(ਸਮਾਜ ਵੀਕਲੀ) ਐਤਵਾਰ ਵਾਲੇ ਦਿਨ ਮੈਂ ਆਪਣੀ ਸਵੀਟਾਂ ਦੀ ਦੁਕਾਨ ਬੰਦ ਕਰਕੇ ਦੁਪਹਿਰ ਦੇ ਤਿੰਨ ਵਜੇ ਘਰ ਆਇਆ ਤਾਂ ਆਪਣੀ ਘਰਵਾਲੀ ਨੂੰ ਪੁੱਛਿਆ, “ਬਸੰਤ ਕੌਰੇ ,ਬਾਬਾ ਬਖਤੌਰਾ ਪਾਣੀ ਛੱਕ ਗਿਆ ।” “ਹੋਇਆ ਕਦੇ ਕਦਾਈਂ ਬੰਦਾ ਅਉਂਦਾ ਹੈ ਤਾਂ ਰੋਟੀ ਖਾ ਲੈਂਦਾ ਹੈ,ਤੂਸੀਂ ਤਾਂ ਜੀ ਉਸਨੂੰ ਇੱਥੇ ਆਉਣ ਵਾਸਤੇ ਗਿਝਾ ਹੀ ਲਿਆ ਹੈ,ਵੇਲਾ ਕਵੇਲਾ ਨਹੀਂ ਦੇਖਦਾ ਤੇ ਰੋਜ ਹੀ ਆ ਜਾਂਦਾ ਹੈ ਮੂੰਹ ਚੁੱਕ ਕੇ ,ਸਤੱਰਾਂ ਬਹੱਤਰਾਂ ਦਾ ਹੋ ਗਿਆ ਹੈ, ਬੰਦੇ ਨੂੰ ਕੂਝ ਤਾਂ ਸੰਗ ਚਾਹੀਦੀ ਹੈ,ਲੈ ਭਲਾ ਕੋਈ ਤਾਂ ਉਸਦਾ ਅੰਗ ਸਾਕ ਹੋਉਗਾ,ਪਰ ਮਰਨਾਂ ਉਸਨੇ ਇੱਥੇ ਹੀ ਹੈ।”
“ਨਾ ਬਸੰਤ ਇਹੋ ਜਿਹੀ ਗੱਲ ਮੂਹੋਂ ਨਾ ਕiੱਢਆ ਕਰ, ਉਹ ਜੇ ਦੋ ਰੋਟੀਆਂ ਖਾ ਵੀ ਜਾਂਦਾ ਹੈ ਤਾਂ ਸਾਡਾ ਕਿਹੜਾ ਕੁਝ ਘੱਟ ਜਾਂਦਾ ਹੈ,ਉਸਨੂੰ ਕੋਈ ਨਾ ਕੋਈ ਦੁਖ ਜਰੂਰ ਹੋਵੇਗਾ ਜਿਹੜਾ ਇੱਥੇ ਆ ਜਾਂਦਾ ਹ,ਜਣਾ ਖਣਾ ਤਾਂ ਨਹੀਂ ਆ ਜਾਂਦਾ।” ਇਹ ਕਹਿਕੇ ਮੈਂ ਬਸੰਤ ਕੌਰ ਦਾ ਗੁੱਸਾ ਠੰਡਾ ਕਰਨ ਦੀ ਕੋਸ਼ਿਸ਼ ਕੀਤੀ।
ਬੱਚਿਆਂ ਦੇ ਸਕੂਲ ਦੇ ਰਾਹ ਵਿਚ ਮੇਰੀ ਦੁਕਾਨ ਸੀ ਆਪਣੇ ਪੋਤੇ ਅਤੇ ਪੋਤੀ ਨੂੰ ਸਕੂਲ ਛੱਡਣ ਤੋਂ ਬਾਅਦ ਬਾਬਾ ਬਖਤੌਰਾ ਕਈ ਵਾਰੀ ਸਮਾਂ ਗੁਜਾਰਣ ਵਾਸਤੇ ਮੇਰੇ ਕੋਲ ਆਕੇ ਬੈਠ ਜਾਂਦਾ ਸੀ।ਸੱਚੀ ਗੱਲ ਪੁੱਛੋ ਤਾਂ ਮੈਨੂੰ ਵੀ ਬਾਬੇ ਦਾ ਬਹੁਤ ਆਸਰਾ ਸੀ ,ਕਿਉਂਕਿ ਮੇਰਾ ਲੜਕਾ ਕੈਸ਼-ਐਨਡ-ਕੈਰੀ ਜਾਕੇ ਦੁਕਾਨ ਵਾਸਤੇ ਵੇਚਣ ਯੋਗ ਚੀਜਾਂ ਲੈਣ ਜਾਂਦਾ ਸੀ ਤਾਂ ਇਕ ਹੋਰ ਬੰਦੇ ਦੀ ਹਮੇਸ਼ਾਂ ਲੋੜ ਹੁੰਦੀ ਸੀ,ਜਿਹੜਾ ਦੁਕਾਨ ਵਿਚ ਆਏ ਗਏ ਗਾਹਕਾਂ ਤੇ ਨਿਗਾਹ ਰੱਖ ਸਕੇ, ਤਾਂ ਕਿ ਕੋਈ ਗਾਹਕ ਦੁਕਾਨ ਚੋਂ ਚੋਰੀ ਕਰਕੇ ਨਾ ਲੈ ਜਾਵੇ।ਅੱਜਕਲ੍ਹ ਦੁਕਾਨਾਂ ਕਰਨੀਆਂ ਕਿਹੜੀਆਂ ਸੌਖੀਆ ਹਨ ਪੰਜਾਂ ਛੇਆਂ ਦੀਆਂ ਟੋਲੀਆਂ ਵਿਚ ਬੰਦੇ ਆਉਂਦੇ ਹਨ ਅਤੇ ਬਿਨਾਂ ਡਰ ਤੋਂ ਦੁਕਾਨ ਚੋਂ ਸਮਾਨ ਚੁੱਕ ਕੇ ਲੈ ਜਾਂਦੇ ਹਨ।ਕਈ ਵਾਰੀ ਤਾਂ ਉਨ੍ਹਾਂ ਦੇ ਹੱਥ ਵਿਚ ਪਸਤੌਲ ਹੁੰਦੀ ਹੈ, ਪਸਤੋਲ ਦਿਖਾਕੇ ਪੈਸੇ ਤਾਂ ਇਉਂ ਮੰਗਦੇ ਹਨ ਜਿਵੇਂ ਉਧਾਰ ਦੇਕੇ ਗਏ ਹੋਣ।ਦੁਕਾਨਦਾਰ ਦਾ ਤਾਂ ਹਰ ਪਾਸੇ ਨੁਂਕਸਾਨ ਹੁੰਦਾ ਹੈ, ਪੈਸੇ ਦੇ ਦਿਉ ਤਾਂ ਨੁਕਸਾਨ,ਪੈਸੇ ਨਾਂ ਦਿਉ ਤਾਂ ਜਾਨ ਨੂੰ ਖਤਰਾ ਛੁਰੀ ਜਾਂ ਪਸਤੌਲ ਨਾਲ ਬੰਦੇ ਨੂੰ ਮਾਰਣ ਲੱਗੇ ਦੇਰ ਨਹੀਂ ਲਾਉਂਦੇ।ਚੋਰਾਂ ਨੂੰ ਪੈਸੇ ਦੇਣ ਤੋਨ ਬਾਅਦ ਪਏ ਰਹੋ ਬੀਮੇ ਦੇ ਕਲੇਮ ਦੇ ਚੱਕਰਾਂ ਵਿਚ, ਛੇ ਮਹੀਨੇ ਬਾਅਦ ਬੀਮੇ ਵਾਲੇ ਅੱਧ-ਪਚੱਧ ਮੋੜਦੇ ਹਨ। ਕਈ ਵਾਰੀ ਤਾਂ ਬੀਮੇ ਵਾਲੇ ਦੁਕਾਨਦਾਰ ਨੂੰ ਠੱਗ ਸਮਝਦੇ ਹਨ, ਕਹਿਣਗੇ ਤੁਸੀਂ ਜਾਣ ਬੁੱਝਕੇ ਚੋਰੀ ਆਪ ਕਰਾਈ ਹੈ ,ਹੋ ਸਕਦਾ ਹੈ ਕਿ ਥੋਹੜੇ ਬਹੂਤ ਬੰਦੇ ਜਾਣ ਬੁੱਝਕੇ ਚੋਰੀ ਕਰਾਉਂਦੇ ਹੋਣਗੇ ,ਪਰ ਮੈਂ ਇਹ ਗੱਲ ਬਿਲਕੁਲ ਮਨੰਣ ਨੂੰ ਤਿਆਰ ਨਹੀਂ ਕਿ ਸਾਰੇ ਆਪਣਾ ਕਾਰੋਬਾਰ ਛੱਡਕੇ ਬੀਮੇ ਵਾਲਿਆਂ ਦੇ ਦਫਤਰ ਵਿਚ ਜਾਕੇ ਆਪਣਾ ਸਮਾਂ ਬਰਬਾਦ ਕਰਨ।ਬਹੁਤੀ ਵਾਰੀ ਤਾਂ ਬੀਮੇ ਵਾਲੇ ਪੈਸੇ ਮੋੜਦੇ ਹੀ ਨਹੀਂ,ਜਾਂ ਤਾਂ ਕਿਸ਼ਤ ਟੁੱਟੀ ਹੁੰਦੀ ਹੈ,ਅਤੇ ਜੇ ਬੀਮੇ ਦੀਆਂ ਕਿਸ਼ਤਾਂ ਪੂਰੀਆਂ ਜਾਂਦੀਆਂ ਰਹਿਣ ਤਾਂ ਬੀਮੇ ਵਾਲੇ ਬੀਮੇ ਦੇ ਫਾਰਮ ਤੇ ਧਿਆਂਨ ਦਵਾਉਂਦੇ ਹੋਏ ਕਹਿਣਗੇ ,ਇਸ ਫਾਰਮ ਤੇ ਤਾਂ ਹੋਰ ਕੁੂਝ ਲਿਖਿਆ ਹੈ ਤੁਸੀਂ ਬੀਮੇ ਦਾ ਕਲਾਜ਼ ਚੰਗੀ ਤਰ੍ਹਾਂ ਨਹੀਂ ਪੜ੍ਹਿਆ,ਪੈਸੇ ਨਾ ਦੇਣ ਦੇ ਸੌ ਬਹਾਨੇ ਬਣਾਉਂਣਗੇ। ਹਾਂ ਮੈਂ ਚੋਰੀ ਦੇ ਨੁਕਸਾਨ ਦੀ ਗੱਲ ਕਰ ਰਿਹਾ ਸੀ ਪੈਸੇ ਮੰਗਣ ਆਏ ਚੋਰ ਨੂੰ ਜੇ ਤੁਸੀਂ ਸੱਟ ਮਾਰ ਦਿੱਤੀ ਤਾਂਹ ਵੀ ਤੁਸੀ ਫਸ ਗਏ ਪੁਲਿਸ ਤੁਹਾਨੂੰ ਘੜੀਸੀ ਫਿਰੇਗੀ,ਫੇਰ ਖਾਉ ਜਾਕੇ ਧੱਕੇ ਕੋਰਟ ਵਿਚ,ਵਪਾਰ ਦਾ ਫੇਰ ਨੁਕਸਾਨ।
ਬਾਬੇ ਬਖਤੌਰੇ ਦਾ ਮੇਰੇ ਕੋਲ ਆਕੇ ਬੈਠਣ ਦਾ ਇਕ ਲਾਭ ਇਹ ਸੀ ਕਿ ਦੋ ਬੰਦਿਆਂ ਨੂੰ ਦੇਖਕੇ ਚੋਰ ਚੌਰੀ ਕਰਨ ਦੀ ਘੱਟ ਹੀ ਕੋਸ਼ਿਸ਼ ਕਰਦੇ ਸਨ।ਉਸਨੂੰ ਵੀ ਫਾਇਦਾ ਸੀ ,ਉਹ ਮੈਨੂੰ ਕਹਿੰਦਾ ਹੁੰਦਾ ਸੀ ,” ਜਗਤਾਰ ਸਿਹਾਂ ਘਰ ਵੀ ਕੱਲੇ ਬੈਠੇ ਰਹੀਦਾ ਹੈ,ਤੇਰੇ ਕੌਲ ਆਕੇ ਦੌ ਘੜੀਆਂ ਗੱਪ-ਸ਼ੱਪ ਮਾਰ ਲਈਦੀ ਹੈ,ਸੋਹਣਾ ਸਮਾਂ ਲੰਘ ਜਾਂਦਾ ਹੈ।” ਕਈ ਵਾਰੀ ਜਦੋਂ ਉਹ ਮੇਰੇ ਕੋਲ ਗੱਲਾਂ ਕਰਦਾ ਸੀ ਮੈਨੂੰ ਇਉਂ ਮਹਿਸੂਸ ਹੁੰਦਾ ਸੀ ਕਿ ਉਸਨੂੰ ਅੰਦਰ ਹੀ ਅੰਦਰ ਕੋਈ ਦੁਖ ਖਾਈ ਜਾਂਦਾ ਹੈ ,ਪਰ ਮੇਰੀ ਉਸਦੀ ਅਤੇ ੳਸਦੇ ਘਰ ਵਾਲਿਆਂ ਬਾਰੇ ਪੁੱਛਣ ਦੀ ਹਿੰਮਤ ਨਹੀਂ ਸੀ ਪੈਂਦੀ।
ਇਕ ਦਿਨ ਬਾਬਾ ਬਖਤੌਰਾ ਘਰ ਆਕੇ ਰੋਟੀ ਖਾ ਰਿਹਾ ਸੀ,ਤਾਂ ਮੇਰੀ ਪਤਨੀ ਨੇ ਇਕ ਇਹੋ ਜਿਹੀ ਗੱਲ ਕਰਕੇ ਬਾਬੇ ਬਖਤੌਰੇ ਨੂੰ ਇਹ ਮਹਿਸੂਸ ਕਰਵਾ ਦਿੱਤਾ ਕਿ ਉਸਦਾ ਰੋਜ ਇੱਥੇ ਆਕੇ ਰੋਟੀ ਖਾਣਾ ਚੰਗਾ ਨਹੀਂ ਸਮਝਿਆ ਜਾਂਦਾ ,ਉਸ ਦਿਨ ਤੋਂ ਬਾਅਦ ਬਾਬਾ ਭਖਤੌਰਾ ਕਈ ਦਿਨ ਤੱਕ ਨਾ ਮੇਰੀ ਦੁਕਾਨ ਅਤੇ ਨਾ ਮੇਰੇ ਘਰ ਆਇਆ ।
“ਤੈਨੂੰ ਇਉਂ ਨਹੀਂ ਸੀ ਕਹਿਣਾ ਚਾਹੀਦਾ।ਸ਼ਾਇਦ ਬਾਬੇ ਨੇ ਤੇਰੇ ਕਹੇ ਦਾ ਬੁਰਾ ਮਨਾਇਆ ਹੈ, ਇਸ ਕਰਕੇ ਹੀ ਅੱਜਕਲ੍ਹ ਬਾਬਾ ਨਹੀਂ ਆਉਂਦਾ।ਤੈਨੂੰ ਪਤਾ ਹੈ ਬਾਬੇ ਦਾ ਮੈਨੂੰ ਕਿੰਨਾ ਫਾਇਦਾ ਸੀ,ਜਦੋਂ ਉਹ ਦੁਕਾਨ ਤੇ ਆਉਂਦਾ ਸੀ ਤਾਂ ਆਏ ਗਾਹਕਾਂ ਤੇ ਨਿਗਾਹ ਹੀ ਰੱਖਦਾ ਸੀ।”ਮੈਂ ਆਪਣੀ ਪਤਨੀ ਨੂੰ ਕਿਹਾ।
“ਜੇ ਇਨੰਾ ਹੀ ਡਰ ਲਗਦਾ ਹੈ ਤਾਂ ਇਕ ਬੰਦਾ ਹੋਰ ਕਿਉਂ ਨਹੀਂ ਰੱਖ ਲੈਂਦੇ,ਜਿਹੜਾ ਤੁਹਾਡੇ ਨਾਲ ਸਾਰਾ ਦਿਨ ਰਹੇ,ਸੱਚ ਪੁੱਛੋ ਤਾਂ,ਮੈਨੂੰ ਬੁੜਾ੍ਹ ਚੰਗਾ ਨਹੀਂ ਲਗਦਾ,ਆਖਰ ਉਹਦੇ ਵੀ ਨੂੰਹ-ਪੁੱਤ ਹੋਉਗੇ ਹੀ, ਕਿਉਂ ਨਹੀਂ ਉਸਨੂੰ ਲੰਗਰ ਪਕਾਕੇ ਖੁਆਉਂਦੇ।” ਪਤਾ ਨਹੀਂ ਬਸੰਤ ਕੋਰ ਨੂੰ ਬਾਬੇ ਤੋਂ ਕਿਉਂ ਇੰਨੀ ਚਿੜ੍ਹ ਸੀ।
ਫੇਰ ਅਚਾਨਕ ਇਕ ਦਿਨ ਅਵਾਜ ਸੁਣਕੇ ਮੈਂ ਜਾਂਦਾ ਜਾਂਦਾ ਖਲੋ ਗਿਆ।”ਜਗਤਾਰ ਸਿਹਾਂ ਸਾਸਰੀਕਾਲ ਆਜਾ ਏਧਰ, ਕਿਧਰ ਨੂੰ ਜਾ ਰਿਹਾ ਹੈਂ।”ਬਾਬੇ ਬਖਤੌਰੇ ਨੇ ਜੈਬਰਾ ਕਰਾਸ ਦੇ ਦੂਜੇ ਪਾਸੇ ਖੜੋਕੇ ਮੈਨੂੰ ਆਵਾਜ ਦਿੱਤੀ।ਪਤਾ ਨਹੀਂ ਮੈਨੂੰ ਉਸ ਨਾਲ ਇੰਨਾ ਮੋਹ ਕਿਉਂ ਹੋ ਗਿਆ ਸੀ। ਮੈਂ ਜੈਬਰਾ ਕਰਾਸ ਪਾਰ ਕਰਕੇ ਉਸ ਕੋਲ ਜਾਕੇ ਬਾਬੇ ਨੂੰ ਸਾਸਰੀ ਕਾਲ ਬੁਲਾਈ,ਤਾਂ ਕੋਲੋਂ ਇਕ ਅੱਧਖੜ ਜਿਹੀ ਗੋਰੀ ਆਪਣਾ ਨੱਕ-ਬੁਲ੍ਹ ਜਿਹਾ ਮਰੋੜਕੇ ਬੁੜਬੁੜ ਕਰਦੀ ਹੋਈ ਜੈਬਰਾ ਕਰਾਸ ਪਾਰ ਕਰ ਗਈ।ਸ਼ਾਇਦ ਉਸਨੂੰ ਸਾਡਾ ਪੰਜਾਬੀ ਵਿਚ ਉੱਚੀ ਆਵਾਜ ਬੋਲਣਾ ਪਸੰਦ ਨਹੀਂ ਸੀ ਆਇਆ।
