ਬੜਾ ਕੁਝ ਬਦਲ ਗਿਆ

ਜਤਿੰਦਰ ਸਿੰਘ ਸੰਧੂ
(ਸਮਾਜ ਵੀਕਲੀ) 
ਬੜਾ ਕੁਝ ਬਦਲ ਗਿਆ ਪਿੱਛਲੇ ਕੁੱਝ ਸਾਲਾਂ ਵਿੱਚ
ਕਦੇ ਕਦੇ ਯਾਦ ਆਉਂਦਾ ਸਮਾਂ ਉਹ ਖਿਆਲਾਂ ਵਿੱਚ
ਰਲਮਿਲ ਰਹਿੰਦੇ ਸਾਰੇ ਚੰਗਾ ਭਾਈਚਾਰਾ ਸੀ
ਖੁੱਲ੍ਹਾ ਖਾਣਾ ਪੀਣਾ ਤੇ ਸਾਦਾ ਪਹਿਰਾਵਾ ਸੀ
ਪੰਜ ਛੇ ਭਰਾਵਾਂ ਦਾ ਇਕੋ ਹੁੰਦਾ ਘਰ ਸੀ
ਤਾਇਆ ਚਾਚਿਆਂ ਦਾ ਹੁੰਦਾ ਪੂਰਾ ਉਦੋ ਡਰ ਸੀ
ਪੜਨ ਸਕੂਲੇ ਸਾਈਕਲ ਤੇ ਸੀ ਜਾਈ ਦਾ
ਖੇਡਦੇ ਸੀ ਖੇਡਾਂ ਕੋਈ ਫ਼ਿਕਰ ਨਾ ਪੜਾਈ ਦਾ
ਚਲਦੀ ਸੀ ਮੋਟਰ ਪਾਣੀ ਖੇਤਾਂ ਨੂੰ ਸੀ ਲਾਈ ਦਾ
ਤੱਤਾ ਤੱਤਾ ਗੁੜ ਸੀ ਵੇਲਣੇ ਤੋਂ ਖਾਹੀ ਦਾ
ਵੇਹਲੇ ਹੋ ਕੰਮ ਤੋ ਚਬੱਚੇ ਸੀ ਨਹਾਂਈ ਦਾ
ਜਾਮਣ ਅਮਰੂਦ ਗੋਲ੍ਹਾਂ ਘਰ ਦਾ ਕਮਾਦ ਸੀ
ਕਦੇ ਕਦੇ ਬਣਦਾ ਘਰ ਗੰਦਲਾਂ ਦਾ ਸਾਂਗ ਸੀ
ਫੂਕਦੇ ਸਾਂ ਰਾਵਣ ਪਰਾਲੀ ਦਾ ਬਣਾ ਕੇ
ਮੰਗ ਦੇ ਸੀ ਲੋਹੜੀ ਅਸੀਂ ਘਰ ਘਰ ਜਾ ਕੇ
ਲਾਉਣਾ ਕਣਕ ਨੂੰ ਪਾਣੀ ਜਦ ਵੀ ਸਿਆਲਾਂ ਵਿੱਚ
ਕਦੇ ਕਦੇ ਯਾਦ ਆਉਂਦਾ ਸਮਾਂ ਉਹ ਖਿਆਲਾਂ ਵਿੱਚ
ਬੜਾ ਕੁਝ ਬਦਲ ਗਿਆ ਪਿੱਛਲੇ ਕੁੱਝ ਸਾਲਾਂ ਵਿੱਚ
ਟਾਂਵੇ ਟਾਂਵੇ ਘਰਾਂ ਚ ਹੁੰਦਾ ਟੈਲੀਫੋਨ ਸੀ
ਰਮਾਇਣ ਰੰਗੋਲੀ ਵੇਖਣੇ ਦਾ ਜਾਨੂੰਨ ਸੀ
ਯਾਰਾਂ ਦੋਸਤਾਂ ਨਾਲ ਭਾਈਆਂ ਵਰਗਾ ਪਿਆਰ ਸੀ
ਧੀਆਂ ਭੈਣਾਂ ਦਾ ਵੀ ਉਦੋਂ ਪੂਰਾ ਸਤਿਕਾਰ ਸੀ
ਲੱਗਦੀਆਂ ਸੀ ਸੱਥਾਂ ਪਿੰਡ ਵਾਲੇ ਚੋਕਾਂ ਵਿੱਚ
ਖੇਡਣੀਆਂ ਤਾਸ਼ਾ ਬਹੁਤਾ ਵੈਰ ਨਹੀਂ ਸੀ ਲੋਕਾਂ ਵਿੱਚ
ਹਫ਼ਤਾ ਹਫ਼ਤਾ ਚਲਦੇ ਹੁੰਦੇ ਘਰਾਂ ਚ ਵਿਆਹ ਸੀ
ਸਾਰੇ ਪਿੰਡ ਨੂੰ ਹੁੰਦਾ ਉਦੋਂ ਗੋਡੇ ਗੋਡੇ ਚਾਂਅ ਸੀ
ਇੱਕਮਿਕ ਹੋਕੇ ਸਾਰੇ ਕਾਰਜ ਨਿਭਾਉਂਦੇ ਸੀ
ਮਾੜੇ ਮੋਟੇ ਗੁੱਸੇ ਨੂੰ ਦਿਲ ਤੇ ਨਾ ਲਾਉਦੇ ਸੀ
ਸੰਧੂਆ ਅੱਜ ਕੱਲ ਗੋਲੀ ਚੱਲੇ ਕੀਤੇ ਗਰਮ ਸਵਾਂਲਾ ਵਿੱਚ
ਕਦੇ ਕਦੇ ਯਾਦ ਆਉਂਦਾ ਸਮਾਂ ਉਹ ਖਿਆਲਾਂ ਵਿੱਚ
ਬੜਾ ਕੁਝ ਬਦਲ ਗਿਆ ਪਿੱਛਲੇ ਕੁੱਝ ਸਾਲਾਂ ਵਿੱਚ
 ਜਤਿੰਦਰ ਸਿੰਘ ਸੰਧੂ
Previous articleਖੁੰਗਕੇ ਲਾਏ ਬੂਟੇ ਦਾ ਦਰਦ।
Next articleਮੇਰਾ ਘੁਮਿਆਰਾ