ਪੁਸਤਕ ਬਾਰੇ….

(ਸਮਾਜ ਵੀਕਲੀ) ਤ੍ਰਿਲੋਕ ਸਿੰਘ ਢਿੱਲੋਂ ਪੰਜਾਬੀ ਦਾ ਇੱਕ ਬਹੁ-ਵਿਧਾਵੀ ਸਾਹਿਤਕਾਰ ਹੈ। ਉਸ ਦੀਆਂ ਮੌਲਿਕ ਪੁਸਤਕਾਂ ਵਿੱਚ ‘ਵਤਨ ਦੇ ਗੀਤ’ ( ਗੀਤ ਸੰਗ੍ਰਹਿ) ‘ਪਤ ਝੜ੍ਹੇ ਪੁਰਾਣੇ’ ( ਸੰਪੂਰਨ ਨਾਟਕ), ‘ਬਾਰ ਪਰਾਏ ਬੈਸਣਾ’ (ਇਕਾਂਗੀ/ਨਾਟਕ), ‘ ਪੰਜਾਬੀ ਸਾਹਿਤ ਦਾ ਇਤਿਹਾਸ’ (ਪ੍ਰਸ਼ਨ-ਉੱਤਰ), ‘ਸੁਪਨਿਆਂ ਦੇ ਆਰ-ਪਾਰ’ (ਗ਼ਜ਼ਲਾਂ ਤੇ ਕਵਿਤਾਵਾਂ ਸੰਗ੍ਰਹਿ), ‘ਤਰੀ ਵਾਲੇ ਕਰੇਲੇ’ (ਹਾਸ-ਵਿਅੰਗ ਸੰਗ੍ਰਹਿ), ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ‘ਸਮੇਂ ਦੇ ਹਾਣੀ’ (ਸੰਪਾਦਿਤ ਕਾਵਿ ਸੰਗ੍ਰਹਿ), ‘ਹਵਨ ਕੁੰਡ’ (ਸੰਪਾਦਿਤ ਕਵਿਤਾਵਾਂ ਤੇ ਲਲਿਤ ਨਿਬੰਧ ਸੰਗ੍ਰਹਿ) ਵੀ ਜ਼ਿਕਰਯੋਗ ਹਨ। ਇਸਦੇ ਨਾਲ਼ ਹੀ ਅੱਧੀ ਦਰਜਨ ਦੇ ਕਰੀਬ ਸਾਂਝੀਆਂ ਪੁਸਤਕਾਂ ਵਿੱਚ ਵੀ ਉਸ ਦੀਆਂ ਰਚਨਾਵਾਂ ਦੀ ਸ਼ਮੂਲੀਅਤ ਹੋਈ ਮਿਲਦੀ ਹੈ। ਹਥਲੀ ਪੁਸਤਕ ‘ਵਾਟ ਹਯਾਤੀ ਦੀ’ ਉਸਦੀਆਂ ਨਿਰੋਲ ਗ਼ਜ਼ਲਾਂ ਦਾ ਪਲੇਠਾ ਪੁਸਤਕ ਸੰਗ੍ਰਹਿ ਹੈ ਜਿਸ ਵਿੱਚ ਬਹੱਤਰ ਦੇ ਕਰੀਬ ਗ਼ਜ਼ਲਾਂ ਸੁਮਿਲਤ ਹਨ। ਤ੍ਰਿਲੋਕ ਸਿੰਘ ਢਿੱਲੋਂ ਇੱਕ ਜ਼ਦੀਦ ਸ਼ਾਇਰ ਹੈ ਜੋ ਕਿ ਅਜੋਕੇ ਸ਼ਾਇਰਾਂ ਵਿੱਚ ਆਪਣੀ ਵੱਖਰੀ ਪਹਿਚਾਣ ਰੱਖਦਾ ਹੈ। ਗ਼ਜ਼ਲ ਸਿਨਫ਼ ਅਰੂਜ਼ੀ ਬੰਦਿਸ਼ਾਂ ਵਿੱਚ ਵਿਚਰਨ ਵਾਲੀ ਇੱਕ ਔਖੀ ਤੇ ਅਨੋਖੀ ਵਿਧਾ ਹੈ ਪਰ ਢਿੱਲੋਂ ਨੂੰ ਇਸ ਸਿਨਫ਼-ਏ-ਸੁਖ਼ਨ ‘ਤੇ ਡਾਹਢਾ ਆਬੂਰ ਹਾਸਿਲ ਹੈ। ਉਹ ਉੱਘੇ ਪੰਜਾਬੀ ਸਾਹਿਤਕਾਰ ਤੇ ਅਲੋਚਕ ਪ੍ਰੋ. ਕਿਰਪਾਲ ਸਿੰਘ ਕਸੇਲ ਦਾ ਭਤੀਜਾ ਹੈ ਜੋ ਕਿ ਪ੍ਰੋ. ਕਸੇਲ ਦੀ ਸਾਹਿਤਕ ਵਿਰਾਸਤ ਨੂੰ ਅੱਗੇ ਤੋਰਨ ਵਾਲੇ ਸਾਹਿਤਕਾਰ ਵੀ ਹੈ। ਇਸ ਬਾਰੇ ਪ੍ਰੋ ਕਸੇਲ ਨੇ ਆਪਣੀ ਪੁਸਤਕ “ਮਿੱਤਰ ਅਸਾਡੜੇ ਸੇਈ” ਵਿੱਚ ਖ਼ੁਦ ਲਿਖਿਆ ਹੈ ਕਿ, ” ਕਸੇਲ ਪਰਿਵਾਰ ਵਿੱਚ ਸਾਹਿਤਕ ਹਰੀ ਵੇਲ, ਮੇਰੇ ਪੁੱਤਰ ਸਮਾਨ ਭਤੀਜੇ ਤ੍ਰਿਲੋਕ ਸਿੰਘ ਢਿੱਲੋਂ ਅਬੋਹਰ ਵੀ ਹੈ, ਜਿਸ ਦੁਆਰਾ ਬਹੁਤ ਸਾਰੀਆਂ ਸਾਹਿਤਕ ਰਚਨਾਵਾਂ ਹੋਂਦ ਵਿੱਚ ਆਈਆਂ।” ਇਸ ਗੱਲ ਦਾ ਪ੍ਰਤੀਕਰਮ ਦਿੰਦਿਆਂ ਤ੍ਰਿਲੋਕ ਸਿੰਘ ਢਿੱਲੋਂ ਨੇ ਹਥਲੀ ਪੁਸਤਕ ਦੇ ਪੰਨਾ ਨੰ: ਉਨੀਂ ‘ਤੇ ਆਪਣੇ ਵੱਲੋਂ ਲਿਖੇ ‘ਦੋ ਸ਼ਬਦ’ ਵਿੱਚ ਅੰਕਿਤ ਕੀਤਾ ਹੈ ਕਿ, ” ਚਾਚਾ ਜੀ ( ਪ੍ਰੋ ਕਸੇਲ) ਦੀ ਜਿਹੜੀ ਅੰਤਿਮ ਇੱਛਾ ਸੀ ਕਿ ਕਸੇਲ ਪਰਿਵਾਰ ਦੀ ਸਾਹਿਤਕ ਹਰੀ ਵੇਲ ਨੂੰ ਮੈਂ (ਢਿੱਲੋਂ) ਸਦਾ ਹਰੀ ਰੱਖਾਂ। ਸੋ, ਉਸ ਵੇਲ ਨੂੰ ਹਰਿਆ-ਭਰਿਆ ਰੱਖਣ ਦੇ ਮੇਰੇ ਵੱਲੋਂ ਯਤਨ ਜਾਰੀ ਹਨ।” ਇਸ ਦੇ ਮੱਦੇਨਜ਼ਰ ਢਿੱਲੋਂ ਨੇ ਕਈ ਸਾਹਿਤਕ ਵਿਧਾਵਾਂ ਵਿੱਚ ਰੁਚੀ ਦਿਖਾਈ, ਜਿਵੇਂ ਕਿ ਨਾਟਕ, ਕਹਾਣੀ, ਵਿਅੰਗ, ਗੀਤ, ਗ਼ਜ਼ਲ ਆਦਿ। ਤ੍ਰਿਲੋਕ ਸਿੰਘ ਢਿੱਲੋਂ ਦੀ ਗ਼ਜ਼ਲ ਸਿਨਫ਼ ‘ਤੇ ਗੱਲ ਕਰਨ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਸਾਹਿਤ ਸਮਾਜ ਦੀ ਅਜਿਹੀ ਦੇਣ ਹੈ ਜੋ ਸਮਾਜ ਦਾ ਬਿੰਬ ਉਘਾੜਨ ਦੇ ਨਾਲ਼-ਨਾਲ਼ ਸਮਾਜ ਦੀ ਵਿਆਖਿਆ ਵੀ ਕਰਦਾ ਹੈ ਅਤੇ ਮਨੁੱਖੀ ਜੀਵਨ ਦੀਆਂ ਕਦਰਾਂ-ਕੀਮਤਾਂ ਦੀ ਗਹਿਰਾਈ ਨਾਲ਼ ਤਰਮਾਨੀ ਵੀ ਕਰਦਾ ਹੈ। ਇਹ ਸ਼ੋਸ਼ਕ ਦੇ ਬਖੀਏ ਉਧੇੜਦਾ ਹੈ ਅਤੇ ਸ਼ੋਸ਼ਤ ਨੂੰ ਅਗਾਊਂ ਜਾਗਰੂਕ ਕਰਦਾ ਹੈ। ਸੋ ਸਮਾਜ ਤੋਂ ਲਾਂਭੇ ਹੋ ਕੇ ਕੀਤੀ ਸਾਹਿਤਕ ਰਚਨਾ ਚਾਹੇ ‘ਗਦ’ ਹੈ ਅਤੇ ਚਾਹੇ ‘ਪਦ’ , ਬੇਬੁਨਿਆਦ ਮੰਨੀ ਜਾਂਦੀ ਹੈ ਜਦੋਂ ਕਿ ਅਗਾਂਹ ਵਧੂ ਸਾਹਿਤ ਸਮਾਜਿਕ ਪ੍ਰਗਤੀ ਵਿੱਚ ਸਹਾਈ ਸਿੱਧ ਹੁੰਦਾ ਹੈ। ਅਸਲ ਵਿੱਚ ਸੰਸਾਰਿਕ ਤਾਣਾ-ਬਾਣਾ ਇੱਕ ਠੋਸ ਯਥਾਰਥ ਹੁੰਦਾ ਹੈ ਜਦੋਂ ਕਿ ਸਾਹਿਤਕਾਰ ਦੁਆਰਾ ਸਿਰਜਿਤ ਸਾਹਿਤ ਜਗਤ ਇਸਦਾ ਪ੍ਰਤੀਬਿੰਬ ਹੁੰਦਾ ਹੈ। ਸਾਹਿਤ ਆਪਣੇ ਅਸਤਿਤਵ ਲਈ ਸਮਾਜ ‘ਤੇ ਨਿਰਭਰ ਕਰਦਾ ਹੈ। ਇਸ ਲਈ ਤ੍ਰਿਲੋਕ ਸਿੰਘ ਜਿਹਾ ਜ਼ਦੀਦ ਤੇ ਚੇਤੰਨ ਸ਼ਾਇਰ ਸਮਾਜਿਕ ਪ੍ਰਾਣੀ ਦੇ ਰੂਪ ਵਿੱਚ ਆਪਣੀ ਕਿਰਤ ਲਈ ਰਚਨਾਤਮਿਕ ਵਸਤੂ ਦਾ ਆਧਾਰ ਨਿੱਜੀ ਵੇਦਨਾ/ਸੰਵੇਦਨਾ ਦੇ ਨਾਲ਼-ਨਾਲ਼ ਸਮਾਜ ਵਿੱਚੋਂ ਵੀ ਚੁਣਦਾ ਹੈ ਅਤੇ ਉਸਨੂੰ ਆਪਣੀ ਕਲਪਨਾ ਸ਼ਕਤੀ ਨਾਲ਼ ਮੇਲ ਕੇ ਸ਼ਿਲਪ ਵਿਧਾਨ ਦੇ ਨੇਮਾਂ ਅਨੁਸਾਰ ਸ਼ਾਬਦਿਕ ਸੰਰਚਨਾ ਵਿੱਚ ਪੇਸ਼ ਕਰਦਾ ਹੈ। ਅਸੀਂ ਆਖ ਸਕਦੇ ਹਾਂ ਕਿ ਤ੍ਰਿਲੋਕ ਸਿੰਘ ਢਿੱਲੋਂ ਦੀ ਹਥਲੀ ਪੁਸਤਕ ਦੀ ਕਾਵਿ ਸਿਰਜਣਾ ਸਮਾਜਿਕ ਸਰੋਕਾਰਾਂ ਦੇ ਨਾਲ਼-ਨਾਲ਼ ਨਿੱਜੀ ਵਲਵਲਿਆਂ ਨਾਲ਼ ਵੀ ਲਬਰੇਜ਼ ਹੈ। ਉਸਨੇ ਪਰਿਵਾਰਿਕ ਸੰਗਤੀਆਂ- ਵਸੰਗਤੀਆਂ ਦੇ ਨਾਲ਼-ਨਾਲ਼ ਨਾਰੀ ਵੇਦਨਾ ਨੂੰ ਵੀ ਆਪਣੀ ਸ਼ਾਇਰੀ ਦਾ ਆਧਾਰ ਬਣਾਇਆ ਹੈ। ਜੇਕਰ ਉਸਦੀਆਂ ਗ਼ਜ਼ਲਾਂ ਦੇ ਰੂਪਕ ਪੱਖ ਦੀ ਗੱਲ ਕਰੀਏ ਤਾਂ ਅਰੂਜ਼ੀ ਬੰਦਿਸ਼ਾਂ ਦੇ ਮੱਦੇਨਜ਼ਰ ਉਸ ਵੱਲ ਜਰਾ ਧਿਆਨ ਦੇਣ ਦੀ ਲੋੜ ਹੈ। ਪਰੰਤੂ ਇਸ ਬਾਰੇ ਉਸ ਨੇ ਪੰਨਾ ਨੰ: ਉਨੀਂ ‘ਤੇ ਆਪਣੇ ਵੱਲੋਂ ਲਿਖੇ ‘ ਦੋ ਸ਼ਬਦ’ ਵਿੱਚ ਉਸਨੇ ਖ਼ੁਦ ਇੰਕਸ਼ਾਫ਼ ਕੀਤਾ ਹੈ ਕਿ, ” ਕਾਵਿ ਵਿਧਾ ਗ਼ਜ਼ਲ ਦਾ ਮੈਨੂੰ ਕੋਈ ਡੂੰਘਾ ਗਿਆਨ ਜਾਂ ਅਨੁਭਵ ਨਹੀਂ ਹੈ, ਪਰੰਤੂ ਚੁਫ਼ੇਰੇ ਸਾਹਿਤ ਸੰਸਾਰ ਵਿੱਚ ਫੈਲੇ ਗ਼ਜ਼ਲ ਦੇ ਸੰਮੋਹਨ ਤੋਂ ਮੇਰਾ ਅੰਦਰਲਾ ਕਵੀ ਬਚ ਨਹੀਂ ਸਕਿਆ ਅਤੇ ਮਨ ਵਿੱਚ ਇਸ ਵਿਧਾ ‘ਤੇ ਵੀ ਕਲ਼ਮ ਅਜ਼ਮਾਈ ਕਰਨ ਦੀ ਪ੍ਰਬਲ ਇੱਛਾ ਊਸਲ-ਵੱਟੇ ਲੈਣ ਲੱਗੀ।”
ਪਰ ਫਿਰ ਵੀ ਕਈ ਜਗ੍ਹਾ ‘ਤੇ ਕਲਾ ਪੱਖ ਉੱਭਰ ਕੇ ਸਾਹਮਣੇ ਆਉਂਦਾ ਹੈ, ਜਿਵੇਂ ਕਿ :–
” ਜਦ ਤਾਕਤ ਤੇ ਹਉਮੈ ਮਿਲਕੇ, ਸਾਜ਼ਿਸ਼ ਰਚਦੇ ਨੇ,
ਬੰਦਾ ਫਿਰ ਬੰਦਾ ਨ੍ਹੀਂ ਦਿਸਦਾ, ਜਾਬਰ ਦਿਸਦਾ ਹੈ।” (ਪੰਨਾ — 25)
ਜੇਕਰ ਵਿਸ਼ਾ ਪੱਖ ਦੀ ਗੱਲ ਕਰੀਏ ਤਾਂ ਤ੍ਰਿਲੋਕ ਸਿੰਘ ਢਿੱਲੋਂ ਨੇ ਮਾਨਵੀ ਸਰੋਕਾਰਾਂ ਨੂੰ ਆਪਣੀ ਸਿਰਜਣਾ ਵਿੱਚ ਬਾਖ਼ੂਬੀ ਨਿਭਾਇਆ ਹੈ। ਉਸਦੀ ਸ਼ਾਇਰੀ ‘ਨਿੱਜ’ ਤੋਂ ‘ਪਰ’ ਦਾ ਸਫ਼ਰ ਤੈਅ ਕਰਦੀ ਹੈ। ਉਸਦੇ ਵਿਚਾਰਾਂ ਦਾ ਮੂਲ ਧੁਰਾ ਮਾਨਵੀ ਸਰੋਕਾਰਾਂ ਦੇ ਨਾਲ਼-ਨਾਲ਼ ਅਧਿਆਤਮਕ, ਦਾਰਸ਼ਨਿਕ, ਰੁਮਾਂਟਿਕ ਅਤੇ ਆਦਰਸ਼ਿਕ ਰਿਹਾ ਹੈ। ਉਸਦੇ ਕੁੱਝ ਸ਼ਿਅਰ ਦੇਖੋ :–
” ਐ ਦਿਲਬਰ ! ਪਿਆਸ ਮਿਟ ਜਾਣੀ ਸੀ ਮੇਰੀ ਸਾਰੀ ਉਮਰਾ ਦੀ
ਜੇ ਪਿਆਸਾ ਮਰਨ ‘ਤੇ ਮੇਰੇ ਤੂੰ ਦੋ ਅੱਥਰੂ ਵਹਾ ਦਿੰਦਾ ” ( ਪੰਨਾ — 91)
” ਤੁਸੀਂ ਜੇ ਵੰਡਣਾ ਨਾ ਛੱਡਿਆ ਇਸ ਧਰਤ ਮਾਤਾ ਨੂੰ
ਵਹੇਗਾ ਨਫ਼ਰਤੀ ਤੇਜ਼ਾਬ ਮਾਂ ਦੀ ਆਂਦਰਾਂ ਵਿੱਚ ਹੀ ” ( ਪੰਨਾ — 74)
” ਚੌਕੀਦਾਰ ਦੇ ਹੋਕੇ ਵਿੱਚੋਂ, ਬੂ ਹੰਕਾਰ ਦੀ ਆਵੇ
ਕਿਰਤੀ ਕਾਮੇ ਨੁਕਰੇ ਲਾ ‘ਤੇ, ਕਿੱਦਾਂ ਅਲਖ ਜਗਾਈਏ ” ( ਪੰਨਾ –79)
” ਅਸੀਂ ਰੁੱਖਾਂ ਦੇ ਕਤਲੇਆਮ ਦਾ ਸਿੱਟਾ ਭੁਗਤਦੇ ਹਾਂ
ਹੜ੍ਹਾਂ ਦੀ ਮਾਰ ਹੈ ਕਿਧਰੇ, ਕਿਤੇ ਰੁਸ ਕੇ ਗਈ ਬਾਰਿਸ਼ ” ( ਪੰਨਾ –76)
” ਚੈਨ ਦੀ ਨੀਂਦਰ ਤਾਂ ਉਹੀ ਲੋਕ ਸੌਂਦੇ ਰਾਤ ਨੂੰ
ਦਿਨ ਦੀਆਂ ਧੁੱਪਾਂ ‘ਚ ਢੋਂਦੇ ਨੇ ਜੋ ਸਿਰ ‘ਤੇ ਟੋਕਰੀ ” ( ਪੰਨਾ — 31)
” ਜਦ ਆਪਾਂ ਦੇ ਮਨ ਵਿੱਚ ਜੋਤ ਇੱਕੋ ਹੈ ਜਗਦੀ
ਕਿਉਂ ਹੈ ਚਿੰਤਾ ਫਿਰ ਜਿਸਮਾਂ ਦੀ ਦੂਰੀ ਦੀ ਯਾਰੋ ” ( ਪੰਨਾ — 50)
” ਅੱਧੀ ਰਾਤੀਂ ਤੇਜ਼ ਹਵਾ ਨੇ ਦਸਤਕ ਦਿੱਤੀ, ਬੂਹੇ ਖੜਕੇ
ਕੜੀਆਂ ਵਿਚਲੇ ਆਲ੍ਹਣਿਆਂ ਵਿੱਚ ਪਲਦੇ ਬੋਟਾਂ ਦੇ ਦਿਲ ਧੜਕੇ ” ( ਪੰਨਾ — 80)
” ਮੈਂ ‘ਢਿੱਲੋਂ’ ਵੇਖਦਾ ਜਦ ਆਈਨਾ ਤਾਂ ਸਹਿਮ ਜਾਂਦਾ ਹਾਂ, ਪਰੰਤੂ
ਸਮਝਦੇ ਨੇ ਚੁਫ਼ੇਰੇ ਮੈਨੂੰ ਬੀਬਾ ਹੀ ਅਜੇ ਇਨਸਾਨ , ਕੁੱਝ ਤਾਂ ” ( ਪੰਨਾ — 78)
ਇਸ ਤਰ੍ਹਾਂ ਇਸ ਹਥਲੀ ਪੁਸਤਕ ਵਿੱਚੋਂ ਹੋਰ ਵੀ ਸ਼ਿਅਰ ਕੋਡ ਕੀਤੇ ਜਾ ਸਕਦੇ ਹਨ। ਅੰਤ ਮੈਂ ਆਪਣੀ ਕਲ਼ਮ ਨੂੰ ਵਿਸ਼ਰਾਮ ਦਿੰਦਾ ਹੋਇਆ ਤ੍ਰਿਲੋਕ ਸਿੰਘ ਢਿੱਲੋਂ ਨੂੰ ਹਥਲੀ ਪੁਸਤਕ ‘ਵਾਟ ਹਯਾਤੀ ਦੀ’ ਦੇ ਪ੍ਰਕਾਸ਼ਿਤ ਹੋ ਕੇ ਪਾਠਕਾਂ ਦੇ ਸਨਮੁਖ ਹੋਣ ‘ਤੇ ਉਸਨੂੰ ਵਧਾਈ ਦਿੰਦਾ ਹਾਂ। ਆਸ ਕਰਦਾ ਹਾਂ ਕਿ ਇਹ ਪੁਸਤਕ ਸੁਹਿਰਦ ਪਾਠਕਾਂ ਦੇ ਜ਼ਰੂਰ ਪਸੰਦ ਆਵੇਗੀ। ਆਮੀਨ…।
–– ਮਾਲਵਿੰਦਰ ਸ਼ਾਇਰ
ਪਿੰਡ ਤੇ ਡਾਕ — ਸ਼ੇਰ ਸਿੰਘ ਪੁਰਾ ਤਹਿ ਤੇ ਜਿਲ੍ਹਾ — ਬਰਨਾਲਾ — ੧੪੮੧੦੦
ਸੰਪਰਕ — 947-818-5742



