ਉੱਲੀ ਲੱਗਿਆ ਰਾਸ਼ਨ!
ਬੁੱਧ ਸਿੰਘ ਨੀਲੋਂ
(ਸਮਾਜ ਵੀਕਲੀ) ਮਨੁੱਖੀ ਜ਼ਿੰਦਗੀ ਦੇ ਕੁਲੀ, ਗੁਲੀ ਤੇ ਜੁੱਲੀ ਤਾਂ ਸੁਣੀਂ ਹੈ, ਜਿਵੇਂ ਰੋਟੀ, ਕੱਪੜਾ ਤੇ ਮਕਾਨ ਹੁੰਦਾ ਹੈ। ਪਿਛਲੇ ਸਮਿਆਂ ਤੋਂ ਜ਼ਿੰਦਗੀ ਦੇ ਸਫ਼ਰ ਵਿੱਚ ਇੱਕ ਹੋਰ ਸ਼ਬਦ ਨਵਾਂ ਜੁੜਿਆ ਹੈ। ਇਹ ਸ਼ਬਦ ਹੈ, ਉੱਲੀ। ਹੁਣ ਕੁਲੀ, ਗੁਲੀ, ਜੁੱਲੀ ਤੇ ਉੱਲੀ ਹੋ ਗਿਆ ਹੈ। ਪੰਜਾਬੀ ਭਾਸ਼ਾ ਤੇ ਬੋਲੀ ਵਿੱਚ ਇਹ ਉੱਲੀ ਸ਼ਬਦ ਭਟਕਿਆ ਹੋਇਆ ਫਿਰਦਾ ਸੀ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸਨੂੰ ਵੀ ਕੇਂਦਰ ਸਰਕਾਰ ਨੇ ਦੇ ਬੇਘਰਿਆਂ ਨੂੰ ਘਰ ਦਿੱਤੇ ਹਨ, ਬਸ ਉਸੇ ਤਰ੍ਹਾਂ ਪੰਜਾਬ ਸਰਕਾਰ ਨੇ ਇਸਨੂੰ ਵੀ ਥਾਂ ਦਿੱਤੀ ਹੈ। ਹੁਣ ਇਹ ਸ਼ਬਦ ਬਹੁਤ ਮਸ਼ਹੂਰ ਹੋ ਗਿਆ ਹੈ ਜਿਵੇਂ ਪਹਿਲੇ ਸਮਿਆਂ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਕੰਵਰ ਖੜਕ ਸਿੰਘ ਦਾ ਵਿਆਹ ਮਸ਼ਹੂਰ ਹੋਇਆ ਸੀ। ਜਿਸ ਵਿੱਚ ਪੰਜਾਹ ਦੇਸ਼ਾਂ ਦੇ ਮਹਾਰਾਜਿਆਂ ਨੇ ਸ਼ਿਰਕਤ ਕੀਤੀ ਸੀ। ਪਰ ਸੋਸ਼ਲ ਮੀਡੀਆ ਭਾਰਤ ਦੇ ਮਹਾਨ ਵਪਾਰੀ ਅਡਾਨੀ ਦੇ ਪੁੱਤ ਦੇ ਵਿਆਹ ਨੂੰ ਵੱਡਾ ਸਮਝ ਕੇ ਇਸ ਤਰ੍ਹਾਂ ਪ੍ਰਚਾਰ ਦੇ ਰਹੇ। ਜਿਵੇਂ ਉਸਨੇ ਘਰੋਂ ਖ਼ਰਚ ਕੇ ਵਿਆਹ ਕੀਤਾ ਹੋਵੇ। ਇਹ ਤਾਂ ਸਾਡੇ ਪ੍ਰਧਾਨ ਸੇਵਕ ਦੀ ਕਿਰਪਾ ਨਾਲ ਸਭ ਹੋਇਆ ਹੈ ਕਿ ਉਸਨੇ ਉਸਦਾ ਕਰੋੜਾਂ ਰੁਪਏ ਦਾ ਕਰਜ਼ਾ ਵੱਟੇ ਖਾਤੇ ਪਾੜ ਦਿੱਤਾ ਸੀ। ਸਰਕਾਰ ਦੇ ਕਮਾਈ ਕਰਨ ਵਾਲੇ ਅਦਾਰਿਆਂ ਨੂੰ ਉਸਦੇ ਹਵਾਲੇ ਕਰ ਦਿੱਤਾ ਸੀ। ਜਿਵੇਂ ਪੰਜਾਬ ਦੇ ਪੰਥਕ ਸਰਕਾਰ ਨੇ ਲੋਕਾਂ ਨੂੰ ਇਹ ਆਖਿਆ ਸੀ, ਰਾਜ ਨਹੀਂ, ਸੇਵਾ। ਉਹਨਾਂ ਨੇ ਪੰਜਾਬ ਸਰਕਾਰ ਦੇ ਅਦਾਰਿਆਂ ਦੀ ਅਜਿਹੀ ਸੇਵਾ ਕੀਤੀ। ਕਿ ਪੰਜਾਬ ਰੋਡਵੇਜ਼, ਪੈਪਸੂ ਟਰਾਂਸਪੋਰਟ, ਮਿਲਕਫ਼ੈਡ, ਹਾਊਸਫੈਡ, ਸਰਕਾਰੀ ਜ਼ਮੀਨਾਂ ਨੂੰ ਵੇਚ ਕੇ ਆਪਣਾ ਕਾਰੋਬਾਰ ਵਧਾ ਲਿਆ। ਇਹ ਅਦਾਰੇ ਹੁਣ ਵੈਟੀਲੇਟਰ ਉਤੇ ਹਨ। ਇਹਨਾਂ ਦੇ ਡੁੱਬਣ ਦੀ ਕਦੇ ਵੀ ਖ਼ਬਰ ਆ ਸਕਦੀ ਹੈ। ਇਸੇ ਤਰ੍ਹਾਂ ਸਿਹਤ, ਸਿੱਖਿਆ ਤੇ ਰੁਜ਼ਗਾਰ ਅਜਿਹਾ ਪੜ੍ਹਨੇ ਪਾਇਆ ਸਾਰੇ ਪੰਜਾਬ ਦਾ ਨੌਜਵਾਨ ਪਾਸਪੋਰਟ ਬਣਾ ਕੇ ਕੈਨੇਡਾ ਚਲੇ ਗਿਆ ਹੈ। ਬਿਜਲੀ, ਪਾਣੀ, ਬੱਸ ਸਫ਼ਰ ਬੀਬੀਆਂ ਲਈ ਮੁਫ਼ਤ ਕਰਨ ਨਾਲ ਐਨੀ ਤਰੱਕੀਆਂ ਕਰ ਗਿਆ। ਹੁਣ ਤਰੱਕੀਆਂ ਕਰਵਾਉਣ ਵਾਲੇ ਛਿੱਤਰੋ ਨਿੱਤਰੀ ਹੋ ਰਹੇ ਹਨ। ਪੰਥ ਦੇ ਵਾਰਿਸ ਅਖਵਾਉਣ ਵਾਲੇ ਹੁਣ ਖੁਦ ਆਪਣੇ ਆਪ ਨੂੰ ਅਸਲੀ ਪੰਥਕ ਦੱਸਣ ਲਈ ਆਪਣੇ ਮੂੰਹ ਉੱਤੇ ਲੱਗੀ ਕਾਲਖ਼ ਨੂੰ ਸਾਫ ਕਰਵਾਉਣ ਲਈ ਸ੍ਰੀ ਆਕਾਲ ਤਖਤ ਸਾਹਿਬ ਜੀ ਦਾ ਸਹਾਰਾ ਲੈਂਦੇ ਫਿਰਦੇ ਨਜ਼ਰ ਆਉਂਦੇ ਹਨ। ਇਹਨਾਂ ਪੰਥਕ ਆਗੂਆਂ ਨੂੰ ਮੂੰਹ ਧੋਣ ਲਈ ਚੱਪਣੀਆਂ ਨਹੀਂ ਮਿਲ ਰਹੀਆਂ।
ਪੰਜਾਬ ਦੇ ਘੁਮਿਆਰ ਹੁਣ ਮਿੱਟੀ ਦੇ ਭਾਂਡੇ ਬਣਾਉਣ ਤੋਂ ਹਟ ਗਏ ਹਨ, ਚੀਨ ਤੋਂ ਇਹਨਾਂ ਚੱਪਣੀਆਂ ਨੂੰ ਮੰਗਵਾਉਣ ਲਈ ਆਖਿਆ ਹੈ। ਮੁਫ਼ਤ ਦੀਆਂ ਰੋਟੀਆਂ ਸੇਕਣ ਵਾਲਿਆਂ ਪੰਜਾਬੀਆਂ ਨੂੰ ਪੰਜਾਬ ਦੀਆਂ ਸਰਕਾਰਾਂ ਨੇ ਅਜਿਹਾ ਚਾਟ ਉਤੇ ਲਗਾਇਆ, ਪਤੰਦਰ ਚਾਟ ਨੂੰ ਚਿੱਟਾ ਬਣਾ ਕੇ ਛਕਣ ਲੱਗੇ ਪਏ ਹਨ। ਕਹਿੰਦੇ ਪੰਜਾਬ ਦੇ ਵਿੱਚ ਰੁਜ਼ਗਾਰ ਮਿਲੇ ਜਾਂ ਨਾ ਮਿਲੇ ਚਿੱਟਾ ਸ਼ਰੇਆਮ ਬਾਜ਼ਾਰ ਵਿੱਚ ਤੇ ਘਰਾਂ ਵਿੱਚ ਮਿਲ ਸਕਦਾ ਹੈ। ਪੰਜਾਬ ਦੇ ਵਿੱਚ ਹੁਣ ਸੱਥਾਂ ਵਿੱਚ ਨਹੀਂ ਸਗੋਂ ਮੜੀਆਂ ਮਸਾਣਾਂ ਵਿਚ ਰੌਣਕਾਂ ਲੱਗਣ ਲੱਗੀਆਂ ਹਨ। ਮੜੀਆਂ ਮਸਾਣਾਂ ਵਿਚ ਸਿਖ਼ਰ ਦੁਪਹਿਰੇ ਗਿੱਧਾ ਭੰਗੜਾ ਪੈਦਾ ਹੈ। ਪੰਜਾਬ ਸਰਕਾਰ ਲੋਕਾਂ ਨੂੰ ਨੂੰ ਭਾਸ਼ਨ ਸੁਣਾ ਕੇ ਉਹਨਾਂ ਨੂੰ ਹੱਸਣ ਦਾ ਮੌਕਾ ਪ੍ਰਦਾਨ ਕਰ ਰਹੀ ਹੈ। ਉਧਰ ਸਰਕਾਰੀ ਡਿਪੂਆਂ ਤੇ ਮਿੱਡ ਡੇਅ ਰਾਸ਼ਨ ਦੀ ਬੜੀ ਮਸ਼ਹੂਰੀ ਹੋ ਰਹੀ ਹੈ। ਆਂਗਣਵਾੜੀ ਵਰਕਰਾਂ ਵੱਲੋਂ ਉਹਨਾਂ ਦੀਆਂ ਸਿਫਤਾਂ ਦੇ ਸੋਹਿਲੇ ਗਾਏ ਜਾ ਰਹੇ ਹਨ।ਪਹਿਲਾਂ ਆਟਾ ਦਾਲ ਸਕੀਮ ਵਾਲੇ ਆਖਿਆ ਕਰਦੇ ਸੀ ਕਿ ਸਰਕਾਰ ਕਣਕ ਨਾਲ ਉੱਲੀ, ਕੰਕਰ ਤੇ ਰੋੜ ਮੁਫ਼ਤ ਵਿੱਚ ਦੇਈ ਜਾ ਰਹੀ ਹੈ। ਉਹਨਾਂ ਕੋਲੋਂ ਉੱਲੀ ਲੱਗੀ ਕਣਕ ਦੀਆਂ ਸਿਫਤਾਂ ਨਹੀਂ ਕਰ ਹੁੰਦੀਆਂ। ਆ ਹੁਣ ਮਿਡ ਡੇਅ ਰਾਸ਼ਨ ਵਾਲਿਆਂ ਨੇ ਪੰਜਾਬ ਸਰਕਾਰ ਦੇ ਸੋਹਲੇ ਗਾਉਣੇ ਸ਼ੁਰੂ ਕਰ ਦਿੱਤੇ ਹਨ। ਉਹਨਾਂ ਨੂੰ ਬੜੀ ਖੁਸ਼ੀ ਹੋਈ ਕਿ ਪੰਜਾਬ ਸਰਕਾਰ ਨੇ ਮਿਡ ਡੇਅ ਰਾਸ਼ਨ ਨੂੰ ਪਕਾ ਕੇ ਭੇਜਣ ਦਾ ਪ੍ਰਬੰਧ ਕਰ ਦਿੱਤਾ ਹੈ। ਉਹਨਾਂ ਨੂੰ ਰਾਸ਼ਨ ਦਾ ਪੈਕਿਟ ਖੋਲ੍ਹਿਆ ਅੱਗ ਬਾਲਣ ਦੀ ਲੋੜ ਨਹੀਂ ਪੈਂਦੀ। ਉਸਦੇ ਵਿਚੋਂ ਆਉਂਦੀ ਖ਼ੁਸ਼ਬੂ ਨਾਲ ਸਕੂਲ ਦਾ ਵਾਤਾਵਰਨ ਵਿਦਰਾਵਨ ਵਰਗਾ ਹੋ ਜਾਂਦਾ ਹੈ। ਇਸ ਮੌਕੇ ਖ਼ੁਸ਼ਬੂ ਦੇ ਨਾਲ ਚਾਰ ਚੁਫੇਰੇ ਵੱਖਰੀ ਤਰ੍ਹਾਂ ਦਾ ਮਾਹੌਲ ਬਣਦਾ ਹੈ। ਜਿਵੇਂ ਅਤਰ ਫੁਲੇਲ ਛਿੜਕਿਆ ਹੋਵੇ।
