ਪਰ ਮੈਂ ਆਤਮ – ਹੱਤਿਆ ਨਹੀਂ ਕੀਤੀ “

(ਸਮਾਜ ਵੀਕਲੀ)– ਭਾਵੇਂ ਕਿ ਜ਼ਿੰਦਗੀ ਦੀ ਕੋਈ ਠੋਸ ਪਰਿਭਾਸ਼ਾ ਤਾਂ ਨਹੀਂ ਹੈ , ਪਰ ਲੱਗਦਾ ਹੈ ਕਿ ਜ਼ਿੰਦਗੀ ਦਾ ਸਫ਼ਰ ਇੱਕ ਸੜਕ ਵਾਂਗ ਹੀ ਹੈ ।ਇਸ ਸਫ਼ਰ ਵਿੱਚ ਹਮੇਸ਼ਾ ਸਿੱਧੇ ਤੇ ਸਾਫ਼ – ਸੁਥਰੇ ਰਸਤੇ ਨਹੀਂ ਮਿਲਦੇ। ਜਿਸ ਤਰ੍ਹਾਂ ਸੜਕ ਕਦੇ ਉੱਭੜ – ਖਾਬੜ , ਕਦੇ ਪੱਧਰੀ , ਕਦੇ ਉੱਚੀ – ਨੀਵੀਂ ਅਤੇ ਹੋਰ ਵੱਖ – ਵੱਖ ਵੰਨਗੀਆਂ ਵਾਲੀ ਹੁੰਦੀ ਹੈ ; ਸ਼ਾਇਦ ਜ਼ਿੰਦਗੀ ਵੀ ਇਸੇ ਤਰ੍ਹਾਂ ਸੜਕ ਵਾਂਗ ਉਤਰਾਅ – ਚੜਾਅ ਸਮੇਟੇ ਅੱਗੇ ਵਧਦੀ ਰਹਿੰਦੀ ਹੈ। ਜ਼ਿੰਦਗੀ ਦੇ ਸਫ਼ਰ ਵਿੱਚ ਮੈਂ ਵੀ ਬਚਪਨ ਤੋਂ ਲੈ ਕੇ ਹੁਣ ਤੱਕ ਬਹੁਤ ਅਨੇਕਾਂ ਮਾੜੇ ਦੌਰਾਂ ਵਿੱਚੋਂ ਗੁਜ਼ਰਿਆ। ਅਤਿ ਦੇ ਗ਼ਰੀਬ ਪਰਿਵਾਰ ਵਿੱਚ ਜਨਮ ਲੈਣ ਕਰਕੇ ਹਮੇਸ਼ਾ ਰੋਟੀ – ਰਾਗ ਦੇ ਲਾਲੇ ਪਏ ਰਹਿੰਦੇ ਸਨ। ਭਾਵੇਂ ਕਿ ਔਖਾ – ਸੌਖਾ ਹੋ ਕੇ ਦਸਵੀਂ ਤੱਕ ਨਾਨਕਿਆਂ ਨੇ ਮੈਨੂੰ ਪੜ੍ਹਾਇਆ , ਪਰ ਉਸ ਤੋਂ ਬਾਅਦ ਦਾ ਜ਼ਿੰਦਗੀ ਦਾ ਸਫ਼ਰ ਬਹੁਤ ਕੌੜਾ – ਕੁਸੈਲਾ ਰਿਹਾ। ਜਿਸ ਵਿੱਚ ਮੈਨੂੰ ਅਨੇਕਾਂ ਫੈਕਟਰੀਆਂ , ਕਾਰਖਾਨਿਆਂ , ਵੱਡੇ – ਵਡੇਰੇ ਅਫ਼ਸਰਾਂ ਦੇ ਦਫਤਰਾਂ – ਘਰਾਂ ਅਤੇ ਹੋਰ ਦਫਤਰਾਂ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਲੋਕਾਂ ਦੇ ਘਰ ਜੂਠੇ ਬਰਤਨ ਸਾਫ਼ ਕਰਨੇ ਪਏ , ਝਾੜੂ – ਪੋਚੇ ਲਗਾਉਣੇ ਪਏ , ਕੱਪੜੇ ਧੋਣੇ ਪਏ , ਰਾਜ ਮਿਸਤਰੀਆਂ ਨਾਲ਼ ਮਜ਼ਦੂਰੀ ਕਰਨੀ ਪਈ ਤੇ ਹੋਰ ਬਹੁਤ ਸਾਰੇ ਪਾਪੜ ਵੇਲਣੇ ਪਏ , ਜਿਸ ਬਾਰੇ ਤੁਸੀਂ ਸ਼ਾਇਦ ਸੋਚਿਆ ਵੀ ਨਹੀਂ ਹੋਣਾ। ਅਨੇਕਾਂ ਥਾਂਵਾਂ ‘ਤੇ ਔਖੇ – ਸੌਖੇ ਹੁੰਦੇ ਹੋਏ ਜ਼ਿੰਦਗੀ ਦਾ ਸਫ਼ਰ ਤੈਅ ਕਰਦਿਆਂ – ਕਰਦਿਆਂ ਨਾਲ – ਨਾਲ ਘਰ ਦਾ ਗੁਜ਼ਾਰਾ ਚਲਾਇਆ ਅਤੇ ਨਾਲ ਦੀ ਨਾਲ ਆਪਣੀ ਉਚੇਰੀ ਪੜ੍ਹਾਈ ਪ੍ਰਾਈਵੇਟ ਤੌਰ ‘ਤੇ ਬਹੁਤ ਹੀ ਕਠਿਨਾਈਆਂ ਨਾਲ਼ ਜਾਰੀ ਰੱਖੀ। ਮੇਰੇ ਲਈ ਇਹ ਸਫ਼ਰ ਬਿਲਕੁਲ ਕੰਡਿਆਂ ਭਰਿਆ , ਉੱਭੜ – ਖਾਬੜ , ਪਥਰੀਲਾ ਅਤੇ ਬੇਹੱਦ ਠੋਕਰਾਂ ਭਰਿਆ ਰਿਹਾ। ਪਗ- ਪਗ ‘ਤੇ ਝਟਕੇ , ਜਲਾਲਤ , ਦੁੱਖ , ਠੋਕਰਾਂ , ਗ਼ਰੀਬੀ , ਤ੍ਰਿਸਕਾਰ , ਮਜ਼ਬੂਰੀ , ਮਾਨਸਿਕ ਪ੍ਰੇਸ਼ਾਨੀਆਂ ਅਤੇ ਘੋਰ ਸੰਤਾਪ ਨੂੰ ਆਪਣੇ ਪਿੰਡੇ ‘ਤੇ ਰੋਂਦੇ ਹੋਏ , ਪਰ ਬਹੁਤ ਦ੍ਰਿੜ ਇਰਾਦੇ ਨਾਲ਼ ਹੰਢਾਇਆ ; ਪਰ ਇਸ ਦੇ ਨਾਲ ਹੀ ਪ੍ਰਾਪਤ ਹੋਏ ਬਹੁਤ ਸਾਰੇ ਅਨੁਭਵ , ਤਜਰਬੇ ਅਤੇ ਗੁਰ – ਗਿਆਨ ।

ਜ਼ਿੰਦਗੀ ਦੇ ਅਜਿਹੇ ਸਫ਼ਰ ਵਿੱਚ ਸ਼ਾਇਦ ਜਿਊਣ ਦਾ ਮੇਰੇ ਲਈ ਕੋਈ ਮਕਸਦ ਨਹੀਂ ਸੀ ਰਿਹਾ , ਪਰ ਮੈਂ ਫੇਰ ਵੀ ਕਦੇ ਖੁਦਕੁਸ਼ੀ ਕਰਨ , ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਬਾਰੇ ਨਹੀਂ ਸੋਚਿਆ। ਹਮੇਸ਼ਾ ਇੱਕ ਆਸ ਲੈ ਕੇ ਅੱਗੇ ਵਧਦਾ ਰਿਹਾ ਕਿ ਕਦੇ ਤਾਂ ਜ਼ਿੰਦਗੀ ਵਿੱਚ ਕੋਈ ਨਵਾਂ ਮੋੜ ਆਵੇਗਾ ਤੇ ਜੀਵਨ ਦੀਆਂ ਇਹ ਹਨੇਰੀਆਂ ਘਨਘੋਰ ਕਾਲ਼ੀਆਂ ਰਾਤਾਂ ਦੂਰ ਹੋਣਗੀਆਂ। ਇਸੇ ਆਸ ਤੇ ਸੰਘਰਸ਼ ਦਾ ਨਤੀਜਾ ਹੈ ਕਿ ਅੱਜ ਮੈਂ ਸਰਕਾਰੀ ਅਧਿਆਪਕ ਦੇ ਅਹੁਦੇ ਤੇ ਹਾਂ ਅਤੇ ਮੇਰੀ ਪਤਨੀ ਵੀ ਸਰਕਾਰੀ ਅਧਿਆਪਕਾ ਹੈ। ਸ਼ਾਇਦ ਸ਼ੁਰੂ ਤੋਂ ਹੀ ਕਿਸੇ ਦਾ ਸਹਿਯੋਗ , ਸਾਥ , ਸਦਭਾਵਨਾ , ਅਪਣੱਤ ਪ੍ਰਾਪਤ ਨਹੀਂ ਹੋਈ , ਪਰ ਉਸ ਖ਼ੁਦਾ ਦੀ ਖ਼ੁਦਾਈ ਤੇ ਹਮੇਸ਼ਾਂ ਭਰੋਸਾ ਰੱਖਿਆ। ਮੇਰੇ ਲਈ ਜ਼ਿੰਦਗੀ ਦਾ ਸਫ਼ਰ ਦੁਸ਼ਵਾਰੀਆਂ , ਗ਼ਰੀਬੀ , ਠੋਕਰਾਂ , ਜਲਾਲਤ , ਮਜਬੂਰੀਆਂ , ਮਾਨਸਿਕ ਪ੍ਰੇਸ਼ਾਨੀਆਂ , ਦੁੱਖਾਂ ਅਤੇ ਕੰਡਿਆਂ ਭਰਿਆ ਬਹੁਤ – ਬਹੁਤ ਔਖਾ ਰਿਹਾ। ਕਾਮਯਾਬ ਹੋਣ ਤੋਂ ਪਹਿਲਾਂ ਤੱਕ ਜ਼ਿੰਦਗੀ ਹਮੇਸ਼ਾਂ ਨੀਰਸ , ਉਦਾਸ ਤੇ ਇੱਕ ਭਟਕਣ ਦੀ ਤਰ੍ਹਾਂ ਰਹੀ , ਪਰ ਨਾ ਤਾਂ ਕਦੇ ਕਿਸੇ ਨਸ਼ੇ ਦੀ ਗ਼ਲਤਾਨ ਵਿੱਚ ਫਸੇ ਤੇ ਨਾ ਹੀ ਕਦੇ ਆਤਮਹੱਤਿਆ ਬਾਰੇ ਸੋਚਿਆ। ਭਾਵੇਂ ਕਿ ਜ਼ਿੰਦਗੀ ਜਿਉਣ ਦਾ ਕੋਈ ਵੀ ਮਕਸਦ ਨਹੀਂ ਸੀ ਰਿਹਾ। ਮੇਰਾ ਇਹ ਆਰਟੀਕਲ ਸਿਰਫ਼ ਉਨ੍ਹਾਂ ਅੱਜ ਦੇ ਨੌਜਵਾਨ ਵੀਰਾਂ – ਭੈਣਾਂ ਜਾਂ ਜੀਵਨ ਤੋਂ ਘਬਰਾ ਗਏ ਇਨਸਾਨਾਂ ਲਈ ਹੈ , ਜੋ ਛੋਟੀ ਜਿਹੀ ਜ਼ਿੰਦਗੀ ਦੀ ਦੁਸ਼ਵਾਰੀ ਤੋਂ ਘਬਰਾ ਕੇ ਆਤਮ – ਹੱਤਿਆ ਰਾਹੀਂ ਮੌਤ ਨੂੰ ਗਲੇ ਲਗਾ ਲੈਂਦੇ ਹਨ ਜਾਂ ਆਤਮਹੱਤਿਆ ਕਰਨ ਬਾਰੇ ਸੋਚਦੇ ਹਨ । ਦੋਸਤੋ ! ਜ਼ਿੰਦਗੀ ਭਾਵੇਂ ਦੁਸ਼ਵਾਰੀਆਂ ਭਰਿਆ ਸਫ਼ਰ ਹੋਵੇ , ਕੰਡਿਆਂ ਦਾ ਰਾਹ ਹੋਵੇ , ਉੱਭੜ – ਖਾਭੜ ਸਫ਼ਰ ਹੋਵੇ , ਭਾਵੇਂ ਫੁੱਲਾਂ ਭਰੀ ਰਾਹ ਹੋਵੇ ; ਸਾਨੂੰ ਕਦੇ ਵੀ ਆਤਮ – ਹੱਤਿਆ ਨਹੀਂ ਕਰਨੀ ਚਾਹੀਦੀ ; ਕਿਉਂਕਿ ਮੇਰੇ ਲਈ ਜ਼ਿੰਦਗੀ ਹਮੇਸ਼ਾ ਕੰਡਿਆਂ ਭਰਿਆ ਸਫ਼ਰ ਰਿਹਾ। ਜ਼ਿੰਦਗੀ ਜਿਊਣ ਦਾ ਕਦੇ ਕੋਈ ਮਕਸਦ ਨਹੀਂ ਰਿਹਾ ਸੀ , ਪਰ ਮੈਂ ਫੇਰ ਵੀ ਕਦੇ ਆਤਮ – ਹੱਤਿਆ ਨਹੀਂ ਕੀਤੀ ।ਇਹੋ ਇੱਕ ਸੁਝਾਅ ਜ਼ਰੂਰ ਦੇਵਾਂਗਾ ਕਿ ਜਦੋਂ ਵੀ ਜ਼ਿੰਦਗੀ ਵਿੱਚ ਕਠਿਨਾਈਆਂ , ਪ੍ਰੇਸ਼ਾਨੀਆਂ , ਔਕੜਾਂ ਆ ਜਾਣ ਤਾਂ ਦੋ ਗੱਲਾਂ ਯਾਦ ਰੱਖਣਾ। ਦੋਸਤੋ ! ਇੱਕ ਤਾਂ ਆਪਣਾ ਧਿਆਨ ਕਿਸੇ ਸਾਰਥਿਕ ਪੱਖ ਵਿੱਚ ਲਗਾ ਲੈਣਾ।

ਦੂਸਰਾ , ਇਹ ਯਾਦ ਰੱਖਣਾ ਕਿ ਇਹ ਔਕੜਾਂ , ਪ੍ਰੇਸ਼ਾਨੀਆਂ ਤੇ ਦੁਸ਼ਵਾਰੀਆਂ ਸੰਕਟ ਜਾਂ ਗ਼ਰੀਬੀ ਸਥਾਈ ਤੌਰ ‘ਤੇ ਨਹੀਂ ਰਹਿੰਦੀਆਂ। ਇਸ ਨੇ ਕਾਲੇ ਬੱਦਲਾਂ ਵਾਂਗ ਇੱਕ ਦਿਨ ਜ਼ਰੂਰ ਖਿੰਡ ਜਾਣਾ ਹੈ ਤੇ ਦੂਰ ਹੋ ਜਾਣਾ ਹੈ। ਤੁਸੀਂ ਛੇਤੀ ਹੀ ਆਪਣੀ ਜ਼ਿੰਦਗੀ ਦੇ ਸਫ਼ਰ ਤੋਂ ਘਬਰਾ ਕੇ ਆਤਮਹੱਤਿਆ ਵਾਲਾ ਕਦਮ ਨਾ ਚੁੱਕਣਾ ; ਕਿਉਂਕਿ ਜ਼ਿੰਦਗੀ ਬਹੁਤ ਅਨਮੋਲ ਹੈ , ਜ਼ਿੰਦਗੀ ਪਰਮਾਤਮਾ ਦਾ ਤੋਹਫਾ ਹੈ , ਜ਼ਿੰਦਗੀ ਜਿਉਣ ਲਈ ਹੈ ,ਮਰ ਜਾਣ ਦੇ ਲਈ ਨਹੀਂ ਹੈ । ਸੰਘਰਸ਼ ਕਰਦੇ ਰਹੋ , ਮਿਹਨਤ ਕਰਦੇ ਰਹੋ। ਜ਼ਿੰਦਗੀ ਦੇ ਆਖ਼ਰੀ ਸਾਹ ਤੱਕ ਸੰਘਰਸ਼ਸ਼ੀਲ ਰਹੋ। ਮੇਰੇ ਲਈ ਜ਼ਿੰਦਗੀ ਭਾਵੇਂ ਬੇਹੱਦ ਜਲਾਲਤ ਭਰਿਆ , ਮਜਬੂਰੀਆਂ ਭਰਿਆ , ਕਠਿਨਾਈਆਂ ਭਰਿਆ , ਔਕੜਾਂ ਭਰਿਆ , ਦੁਸ਼ਵਾਰੀਆਂ ਭਰਿਆ , ਕੰਡਿਆਂ ਵਾਲਾ ਰਾਹ ਰਿਹਾ ਹੈ , ਪਰ ਮੈਂ ਕਦੇ ਵੀ ਆਤਮ – ਹੱਤਿਆ ਬਾਰੇ ਨਹੀਂ ਸੋਚਿਆ , ਪਰ ਮੈਂ ਆਤਮ – ਹੱਤਿਆ ਨਹੀਂ ਕੀਤੀ। ਸੋ ਪਿਆਰੇ ਦੋਸਤੋ ! ਤੁਸੀਂ ਮੇਰੇ ਨਾਲ਼ ਅੱਜ ਇਹ ਪੱਕਾ ਵਾਅਦਾ ਕਰੋ ਕਿ ਤੁਸੀਂ ਜ਼ਿੰਦਗੀ ਦੇ ਕਿਸੇ ਵੀ ਮੋੜ ਤੋਂ ਘਬਰਾ ਕੇ ਖੁਦਕੁਸ਼ੀ ਬਾਰੇ ਕਦੇ ਵੀ ਨਹੀਂ ਸੋਚਣਾ ਤੇ ਮੇਰੇ ਜੀਵਨ , ਮੇਰੇ ਸੰਘਰਸ਼ਾਂ ਤੇ ਮੇਰੀ ਕਾਮਯਾਬੀ ਨੂੰ ਚੇਤੇ ਕਰਨਾ ਤੇ ਯਾਦ ਰੱਖਣਾ।
ਬੁਰਾ ਵਕਤ ਇੱਕ ਦਿਨ ਜ਼ਰੂਰ ਟਲ਼ ਜਾਵੇਗਾ ,
ਮੇਰੇ ਵਾਂਗ ਹਮੇਸ਼ਾ ਆਸ ਅਤੇ ਇੱਕ ਚੰਗੇ ਦਿਨ ਦੀ ਉਮੀਦ ਨਾਲ਼ ਜੀਵਨ ਦਾ ਹਰ ਪਲ ਸਾਰਥਕ ਤੌਰ ‘ਤੇ ਬਤੀਤ ਕਰਨਾ।
ਕਦੇ ਆਤਮ – ਹੱਤਿਆ ਨਹੀਂ ਕਰਨਾ ,
ਕਦੇ ਆਤਮ – ਹੱਤਿਆ ਕਰਨ ਬਾਰੇ ਨਹੀਂ ਸੋਚਣਾ,
ਕਦੇ ਵੀ ਨਹੀਂ …..ਪਰਮਾਤਮਾ ਦਾ ਵਾਸਤਾ….!!!

ਅੰਤਰਰਾਸ਼ਟਰੀ ਲੇਖਕ
.
ਮਾਸਟਰ ਸੰਜੀਵ ਧਰਮਾਣੀ
ਸ਼੍ਰੀ ਅਨੰਦਪੁਰ ਸਾਹਿਬ
9478561356

 

 

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਿੱਲੀ
Next articleਅੰਬੇਡਕਰ ਸ਼ਰਧਾਂਜਲੀ ਸਮਾਗਮ ਦੀਆਂ ਤਿਆਰੀਆਂ ਜੋਰਾਂ ਸ਼ੋਰਾਂ ‘ਚ