ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਇੱਕ ਦਰਵੇਸ਼ ਚਲਾ ਗਿਆ। ਇਨਸਾਨੀਅਤ ਦਾ ਮੁਜਸਮਾ ਰਤਨ ਟਾਟਾ ਸਿਰਫ ਇੱਕ ਉਦਯੋਗਪਤੀ ਨਹੀਂ ਸੀ। ਦਰਅਸਲ ਉਹ ਇੱਕ ਫ਼ਕੀਰ ਸੀ। ਸਹੀ ਅਰਥਾਂ ਵਿੱਚ ਮਨੁੱਖ। ਇਨਸਾਨੀਅਤ ਜਿਸ ਦਾ ਧਰਮ ਸੀ। ਉਸਨੇ ਹਮੇਸ਼ਾ ਹੀ ਸਾਰੇ ਭਾਰਤ ਦੇ ਲੋਕਾਂ ਨੂੰ ਆਪਣਾ ਪਰਿਵਾਰ ਸਮਝਿਆ। ਹਮੇਸ਼ਾ ਹੀ ਯਤਨ ਕੀਤਾ ਕਿ ਕਿਸੇ ਤਰ੍ਹਾਂ ਹਰ ਭਾਰਤੀ ਦੇ ਕੰਮ ਆ ਸਕਾਂ। ਕਿੰਨੇ ਕੁ ਲੋਕ ਇਸ ਤਰ੍ਹਾਂ ਸੋਚਦੇ ਹਨ। ਉਹਨਾਂ ਨੇ ਸੁਫਨਾ ਦੇਖਿਆ ਕਿ ਭਾਰਤ ਦੇ ਹਰ ਪਰਿਵਾਰ ਕੋਲ ਕਾਰ ਹੋਵੇ ਤੇ ਨੈਨੋ ਦੇ ਰੂਪ ਵਿੱਚ ਉਹ ਸੁਪਨਾ ਪੂਰਾ ਵੀ ਕਰ ਦਿੱਤਾ। ਇੱਕ ਅਜਿਹੀ ਕਾਰ ਜਿਸ ਨੂੰ ਜ਼ਿਆਦਾਤਰ ਭਾਰਤੀ ਖਰੀਦ ਸਕਦੇ ਸਨ। ਉਹਨਾਂ ਦੀ ਸੋਚ ਇੰਨੀ ਗਹਿਰੀ ਸੀ ਕਿ ਉਹਨਾਂ ਮਹਿਸੂਸ ਕੀਤਾ ਕਿ ਭਾਰਤ ਦਾ ਹਰ ਪਰਿਵਾਰ ਸਾਫ ਪਾਣੀ ਪੀਵੇ। ਵਾਟਰ ਪਿਊਰੀਫਾਇਰ ਮਹਿੰਗੇ ਆਉਂਦੇ ਸਨ ਇਸ ਲਈ ਉਹਨਾਂ ਨੇ ਸਸਤੇ ਮੁੱਲ ਤੇ ਵਾਟਰ ਪਿਊਰੀਫਾਇਰ ਬਣਾਏ। ਉਹ ਕੰਮ ਜੋ ਸਿਆਸਤਦਾਨਾਂ ਨੇ ਕਰਨੇ ਸਨ ਇਸ ਉਦਯੋਗਪਤੀ ਨੇ ਕੀਤੇ। ਦਾਨ ਤਾਂ ਬਹੁਤ ਲੋਕ ਕਰਦੇ ਹਨ ਪਰ ਜੋ ਚੈਰਿਟੀ ਰਤਨ ਟਾਟਾ ਨੇ ਕੀਤੀ ਉਸ ਦੀ ਕੋਈ ਮਿਸਾਲ ਨਾ ਹੈ ਤੇ ਨਾ ਹੋਵੇਗੀ। ਆਪਣੇ ਦੇਸ਼ ਦੇ ਲੋਕਾਂ ਲਈ ਸੋਚਣਾ ਇਸ ਤੋਂ ਵੱਡਾ ਕੁਝ ਨਹੀਂ। ਉਹ ਚਾਹੁੰਦੇ ਤਾਂ ਦੂਜੇ ਉਦਯੋਗਪਤੀਆਂ ਦੀ ਤਰ੍ਹਾਂ ਆਪਣੀ ਅਮੀਰੀ ਦਾ ਪ੍ਰਦਰਸ਼ਨ ਕਰ ਸਕਦੇ ਸਨ ਪਰ ਉਹਨਾਂ ਅਜਿਹਾ ਕਦੀ ਨਹੀਂ ਕੀਤਾ। ਉਹਨਾਂ ਦੇ ਰੂਹ ਦਰਵੇਸ਼ ਦੀ ਰੂਹ ਸੀ। ਲੁਕਾਈ ਦਾ ਦਰਦ ਮਹਿਸੂਸ ਕਰਦੇ ਸਨ। ਹਮੇਸ਼ਾ ਹੀ ਉਹਨਾਂ ਦੇ ਮਨ ਵਿੱਚ ਆਮ ਭਾਰਤੀ ਵਸਿਆ ਰਹਿੰਦਾ ਸੀ। ਉਹਨਾਂ ਦੀ ਸੋਚ ਆਮ ਭਾਰਤੀ ਨੂੰ ਸੁਖਾਲਾ ਕਰਨ ਵਾਲੀ ਸੀ। ਸਾਡੇ ਕੋਲ ਅਜਿਹੇ ਲੋਕ ਪਹਿਲਾਂ ਹੀ ਨਹੀਂ ਹਨ। ਉਹਨਾਂ ਦਾ ਚਲੇ ਜਾਣਾ ਮਨੁੱਖਤਾ ਨੂੰ ਤੇ ਭਾਰਤੀਆਂ ਨੂੰ ਇੱਕ ਬਹੁਤ ਵੱਡਾ ਘਾਟਾ ਹੈ। ਕਦੇ ਨਾ ਪੂਰਾ ਹੋਣ ਵਾਲਾ ਘਾਟਾ।
ਅਲਵਿਦਾ ਰਤਨ ਟਾਟਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly