ਇੱਕ ਨਜ਼ਮ

ਸੁਖਦੇਵ ਸਿੱਧੂ

(ਸਮਾਜ ਵੀਕਲੀ)

1)
ਪ੍ਰਦੂਸ਼ਣ ਕੰਟਰੋਲ ਲਾਇਸੰਸ,
ਗੱਡੀ ਨੂੰ ,
ਧੂਆਂ ਮੁਕਤ,ਲਿਖ ਦਿੰਦੈ,
ਜਦੋਂ ਉਹ ਆਪਣੀ ਨਿਰਧਾਰਿਤ ਫੀਸ,
ਕੰਪਿਊਟਰ ਦੇ ਹੱਥ,
ਫੜਾ ਦਿੰਦੈ ਤਾਂ,
ਉਸ ਵਿੱਚੋਂ ਮਿਲੀ ਪਰਦੂਸ਼ਣ ਮੁਕਤੀ ਦੀ ਪਰਚੀ,
ਫਿਰ ਜਿੰਨਾ ਮਰਜੀ,
ਧੂੰਏਂ ਦਾ ਉਬਾਲਾ ਮਾਰਦੀ ਦੌੜੀ ਫਿਰੇ !
ਉਹ ਸਖਤ ਲਹਿਜੇ ਵਿੱਚ,
ਨਰਮ ਕਵਿਤਾ ਬਣਾਕੇ ਰਵਾਨਾ ਕਰ ਦਿੰਦੈ!

2)
ਸਿਖਿਆ ਬੋਰਡ ਆਪਣੀ ਕਵਿਤਾ ਲਿਖਦੈ,
ਕੁੱਝ ਵਿਸ਼ਿਆਂ ਵਿੱਚੋਂ ਫੇਲ ਹੋਣ ਤੇ,
ਵਿਦਿਆਰਥੀਆਂ ਦਾ ,
ਮਨੋਬਲ ਡੇਗ ਦਿੰਦੈ,
ਮੁੜ ਸਾਰੇ ਵਿਸ਼ਿਆਂ ਦਾ ਪੂਰਾ ਦੰਡ ਤਾਰਨ ਲਈ ,
ਵਿਸ਼ੇਸ਼ ਸੂਚਨਾ ਲਿਖਦੈ!
ਪਰ ਇੱਕ ਦੁਧਾਰੂ ਪਸ਼ੂ,
ਥੋੜ੍ਹੇ ਪੱਠੇ ਖਾ ਕੇ ਵੀ,
ਓਨਾਂ ਕੁ ਦੁੱਧ ਦੇ ਦਿੰਦੈ!
ਹਲਵਾਹਕ ਵੀ ਤਾਂ ਉੱਜੜੀ ਫਸਲ ਤੋਂ ਬਿਨਾਂ,
ਬਾਕੀ ਫਸਲ ਤਾਂ ਸਰਦਲਾਂ ਅੰਦਰ ਕਰ ਲੈਂਦਾ!

3)
ਬੈਂਕ
ਬਿਰਧ, ਅੰਗਹੀਣ ਵਿਧਵਾਵਾਂ ਲਈ,
ਆਪਣੀ ਕਵਿਤਾ ,
ਪੈਨਸ਼ਨ ਵੰਡ ਕਾਰਵਾਈ ਵਿੱਚੋਂ ਬੋਲਦੈ,
ਗੰਦ ਪਾਇਆ ਪਿਐ ਤੁਸੀ ,
ਮੂੰਹ ਚੱਕਕੇ ਆ ਜਾਂਦੇ ਓ,,,
ਚਲੋ ਓਸ ਖੂੰਜੇ ਜਾਕੇ ਬੈਠੋ !,
ਸ਼ਾਮ ਤੱਕ ਤੁਹਾਨੂੰ ਵਾਰੀ ਵਾਰੀ ਬੁਲਾਵਾਂਗਾ,
ਪੂਰੇ ਭੁਗਤਾਉਣ ਲਈ ਪੰਜ ਛੇ ਦਿਨ ਲੱਗਣੇ ਨੇ !
ਪਰ ਪੈਨਸ਼ਨ ਲੈਣ ਵਾਲੇ ਮਜਬੂਰ ਲੋਕ,
” ਤੇਰੇ ਬੱਚੇ ਜੀਣ,
ਤੂੰ ਹੋਰ ਹੋਰ ਤਰੱਕੀਆਂ ਪਾਵੇਂ ”
ਕਹਿ ਕੇ ਇਕਦਮ ਖੂੰਜਾ ਮੱਲ ਲੈਂਦੇ ਨੇ!

4)
ਬੇਟੀ ਪੜ੍ਹਾਓ,
ਬੇਟੀ ਬਚਾਓ,
ਬੇਟੀ ਅੱਗੇ ਲਿਆਓ,
ਪਰ ਬੇਟੀ ਦੀ ਬਲਾਤਕਾਰ ਹੋਈ ਲਾਸ਼,
ਦੂਰ ਪਰੇ ਝਾੜੀਆਂ ‘ਚੋਂ ਮਿਲਦੀ ਹੈ, ਜਾਂ
ਲਾਸ਼ ਮਿਲਣ ਤੇ ਉਸ ਦੇ ਮਾਪਿਆਂ ਨੂੰ ,
ਘਰ ਅੰਦਰ ਘੁੱਟ ਕੇ,
ਪੁਲਸ ਬੜੀ ਫੁਰਤੀ ਨਾਲ ,
ਅਮਨ ਕਾਨੂੰਨ ਸ਼ਾਂਤ ਰੱਖਣ ਲਈ,
ਉਸਦੇ ਸਸਕਾਰ ਦੀ ਕਵਿਤਾ ਲਿਖਦੀ ਹੈ!
ਇਹ ਕਵਿਤਾਵਾਂ,
ਨਿਮਨ ਜਾਤੀ ਆਧਾਰਿਤ, ਘੱਟ ਗਿਣਤੀਆਂ,
ਗਰੀਬ ਗੁਰਬਿਆਂ ਦੇ,
ਹੱਥ ਫੜਾ ਦਿੱਤੀਆਂ ਜਾਂਦੀਆਂ!

5)
ਗੁਜਰਾਤੀ ਸ਼ਾਹ,
ਹੇਠਲੀ,
ਵਿਚਲੀ,
ਸਿਖਰਲੀ,
ਆਦਾਲਤ ਨੂੰ ਕਵਿਤਾ ਫੜਾਕੇ ,
ਗੋਲ਼ ਲਾਲ ਡੇਲੇ ਤਾਣ ਕੇ ਕਹਿੰਦੈ,
ਆਪਣੇ ਦਾਇਰੇ ਵਿੱਚ ਰਿਹਾ ਕਰੋ,
ਹਕੂਮਤ ਸਾਡੀ ਹੈ ,
ਫੈਸਲੇ ਸਾਡੇ ਹੀ ਹੋਣੇ ਨੇ!
ਆਪਣੀ ਕਵਿਤਾ ਸਿਰੇ ਢੁਕਣ ਤੋਂ ਬਾਅਦ,
ਰਿਟਾਇਰ ਹੋਏ ਮੁਨਸਫ ਮੁਹਰੇ,
ਖੋਆ ਪਰੋਸਕੇ,
ਉਸ ਨੂੰ ਕੜਛੀਆਂ ਭਰ ਭਰ ਖਾਣ ਲਈ,
ਨਜਰਾਨਾਂ ਦੇ ਦਿੰਦੈ!

6)
ਝਾੜੂ ਕੂਚੀ ‘ ਭਗਤ ਸਿਹੋਂ ‘ ਬਣਕੇ,
ਸ਼ਰਾਬ ਛੱਡਣ ਲਈ ਖਾਧੀ ਸਹੁੰ,
ਸਕੀ ਮਾਂ ਵੀ ਨਿਗਲ ਜਾਂਦੀ ਹੈ !…
ਆਪਣਾ ਕੱਚਾ ਘੜਾ ਪੱਕਾ ਕਰਾਉਣ ਲਈ,
ਲਹਿੰਦੇ ਪੰਜਾਬ ਵਿੱਚ,
ਇੱਕ ਹੱਥ ਦਾ ਇਸ਼ਾਰਾ ਮਿਲਣ ਤੇ,
ਚੜ੍ਹਦੇ ਪਾਸੇ ਆ ,
ਆਪਣੇ ਘੜੇ ਨੂੰ ,
ਉਬਲਦੀ ਅੱਗ ਦੇ ਆਵੇ ਵਿੱਚ ,
ਪਕਾਉਣਾ ਚਾਹੁੰਦੀ,
ਜਿੱਥੋਂ ਗੁਟਕਾ ਸਾਹਿਬ ਦੀ ਸਹੁੰ,
ਇੱਕ ਕਵਿਤਾ ਬਣ ਕੇ ਪ੍ਰਸਾਰਿਤ ਹੁੰਦੀ ਹੈ !….
ਪਰ ਪੰਥ ਦੀ ਰਾਖੀ ਕਰਨ ਵਾਲੀ ਕਵਿਤਾ ਤਾਂ,
ਹਮੇਸ਼ਾ ਹੀ ਗੁਰੂ ਘਰ ਦੀ,
ਮਾਲਕ ਬਣੀ ਬੈਠੀ ਹੈ !

7)
ਜਦੋਂ ਚਾਹ ਵਾਲੀ ਕੇਤਲੀ ਦੀ ਮਹਾਨ ਪਦਵੀ,
ਪੰਦਰਾਂ ਪੰਦਰਾਂ ਲੱਖ,
ਹਰ ਖਾਤੇ ਵਿੱਚ ਪਾਉਣ ਲਈ ਮੁਖਾਤਿਬ ਹੋ ਕੇ,
ਕਵਿਤਾ ਲਿਖਦੀ ਹੈ,
ਲੋਕ ਆਦਾਲਤ ਵਿੱਚ ਆਇਆ ਸ਼ਪਸ਼ਟੀਕਰਣ,
” ਇਹ ਤਾਂ ਮੋਦੀ ਜੀ ਦਾ ਬਣਾਇਆ ਜੁਮਲਾ ਸੀ ” ,
ਇਹ ਕੇਵਲ ਪੰਦਰਾਂ ਅੱਖਰ ਹੀ ਸਨ,
ਇੱਕ ਇੱਕ ਭਗਵਾਂ ਅੱਖਰ ਹੀ,
ਇੱਕ ਇੱਕ ਲੱਖ ਦਾ ਹੈ!

8)
ਮਾਨਵੀ ਖਾਧ ਖੁਰਾਕ ,
ਫਲਾਇੰਗ ਸੁਕੁਐੱਡ,
ਦੁਸਿਰਰੇ ਦੀਵਾਲੀ ਤੇ ਹਰ ਸਾਲ ਮਿਲਾਵਟਖੋਰੀ ਦੀਆਂ,
ਦੋ ਕਵਿਤਾਵਾਂ ਲਿਖਦੈ,
ਕਵਿਤਾ ਏਨੀ ਲੁਭਾਉਣੀ ਲਿਖਦੇ ਕਿ,
ਬਾਕੀ ਕਦੇ ਜਰੂਰਤ ਹੀ ਨਹੀਂ ਪੈਂਦੀ!

9)
ਕਵਿਤਾ ਰਿਸ਼ਵਤਖੋਰੀ ਵਿੱਚੋਂ,
ਬੜਾ ਹੀ ਸੁਆਦੀ ਚੁਟਕਲੇ ਦਾ ਮਨੋਰੰਜਨ ਬਣਕੇ,
ਇੱਕ ਸ਼ਾਨਦਾਰ,
ਇੱਕ ਈਮਾਨਦਾਰ,
ਗਜ਼ਲ ਬਣਕੇ ਨਿੱਖਰਦੀ ਹੈ,
” ਇਹ ਉੱਪਰ ਤੱਕ ਵੰਡੇ ਜਾਣੇ ਨੇ !
ਕੰਮ ਕਰਾਉਣ ਲਈ,
ਇਹ ਪੈਸੇ ਬਹੁਤ ਘੱਟ ਮੰਗੇ ਨੇ ” !
ਗਜ਼ਲ ਆਪਣਾ ਰਿਦਮ ਤੇ ਤਰੰਨੁੰਮ ਸਾਵਾਂ ਰੱਖਦੀ ਹੈ।

10)
ਥਾਣੇ ਵਿੱਚ ਘੇਰ ਕੇ ਲਿਆਂਦੇ ਹਰ ‘ ਮੁਜ਼ਰਮ ‘ ਉੱਤੇ,
ਆਪਣੀ ‘ ਤਸੱਲੀ ‘ ਕਰਨ ਉਪਰੰਤ,
ਕਦੇ ਕਦੇ ਕਵਿਤਾ,
ਬੜੀ ਅਜੀਬ ਲਿਖ ਦਿੱਤੀ ਜਾਂਦੀ ਹੈ!
ਅਸੀਂ ਲੈਕੇ ਨਹੀਂ ਗਏ!
ਇਹਦੇ ਪਹਿਲਾਂ ਹੀ ,
ਗੰਭੀਰ ਸੱਟਾਂ ਵੱਜੀਆਂ ਹੋਈਆਂ ਸੀ !
ਇਹ ਇੱਕ ਨਾ-ਮਾਲੂਮ ਬੰਦੇ ਨਾਲ ਫਸ ਪਿਆ ਸੀ !
ਇੱਕ ਇਲਜਾਮ ਭਰੀ,
ਸ਼ਰਾਰਤੀਆਂ ਵੱਲੋਂ ਚਾਲ ਕਹਿਕੇ,
ਪੱਲਾ ਝਾੜਦੀ ਕਵਿਤਾ ਪ੍ਰਵੇਸ਼ ਹੁੰਦੀ ਹੈ!
ਥਾਣੇ ਨੂੰ ਜਿਆਦਾ ਤੰਗ ਕਰਨ ਤੇ,
ਉਸਦੇ ਘਰ ਦਿਆਂ ਨੂੰ ਹੀ ਮੁਜਰਮ ਬਣਾ ਕੇ ,
ਇੱਕ ਹੋਰ ਨਵੀਂ ਕਵਿਤਾ,
ਐੱਫ ਆਈ ਆਰ ਵਿੱਚੋਂ ਵਹਿ ਤੁਰਦੀ ਹੈ !

11)
ਕਰੋਨਾ ਦੌਰਾਨ ਇੱਕ ਕਵਿਤਾ,
ਬੜੀ ਭਿਆਨਿਕਤਾ ਵਿੱਚ ,
ਲਿਖੀ ਗਈ,
ਸਿਸਟਮ ਵੱਲੋਂ ਬੜੀ ਰੌਚਿਕਤਾ ਵਿੱਚ ਰਸੀ ਗਈ ,
ਪਰਵਾਸੀ ,
ਠੀਕ ਠਾਕ ਆਪਣੇ ਟਿਕਾਣਿਆਂ ਤੇ,
ਪੈਦਲ ਪਹੁੰਚ ਗਏ!
ਜਿਹੜੇ ਮਰ ਗਏ,
ਕਵਿਤਾ ਬੋਲੀ,
” ਉਹਨਾਂ ਨੂੰ ਤੁਰਨਾ ਨਹੀਂ ਚਾਹੀਦਾ ਸੀ ” !
ਪਰ ਉਨ੍ਹਾਂ ਦੇ ਕਾਫਲਿਆਂ ਨੂੰ,
ਆਦਾਲਤ ਨੇ ਆਪਣੀਆਂ,
ਬਾਰੀਆਂ ਤੇ ,
ਬਾਲਕੋਨੀਆਂ ਵਿੱਚੋਂ,
ਗੁਜਰਦੇ ਤੱਕਿਆ ਸੀ,
ਉਨ੍ਹਾਂ ਦੇ ਮੂੰਹ ਵਿਚਲੀ ਕਵਿਤਾ,
ਸੁੱਕੀ ਰਹਿ ਗਈ ਸੀ!
ਜਾਂ,
ਅਣਗੌਲਿਆਂ ਸੁੱਤੀ ਰਹਿ ਗਈ ਸੀ!

12)
ਵਿਸ਼ਵ ਗੁਰੂ ,
ਬਣੀ ਹੋਈ ਕਵਿਤਾ ਨੇ,
ਭਗਵੀਂ ਵਿਚਾਰਧਾਰਾ ਵਿੱਚ,
ਨਵੀਂ ਬਣ ਰਹੀ ਇਮਾਰਤ ਦਾ ,
ਆਲਾ ਦੁਆਲਾ ਢਕਣ ਵਾਂਗ,
ਗਰੀਬੀ, ਭੁੱਖਮਰੀ, ਬੋਰੁਜਗਾਰੀ,
ਬੇਘਰਿਆਂ ਨੂੰ,
ਔਰਤ ਸੁਰੱਖਿਆ ਨੂੰ,
ਤੇ ਮਹਿੰਗਾਈ ਨੂੰ,
ਆਪਣੀ ਗੰਧਲੀ ਵਗਲਣ ਵਿੱਚ,
ਢਕ ਲਿਆ ਹੈ!

 

ਸੁਖਦੇਵ ਸਿੱਧੂ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleKhel Ratna Neeraj Chopra felicitated at NSNIS Patiala
Next articleਬੀਬੀ ਕਮਲੀ