“ਕਿਧਰ ਰਹੇ ਬਾਬਾ ਜੀ ਇੰਨੇ ਦਿਨ,ਆਏ ਹੀ ਨਹੀਂ?”ਉਹ ਮੱਲਾ ਚਿਤ ਕੁਝ ਢਿੱਲਾ ਸੀ ,ਬਸ ਆ ਹੀ ਨਹੀਂ ਹੋਇਆ ।” ਉਸਨੇ ਇਕ ਬਹਾਨਾ ਬਣਾ ਦਿੱਤਾ।
ਉਸ ਦਿਨ ਤੋਂ ਬਾਅਦ ਬਾਬਾ ਫੇਰ ਦੁਕਾਨ ਤੇ ਆਉਣ ਲੱਗ ਗਿਆ ਮੈਂ ਅੱਜ ਬੜਾ ਖੁਸ਼ ਸੀ ਪਰ ਜਦੋਂ ਮੈਂ ਸ਼ਾਮ ਨੂੰ ਦੁਕਾਨ ਬੰਦ ਕਰਕੇ ਘਰ ਆਕੇ ਬਾਬੇ ਬਾਰੇ ਘਰਵਾਲੀ ਨੂੰ ਦੱਸਿਆ ਤਾਂ ,ਕਹਿਣ ਲੱਗੀ,”ਰੱਬ ਦਾ ਹੀ ਵਾਸਤਾ ਹੈ ਉਸਨੂੰ ਘਰ ਆਉਣ ਵਾਸਤੇ ਨਾ ਕਿਤੇ ਕਹਿ ਦਿਉ।” ਮੇਰੀ ਘਰਵਾਲੀ ਨੂੰ ਇਕ ਚਿੰਤਾ ਨੇ ਆ ਘੇਰਿਆ।ਦੂਜੇ ਦਿਨ ਬਾਬਾ ਆਪਣੇ ਪੋਤੇ-ਅਤੇ ਪੋਤੀ ਨੂੰ ਸਕੂਲ ਛੱਡ ਕੇ ਦੁਕਾਨ ਤੇ ਆਇਆ ਤਾਂ ਬੜਾ ਉਦਾਸ ਸੀ।ਉਸਦੇ ਮੱਥੇ ਤੇ ਵੱਜੀ ਸੱਟ ਦਾ ਕਾਰਨ ਪੁੱਛਿਆ ਤਾਂ ਉਸਨੇ ਪੌੜੀਆਂ ਤੋਂ ਡਿੱਗਣ ਦਾ ਬਹਾਨਾ ਬਣਾ ਦਿੱਤਾ। ਅਤੇ ਨਾਲ ਹੀ ਉਸਦ ਰੋਣ ਨਿਕਲ ਗਿਆ।ਮੇਰੇ ਦੁਬਾਰਾ ਪੁੱਛਣ ਤੋਂ ਬਾਅਦ ਪਹਿਲਾਂ ਤਾਂ ਉਸਨੇ ਨਾਂਹ- ਨੁੱਕਰ ਜਿਹੀ ਕੀਤੀ ,ਪਰ ਫਰ ਆਪ ਮੁਹਾਰੇ ਹੀ ਬੋਲਣ ਲੱਗ ਪਿਆ ਕਹਿੰਦਾ ,”ਮੇਰੇ ਮੁੰਡੇ ਨੇ ਪਹਿਲਾਂ ਮੈਂਨੂੰ ਕੁੱਟਿਆ ਫੇਰ ਪੌੜੀਆਂ ਤੋਂ ਧੱਕਾ ਦੇ ਦਿੱਤਾ।” ਉਸਦਾ ਅੱਜ ਸਭ ਕੁਝ ਦੱਸਣ ਵਾਸਤੇ ਦਿਲ ਕਰ ਆਇਆ ਸੀ।ਇਕ ਵਾਰੀ ਛਿੜਿਆ ਤਾਂ ਫੇਰ ਬੋਲੀ ਗਿਆ।ਕਹਿਣ ਲੱਗਿਆ, “ ਜਗਤਾਰ ਸਿਹਾਂ, ਰੱਬ ਉਲਾਦ ਦੇਵੇ ਤਾਂ ਚੰਗੀ ਦੇਵੇ ,ਮਾੜੀ ਉਲਾਦ ਨਾਲੋਂ ਤਾਂ ਬੰਦਾ ਔਂਤਰਾ ਹੀ ਚੰਗਾ ਹੈ।ਆਹ ਹੁਣ ਥਾਂਾਂ-ਥਾਂ ਤੇ ਧੱਕੇ ਖਾਣ ਦੀ ਮੇਰੀ ਕੋਈ ਉਮਰ ਹੈ , ਬੰਦਾ ਸਾਰੀ ਉਮਰ ਹੱਡ ਭੰਨਵੀਂ ਮਿਹਨਤ ਆਪਣੇ ਬੱਚਿਆਂ ਵਾਸਤੇ ਇਸ ਕਰਕੇ ਕਰਦਾ ਹੈ ਕਿ ਉਨ੍ਹਾਂ ਦੀ ਜ਼ਿਦੰਗੀ ਸੰਵਰ ਜਾਵੇ ਅਤੇ ਬੁਢਾਪੇ ਵਿਚ ਬੱਚੇ ਉਸਦੀ ਸਾਂਭ ਸੰਭਾਲ ਕਰਨਗੇ। ਮੱਲਾ ਤੀਹ ਸਾਲ ਹੋ ਗਏ ਘਰੋਂ ਨਿਕਲਿਆਂ ਨੂੰ, ਨਾ ਘਰ ਦਾ ਰਿਹਾ ਨਾ ਘਾਟ ਦਾ ਇੰਨੀ ਮਿਹਨਤ ਤੋਂ ਬਾਅਦ ਕੁਝ ਵੀ ਨਹੀਂ ਖੱਟਿਆ,ਸਾਰੀ ਉਮਰ ਫੈਕਟਰੀਆਂ ਵਿਚ ਗਾਲ ਦਿੱਤੀ । ਯੁਗੰਡਾ ਵਿਚ ਮੇਰਾ ਕਾਰਾਂ ਮੁਰੱਮਤ ਕਰਨ ਦਾ ਬਹੁਤ ਵੱਡਾ ਗੈਰਜ ਸੀ ਵਪਾਰ ਬਹੂਤ ਸੋਹਣਾ ਚਲਦਾ ਸੀ, ਗੈਰਿਜ ਵਿਚ ਵੀਹ ਕਾਮੇਂ ਰੱਖੇ ਹੋਏ ਸਨ ਘਰ ਦਾ ਕੰਮ ਵੀ ਨੌਕਰ ਕਰਦੇ ਸਨ, ਘਰ ਕਾਹਦਾ ਸੀ ਵੱਡੀ ਹਵੇਲੀ ਸੀ, ਅਸੀਂ ਪੈਸੇ ਵੱਲੋਂ ਬਹੁਤ ਸੌਖੇ ਸੀ।