HOME ਪੁਰਾਤਨ ਕਸੀਦਾਕਾਰੀ ਨੂੰ ਨਵਾਂ ਰੂਪ ਦੇਣ ਵਾਲੀ ਭਵਲੀਨ ਕੌਰ

ਪੁਰਾਤਨ ਕਸੀਦਾਕਾਰੀ ਨੂੰ ਨਵਾਂ ਰੂਪ ਦੇਣ ਵਾਲੀ ਭਵਲੀਨ ਕੌਰ

1
ਭਵਲੀਨ ਕੌਰ
ਬਲਦੇਵ ਸਿੰਘ ਬੇਦੀ

 (ਸਮਾਜ ਵੀਕਲੀ)  ਜਦੋਂ ਵੀ ਕਿਸੇ ਦੀ ਸੋਚ ਅਤੇ ਮਿਹਨਤ ਇਕੋ ਦਿਸ਼ਾ ਵਿੱਚ ਰਵਾਨਾ ਹੋ ਜਾਂਦੀ ਹੈ, ਤਾਂ ਉਹ ਜ਼ਰੂਰ ਇਕ ਨਵੀਂ ਇਤਿਹਾਸਕ ਰਾਹ ਬਣਾਉਂਦੀ ਹੈ। ਜਲੰਧਰ ਸ਼ਹਿਰ ਦੀ ਭਵਲੀਨ ਕੌਰ ਇਸ ਗੱਲ ਦੀ ਇਕ ਮਿਸਾਲ ਹੈ। ਹਾਲਾਂਕਿ ਉਮਰ ਪੱਖੋਂ ਵੇਖਿਆ ਜਾਵੇ ਤਾਂ ਭਵਲੀਨ ਅਜੇ ਵੀ ਵਿਦਿਆਰਥਣ ਹੈ, ਪਰ ਉਸ ਦੀ ਕਲਾ, ਸੋਚ ਅਤੇ ਦ੍ਰਿੜ ਨਿਸ਼ਚੇ ਨੇ ਉਸ ਨੂੰ ਕਈਆਂ ਲਈ ਰੋਲ ਮਾਡਲ ਬਣਾ ਦਿੱਤਾ ਹੈ। ਖ਼ਾਲਸਾ ਕਾਲਜ ਜਲੰਧਰ ਵਿੱਚ ਐਮ. ਸੀ. ਏ. ਦੀ ਪੜਾਈ ਕਰ ਰਹੀ ਭਵਲੀਨ ਨੇ ਆਪਣੀ ਪੜਾਈ ਦੇ ਨਾਲ-ਨਾਲ ਇਕ ਅਜਿਹਾ ਰਸਤਾ ਵੀ ਚੁਣਿਆ ਹੋਇਆ ਹੈ ਜੋ ਸਿਰਫ਼ ਉਸਦਾ ਸ਼ੌਂਕ ਹੀ ਨਹੀਂ ਪੂਰਾ ਕਰਦਾ, ਸਗੋਂ ਉਸ ਦੀ ਪਛਾਣ ਅਤੇ ਕਮਾਈ ਦਾ ਵਸੀਲਾ ਵੀ ਬਣ ਚੁੱਕਿਆ ਹੈ। ਭਵਲੀਨ ਨੇ ਨੌਵੀਂ ਜਮਾਤ ਤੋਂ ਹੀ ਹਸਤਕਲਾ ਅਤੇ ਕਸੀਦਾਕਾਰੀ ਵਲ ਰੁਝਾਨ ਰੱਖਿਆ। ਉਸਦੀ ਕਲਾ ਦੀ ਖਾਸ ਵਿਸ਼ੇਸ਼ਤਾ ਇਹ ਹੈ ਕਿ ਉਸ ਨੇ ਸੂਈ ਧਾਗੇ ਦੀ ਇਸ ਪੁਰਾਤਨ ਰੀਤ ਨੂੰ ਨਵੇਂ ਰੂਪ ਵਿੱਚ ਸਾਂਝਾ ਕੀਤਾ ਹੈ। ਭਵਲੀਨ ਦੀ ਬਣਾਈ ਹੂਪ ਕਢਾਈ (hoop embroidery) ਅੱਜ ਘਰਾਂ ਦੀ ਸ਼ੋਭਾ ਬਣ ਰਹੀ ਹੈ। ਲਕੜੀ ਦੇ ਗੋਲ ਫਰੇਮ, ਕੱਪੜਾ, ਰੰਗ-ਬਿਰੰਗੇ ਧਾਗੇ, ਮੋਤੀ, ਗੋਟੇ, ਸਤਾਰੇ ਅਤੇ ਹੋਰ ਸਜਾਵਟੀ ਸਮੱਗਰੀ ਦੀ ਮਦਦ ਨਾਲ ਬਣੇ ਇਹ ਹੂਪ ਨਾ ਸਿਰਫ਼ ਇੱਕ ਕਲਾ ਦਾ ਰੂਪ ਹਨ, ਸਗੋਂ ਇਹ ਕਿਸੇ ਵਿਸ਼ੇਸ਼ ਦਿਨ ਦੀ ਯਾਦਗਾਰੀ ਨਿਸ਼ਾਨੀ ਵੀ ਹੁੰਦੇ ਹਨ। ਉਹ ਆਪਣੇ ਹੂਪਾਂ ਰਾਹੀਂ ਵਿਆਹ, ਰੋਕਾ, ਸਾਲਗਿਰ੍ਹਾ, ਬੱਚਿਆਂ ਦੇ ਜਨਮ ਦਿਨ ਆਦਿ ਖ਼ਾਸ ਦਿਨਾਂ ਨੂੰ ਦਰਸਾਉਂਦੀ ਹੈ। ਹਰ ਹੂਪ ਇਕ ਵਿਅਕਤੀਗਤ ਛਾਪ ਜਾਂ ਇਕ ਅਨੁਭਵ ਦੀ ਕਹਾਣੀ ਦੱਸਦਾ ਹੈ। ਉਸ ਦੀ ਕਲਾ ਵਿੱਚ ਨਿਰਾਲੀ ਸੋਚ ਅਤੇ ਸੁੰਦਰ ਸਾਂਝ ਪਾਈ ਜਾਂਦੀ ਹੈ ਜੋ ਦੇਖਣ ਵਾਲਿਆਂ ਨੂੰ ਦਿਲੋਂ ਪ੍ਰਭਾਵਿਤ ਕਰਦੀ ਹੈ। ਇਹ ਹੂਪ ਸਿਰਫ਼ ਭਾਰਤ ਵਿੱਚ ਹੀ ਨਹੀਂ, ਸਗੋਂ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ ਵਰਗੇ ਦੇਸ਼ਾਂ ਵਿਚ ਵੀ ਲੋਕਾਂ ਦੇ ਘਰਾਂ ਦੀਆਂ ਕੰਧਾਂ ਦੀ ਸ਼ੋਭਾ ਬਣ ਰਹੇ ਹਨ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਬਣਾ ਰਹੀ ਸਜਾਵਟੀ ਆਈਟਮਾਂ ਨੇ ਜਿੱਥੇ ਭਵਲੀਨ ਨੂੰ ਕਲਾ-ਪ੍ਰੇਮੀ ਵਰਗ ‘ਚ ਇੱਕ ਵੱਖਰੀ ਪਛਾਣ ਦਿੱਤੀ, ਉੱਥੇ ਹੀ ਇਹ ਉਸ ਲਈ ਆਮਦਨ ਦਾ ਸਰੋਤ ਵੀ ਬਣ ਰਹੇ ਹਨ। ਇੱਕ ਵਿਦਿਆਰਥਣ ਹੋਣ ਦੇ ਨਾਤੇ ਭਵਲੀਨ ਆਪਣੀ ਪੜਾਈ ਦਾ ਖਰਚ ਵੀ ਇਹੀ ਹਸਤਕਲਾ ਰਾਹੀਂ ਕਰਦੀ ਹੈ। ਉਹ ਆਪਣੇ ਹੂਪਾਂ ਨੂੰ ਸੋਸ਼ਲ ਮੀਡੀਆ ਅਤੇ ਓਨ-ਲਾਈਨ ਪਲੇਟਫਾਰਮਾਂ ਰਾਹੀਂ ਵੇਚਦੀ ਹੈ। ਇਹ ਸਫਰ ਸਿੱਧਾ ਨਹੀਂ ਸੀ, ਪਰ ਭਵਲੀਨ ਨੇ ਹਾਰ ਨਹੀਂ ਮੰਨੀ। ਹਰ ਨਵੇਂ ਡਿਜ਼ਾਇਨ ਵਿਚ ਉਹ ਸਿਰਫ਼ ਕਲਾ ਨਹੀਂ, ਸਗੋਂ ਆਪਣਾ ਮਨ ਲਾਉਂਦੀ ਹੈ। ਭਵਲੀਨ ਕੌਰ ਦੀ ਕਹਾਣੀ ਸਾਨੂੰ ਦੱਸਦੀ ਹੈ ਕਿ ਜੇਕਰ ਇਨਸਾਨ ਕੋਲ ਕਲਾ, ਦ੍ਰਿੜਤਾ ਅਤੇ ਨਵੀਂ ਸੋਚ ਹੋਵੇ, ਤਾਂ ਉਹ ਆਪਣੇ ਸ਼ੌਂਕ ਨੂੰ ਵੀ ਰੋਜ਼ਗਾਰ ਵਿੱਚ ਬਦਲ ਸਕਦਾ ਹੈ। ਉਹ ਸਿਰਫ਼ ਇੱਕ ਕਲਾਕਾਰ ਨਹੀਂ, ਸਗੋਂ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ ਹੈ, ਜੋ ਦੱਸ ਰਹੀ ਹੈ ਕਿ “ਕਲਾ ਸਿਰਫ਼ ਸ਼ੌਂਕ ਨਹੀਂ, ਇੱਕ ਮਜ਼ਬੂਤ ਭਵਿੱਖ ਦਾ ਆਧਾਰ ਵੀ ਬਣ ਸਕਦੀ ਹੈ।”

✍️ ਬਲਦੇਵ ਸਿੰਘ ਬੇਦੀ 
      ਜਲੰਧਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleSAMAJ WEEKLY = 10/07/2025
Next articleਦਰਬਾਰ ਬਾਬਾ ਸ਼ੇਖ ਨਸੀਰਾ ਜੀ ਵਿਖੇ ਸਾਲਾਨਾ ਜੋੜ ਮੇਲਾ ਅੱਜ ਤੋਂ ਸ਼ੁਰੂ