(ਸਮਾਜ ਵੀਕਲੀ)
ਮੇਰੇ ਬੁੱਤ ਤੇ ਫੁੱਲ ਨਾ ਧਰਿਓ,
ਮੇਰੀ ਸੋਚ ਤੇ ਗੌਰ ਕਰਿਓ,
ਮੇਰੀ ਅਜ਼ਾਦੀ ਦਾ ਸੁਪਨਾ
ਇਹ ਨਹੀਂ ਸੀ ਕਿ ਮੇਰੀ
ਸਹਾਦਤ ਦਾ ਮੁੱਲ ਵਟੋਰਦੀਆਂ
ਇਤਿਹਾਸ ਦੇ ਪੰਨਿਆਂ ਨੂੰ
ਆਪਣੇ ਹੱਕ ਵਿੱਚ ਭੁਗਤਾਉਂਦੀਆਂ
ਲੋਕਾਂ ਨੂੰ ਵੋਟਾਂ ਵਿੱਚ, ਬਦਲਦੀਆਂ
ਆਪਣੀ ਕੁਰਸੀ ਬਚਾਉਂਦੀਆਂ
ਦੇਸ਼ ਸੇਵਾ ਦਾ ਠੱਪਾ ਮੱਥੇ ਤੇ ਲਾ
ਕੇ ਬੈਠੀਆਂ ਵੱਡੀਆਂ ਵੱਡੀਆਂ
ਗਿਰਝਾਂ ਤੋਂ ਡਰਿਓ,
ਮੇਰੇ ਬੁੱਤ ਤੇ ਫੁੱਲ ਨਾ ਧਰਿਓ
ਮੇਰੀ ਸੋਚ ਤੇ ਗੌਰ ਕਰਿਓ।
ਧਰਮਾਂ ਦੇ ਨਾਂ ਹੇਠ
ਪਲਦੀਆਂ ਖੁਦਗਰਜ਼ੀਆਂ
ਦੇਸ਼ ਵੇਚ ਆਪਣੀਆਂ ਜੇਬਾਂ
ਭਰਦੀਆਂ ਮਨਮਰਜ਼ੀਆਂ
ਮੇਰੀ ਸ਼ਹਾਦਤ ਦੀ
ਕੁੱਝ ਤੇ ਕਦਰ ਕਰਿਓ
ਮੇਰੇ ਬੁੱਤ ਤੇ ਫੁੱਲ ਨਾ ਧਰਿਓ,
ਮੇਰੀ ਸੋਚ ਤੇ ਗੌਰ ਕਰਿਓ,
ਚੰਗਾ ਨਹੀਂ ਲੱਗਦਾ ਲੋਕਾਂ
ਦਾ ਭੁਖੇ ਢਿੱਡੀਂ ਸੌਂ ਜਾਣਾਂ
ਭ੍ਰਿਸ਼ਟ ਸਿਸਟਮ ਦਾ ਤਾਣਾ,
ਨੌਜਵਾਨਾ ਦਾ ਅਜ਼ਾਦ ਮੁਲਕ
ਨੂੰ ਅਲਵਿਦਾ ਕਹਿ
ਦੂਜੇ ਮੁਲਕਾਂ ਨੂੰ ਤੁਰ ਜਾਣਾ
ਕਦੇ ਤਾਂ ਮੇਰੇ ਸੁਪਨਿਆਂ ਦੀ
ਅਜ਼ਾਦੀ ਦੀ ਗੱਲ ਕਰਿਓ
ਮੇਰੇ ਬੁੱਤ ਤੇ ਫੁੱਲ ਨਾ ਧਰਿਓ,
ਮੇਰੀ ਸੋਚ ਤੇ ਗੌਰ ਕਰਿਓ।
ਕੁਲਦੀਪ ਸਾਹਿਲ
9417990040
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly