ਨਾ ਤੋੜੀਂ ਰੁੱਖੜੇ ਤੂਤ ਦੇ…

ਡਾ. ਪ੍ਰਿਤਪਾਲ ਸਿੰਘ ਮਹਿਰੋਕ

ਡਾ. ਪ੍ਰਿਤਪਾਲ ਸਿੰਘ ਮਹਿਰੋਕ

(ਸਮਾਜ ਵੀਕਲੀ) ਰੁੱਖ ਤੇ ਮਨੁੱਖ ਦਾ ਸਾਥ ਤੇ ਦੋਹਾਂ ਦੀ ਸਾਂਝ ਮੁੱਢ ਕਦੀਮੀਂ ਹੈ। ਰੁੱਖ ਮਨੁੱਖ ਨੂੰ ਠੰਢੀਆਂ ਛਾਵਾਂ, ਮਿੱਠੀਆਂ ਹਵਾਵਾਂ, ਫਲ-ਫੁੱਲ, ਖ਼ੁਸ਼ਬੂ, ਰੰਗ, ਦਵਾਈਆਂ,ਵੰਨ-ਸੁਵੰਨੀ ਲੱਕੜੀ ਤੇ ਖਾਣ-ਪੀਣ ਦੇ ਅਨੇਕ ਪ੍ਰਕਾਰ ਦੇ ਪਦਾਰਥਾਂ ਨਾਲ ਮਾਲਾ-ਮਾਲ ਕਰਦੇ ਆਏ ਹਨ। ਇਹ ਕੁਦਰਤ ਦੇ ਸੰਤੁਲਨ ਨੂੰ ਕਾਇਮ ਰੱਖਣ ਅਤੇ ਵਾਤਾਵਰਨ ਨੂੰ ਸ਼ੁੱਧ ਬਣਾਈ ਰੱਖਣ ਵਿਚ  ਅਹਿਮ ਭੂਮਿਕਾ ਨਿਭਾਉਂਦੇ ਹਨ। ਰੁੱਖ ਧਰਤੀ ਦਾ ਸ਼ਿੰਗਾਰ ਹਨ ਅਤੇ ਇਹ ਅਣਗਿਣਤ ਨਾਵਾਂ ਨਾਲ ਜਾਣੇ ਜਾਂਦੇ ਹਨ। ਰੁੱਖਾਂ ਦੀ ਉਪਜ ਧਰਤੀ ਦੀ ਪ੍ਰਕਿਰਤੀ, ਪੌਣ-ਪਾਣੀ, ਮੌਸਮ, ਭੂਗੌਲਿਕ ਸਥਿਤੀ ਆਦਿ ਉਪਰ ਨਿਰਭਰ ਕਰਦੀ ਹੈ। ਧਰਤੀ ਦੇ ਸੁਭਾਅ ਮੁਤਾਬਕ ਉਸ ਉਪਰ ਪੈਦਾ ਹੋਣ ਵਾਲੇ ਰੁੱਖਾਂ ਵਿਚੋਂ ਮਨੁੱਖ ਆਪਣੀ ਪਸੰਦ ਦੇ ਰੁੱਖਾਂ ਦੀ ਦਰਜਾਬੰਦੀ ਕਰ ਲੈਂਦਾ ਹੈ ਅਤੇ ਉਸ ਦੇ ਪਸੰਦੀਦਾ ਰੁੱਖਾਂ ਨਾਲ ਉਸ ਦਾ ਰਿਸ਼ਤਾ ਗੂੜ੍ਹਾ ਹੁੰਦਾ ਜਾਂਦਾ ਹੈ। ਉਹ ਰੁੱਖ ਫਿਰ ਹੌਲੀ-ਹੌਲੀ ਲੋਕ ਜੀਵਨ ਅਤੇ ਲੋਕ ਸਾਹਿਤ ਵਿਚ ਆਪਣਾ ਵਿਸ਼ੇਸ਼ ਸਥਾਨ ਬਣਾ ਲੈਂਦੇ ਹਨ। ਇੱਥੇ ਗੱਲ ਕਰ ਰਹੇ ਹਾਂ ਲੋਕ ਜੀਵਨ ਦੇ ਬਹੁਤ ਨੇੜੇ ਰਹਿਣ ਵਾਲੇ ਰੁੱਖ ਤੂਤ ਦੀ। ਮਨੁੱਖ ਦਾ ਤੂਤ ਨਾਲ ਰਿਸ਼ਤਾ ਬਹੁਤ ਪੁਰਾਣਾ ਹੈ। ਤੂਤ ਦੇ ਰੁੱਖ ਨਾਲ ਕਈ ਲੋਕ ਕਹਾਣੀਆਂ, ਲੋਕ ਗਾਥਾਵਾਂ, ਲੋਕ ਅਖਾਣ, ਮੁਹਾਵਰੇ ਅਤੇ ਮਿੱਥਾਂ ਆਦਿ ਜੁੜੀਆਂ ਹੋਈਆਂ ਹਨ। ਤੂਤ ਨੂੰ ਬਨਸਪਤੀ ਵਿਗਿਆਨੀ ਮੋਰਸ ਅਲਬਾ ਦਾ ਨਾਂ ਦਿੰਦੇ ਹਨ। ਭਾਰਤ ਦੇ ਬਹੁਤੇ ਹਿੱਸਿਆਂ ਵਿਚ ਪਾਏ ਜਾਣ ਵਾਲੇ ਇਸ ਰੁੱਖ ਦੀ ਜ਼ਮੀਨ ਨੂੰ ਮੂਲ ਰੂਪ ਵਿਚ ਚੀਨ ਨਾਲ ਜੋੜਿਆ ਜਾਂਦਾ ਹੈ। ਸਾਧਾਰਨ ਹਾਲਤਾਂ ਵਿਚ ਇਸ ਸੰਘਣੇ ਰੁੱਖ ਦੀ ਔਸਤਨ ਉਚਾਈ 15 ਤੋਂ 20 ਫੁੱਟ ਦੇ ਦਰਮਿਆਨ ਮੰਨੀ ਜਾਂਦੀ ਹੈ। ਇਸ ਰੁੱਖ ਦੇ ਸਰੀਰ ਤੇ ਟਾਹਣੀਆਂ ਵਿਚਲਾ ਲਚਕੀਲਾਪਣ ਇਸ ਦੇ ਸੁਭਾਅ ਦਾ ਵਿਸ਼ੇਸ਼ ਲੱਛਣ ਹੈ। ਲਚਕੀਲੇਪਣ ਕਰਕੇ ਇਸ ਦੀਆਂ ਛਿਟੀਆਂ/ਲਗਰਾਂ ਨੂੰ ਕਈ ਤਰ੍ਹਾਂ ਦਾ ਸਾਜ਼ੋ-ਸਾਮਾਨ ਬਣਾਉਣ ਲਈ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ। ਤੂਤ ਦੀਆਂ ਛਿਟੀਆਂ ਤੋਂ ਟੋਕਰੀਆਂ, ਟੋਕਰੇ, ਛਾਬੇ ਆਦਿ ਬਣਾਏ ਜਾਂਦੇ ਹਨ। ਤੂਤ ਦੀਆਂ ਲਚਕੀਲੀਆਂ ਛਿਟੀਆਂ ਜੋ ਲਗਪਗ ਅੱਠ-ਦਸ ਫੁੱਟ ਤਕ ਲੰਮੀਆਂ ਵੀ ਹੋ ਸਕਦੀਆਂ ਹਨ, ਨੂੰ ਛਾਂਗ ਸੰਵਾਰ ਕੇ ਬੜੀ ਜੁਗਤੀ ਤੇ ਕਾਰੀਗਰੀ ਨਾਲ ਟੋਕਰੇ-ਟੋਕਰੀਆਂ ਬਣਾਈਆਂ ਜਾਂਦੀਆਂ ਹਨ। ਟੋਕਰੇ, ਟੋਕਰੀਆਂ ਤੇ ਛਾਬੇ ਆਮ ਘਰਾਂ ਦੇ ਨਿਤਾ-ਪ੍ਰਤੀ ਦੇ ਜੀਵਨ ਵਿਚ ਕਈ ਤਰ੍ਹਾਂ ਦੇ ਕੰਮ ਨਿਪਟਾਉਣ ਲਈ ਵਰਤੋਂ ਵਿਚ ਲਿਆਂਦੇ ਜਾਂਦੇ ਹਨ। ਪਹਿਲੇ ਸਮਿਆਂ ਵਿਚ ਟੋਕਰੇ-ਟੋਕਰੀਆਂ ਬਣਾਉਣ ਦੇ ਲੋਕ ਕਿੱਤੇ ਵਿਚ ਮੁਹਾਰਤ ਰੱਖਣ ਵਾਲੇ ਕਾਰੀਗਰਾਂ ਦੀ ਬਹੁਤ ਪੁੱਛ-ਪ੍ਰਤੀਤ ਹੁੰਦੀ ਸੀ। ਲੋਕ ਉਨ੍ਹਾਂ ਦੀ ਇਸ ਕਲਾ ਦੀ ਕਦਰ ਕਰਦੇ ਸਨ। ਤੂਤ ਦੇ ਰੁੱਖਾਂ ਨੂੰ ਖੂਹਾਂ ’ਤੇ, ਖੇਤਾਂ ਦਿਆਂ ਬੰੰਨਿਆਂ ’ਤੇ, ਖੇਤਾਂ ਦੇ ਕੋਨਿਆਂ ਨਾਲ ਖਾਲੀ ਪਏ ਥਾਂ ’ਤੇ ਉਗਾਇਆ ਜਾਂਦਾ ਸੀ। ਸਾਲ ਪਿੱਛੋਂ ਰੁੱਖ ਦੀ ਛੰਗਾਈ ਕਰਕੇ ਉਪਰੋਕਤ ਵਸਤਾਂ ਬਣਵਾ ਲਈਆਂ ਜਾਂਦੀਆਂ ਸਨ। ਛੰਗਾਈ ਵੀ ਹੋ ਜਾਂਦੀ ਸੀ, ਰੁੱਖ ਸਿਹਤਮੰਦ ਤੇ ਸਲਾਮਤ ਵੀ ਰਹਿੰਦਾ ਸੀ ਅਤੇ ਮਨੁੱਖ ਉਸਤੋਂ ਆਪਣੀਆਂ ਲੋੜਾਂ ਵੀ ਪੂਰੀਆਂ ਕਰ ਲੈਂਦਾ ਸੀ :
ਨਾ ਤੋੜੀਂ ਰੁੱਖੜੇ ਤੂਤ ਦੇ, ਜਿਹੜੇ ਅਸਾਂ ਹੱਥੀਂ ਲਾਏ
ਇਹ ਵੀ ਤਾਂ ਮੈਂ ਨਾ ਆਖਦੀ, ਇਹ ਰੁੱਖੜੇ ਤੁਧੋਂ ਸਵਾਏ।
ਤੂਤ ਆਪਣੇ ਗੁਣਾਂ-ਲੱਛਣਾਂ ਕਾਰਨ ਹੀ ਲੋਕ ਮਨ ਦੀ ਆਮ ਬੋਲ-ਚਾਲ ਦੀ ਭਾਸ਼ਾਈ ਮੁਹਾਰਤ ਅਤੇ ਮੁਹਾਵਰਿਆਂ ਦਾ ਹਿੱਸਾ ਬਣ ਸਕਿਆ ਹੈ। ਤੂਤ ਦੀ ਛਿਟੀ, ਤੂਤ ਦੀ ਲਗਰ, ਤੂਤ ਦਾ ਮੋਛਾ ਜਦੋਂ ਮੁਹਾਵਰਿਆਂ ਦਾ ਰੂਪ ਗ੍ਰਹਿਣ ਕਰਦੇ ਹਨ ਤਾਂ ਇਹ ਮੁਹਾਵਰੇ ਅਰਥ ਨੂੰ ਵੀ ਸਾਰਥਿਕਤਾ ਪ੍ਰਦਾਨ ਕਰਦੇ ਹਨ:
* ਮੁੰਡਾ ਰੋਹੀ ਦੀ ਕਿੱਕਰ ਤੋਂ ਕਾਲਾ
ਵਿਆਹ ਕੇ ਲੈ ਗਿਆ ਤੂਤ ਦੀ ਛਿਟੀ।
* ਲੱਛੀ ਬੰਤੋ ਧਰਮ ਦੀਆਂ ਭੈਣਾਂ
ਲਗਰਾਂ ਤੂਤ ਦੀਆਂ…
ਤੂਤ ਦੀ ਲੱਕੜ ਚੀੜ੍ਹੀ, ਸਖ਼ਤ ਤੇ ਮਜ਼ਬੂਤ ਹੁੰਦੀ ਹੈ। ਇਸ ਤੋਂ ਖੇਤੀ ਦੇ ਕਈ ਸੰਦ ਤਿਆਰ ਕੀਤੇ ਜਾਂਦੇ ਹਨ। ਇਸ ਦੀ ਲੱਕੜ ਦੇ ਮਜ਼ਬੂਤ ਹੋਣ ਕਾਰਨ ਹੀ ਹੇਠ ਲਿਖੇ ਮੁਹਾਵਰੇ ਨੇ ਜਨਮ ਲਿਆ ਜਾਪਦਾ ਹੈ:
* ਯਾਰੀ ਜੱਟ ਦੀ ਤੂਤ ਦਾ ਮੋਛਾ
ਕਦੇ ਨਾ ਵਿਚਾਲਿਉਂ ਟੁੱਟਦੀ।
* ਤੋੜਾ ਤੂਤ ਦਾ, ਜੇ ਧਵੇਂ ਨਾ
ਸਾਂਝ ਜੱਟ ਦੀ, ਜੇ ਭਵੇਂ ਨਾ।
ਪੰਜਾਬੀ ਲੋਕ ਗੀਤਾਂ ਵਿਚ ਤੂਤ ਦਾ ਜ਼ਿਕਰ ਕਈ ਕੋਣਾਂ ਤੋਂ ਹੋਇਆ ਵੇਖਿਆ ਜਾ ਸਕਦਾ ਹੈ :
* ਛੱਲਾ ਸਾਵਾ ਤੂਤ ਏ
ਵੇ, ਛੱਲਾ ਸਾਵਾ ਤੂਤ ਏ
ਲੱਗਾ ਆਵੀਂ ਖੂਹ ‘ਤੇ, ਮੇਰੀ ਜਾਨ ਮਲੂਕ ਏ
ਸੁਣ ਯਾਰ ਪਠਾਣਾਂ, ਦੱਸ ਜਾ ਟਿਕਾਣਾ…
* ਤੂਤਾ ਵੇ ਹਰਿਆਲਿਆ ਤੂਤਾ
ਤੂਤ ਪਲਮ ਦੇ ਸਾਵੇ
ਜਿਹੜੇ ਸੱਜਣ ਪਰਦੇਸ ਵਸੇਂਦੇ
ਮੈਂ ਮਰਾਂ ਤਿਨ੍ਹਾਂ ਦੇ ਹਾਵੇ…
ਤੂਤ ਦੇ ਰੁੱਖ ਦੇ ਕੁਦਰਤੀ ਲੱਛਣਾਂ ਤੇ ਇਸਦੇ ਨਿਵੇਕਲੇ ਸੁਭਾਅ ਬਾਰੇ ਪੰਜਾਬੀ ਦੇ ਕਈ ਲੋਕ ਗੀਤਾਂ ਵਿੱਚ ਜ਼ਿਕਰ ਹੋਇਆ ਹੈ। ਤੂਤ ਦੇ ਹਵਾਲੇ ਨਾਲ ਕਈ ਸਮਾਜਿਕ ਸੱਭਿਆਚਾਰਕ ਰਿਸ਼ਤਿਆਂ ਦੀ ਗੱਲ ਵੀ ਤੁਰਦੀ ਹੈ :
* ਅੰਬਾਂ ਤੇ ਤੂਤਾਂ ਦੀ ਵਾੜ ਕਰੋ, ਜੰਞ ਨੇੜੇ ਨੇੜੇ
ਬੀਬੀ ਜੀ ਦੇ ਬਾਬਲ ਨੂੰ ਖ਼ਬਰ ਕਰੋ, ਜੰਞ ਨੇੜੇ ਨੇੜੇ…।        * ਕਿੱਕਰਾਂ ਵੀ ਲੰਘ ਆਈ, ਬੇਰੀਆਂ ਵੀ ਲੰਘ ਆਈ,               ਲੰਘਣੋਂ ਰਹਿ ਗਏ ਤੂਤ
ਇਨ੍ਹਾਂ ਤੂਤਾਂ ਨੇ, ਲਈ ਜਵਾਨੀ ਸੂਤ…।
* ਅੰਬਾਂ ਤੇ ਤੂਤਾਂ ਦੀ ਠੰਢੀ ਠੰਢੀ ਛਾਮ ਨੀ
ਕੋਈ ਪਰਦੇਸੀ ਜੋਗੀ ਆ ਲੱਥੇ ਨੀ…
ਪੰਜਾਬੀ ਸਿੱਠਣੀਆਂ ਵਿਚ ਲਾੜੇ, ਜੀਜੇ, ਬਰਾਤੀਆਂ ਅਤੇ ਹੋਰ ਰਿਸ਼ਤੇਦਾਰਾਂ ਨੂੰ ਜਦੋਂ ਸਿੱਠਣੀਆਂ ਦਿੱਤੀਆਂ ਜਾਂਦੀਆਂ ਹਨ ਤਾਂ ਕਿਸੇ ਨਾ ਕਿਸੇ ਪ੍ਰਸੰਗ ਵਿਚ ਤੂਤ ਦਾ ਜ਼ਿਕਰ ਵੀ ਛਿੜਦਾ ਹੈ:
ਜਾਂਞੀਂ ਉਸ ਪਿੰਡੋਂ ਆਏ, ਜਿੱਥੇ ਤੂਤ ਵੀ ਨਾ
ਏਨ੍ਹਾਂ ਦੇ ਖੱਪੜਾਂ ਵਰਗੇ ਮੂੰਹ, ਭੋਰਾ ਰੂਪ ਵੀ ਨਾ।
ਤੂਤ ਦੇ ਰੁੱਖ ਨੂੰ ਲੱਗਣ ਵਾਲਾ ਫਲ ਬੇਸ਼ੱਕ ਪਸੰਦ ਨਹੀਂ ਕੀਤਾ ਜਾਂਦਾ, ਪਰ ਲੋਕ ਜੀਵਨ ਵਿਚ ਉਸ ਦਾ ਮਹੱਤਵ ਕਿਸੇ ਪੱਖ ਤੋਂ ਵੀ ਘੱਟ ਨਹੀਂ। ਤੂਤ ਦੇ ਫਲ ਨੂੰ ਤੂਤੀਆਂ ਕਿਹਾ ਜਾਂਦਾ ਹੈ। ਇਹ ਫਲ ਪੋਟਾ ਕੁ ਭਰ ਲੰਮਾ ਹੁੰਦਾ ਹੈ। ਖੱਟੀਆਂ, ਮਿੱਠੀਆਂ ਤੇ ਸਵਾਦਲੀਆਂ ਤੂਤੀਆਂ ਨੂੰ ਬੱਚੇ ਬੜੇ ਸ਼ੌਕ ਨਾਲ ਖਾਂਦੇ ਰਹੇ ਹਨ। ਲੋਕ ਚਕਿਤਸਾ ਵਿਚ ਤੂਤੀਆਂ ਦਾ ਬਹੁਤ ਮਹੱਤਵ ਦੱਸਿਆ ਜਾਂਦਾ ਹੈ। ਰੇਸ਼ਮ ਦੇ ਕੀੜੇ ਵੀ ਤੂਤ ਦੇ ਰੁੱਖਾਂ ’ਤੇ ਪਾਲੇ ਜਾਂਦੇ ਹਨ। ਇੰਜ, ਬਹੁਤ ਕੀਮਤੀ, ਖ਼ੂਬਸੂਰਤ ਤੇ ਲਾਸਾਨੀ ਕੱਪੜੇ ਦੇ ਨਿਰਮਾਣ ਨੂੰ ਆਧਾਰ ਪ੍ਰਦਾਨ ਕਰਨ ਵਾਲਾ ਵੀ ਤੂਤ ਦਾ ਰੁੱਖ ਹੀ ਹੁੰਦਾ ਹੈ। ਰੇਸ਼ਮ ਦੇ ਕੱਪੜੇ ਦਾ ਉਦਯੋਗ ਤੂਤ ਦੇ ਰੁੱਖ ਉੱਪਰ ਨਿਰਭਰ ਕਰਦਾ ਹੋਣ ਕਾਰਨ ਇਸ ਜਗਤ ਵਿੱਚ ਵੀ ਤੂਤ ਦੀ ਮਹਿਮਾ ਗਾਈ ਜਾਂਦੀ ਹੈ। ਜਿਵੇਂ ਜੀਵ-ਜੰਤੂਆਂ ਦੀਆਂ ਕਈ ਪਰਜਾਤੀਆਂ ਖ਼ਤਮ ਹੋ ਚੁੱਕੀਆਂ ਹਨ ਤੇ ਕਈ ਖ਼ਾਤਮੇ ਦੀ ਕਗਾਰ ’ਤੇ ਹਨ, ਇਸੇ ਤਰ੍ਹਾਂ ਬਨਸਪਤੀ ਦੀਆਂ ਕਈ ਵੰਨਗੀਆਂ ਅਤੇ ਰੁੱਖਾਂ ਦੀਆਂ ਕਈ ਨਸਲਾਂ ਵੀ ਖ਼ਤਮ ਹੋ ਗਈਆਂ ਹਨ ਜਾਂ ਖ਼ਤਮ ਹੋ ਰਹੀਆਂ ਹਨ। ਇਸ ਪਿੱਛੇ ਕੁਦਰਤ(ਮੌਸਮਾਂ ) ਦੀ ਕਰੋਪੀ ਵੀ ਜ਼ਿੰਮੇਵਾਰ ਹੋ ਸਕਦੀ ਹੈ ਅਤੇ ਮਨੁੱਖ ਦੀ ਸਵਾਰਥੀ ਬਿਰਤੀ ਤੇ ਲਾਲਚੀ ਸੁਭਾਅ ਵੀ। ਮਨੁੱਖ ਨੂੰ ਆਪਣੇ ਸੱਭਿਆਚਾਰਕ ਵਿਰਸੇ ਨਾਲ ਜੁੜੇ ਬਹੁਮੁੱਲੇ ਸਰਮਾਏ ਰੁੱਖਾਂ ਨੂੰ ਨਸ਼ਟ ਨਹੀਂ ਕਰਨਾ ਚਾਹੀਦਾ, ਸਗੋਂ ਇਸ ਦੀ ਸਾਂਭ-ਸੰਭਾਲ ਕਰਨ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਰੁੱਖਾਂ ਦੀ ਬੇਰਹਿਮੀ ਨਾਲ ਕੀਤੀ ਜਾਂਦੀ ਕਟਾਈ ਰੋਕਣ ਦੀ ਲੋੜ ਹੈ। ਸਭ ਪ੍ਰਕਾਰ ਦੇ ਰੁੱਖਾਂ ਨੂੰ ਵੱਡੀ ਗਿਣਤੀ ਵਿੱਚ ਲਾਉਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨ ਲਈ ਵਿਆਪਕ ਪੱਧਰ ’ਤੇ ਯਤਨ ਕੀਤੇ ਜਾਣੇ ਚਾਹੀਦੇ ਹਨ। ਇਸ ਨਾਲ ਧਰਤੀ ਸਿਹਤਮੰਦ ਰਹੇਗੀ ਤੇ ਵਾਤਾਵਰਨ ਵੀ ਸ਼ੁੱਧ ਰਹੇਗਾ। ਜੇ ਰੁੱਖ ਸੁਰੱਖਿਅਤ ਰਹਿਣਗੇ ਤਾਂ ਕੁਦਰਤ ਦੀ ਸੁੰਦਰਤਾ ਵੀ ਬਣੀ ਰਹਿ ਸਕੇਗੀ ਅਤੇ ਮਨੁੱਖ ਦਾ ਭਲਾ ਵੀ ਇਸੇ ਵਿਚ ਹੋਵੇਗਾ। ਵਿਭਿੰਨ ਵੰਨਗੀਆਂ ਦੇ ਰੁੱਖਾਂ ਦੀ ਸਾਂਭ-ਸੰਭਾਲ ਕਰਨ ਦੇ ਨਾਲ ਨਾਲ ਤੂਤ ਦੇ ਰੁੱਖ ਲਗਾਉਣ ਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨ ਦੀ ਲੋੜ ਤੇ ਮਹੱਤਵ ਨੂੰ ਸਮਝਣਾ ਚਾਹੀਦਾ ਹੈ।
*****
185-ਵਸੰਤ ਵਿਹਾਰ, ਡੀ.ਸੀ. ਰੈਜ਼ੀਡੈਂਸ ਰੋਡ,
                              ਹੁਸ਼ਿਆਰਪੁਰ- 146 001

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤਰੱਕੀਆਂ ਦੇ ਨਾਂ ਤੇ ਮਾਸਟਰ ਕਾਡਰ ਨਾਲ ਕੋਝਾ ਮਜਾਕ -ਡੀ. ਟੀ. ਐਫ਼
Next article“ਆਜ਼ਾਦੀ ਅਤੇ ਸਮਾਨਤਾ ਦੇ ਪ੍ਰਤੀਕ ਸਨ ਨੈਲਸਨ ਮੰਡੇਲਾ”