ਪੰਜਾਬ ਸਰਕਾਰ ਵੱਲੋਂ ਬੱਚਿਆਂ ਤੇ ਵੱਡਿਆਂ ਦਾ ਕਿੰਨਾ ਖਿਆਲ ਰੱਖਿਆ ਜਾਂਦਾ ਹੈ। ਬੱਚਿਆਂ ਲਈ ਪੋਸ਼ਟਿਕ ਭੋਜਨ ਦੇਣ ਲਈ ਉਸਨੇ ਸਰਕਾਰੀ ਅਦਾਰੇ ਮਿਲਕਫ਼ੈਡ ਨੂੰ ਪਾਸੇ ਕਰਕੇ ਇੱਕ ਨਿੱਜੀ ਕੰਪਨੀ ਨੂੰ ਇਹ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਇਸੇ ਕਰਕੇ ਉਹ ਬੱਚਿਆਂ ਦੇ ਲਈ ਪੈਕਟ ਵਿਚ ਖੁਸ਼ਬੋ, ਕੀੜੇ ਮਕੌੜੇ ਵਾਧੂ ਵਿਚ ਦੇ ਰਹੀ ਹੈ ਤਾਂ ਕਿ ਬੱਚੇ ਬਚਪਨ ਤੋਂ ਹੀ ਮਾਸਾਹਾਰੀ ਭੋਜਨ ਖਾਣ ਨਾਲ ਸਰੀਰਕ ਤੌਰ ਉੱਤੇ ਤਾਕਤਵਰ ਹੋ ਜਾਣ। ਦੇਖੋ ਭਾਈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕਿੰਨਾ ਖਿਆਲ ਰੱਖਦੀ ਹੈ। ਉਸਨੂੰ ਪਤਾ ਹੈ ਕਿ ਇਸ ਭੋਜਨ ਨੂੰ ਤਿਆਰ ਕਰਨ ਲਈ ਮਿਹਨਤ, ਪਾਣੀ, ਦੁੱਧ, ਮਿੱਠਾ, ਲੂਣ ਮਿਰਚ ਮਸਾਲਾ ਤੇ ਤਰੀ ਵਿਚ ਤਮਾਟਰ ਪਾਉਣੇਂ ਪੈਣਗੇ। ਉਹਨਾਂ ਨੇ ਇਸ ਸਭ ਕੁੱਝ ਤੋਂ ਉਹਨਾਂ ਵਰਕਰਾਂ ਦਾ ਖਹਿੜਾ ਛੁਡਾਇਆ ਹੈ। ਜਿਹੜੇ ਤਨਖਾਹ ਲਈ ਨਿੱਤ ਰੈਲੀਆਂ ਮੁਜ਼ਾਹਰੇ ਕਰਦੇ ਹਨ। ਉਹ ਟ੍ਰੈਫਿਕ ਜਾਮ ਕਰਕੇ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਹਨ। ਫੇਰ ਪੁਲਿਸ ਮੁਲਾਜ਼ਮਾਂ ਨੂੰ ਉਹਨਾਂ ਦੀ ਸੇਵਾ ਕਰਨ ਲਈ ਡੰਡਾ ਮਾਲਸ਼ ਕਰਨੀਂ ਪੈਂਦੀ ਹੈ। ਨਿੱਜੀ ਹਸਪਤਾਲਾਂ ਦੀ ਆਮਦਨ ਵਧਾਉਣ ਲਈ ਇਹ ਕੁੱਝ ਮਜ਼ਬੂਰਨ ਕਰਨਾ ਪੈਂਦਾ ਹੈ।
ਹੁਣ ਤੁਸੀਂ ਆਪ ਹੀ ਸੋਚੋ ਤੇ ਵਿਚਾਰੋ ਕਿ ਸਰਕਾਰ ਕਿੰਨੇ ਲੋਕਾਂ ਦਾ ਖਿਆਲ ਰੱਖਦੀ ਹੈ। ਆਂਗਨਵਾੜੀ ਵਰਕਰਾਂ ਤੇ ਮੀਡੀਆ ਵਾਲਿਆਂ ਦੇ ਪਤਾ ਨਹੀਂ ਕਿਉਂ ਢਿੱਡ ਪੀੜ ਹੁੰਦੀ ਹੈ। ਉਹ ਸਰਕਾਰ ਦੇ ਚੰਗੇ ਕੰਮਾਂ ਦੀ ਸਿਫਤ ਸਾਲਾਹ ਕਰਨੀ ਨਹੀਂ ਚਾਹੁੰਦੇ। ਤੁਸੀਂ ਦੇ ਆਟਾ ਦਾਲ ਸਕੀਮ ਤਹਿਤ ਮੁਫ਼ਤ ਦਾ ਰਾਸ਼ਨ ਲੈਂਦੇ ਓ ਤਾਂ ਤੁਹਾਨੂੰ ਕੋਈ ਹੱਕ ਨਹੀਂ ਕਿ ਤੁਸੀਂ ਸਰਕਾਰ ਦੀ ਆਲੋਚਨਾ ਕਰੋ। ਤੁਸੀਂ ਦੇਖੋ ਤੇ ਮੁਕਾਬਲਾ ਕਰਨ ਦੀ ਕੋਸ਼ਿਸ਼ ਕਰੋ। ਸਰਕਾਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਕਿੰਨੀਂ ਕੋਸ਼ਿਸ਼ ਕਰਦੀ ਹੈ। ਕੀ ਹੋਇਆ ਜੇ ਹੁਣ ਬਿਜਲੀ ਦੇ ਕੱਟ ਲੱਗਣ ਲੱਗ ਪਏ ਹਨ। ਪਹਿਲਾਂ ਤਾਂ ਬਿਜਲੀ ਆਉਂਦੀ ਨਹੀਂ ਸੀ, ਹੁਣ ਜਾਂਦੀ ਨਹੀਂ। ਅਸੀਂ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਸਾਰਥਕ ਕੰਮ ਕਰਦੇ ਹਾਂ। ਉੱਲੀ, ਕੁੱਲੀ, ਜੁਲੀ, ਗੁਲੀ ਤੇ ਜੁੱਲੀ ਦੀ ਨਵੀਂ ਨਿੱਕੀ ਬਹਿਰ ਵਜ਼ਨ ਦੀ ਗ਼ਜ਼ਲ ਬਣਾ ਕੇ ਬੱਚਿਆਂ ਅੰਦਰ ਪ੍ਰਤੀਭਾ ਜਗਾਉਣ ਵਿੱਚ ਵਾਧਾ ਕੀਤਾ ਹੈ। ਸੋ ਤੁਸੀਂ ਆਪ ਸਰਕਾਰ ਹੋ ਇਸ ਲਈ ਤੁਸੀਂ ਸਿਰਹਾਣੇ ਥੱਲੇ ਬਾਂਹ ਰੱਖ ਕੇ ਸੌਂ ਜਾਓ। ਲੋਕਾਂ ਤੇ ਬੱਚਿਆਂ ਦੀ ਸੇਵਾ ਕਰਨ ਦਾ ਫਰਜ਼ ਸਾਡਾ ਹੈ। ਕਿਉਂਕਿ ਸਰਕਾਰ ਤੁਹਾਡੀ ਆਪਣੀ ਹੈ। ਕੁਲੀ ਦੇ ਵਿੱਚ ਜਾ ਕੇ ਉੱਲੀ ਖਾਓ, ਗੁਲੀ ਖਾਓ, ਜੁੱਲੀ ਵਿੱਚ ਲਿਪਟ ਕੇ ਸੌਂ ਜਾਓ। ਮੈਂ ਵੀ ਸੌਣ ਲੱਗਿਆਂ ਹਾਂ।
—
ਬੁੱਧ ਸਿੰਘ ਨੀਲੋਂ
ਚਾਂਸਲਰ
ਪੋਲ ਖੋਲ੍ਹ ਕੌਮਾਂਤਰੀ ਯੂਨੀਵਰਸਿਟੀ
ਨਹਿਰ ਕਿਨਾਰੇ ਨੀਲੋਂ ਲੁਧਿਆਣਾ
9464370823
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly