਨਾ ਦਿਖਾਉਣ ਦੀ ਸੂਰਤ ਵਿੱਚ ਗਲਾਡਾ ਵੱਲੋਂ ਇੱਕ ਤਰਫਾ ਕਾਰਵਾਈ ਕਰਦੇ ਹੋਏ ਇਸ ਜਮੀਨ ਤੋਂ ਗੁਰਦੁਆਰਾ ਸਾਹਿਬ ਦਾ ਨਾਜਾਇਜ ਕਬਜਾ ਖਾਲੀ ਕਰਵਾਉਣ ਦੀ ਧਮਕੀ ਦਿੱਤੀ ਗਈ ਹੈ।
ਉਪਰੋਕਤ ਨੋਟਿਸ ਕਰਕੇ ਗੁਰਦੁਆਰਾ ਗੁਰੂ ਰਵਿਦਾਸ ਜੀ ਨਾਲ਼ ਜੁੜੀਆਂ ਸਾਰੀਆਂ ਸੰਗਤਾਂ ਵਿੱਚ ਭਾਰੀ ਰੋਸ ਅਤੇ ਸਹਿਮ ਪੈਦਾ ਹੋ ਗਿਆ ਹੈ।ਭਾਰਤ ਪਾਕਿਸਤਾਨ ਦੀ ਵੰਡ ਵੇਲੇ ਸਾਡੇ ਬਜੁਰਗਾਂ ਨੇ ਆਪਣੇ ਨਾਲ਼ ਲਿਆਂਦੇ ਗੁਰੂ ਗਰੰਥ ਸਾਹਿਬ ਦੇ ਸਰੂਪ ਇਸ ਗੁਰਦੁਆਰਾ ਸਾਹਿਬ ਦੇ ਕੱਚੇ ਕੋਠੇ ਵਿੱਚ ਲਿਆ ਕੇ ਸੁਸ਼ੋਭਿਤ ਕੀਤੇ ਸਨ ਅਤੇ ਉਦੋਂ ਤੋਂ ਸਾਡੇ ਪਰਿਵਾਰਾਂ ਅਤੇ ਸਮਾਜ ਦੇ ਮਰਨੇ/ ਪਰਨੇ ਖੁਸ਼ੀਆਂ/ਗਮੀਆਂ ਹਰ ਸਮੇਂ ਇਸ ਗੁਰੂ ਘਰ ਦੇ ਓਟ ਆਸਰੇ ਹੁੰਦੇ ਆਏ ਹਨ।ਅਸਟੇਟ ਅਫਸਰ ਗਲਾਡਾ ਅਮਨ ਗੁਪਤਾ ਵੱਲੋਂ ਗੁਰਦੁਆਰਾ ਸਾਹਿਬ ਨੂੰ “ਦੁਕਾਨ” ਦਸ ਕੇ ਸਾਡੇ ਹਿਰਦਿਆਂ ਤੇ ਬੇਹਦ ਗਹਿਰੀ ਚੋਟ ਕੀਤੀ ਗਈ ਹੈ। ਇਹ ਸਭ ਇਸ ਅਫਸਰ ਦੀ ਜਾਤੀਵਾਦੀ ਮਾਨਸਿਕਤਾ ਕਰਕੇ ਹੋ ਰਿਹਾ ਹੈ।ਇਹੋ ਜਿਹਾ ਹੀ ਇੱਕ ਨੋਟਿਸ – ਪੱਤਰ ਨੰਬਰ:/ਮਿ.ਅ./ਗਲਾਡਾ/ਲੁਧਿ/ 3106 ਮਿਤੀ 14 ਅਗਸਤ 2019 ਨੂੰ ਵੀ ਜਾਰੀ ਕੀਤਾ ਗਿਆ ਸੀ। ਉਸ ਸਮੇਂ ਵੀ ਸੰਗਤਾਂ ਦੇ ਸਹਿਯੋਗ ਨਾਲ਼ ਤਪ ਅਸਥਾਨ ਖੁਰਾਲਗੜ੍ਹ ਸਾਹਿਬ ਤੋਂ ਬਾਬਾ ਕੇਵਲ ਸਿੰਘ ਜੀ , ਸਤਿਗੁਰੂ ਰਵਿਦਾਸ ਸੰਤ ਸਮਾਜ ਪੰਜਾਬ, ਬਹੁਜਨ ਸਮਾਜ ਪਾਰਟੀ ਪੰਜਾਬ, ਸਤਿਗੁਰੂ ਰਵਿਦਾਸ ਧਰਮ ਸਮਾਜ ਪ੍ਰਧਾਨ ਆਨੰਦ ਕਿਸ਼ੋਰ ਜੀ, ਸਤਿਗੁਰੂ ਰਵਿਦਾਸ ਫੈਡਰੇਸ਼ਨ ਮੁਲਾਂਪੁਰ ਦਾਖਾ, ਅੰਬੇਦਕਰ ਨਵਯੁਵਕ ਦਲ,ਪ੍ਰਧਾਨ Dr. ਭੀਮ ਰਾਓ ਅੰਬੇਡਕਰ ਕਲੱਬ ਸਾਹਨੇਵਾਲ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਅੰਬੇਦਕਰੀ ਵਕੀਲ ਸਾਹਿਬਾਨ ਅਤੇ ਹੋਰ ਬਹੁਤ ਸਾਰੀਆਂ ਸਮਾਜਿਕ ਧਾਰਮਿਕ ਜੱਥੇਬੰਦੀਆਂ ਦੇ ਸਾਥੀਆਂ ਅਤੇ ਸਮੁੱਚੀ ਲੀਡਰਸ਼ਿਪ ਦੀ ਅਗਵਾਈ ਵਿੱਚ ਕੀਤੇ ਤਿੱਖੇ ਸੰਘਰਸ਼ ਸਦਕਾ ਗਲਾਡਾ ਵੱਲੋਂ ਗੁਰਦੁਆਰਾ ਗੁਰੂ ਰਵਿਦਾਸ ਜੀ ਨੂੰ ਢਾਹੁਣ ਲਈ ਆਏ ਹੋਏ ਗਲਾਡਾ ਦੇ ਸਰਕਾਰੀ ਬੁਲਡੋਜਰ ਸਿਰ ਤਲੀ ਤੇ ਧਰਕੇ ਹਜਾਰਾਂ ਦੀ ਗਿਣਤੀ ਚ ਇਕੱਠੀ ਹੋਈ ਸੰਗਤ ਦੇ ਵਿਰੋਧ ਕਾਰਨ ਗੁਰਦੁਆਰਾ ਸਾਹਿਬ ਦੀ ਇੱਟ ਵੀ ਨਹੀਂ ਹਿਲਾ ਸਕੇ ਸਨ ਜਦਕਿ ਗੁਰੂ ਘਰ ਦੇ ਨਜਦੀਕ ਲਗਭਗ 100 ਨਾਜਾਇਜ ਕਬਜੇ ਭਾਰੀ ਪੁਲਿਸ ਬਲਾਂ ਨੂੰ ਨਾਲ਼ ਲੈ ਕੇ ਬੁਲਡੋਜਰਾਂ ਨਾਲ਼ ਢਹਿ ਢੇਰੀ ਕਰ ਦਿੱਤੇ ਗਏ ਸਨ।ਅਸਲ ਵਿੱਚ ਲੁਧਿਆਣਾ ਚੰਡੀਗੜ੍ਹ ਮੁੱਖ ਮਾਰਗ (ਹਾਈਵੇ) ਤੇ ਸਥਿੱਤ ਹੋਣ ਕਰਕੇ ਇਹ ਜਮੀਨ ਅਰਬਾਂ ਰੁਪਏ ਮੁੱਲ ਦੀ ਹੈ ਅਤੇ ਸੱਤਾਧਾਰੀ ਰਾਜਨੀਤਕ ਨੇਤਾਵਾਂ ਨਾਲ਼ ਮਿਲ਼ ਕੇ ਲੈਂਡ ਮਾਫੀਆ ਗਲਾਡਾ ਅਫਸਰਾਂ ਦੇ ਜਰੀਏ ਗੰਢ-ਤੁਪ ਕਰਕੇ ਇਸ ਜਮੀਨ ਨੂੰ ਖਾਲੀ ਕਰਵਾ ਕੇ ਕੌਡੀਆਂ ਦੇ ਭਾਅ ਵਿੱਚ ਖਰੀਦਣਾ ਚਾਹੁੰਦਾ ਹੈ ਤਾਂ ਜੋ ਇਸ ਤੋਂ ਅੰਨੀ ਕਮਾਈ ਕੀਤੀ ਜਾ ਸਕੇ।ਅਸੀਂ ਕਿਸੇ ਵੀ ਕੀਮਤ ਤੇ ਇਹਨਾਂ ਦੇ ਮਾੜੇ ਇਰਾਦੇ ਪੂਰੇ ਨਹੀਂ ਹੋਣ ਦਿਆਂਗੇ।
ਦਿੱਲੀ ਤੁਗਲਕਾਬਾਦ ਵਿੱਚ ਵੀ ਗੁਰੂ ਰਵਿਦਾਸ ਮੰਦਿਰ ਦਾ ਇਹੋ ਜਿਹਾ ਹੀ ਮਸਲਾ ਸੀ।ਦਿੱਲੀ ਦੀ ਤਰਾਂ ਜੇਕਰ ਕੋਈ ਮੰਦਭਾਗੀ ਕਾਰਵਾਈ ਹੋਣ ਤੋਂ ਬਾਅਦ ਵਿੱਚ ਸੜਕਾਂ ਤੇ ਆਏ ਤਾਂ ਕੋਈ ਫਾਇਦਾ ਨਹੀ ਹੋਏਗਾ। ਇਸ ਲਈ ਸਮਾਂ ਰਹਿੰਦੇ ਸੰਘਰਸ਼ ਕਰਨਾ ਜਰੂਰੀ ਹੈ। ਪੂਰੇ ਪੰਜਾਬ ਵਿੱਚ ਜਿਆਦਾਤਰ ਗੁਰੂ ਰਵਿਦਾਸ ਅਤੇ ਗੁਰੂ ਘਰ / ਮੰਦਿਰ ਸ਼ਾਮਲਾਟ ਜਾਂ ਸਰਕਾਰੀ ਜ਼ਮੀਨ ਵਿੱਚ ਹੀ ਬਣੇ ਹਨ । ਸਰਕਾਰ ਵੱਲੋਂ ਗੁਰਦੁਆਰਾ ਗੁਰੂ ਰਵਿਦਾਸ ਜੀ ਜਮਾਲਪੁਰ ਅਵਾਣਾ ਤੋਂ ਸ਼ੁਰੂ ਕਰਕੇ ਇਹ ਕਬਜੇ ਹਟਾਉਣ ਦਾ ਕੰਮ ਪੂਰੇ ਪੰਜਾਬ ਵਿੱਚ ਕੀਤਾ ਜਾਵੇਗਾ। ਸਰਕਾਰ ਕੋਲ ਬਹਾਨਾ ਹੈ ਹਾਈ ਕੋਰਟ ਦੇ ਹੁਕਮਾਂ ਦਾ । ਸਾਡੇ ਕੋਲ ਤਾਂ ਰਹਿਣ ਲਈ ਘਰ ਵੀ ਜਿਆਦਾਤਰ ਲਾਲ ਲਕੀਰਾਂ ਵਾਲੇ ਨੇ ਜਿਨ੍ਹਾ ਦੀ ਮਾਲਕੀ ਦਾ ਕੋਈ ਸਬੂਤ ਨਹੀਂ। ਕੱਲ ਨੂੰ ਘਰਾਂ ਦੀ ਵੀ ਵਾਰੀ ਆ ਜਾਣੀ ਹੈ।ਇਸ ਲਈ ਸਮਾ ਰਹਿੰਦੇ ਉਠਣਾ ਪੈਣਾ । ਆਰ ਜਾਂ ਪਾਰ ਦੇ ਸੰਘਰਸ਼ ਦਾ ਸਮਾ ਆ ਗਿਆ ਹੈ। ਇਸ ਵੇਲ਼ੇ ਸਮੁੱਚੇ ਭਾਈਚਾਰੇ ਨੇ ਇਹ ਤਹਿ ਕੀਤਾ ਹੈ ਕਿ ਅਸੀਂ ਸਰਕਾਰ ਨੂੰ ਜਾਂ ਗਲਾਡਾ ਨੂੰ ਇਹ ਨਹੀਂ ਕਹਿੰਦੇ ਕਿ ਤੁਸੀਂ ਇਸ ਨੋਟਿਸ ਦੀ ਧਮਕੀ ਪੂਰੀ ਕਰਨ ਲਈ ਗੁਰਦੁਆਰਾ ਸਾਹਿਬ ਢਾਹੁਣ ਲਈ ਨਾਂ ਆਓ। ਜੀ ਸਦਕੇ ਆਓ ਪਰ ਯਕੀਨ ਕਰਿਓ ਕਿ ਜਿੰਨੀ ਵੀ ਸਰਕਾਰੀ ਮਸ਼ੀਨਰੀ ਲਿਆ ਸਕਦੇ ਲਿਆਇਓ ਅਸੀਂ ਸਿਰ ਧੜ ਦੀ ਬਾਜੀ ਲਗਾ ਕੇ ਗੁਰਦੁਆਰਾ ਸਾਹਿਬ ਦੀ ਇੱਕ ਇੱਟ ਵੀ ਹਿੱਲਣ ਨਹੀਂ ਦੇਵਾਂਗੇ। ਅਸੀਂ ਹੁਣ ਸੰਘਰਸ਼ ਉਲੀਕਣ ਜਾ ਰਹੇ ਹਾਂ ਕਿ ਅਨੁਸੂਚਿਤ ਜਾਤੀ ਨਾਲ ਸਬੰਧਿਤ ਪੂਰੇ ਪੰਜਾਬ ਦੀਆਂ ਧਾਰਮਿਕ ਸਥਾਨਾ ਦੀਆ ਜਮੀਨਾਂ ਉਨ੍ਹਾਂ ਸਬੰਧਿਤ ਸਥਾਨਾਂ ਦੇ ਨਾਮ ਕੀਤੀਆਂ ਜਾਣ।ਪੰਜਾਬ ਭਰ ਵਿੱਚ ਕੇਂਦਰ ਸਰਕਾਰ ਦੀ ਯੋਜਨਾ ਤਹਿਤ ਲਾਲ ਲਕੀਰ ਵਾਲ਼ੇ ਘਰਾਂ ਦੀਆ ਰਜਿਸਟਰੀਆਂ ਕਰਾਈਆਂ ਜਾਣ ਤਾਂ ਕਿ ਦਬੇ ਕੁਚਲੇ ਗਰੀਬ ਲੋਕ ਵੀ ਇਸ ਧਰਤੀ ਦੇ ਕਿਸੇ ਟੁਕੜੇ ਨੂੰ ਆਪਣਾ ਕਹਿ ਸਕਣ।ਇਸ ਸੰਘਰਸ਼ ਨੂੰ ਸ਼ੁਰੂ ਕਰਨ ਅਤੇ ਇਸ ਦੀ ਵਿਉਂਤਬੰਦੀ ਬਨਾਉਣ ਖਾਤਿਰ ਜਰੂਰੀ ਮੀਟਿੰਗ ਮਿਤੀ 3 ਮਈ 2025, ਦਿਨ ਸ਼ਨੀਵਾਰ ਸ਼ਾਮ 4.30 ਵਜੇ ਸਥਾਨ ਗੁਰਦੁਆਰਾ ਗੁਰੂ ਰਵਿਦਾਸ ਜੀ, ਜਮਾਲਪੁਰ ਅਵਾਣਾ, ਚੰਡੀਗੜ੍ਹ ਰੋਡ , ਲੁਧਿਆਣਾ ਵਿਖੇ ਰੱਖੀ ਗਈ ਹੈ । ਸੰਪਰਕ -9876975655
ਪੰਜਾਬ ਦੇ ਬਹੁਜਨ ਸਮਾਜ ਦੀਆਂ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਰਵਿਦਾਸੀਆ ਜਥੇਬੰਦੀਆਂ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਪੰਜਾਬ , ਸਮਾਨਤਾਵਾਦੀ ਤੇ ਭਰਾਤਰੀ ਸੋਚ ਵਾਲੀਆਂ ਸਿੱਖ, ਮੁਸਲਿਮ ,ਈਸਾਈ , ਬੋਧੀ ਅਤੇ ਹੋਰ ਘਟ ਗਿਣਤੀ ਨਾਲ ਸੰਬੰਧਿਤ ਜਥੇਬੰਦੀਆਂ ਤੇ ਹਰੇਕ ਤਰਾਂ ਨਾਲ ਮਨੁਵਾਦੀ ਸੋਚ ਤੋਂ ਪੀੜ੍ਹਿਤ ਸੰਘਰਸ਼ ਸ਼ੀਲ ਲੋਕਾਂ ਨੂੰ ਇਸ ਜਰੂਰੀ ਮੀਟਿੰਗ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਜਾਂਦਾ ਹੈ । ਇਸ ਮੌਕੇ ਤੇ ਇੱਕ ਕਾਪੀ ਐਡਵੋਕੇਟ ਸ ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਬਸਪਾ ਪੰਜਾਬ, ਪ੍ਰਵੀਨ ਬੰਗਾ ਇੰਚਾਰਜ ਜੋਨ ਲੁਧਿਆਣਾ ਅਤੇ ਸੋਨੂੰ ਅੰਬੇਡਕਰ ਜੀ ਨੂੰ ਦਿੱਤੀ।ਗਲਾਡਾ ਨੋਟਿਸ ਦੀ ਕਾਪੀ ਨਾਲ ਭੇਜ ਰਹੇ ਹਾਂ ਜੀ। ਧੰਨਵਾਦ ਸਹਿਤ ਬੇਨਤੀ ਕਰਤਾ ਪ੍ਰਬੰਧਕ ਕਮੇਟੀ ਗੁਰਦੁਆਰਾ ਗੁਰੂ ਰਵਿਦਾਸ ਜੀ, ਜਮਾਲਪੁਰ ਅਵਾਣਾ , ਚੰਡੀਗੜ੍ਹ ਰੋਡ ਲੁਧਿਆਣਾ।
ਮਨਜੀਤ ਸਿੰਘ ਮੁੱਖ ਸੇਵਾਦਾਰ ਮੋਬਾਇਲ ਨੰਬਰ 9876975655