ਇਹ ਸ਼ਾਇਦ ਮੇਰੀ ਪਤਨੀ ਬਸੰਤ ਕੌਰ ਦਾ ਪ੍ਰਤਾਪ ਸੀ ਵਾਹੇਗੁਰੂ ਉਸਨੂੰ ਆਪਣੇ ਚਰਣਾ ਵਿਚ ਨਿਵਾਸ ਬਕਸ਼ੇ ਅਡੀ ਅਮੀਨ ਨੇ ਸਭ ਕੁਝ ਖੋ ਲਿਆ ਤੇ ਅਸੀਂ ਮਲੰਗ ਹੋਕੇ ਇੰਗਲੈਂਡ ਆ ਗਏ। ਇਥੇ ਆਕੇ ਬਹੁਤ ਮਿਹਨਤ ਕੀਤੀ ਦੋ ਮੁੰਡਿਆਂ ਅਤੇ ਕੁੜੀ ਦਾ ਵਿਆਹ ਕੀਤਾ,ਮੁੰਡੇ ਹੁਣ ਮੇਰੀ ਬਾਤ ਨਹੀਂ ਪੁੱਛਦੇ।ਕਰਮਾਂ ਬਿਨਾਂ ਕੁਝ ਨਹੀਂ ਮਿਲਦਾ ਜਗਤਾਰ ਸਿਹਾਂ। ਕੁੜੀ ਦਾ ਵਿਆਹ ਕੀਤਾ ਜਵਾਈ ਇਹੋ ਜਿਹਾ ਟੱਕਰਿਆ ਬਸ ਕੁਝ ਨਾ ਪੁੱਛ।ਸ਼ਰਾਬੀ, ਜੁਆਰੀ,ਅਤੇ ਕੁੜੀਆਂ ਨਾਲ ਤੁਰਿਆ ਫਿਰਦਾ ਹੈ।ਚਾਰ ਪੈਸੇ ਕੋਲੋਂ ਡਿਪੋਜ਼ਟ ਰੱਖਕੇ ਘਰ ਲੈਕੇ ਦਿੱਤਾ , ਘਰ ਵੇਚਕੇ ਜਿਹੜਾ ਪੈਸਾ ਮਿਲਿਆ ਸ਼ਰਾਬ ,ਜੂਏ ਅਤੇ ਕੁੜੀਆਂ ਤੇ ਖਰਚ ਕਰ ਦਿੱਤਾ, ਕੁੜੀ ਕੋਲ ਇਕ ਕੁੜੀ ਅਤੇ ਇਕ ਮੁੰਡਾ ਹੈ ਕੁੜੀ ਮੈਂਟਲੀ ਹੈਂਡੀਕੈਪ ਹੈ ਵਿਚਾਰੀ ਕੌਂਸਲ ਦੇ ਮਕਾਨ ਰਹਿੰਦੀ ਹ। ਸ਼ਰਾਬੀ ਹੋਕੇ ਜਵਾਈ ਨਿੱਤ ਆਕੇ ਗਾਲ੍ਹਾਂ ਕੱਢਕੇ ਕਹਿੰਦਾ ਸੀ ਲਿਆ ਪੈਸੇ ਆਵਦੇ ਪਿਉ ਤਂੋ, ਕੁੜੀ ਜਦੋਂ ਇਨਕਾਰ ਕਰ ਦਿੰਦੀ ਸੀ ਤਾਂ ਕੁੜੀ ਦੇ ਹੱਡ ਸੇਕ ਦਿੰਦਾ ਸੀ, ਹਾਰਕੇ ਕੁੜੀ ਨੇ ਤਲਾਕ ਲੈ ਲਿਆ।ਜਗਤਾਰ ਸਿਹਾਂ ਇਕ ਦੁਖ ਹੋਵੇ ਤਾਂ ਦੱਸਾਂ।” ਇਹ ਕਹਿਕੇ ਉਸਦੀਆਂ ਅੱਖਾਂ ਭਰ ਆਈਆਂ ਸੀ।ਉਸਨੇ ਐਨਕਾਂ ਲਾਹਕੇ ਰੁਮਾਲ ਨਾਲ ਹੰਝੂ ਪੂੰਝਦੇ ਹੋਏ ਫੇਰ ਕਹਿਣਾ ਸ਼ੁਰੂ ਕੀਤਾ ਕਹਿਣ ਲiੱਗਆ, “ਜਗਤਾਰ ਸਿਹਾਂ ,ਤੈਨੂੰ ਮੈਂ ਇਕ ਗੱਲ ਦੱਸਾਂ ,ਬੰਦਾ ਆਪਣਾ ਅੱਡਾ ਨਾ ਛੱਡੇ, ਅੱਡੇ ਤੋਂ ਮੇਰਾ ਭਾਵ ਹੈ ਕਿ ਆਪਣਾ ਘਰ ਨਾ ਛੱਡੇ, ਘਰ ਜਰੂਰ ਆਪਣਾ ਹੋਣਾ ਚਾਹੀਦਾ ਹੈ, ਜੇ ਤੁਹਾਡੇ ਕੋਲ ਘਰ ਹੁੰਦਾ ਹੈ ਤਾਂ ਬੱਚੇ ਮਗਰ ਮਗਰ ਫਿਰਦੇ ਹਨ ਅਤੇ ਜੀ ਹਜੂਰੀ ਕਰਦੇ ਹਨ,ਜੇ ਤੁਹਾਡਾ ਘਰ ਨਹੀਂ ਕਦੇ ਕਿਤੇ ਤੇ ਕਦੇ ਕਿਤੇ।ਇਕ ਵਾਰੀ ਘ੍ਰ ਹੱਥੋਂ ਨਿਕਲ ਗਿਆ ਤਾਂ ਖਾਂਦੇ ਫਿਰੋ ਜਗ੍ਹਾ ਜਗ੍ਹਾ ਤੇ ਧੱਕੇ ਕਦੇ ਕਿਤੇ ਤੇ ਕਦੇ ਕਿਤੇ।ਮੇਰੇ ਨਾਲ ਵੀ ਇਉ ਹੀ ਹੋਈ।ਮੈਂ ਮੁੰਡਿਆਂ ਨੂੰ ਘਰ ਲੈਕੇ ਦਿੱਤੇ ਨੂੰਹਾਂ ਐਸੀਆਂ ਆਈਆਂ ਬਸ ਪੁੱਛੋ ਹੀ ਨਾ।ਮੁੰਡਿਆਂ ਨੂੰ ਨੂਹਾਂ ਨੇ ਐਸੀ ਪੱਟੀ ਪੜਾ੍ਹਈ ਮੇਰਾ ਘਰ ਵੇਚਕੇ ਦਮ ਲਿਆ ।ਘਰ ਵੇਚਣ ਤੋਂ ਪਹਿਲਾਂ ਤਾਂ ਬਾਪੂ ਬਾਪੂ ਕਰਦੇ ਸਨ ,ਕਹਿੰਦੇ ਸਨ ਬਾਪੂ ਤੇਰੀਆਂ ਦੋ ਰੋਟੀਆਂ ਪਕਾ ਦਿਆਂਗੇ ਤਾਂ ਸਾਡਾ ਕੀ ਘਟ ਜਾਵੇਗਾ ਅਤੇ ਘਰ ਵੇਚਣ ਤੋਂ ਬਾਅਦ ਅੱਖਾਂ ਹੀ ਫੇਰ ਗਏ।ਛੋਟੇ ਮੁੰਡੇ ਨੇ ਤਾਂ ਸਾਫ਼ ਕਹਿ ਦਿੱਤਾ ਬੁੜ੍ਹਿਆ ਮੇਰੇ ਕੋਲ ਆਉਣ ਦੀ ਤੈਨੂੰ ਕੋਈ ਲੋੜ ਨਹੀਂ,ਵੱਡਾ ਮੁੰਡਾ ਸਾਊ ਸੀ ਉਹਦੇ ਕੋਲ ਦਿਨ ਕਟੀ ਕਰ ਲਈਦੀ ਸੀ,ਨੂੰਹ ਦੇ ਕਹਿਣ ਤੈ ਹੁਣ ਉਹ ਵੀ ਅੱਖਾਂ ਫੇਰੀ ਬੈਠਾ ਹੈ।ਦੋਵੇਂ ਜੀ ਕੰਮ ਤੇ ਚਲੇ ਜਾਂਦੇ ਹਨ ਤੇ ਜੁਆਕਾਂ ਨੂੰ ਸਕੂਲ ਛੱਡਣ ਕਰਨ ਦਾ ਕੰਮ ਮੇਰੇ ਜੁੰਮੇ ਹੈ। ਦੋਨਾਂ ਜੁਆਕਾਂ ਤੋਂ ਛੋਟੇ ਮੁੰਡੇ ਨੂੰ ਬੇਬੀ ਸਿਟਰ ਕੋਲ ਛੱਡਕੇ ਆਉਣਾ ਪੈਂਦਾ ਹੈ ਜਿਸ ਦਿਨ ਕਿਸੇ ਕਾਰਨ ਬੇਬੀ ਸਿਟਰ ਛੋਟੇ ਨੂੰ ਨਹੀਂ ਰੱਖਦੀ ਤਾਂ ਮੈਨੂੰ ਸਾਰਾ ਦਿਨ ਬੱਚਾ ਸਾਂਭਣਾ ਪੈਂਦਾ ਹੈ।ਨੈਪੀ ਬਦਲਣ ਤੋਂ ਲੈਕੇ ਖਾਣ -ਪਿਆਉਣ ਤੱਕ ਦਾ ਕੰਮ ਮੈਨੂੰ ਹੀ ਕਰਨਾ ਪੈਂਦਾ ਹੈ ।ਜਗਤਾਰ ਸਿਹਾਂ ਇਸ ਬੁਢਾਪੇ ਵਿਚ ਮੈਂਥੋਂ ਉਹ ਬੁੜੀ੍ਹਆਂ ਵਾਲਾ ਕੰਮ ਕਰਾੳਂਦੀ ਹੈ, ਕੰਮ ਤੇ ਜਾਣ ਤੋਂ ਪਹਿਲਾਂ ਨੂੰਹ ਰਾਣੀ ਕੰਮ ਦੀ ਲੰਮੀ ਸਾਰੀ ਲਿਸਟ ਪਕੜਾਕੇ ਜਾਂਦੀ ਹੈ ਤੇ ਮੈਂ ਸਾਰਾ ਦਿਨ ਉਨ੍ਹਾਂ ਦੇ ਕੰਮ ਵਿਚ ਹੀ ਰੁਝਿਆ ਰਹਿੰਦਾ ਹਾਂ।ਵੀਕ ਐਂਡ ਤੇ ਆਪ ਤਾਂ ਬਾਹਰ ਨਿਕਲ ਜਾਂਦੇ ਹਨ ਤੇ ਬੱਚੇ ਮੇਰੇ ਕੋਲ ਛੱਡ ਜਾਂਦੇ ਹਨ।ਮੈਂ ਵੀ ਭਲਾ ਗੁਰਦਵਾਰੇ ਜਾਂ ਬਜਾਰ ਜਾਣਾ ਹੀ ਹੁੰਦਾ ਹੈ ,ਪਰ ਬੱਚਿਆਂ ਕਰਕੇ ਕਿਤੇ ਵੀ ਨਹੀਂ ਜਾ ਸਕਦਾ।ਮੈਨੂੰ ਸ਼ੁਗਰ ਅਤੇ ਬੱਲਡ ਪ੍ਰੈਸ਼ਰ ਦੀ ਬਿਮਾਰੀ ਹੈ।ਕੱਲ ਮੈਂ ਕੁਝ ਢਿੱਲਾ ਸੀ ਤੇ ਸੌਂ ਗਿਆ,ਅਤੇ ਕੈਮਿਸਟ ਤੋਂ ਬੱਚੇ ਦੀ ਦਵਾਈ ਲਿਆਉਣੀ ਭੁੱਲ ਗਿਆ।ਮੇਰੇ ਮੁੰਡੇ ਦੇ ਘਰ ਆਉਣ ਸਾਰ ਹੀ ਨੂੰਹ ਰਾਣੀ ਨੇ ਘਰ ਸਿਰ ਤੇ ਚੁੱਕ ਲਿਆ,ਉਹ ਗਾਲ੍ਹਾਂ ਦਿੱਤੀਆਂ ਬਸ ਪੁੱਛੋ ਹੀ ਨਾ,ਕਹਿਣ ਲੱਗੀ ਮਰ ਜਾ ਬੁੜ੍ਹਿਆ ,ਕੀ ਥੁੜਿਆ ਪਿਆ ਹੈ ਤੇਰੇ ਬਿਨਾਂ ,ਮੇਰੇ ਮੁੰਡੇ ਨੇ ਘਰਵਾਲੀ ਨੂੰ ਹਟਾਉਣਾ ਤਾਂ ਕੀ ਸੀ ਨਾਲੇ ਮੈਨੂੰ ਕੁੱਟਿਆ, ਤੇ ਨਾਲੇ ਪੌੜੀਆਂ ਤੋਂ ਧੱਕਾ ਦੇ ਦਿੱਤਾ।ਹੁਣ ਤਾਂ ਪੁੱਤ ਇਉਂ ਜੀ ਕਰਦਾ ਹੈ ਕਿਹੜਾ ਵੇਲਾ ਹੋਵੇ ਰੱਬ ਮੈਨੂੰ ਚੁੱਕ ਲਵੇ।”
ਬਾਬੇ ਦੀ ਆਪਬੀਤੀ ਸੁਣਕੇ ਮੈਂ ਬੜਾ ਹੀ ਦੁਖੀ ਹੋਇਆ,ਅਤੇ ਸੋਚਿਆ ਸ਼ੁਕਰ ਹੈ ਰੱਬ ਦਾ ਕੁੜੀ ਵੀ ਚੰਗੇ ਘਰ ਵਿਆਹੀ ਹੋਈ ਹੈ ਅਤੇ ਨੂੰਹ ਪੁੱਤ ਵੀ ਬਹੁਤ ਹੀ ਚੰਗੇ ਹਨ।ਤੇ ਮੈਂ ਕਿਹਾ। “ ਬਾਬਾ ਜੀ ਬੱਚੇ ਤੁਹਾਡੇ ਨਾਲ ਬਹੁਤ ਭੈੜਾ ਸਲੂਕ ਕਰਦੇ ਹਨ ਉਨ੍ਹਾਂ ਨੂੰ ਇਉਂ ਨਹੀਂ ਕਰਨਾ ਚਾਹੀਦਾ ।ਬੁਢਾਪੇ ਵਿਚ ਬੰਦਾ ਕਿਸ ਕੋਲ ਜਾਵੇ,ਉਲਾਦ ਹੀ ਤਾਂ ਹੁੰਦੀ ਹੈ ਦੇਖਭਾਲ ਕਰਨ ਵਾਲੀ,ਜੇ ਉਹੀ ਨਾ ਸੰਭਾਲਣ ਤਾਂ ਫੇਰ ਤਾਂ ਕੰਮ ਖਰਾਬ ਹੀ ਹੋ ਜਾਂਦਾ ਹੈ ।”
“ਪੁੱਤ ਕਰਮਾਂ ਵਿਚ ਇਹੀ ਲਿਖਿਆ ਸੀ।ਜਦੋਂ ਊਹ ਬਾਹਰ ਜਾਂਦੇ ਹਨ ਤਾਂ ਘਰਦੇ ਕੰਮ ਤੋਂ ਲੈਕੇ ਰੋਟੀ ਟੁੱਕ ਦਾ ਸਾਰਾ ਕੰਮ ਮੈਨੂੰ ਕਰਨਾ ਪੈਂਦਾ ਹੈ।ਜੇ ਕੁੜੀ ਕੋਲ ਇਕ ਦੋ ਦਿਨ ਚਲਾ ਜਾਂਦਾ ਹਾਂ ,ਤਾਂ ਮੁੰਡੇ ਪਸੰਦ ਨਹੀਂ ਕਰਦੇ ਕਹਿੰਦੇ ਹਨ ਬਾਪੂ ਤੁੰ ਭੈਣ ਕੋਲ ਨਾ ਜਾਇਆ ਕਰ ਸਾਡੀ ਬੇਇੱਜਤੀ ਹੁੰਦੀ ਹੈ, ਉਨ੍ਹਾਂ ਨੂੰ ਇਸ ਗੱਲ ਦਾ ਡਰ ਮਾਰਦਾ ਹੈ ਕਿ ਲੋਕ ਕੀ ਕਹਿਣਗੇ,ਬਈ ਮੁੰਡਿਆਂ ਦੇ ਹੁੰਦੇ ਹੋਏ ਬਾਬਾ ਕੁੜੀ ਕੋਲ ਜਾਕੇ ਰਹਿੰਦਾ ਹੈ,ਜਗਤਾਰ ਸਿਹਾਂ ਇਸ ਕਰਕੇ ਕੁੜੀ ਕੋਲ ਜਾਈਦਾ ਹੀ ਨਹੀਂ।ਉਹ ਤਾਂ ਵਿਚਾਰੀ ਅੱਗੇ ਹੀ ਦੁਖੀ ਹੈ, ਫੇਰ ਵੀ ਮੇਰੇ ਨਾਲ ਬਹੁਤ ਮੋਹ ਕਰਦੀ ਹੈ ਮੈਂ ਜਦੋਂ ਉਸ ਕੋਲ ਜਾਂਦਾ ਹਾਂ ਤਾਂ ਮੇਰੀ ਬਹੁਤ ਸੇਵਾ ਕਰਦੀ ਹੈ।ਕਈ ਵਾਰੀ ਸੋਚੀਦਾ ਹੈ ਜੇ ਬਸੰਤ ਕੌਰ ਹੁੰਦੀ ਤਾਂ ਅਸੀਂ ਇਕ ਦੂਜੇ ਦੇ ਸਹਾਰੇ ਦਿਨ ਕੱਟ ਲੈਂਦੇ।”ਇਹ ਕਹਿਕੇ ਬਾਬੇ ਨੇ ਇਕ ਲੰਮਾ ਹੌਕਾ ਲਿਆ।
“ਬਾਬਾ ਜੀ,ਤੁਸੀਂ ਘਰ ਆਕੇ ਅੱਨ- ਪਾਣੀ ਛਕ ਜਾਇਆ ਕਰੋ ਮੈਂ ਘਰਵਾਲੀ ਨੂੰ ਸਮਝਾ ਦੇਵਾਂਗਾ।”
“ਪੁੱਤ ਐਨਾ ਮੋਹ ਨਾ ਕਰਿਆ ਕਰ,ਮੈਂ ਤਾਂ ਹੈਰਾਨ ਹਾਂ ਆਪਣੀ ਉਲਾਦ ਨਾਲੋਂ ਤਾਂ ਤੂੰ ਚੰਗਾ ਹੈਂ,ਤੇਰਾ ਪਿਆਰ ਹੀ ਮੈਨੂੰ ਤੇਰੇ ਕੋਲ ਖਿੱਚ ਲਿਆਉਂਦਾ ਹੈ,ਪੁੱਤ ਰਿਸ਼ਤੇ ਪਿਆਰ ਦੇ ਹੀ ਹੁੰਦੇ ਹਨ,ਉਸ ਉਲਦ ਦਾ ਕੀ ਕਰਨਾ ਹੈ ਜਿਹੜੀ ਕਿਸੇ ਦੀ ਬਾਤ ਹੀ ਨਾ ਪੁੱਛੇ।”
“ ਬਾਬਾ ਜੀ ਜੇ ਤੁਸੀਂ ਕਹੋਂ ਤਾ ਮੈਂ ਤੁਹਾਡੇ ਮੁੰਡੇ ਨੂੰ ਸਮਝਾਵਾਂ ।”
“ਨਾ ਪੁੱਤ ਨਾ, ਮੇਰੇ ਮੁੰਡੇ ਨੂੰ ਕੁਝ ਨਾ ਕਹੀਂ ਉਹ ਤਾਂ ਅੱਗੇ ਹੀ ਮਾਣ ਨਹੀਂ ,ਫੇਰ ਤਾਂ ਜਿਹੜੇ ਦੋ ਦਿਨ ਕੱਟਣੇ ਹਨ ,ਉਹ ਵੀ ਕੱਟ ਨਹੀਂ ਹੋਣੇ,ਉਨ੍ਹਾਂ ਨੇ ਕਹਿਣੈ ,ਸਾਡੀਆਂ ਗੱਲਾਂ ਲੋਕਾਂ ਨੂੰ ਜਾਕੇ ਦਸਦਾ ਹੈਂ।” ਤੇ ਇਸੇ ਡਰ ਤੋਂ ਮੈਂ ਚੁੱਪ ਕਰ ਗਿਆ। ਹੁਣ ਬਾਬਾ ਘਰ ਵੀ ਆਉਣ ਲੱਗ ਗਿਆ ਸੀ , ਮੇਰੀ ਘਰਵਾਲੀ ਵੀ ਬਾਬੇ ਦੀ ਕਹਾਣੀ ਸੁਣਨ ਤੋਂ ਬਾਅਦ ਬਾਬੇ ਤੇ ਮੇਹਰਬਾਨ ਹੋ ਗਈ ਸੀ।ਇਸੇ ਤਰ੍ਹਾਂ ਦਿਨ ਲ਼ੰਘਣ ਲੱਗ ਗਏ ਸਨੇ,ਅਤੇ ਕੁਝ ਦਿਨਾਂ ਬਾਅਦ ਬਾਬਾ ਆਇਆ ਹੀ ਨਾ ,ਅਤੇ ਸੋਮਵਾਰ ਵਾਲੇ ਦਿਨ ਬਾਬੇ ਦੇ ਪੋਤੇ ਪਤੀ ਨੂੰ ਸਕੂਲ ਛੱਡਣ ਆਏ ਇਕ ਉਪਰੇ ਬੰਦੇ ਨੂੰ ਦੇਖ ਕੇ ਮੈਂ ਬਾਬੇ ਦੇ ਨਾ ਆਉਣ ਦਾ ਕਾਰਨ ਪੁੱਛਿਆ ਤਾਂ ਉਸਨੇ ਕਿਹਾ ਜੀ, “ਬਾਬਾ ਜੀ ਤਾਂ ਅਕਾਲ ਚਲਾਣਾ ਕਰ ਗਏ, ਮੈ ਜੀ ਉਸਦਾ ਵੱਡਾ ਮੁੰਡਾ ਹਾਂ,ਬਥੇਰਾ ਸਮਝਾਇਆ ਸੀ ਬਈ ਘਰ ਬੈਠਿਆ ਕਰ,ਤੈਨੂੰ ਬਾਹਰ ਜਾਣ ਦੀ ਕੋਈ ਲੋੜ ਨਹੀਂ,ਅਸੀਂ ਤਾਂ ਜੀ ਬਾਪੂ ਜੀ ਬਹੁਤ ਸੇਵਾ ਕਰਦੇ ਸੀ ਉਨ੍ਹਾਂ ਦੇ ਤਾਂ ਅਸੀਂ ਪੈਰ ਧੋ-ਧੋ ਪੀਂਦੇ ਸੀ ਜੀ ,ਸਾਡਾ ਬੜਾ ਦਿਲ ਖਰਾਬ ਹੋਇਆ ਸੀ ਜਦੋਂ ਪਰਸੋਂ ਰਾਤ ਘਰ ਹੀ ਨਾ ਆਇਆ।,ਪਾਰਕ ਵਿਚ ਬੈਠਾ ਬੈਠਾ ਠੰਡ ਨਾਲ ਮਰ ਗਿਆ।ਜੀਂਦਾ ਤਾਂ ਦੁਖ ਦਿੰਦਾ ਹੀ ਸੀ, ਮਰ ਕੇ ਵੀ ਵਖਤ ਵਿਚ ਪਾ ਗਿਆ ।ਪੂਲਿਸ ਹੁਣ ਸਾਨੂੰ ਘੜੀਸੀ ਫਿਰਦੀ ਹੈ, ਦੱਸੋ ਹੁਣ ਕੀ ਕੀਤਾ ਜਾਵੇ।”
ਉਸਦੀਆਂ ਇਹ ਗੱਲਾਂ ਸੁਣਨ ਤੋਂ ਬਾਅਦ ਮੈਂ ਦੁਕਾਨ ਵਿਚ ਖੜੋਤਾ ਹੋਇਆ ਆਪ ਮੁਹਾਰੇ ਹੀ ਬੋਲਣ ਲੱਗ ਗਿਆ,ਝੂਠ ਸਭ ਝੂਠ,ਬਾਬਾ ਬਖਤੌਰਾ ਤਾਂ ਬਹੁਤ ਹੀ ਚੰਗਾ ਸੀ,ਸ਼ਾਇਦ ਉਸਦੀ ਕਿਸਮਤ ਵਿਚ ਇਹੀ ਕੁਝ ਲਿਖਿਆ ਸੀ ।ਬਾਬੇ ਬਖਤੋਰੇ ਦੀਆਂ ਗੱਲਾਂ ਯਾਦ ਕਰਕੇ ਕਈ ਵਾਰੀ ਮਨ ਦੁਖੀ ਹੋ ਜਾਂਦਾ ਹੈ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly