HOME ਸੇਵਾ ਦੇ ਪੁੰਜ ਭਾਈ ਕਨੱਈਆ ਰਾਮ ਜੀ ਅਤੇ ਹੈਨਰੀ ਡਿਉੂਨਾਂ ਜਾਂ...

ਸੇਵਾ ਦੇ ਪੁੰਜ ਭਾਈ ਕਨੱਈਆ ਰਾਮ ਜੀ ਅਤੇ ਹੈਨਰੀ ਡਿਉੂਨਾਂ ਜਾਂ ਰੈਡਕਰਾਸ ਦੇ ਮੋਢੀ ਭਾਈ ਕਨੱਈਆ ਰਾਮ ਜੀ

5
  8 ਮਈ ਨੂੰ ਵਿਸ਼ਵ ਰੈੱਡਕਰਾਸ ਦਿਵਸ ’ਤੇ
 (ਸਮਾਜ ਵੀਕਲੀ)    ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਅਨਿੰਨ ਸੇਵਕ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰੋਂ-ਘਰੋਂ ਵਰੋਸਾਏ ਭਾਈ ਕਨੱਈਆ ਰਾਮ ਜੀ 1702-04 ਈ: ਦੌਰਾਨ ਖ਼ਾਲਸੇ ਦੀ ਜਨਮ-ਭੂਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜਬਰ, ਜ਼ੁਲਮ ਦੇ ਖ਼ਾਤਮੇ ਅਤੇ ਗ਼ਰੀਬਾਂ, ਮਜ਼ਲੂਮਾਂ ਦੀ ਰੱਖਿਆ ਲਈ ਹੋ ਰਹੇ ਧਰਮ ਯੁੱਧ ਵਿੱਚ ਚਮੜੇ ਦੀ ਮਸ਼ਕ ਪਾਣੀ ਦੀ ਭਰ ਕੇ, ਲੜਾਈ ਵਿੱਚ, ਚੱਲਦੀਆਂ ਤੋਪਾਂ ਵਿੱਚ, ਗੋਲੀਆਂ ਦੇ ਵਰ੍ਹਦੇ ਮੀਂਹ ਵਿੱਚ, ਤੀਰਾਂ ਦੀ ਬੁਛਾੜ ਵਿੱਚ ਜਿੱਥੇ ਕੋਈ ਪਾਣੀ ਮੰਗਦਾ, ਪਹੰਚ ਕੇ ਪਾਣੀ ਪਿਆਉਂਦਾ ਹੈ। ਉਹ ਜ਼ਖ਼ਮੀ ਹੋਏ ਦੁਸ਼ਮਣਾਂ ਦੇ ਸੈਨਿਕਾਂ ਨੂੰ ਵੀ ਪਾਣੀ ਪਿਆ ਕੇ ਮੁੜ ਜੀਵਿਤ ਕਰ ਰਿਹਾ ਹੈ। ਕੀ ਇਹ (ਕਨੱਈਆ ਰਾਮ) ਦੁਸ਼ਮਣ ਦੇ ਸੈਨਿਕਾਂ ਨਾਲ ਰਲਿਆ ਹੋਇਆ ਹੈ। ਇਹ ਕਹਿ ਕੇ ਕੁਝ ਸਿੰਘਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਸ਼ਿਕਾਇਤ ਕੀਤੀ ਕਿ ਅਸੀਂ ਤਾਂ ਮੈਦਾਨੇ ਜੰਗ ਵਿੱਚ ਦੁਸ਼ਮਣ ਨੂੰ ਮੁਸ਼ਕਲ ਨਾਲ ਡੇਗਦੇ ਹਾਂ ਪਰ ਇਕ ਮਾਸਕੀ ਸਿੱਖ ਉਹਨਾਂ ਨੂੰ ਪਾਣੀ ਪਿਆ ਕੇ ਜਿਉੂਂਂਦਾ ਕਰ ਦਿੰਦਾ ਹੈ, ਭਾਵ ਨਵਾਂ-ਨਰੋਆ ਕਰ ਦਿੰਦਾ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਕਨੱਈਆ ਰਾਮ ਨੂੰ ਸੱਦ ਲਿਆ। ਉਹ ਹੱਥ ਜੋੜ ਕੇ ਗੁਰੂ ਜੀ ਦੇ ਸਾਹਮਣੇ ਖੜ੍ਹਾ ਸੀ। ਸਿੰਘ ਵੀ ਆਲੇ-ਦੁਆਲੇ ਹੋ ਗਏ। ਸਭ ਲੋਕ ਸੋਚ ਰਹੇ ਸਨ ਕਿ ਦੇਖੀਏ ਹੁਣ ਮਾਸ਼ਕੀ ਨੂੰ ਕੀ ਸਜ਼ਾ ਮਿਲਦੀ ਹੈ।
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੜੀ ਉਤਸੁਕਤਾ ਨਾਲ ਪੁੱਛਿਆ, ‘‘ਭਾਈ ਕਨੱਈਆ ਰਾਮ ! ਸਾਰੇ ਸਿੰਘ ਸ਼ਿਕਾਇਤ ਕਰਦੇ ਹਨ ਕਿ ਤੁਸੀਂ ਵੈਰੀਆਂ ਨੂੰ ਪਾਣੀ ਪਿਆ ਕੇ ਮੁੜ ਜੀਵਿਤ ਕਰ ਦਿੰਦੇ ਹੋ।’’ ਭਾਈ ਕਨੱਈਆ ਰਾਮ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਤੇ ਡਿੱਗ ਪਿਆ ਤੇ ਆਖਿਆ, ‘‘ਸੱਚੇ ਪਾਤਸ਼ਾਹ ! ਮੈਂ ਕਿਸੇ ਵੈਰੀ ਨੂੰ ਪਾਣੀ ਨਹੀਂ ਪਿਆਇਆ।’’ ਗੁਰੂ ਜੀ ਨੇ ਕਿਹਾ, ‘‘ਹੋਰ ਕਿਸ ਨੂੰ ਪਾਣੀ ਪਿਆਉਂਦਾ ਸੈਂ।’’ ਕੀ ਤੁਸੀਂ ਤੁਰਕ, ਪਹਾੜੀਏ, ਸਿੱਖ ਨੂੰ ਪਾਣੀ ਨਹੀਂ ਪਿਆਇਆ। ਭਾਈ ਕਨੱਈਆ ਰਾਮ ਜੀ ਦਾ ਜਵਾਬ ਨਾਂਹ ਵਿੱਚ ਸੀ। ਜਵਾਬ ਸੁਣ-ਸੁਣ ਕੇ ਸੰਗਤਾਂ ਹੈਰਾਨ ਹੋ ਰਹੀਆਂ ਸਨ। ਗੁਰੂ ਜੀ ਕਹਿਣ ਲੱਗੇ, ‘‘ਜੇ ਤੁਸੀਂ ਤੁਰਕ, ਪਹਾੜੀਏ, ਸਿੱਖ ਨੂੰ ਪਾਣੀ ਨਹੀਂ ਪਿਆਇਆ ਤਾਂ ਫਿਰ ਕਿਸ ਨੂੰ ਪਾਣੀ ਪਿਆਉਂਦਾ ਸੈਂ।’’ ਭਾਈ ਕਨੱਈਆ ਰਾਮ ਕਹਿਣ ਲੱਗਾ, ‘‘ਮੈਨੂੰ ਤਾਂ ਹਰ ਇੱਕ ਵਿੱਚ ਆਪ ਦਾ ਹੀ ਰੂਪ ਨਜ਼ਰ ਆਉਂਦਾ ਹੈ। ਮੈਥੋਂ ਤਾਂ ਤੁਸੀਂ ਆਪ ਪਾਣੀ ਮੰਗਦੇ ਹੋ। ਮੈਨੂੰ ਤੁਹਾਡੇ ਬਗ਼ੈਰ ਕੋਈ ਨਜ਼ਰ ਨਹੀਂ ਆਉਂਦਾ ਹੈ। ਮੈਂ ਤਾਂ ਆਪ ਜੀ ਨੂੰ ਹੀ ਪਾਣੀ ਪਿਆਉਂਦਾ ਹਾਂ।
ਤੈਨੂੰ ਪਿਆ ਪਿਲਾਵਾਂ ਪਾਣੀ ਸਿਰ ਮੇਰੇ ਦੇ ਸਾਈਂ।
ਤੁਰਕ ਅਤੁਰਕ ਨ ਦਿਸਦਾ ਮੈਨੂੰ ਤੂੰ ਸਾਰੇ ਦਿਸ ਆਈਂ।
ਭਾਈ ਕਨੱਈਆ ਰਾਮ ਜੀ ਦੇ ਬਚਨ ਸੁਣ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬੜੇ ਪ੍ਰਸੰਨ ਹੋਏ। ਗੁਰੂ ਸਾਹਿਬ ਆਪਣੇ ਆਸਣ ਤੋਂ ਉੱਠੇ ਤੇ ਭਾਈ ਕਨੱਈਆ ਰਾਮ ਨੂੰ ਗਲ (ਛਾਤੀ) ਨਾਲ ਲਾ ਲਿਆ, ਭਾਈ ਜੀ ਦਾ ਮੱਥਾ ਚੁੰਮਿਆ ਤੇ ਪ੍ਰਸੰਨ ਹੋ ਕੇ ਬੋਲੇ, ਤੇਰੀ ਕਮਾਈ ਧੰਨ ਹੈ, ਤੁਸੀਂ ਸਿੱਖੀ ਨੂੰ ਸਮਝਿਆ ਹੈ। ਭਾਈ ਕਨੱਈਆ ਰਾਮ ਜੀ ਨੂੰ ਮਲ੍ਹਮ-ਪੱਟੀ ਦਾ ਡੱਬਾ ਫੜਾ ਕੇ ਕਿਹਾ ਕਿ ਜਿੱਥੇ ਤੁਸੀਂ ਪਿਆਸਿਆਂ ਨੂੰ ਜਲ ਛਕਾ ਕੇ ਉਹਨਾਂ ਦੀ ਪਿਆਸ ਦੂਰ ਕਰਦੇ ਹੋ, ਹੁਣ ਉਹਨਾਂ ਦੇ ਜ਼ਖ਼ਮਾਂ ਤੇ ਮਲ੍ਹਮ-ਪੱਟੀ ਕਰਕੇ ਉਹਨਾਂ ਦਾ ਦਰਦ ਵੀ ਦੂਰ ਕਰਿਆ ਕਰੋ।
ਹੱਸੇ ਤੇ ਗਲ ਲਾਇਆ ਪਿਆਰਾ ਡਬੀ ਹੱਥ ਫੜਾਈ।
ਪਾਣੀ ਨਾਲ ਮਲ੍ਹਮ ਵੀ ਰਖੀਂ ਲੋੜ ਪਈ ਤੇ ਲਾਈਂ।
(ਸੰਤ ਰਤਨ ਮਾਲ੍ਹਾ)
ਗੁਰੂ ਗੋਬਿੰਦ ਸਿੰਘ ਜੀ, ਭਾਈ ਕਨੱਈਆ ਰਾਮ ਜੀ ਦੀ ਘਾਲ-ਕਮਾਈ ਤੇ ਪ੍ਰਸੰਨ ਹੋ ਕੇ ਆਪਣਾ ਦਸਤੀ ਰੁਮਾਲ ਵੀ ਬਖ਼ਸ਼ਿਸ਼ ਕਰਕੇ ਕਿਹਾ ਕਿ ਇਸ ਨਾਲ ਜ਼ਖ਼ਮੀਆਂ ਦਾ ਮੂੰਹ ਵੀ ਸਾਫ਼ ਕਰ ਦਿਆ ਕਰਨਾ। ਭਾਈ ਕਨੱਈਆ ਰਾਮ ਜੀ ਨੂੰ ਸਾਰੇ ਸਾਧੂ ਜਾਣਨ ਲੱਗ ਪਏ। ਉਹ ਜਿੱਥੋਂ ਲੰਘਦੇ, ਲੋਕ ਨਮਸਕਾਰ ਕਰਦੇ। ਸ਼੍ਰੀ ਸੰਤ ਰਤਨ ਮਾਲ੍ਹਾ ਵਿੱਚ ਇਸ ਤਰ੍ਹਾਂ ਲਿਖਿਆ ਹੈ। ‘‘ਭਾਈ ਕਨੱਈਆ ਜੀ ਸਿੰਘਾਂ ਤੇ ਤੁਰਕਾਂ ਬੀਚ ਵੀ ਵਿਚਰਦੇ। ਕੋਈ ਇਸ ਕੋ ਅਟਕਾਵੈ ਨਾਹੀ। ਨਿਸੰਗ ਹੀ ਫਿਰੇ। ਇਕ ਸਮਾਨ ਸਭੀ ਕੋ ਜਾਨ ਕੇ ਸੇਵਾ ਬੜੇ ਪ੍ਰੇਮ ਸੇ ਕਰਹਿ। ਅਰ ਸਾਧੂ ਜਾਣ ਕੇ ਸਭੀ ਨਮਸਕਾਰ ਕਰੈ, ਕੋਈ ਇਸ ਕੋ ਦੁਖਾਵੈ ਨਾਹੀ।’’
ਭਾਈ ਕਨੱਈਆ ਰਾਮ ਜੀ ਤੋਂ ਉਤਸ਼ਾਹਤ ਹੋ ਕੇ ਕਈ ਹੋਰ ਸਿੱਖ ਵੀ ਮੈਦਾਨੇ ਜੰਗ ਵਿੱਚ ਜਲ ਦੀ ਸੇਵਾ ਤੇ ਮਲ੍ਹਮ-ਪੱਟੀ ਕਰਦੇ। ਭਾਈ ਕਨੱਈਆ ਰਾਮ ਜੀ ਵੱਲੋਂ ਜੰਗੇ ਮੈਦਾਨ ਵਿੱਚ ਕੀਤੀ ਸੇਵਾ ਦਾ ਸੰਕਲਪ ਹੀ ਰੈੱਡਕਰਾਸ ਦੀ ਰੂਹ ਬਣਿਆ। ਭਾਈ ਕਨੱਈਆ ਰਾਮ ਜੀ ਤੋਂ ਪ੍ਰਚਲਿਤ ‘ਸੇਵਾਪੰਥੀ’ ਸੰਪਰਦਾਇ ਹੋਂਦ ਵਿੱਚ ਆਈ, ਜਿਸ ਦੇ ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ ਵਿੱਚ 42 ਗੁਰਦੁਆਰੇ/ਡੇਰੇ/ਟਿਕਾਣੇ ਹਨ। ਭਾਈ ਕਨੱਈਆ ਰਾਮ ਜੀ ਦੀ ਜਨਮ ਤਾਰੀਖ ਦਾ ਪਤਾ ਨਾ ਹੋਣ ਕਰਕੇ ਰੈੱਡਕਰਾਸ ਦੇ ਸੰਕਲਪ ਨੂੰ ਜਨੇਵਾ ਸ਼ਹਿਰ ਦੇ ਹੈਨਰੀ ਡਿਉੂਨਾਂ ਦੇ ਜਨਮ-ਦਿਨ 8 ਮਈ ਨਾਲ ਜੋੜਿਆ ਗਿਆ ਹੈ।
ਹੈਨਰੀ ਡਿਉੂਨਾਂ:- ਹੈਨਰੀ ਡਿਉੂਨਾਂ ਦਾ ਜਨਮ 8 ਮਈ 1828 ਈ: ਨੂੰ ਸਵਿਟਜ਼ਰਲੈਂਡ ਦੇਸ਼ ਦੀ ਰਾਜਧਾਨੀ ਜਨੇਵਾ ਵਿੱਚ ਇੱਕ ਉੱਚ ਘਰਾਵੇ ਵਿੱਚ ਹੋਇਆ। ਬਚਪਨ ਵਿੱਚ ਜਿੰਨੀ ਵਿੱਦਿਆ ਪ੍ਰਾਪਤ ਹੋ ਸਕਦੀ ਸੀ, ਪ੍ਰਾਪਤ ਕੀਤੀ। ਡਿਉੂਨਾਂ ਦਾ ਪਿਤਾ ਜ਼ੀਨ ਜੈਕ ਡਿਉੂਨਾਂ ਇੱਕ ਸਫਲ ਵਪਾਰੀ ਸੀ। 1853 ਤੋਂ 1858 ਤੱਕ ਉਸ ਨੇ ਇੱਕ ਕੰਪਨੀ ਵਿੱਚ ਨੌਕਰੀ ਕੀਤੀ, ਉਪਰੰਤ ਨੌਕਰੀ ਛੱਡ ਕੇ 31 ਸਾਲ ਦੀ ਉਮਰ ਵਿੱਚ ਆਟਾ ਪੀਸਣ ਦੇ ਕਾਰਖਾਨੇ ਲਾਉਣ ਲਈ ਆਪਣੇ ਮਿੱਤਰਾਂ ਕੋਲੋਂ ਭਾਰੀ ਰਕਮਾਂ ਲੈ ਕੇ ਇੱਕ ਸੁਸਾਇਟੀ ਬਣਾਈ। ਆਟਾ ਪੀਸਣ ਦੇ ਕਾਰਖਾਨੇ ਉਸ ਨੇ ਫਰਾਂਸ ਦੇਸ਼ ਦੇ ਅਧੀਨ ਇਲਾਕੇ ਅਲਜੀਰੀਆ ਵਿੱਚ ਲਾਉਣੇ ਸਨ ਕਿਉਂਕਿ ਉਸ ਇਲਾਕੇ ਵਿੱਚ ਪਾਣੀ ਦੀਆਂ ਆਬਸ਼ਾਰਾਂ ਡਿੱਗਦੀਆਂ ਸਨ। ਉਹਨਾਂ ਆਬਸ਼ਾਰਾਂ ਵਿੱਚੋਂ ਡਿੱਗਣ ਵਾਲੇ ਪਾਣੀ ਦੀ ਸ਼ਕਤੀ ਨਾਲ ਕਾਰਖਾਨੇ ਚੱਲਣੇ ਸਨ। ਇਸ ਕੰਮ ਲਈ ਡਿਉੂਨਾਂ ਨੂੰ ਫਰਾਂਸ ਦੇ ਬਾਦਸ਼ਾਹ ਕੋਲੋਂ ਆਗਿਆ ਲੈਣ ਦੀ ਲੋੜ ਸੀ।
24 ਜੂਨ 1859 ਈ: ਨੂੰ ਇਟਲੀ ਤੇ ਆਸਟਰੀਆ ਦੋ ਦੇਸ਼ਾਂ ਵਿੱਚ ਸਲਫ਼ਰੀਨੋ ਨਾਂ ਵਾਲੀ ਥਾਂ ਤੇ ਜੰਗ ਹੋ ਰਹੀ ਸੀ। ਜਿਸ ਵਿੱਚ ਇੱਕ ਪਾਸੇ ਇਟਲੀ ਤੇ ਫਰਾਂਸ ਅਤੇ ਦੂਜੇ ਪਾਸੇ ਆਸਟਰੀਆ ਤੇ ਪਰਸ਼ੀਆ ਦੀਆਂ ਫ਼ੌਜਾਂ ਸਨ। ਹੈਨਰੀ ਡਿਉੂਨਾਂ 23 ਜੂਨ ਦੀ ਰਾਤ ਨੂੰ ਯੁੱਧ ਦੇ ਮੈਦਾਨ ਦੇ ਨੇੜੇ ਠਹਿਰਿਆ ਹੋਇਆ ਸੀ। ਪਰ ਉਸ ਨੂੰ ਬਾਦਸ਼ਾਹ ਨਾਲ ਮੁਲਾਕਾਤ ਕਰਨ ਲਈ 15 ਘੰਟੇ ਉਡੀਕ ਕਰਨੀ ਪਈ। ਜੰਗ ਦੇ ਮੈਦਾਨ ਵਿੱਚ ਦੋਵਾਂ ਪਾਸਿਆਂ ਤੋਂ ਹਜ਼ਾਰਾਂ ਸਿਪਾਹੀ ਜ਼ਖ਼ਮੀ ਹੋ ਗਏ ਸਨ, ਜੋ ਚੱਲ ਫਿਰ ਨਹੀਂ ਸਨ ਸਕਦੇ। ਮੈਦਾਨ ਵਿੱਚ ਹੀ ਪਏ ਤੜਪ ਰਹੇ ਸਨ। ਉਹਨਾਂ ਨੂੰ ਦੇਖ ਕੇ ਹੈਨਰੀ ਡਿਉੂਨਾਂ ਦਾ ਦਿਲ ਤੜਪ ਉੱਠਿਆ। ਉਸ ਨੇ ਨਾਲ ਦੇ ਪਿੰਡ ਦੇ ਲੋਕਾਂ ਦੀ ਸਹਾਇਤਾ ਨਾਲ ਫੱਟੜ ਸੈਨਿਕਾਂ ਨੂੰ ਨੇੜੇ ਦੇ ਹਸਪਤਾਲਾਂ, ਸਕੂਲਾਂ ਅਤੇ ਗਿਰਜਾ ਘਰਾਂ ਵਿੱਚ ਰੱਖ ਕੇ ਉਹਨਾਂ ਦੀ ਕਾਫ਼ੀ ਸਮਾਂ ਸੇਵਾ-ਸੰਭਾਲ ਕੀਤੀ। ਹੈਨਰੀ ਡਿਉੂਨਾਂ ਨੇ ਆਪਣੇ ਸਹਿਯੋਗੀਆਂ ਤੋਂ ਇਹ ਪ੍ਰਣ ਲਿਆ ਸੀ ਕਿ ਉਹ ਫੱਟੜਾਂ ਦੀ ਸੇਵਾ-ਸੰਭਾਲ ਕਰਦੇ ਸਮੇਂ ਕੌਮਾਂ ਦਾ ਭਿੰਨ-ਭੇਦ ਨਹੀਂ ਕਰਨਗੇ।
ਹੈਨਰੀ ਡਿਉੂਨਾਂ ਨੇ ਜ਼ਖ਼ਮੀਆਂ ਦੀ ਸੇਵਾ-ਸੰਭਾਲ ਕਰਦਿਆਂ ਇਹ ਸੋਚਿਆ ਕਿ ਸਾਰੀ ਦੁਨੀਆ ਵਿੱਚ ਇੱਕ ਅਜਿਹੀ ਸਮਾਜਿਕ ਜਥੇਬੰਦੀ ਬਣੇ ਜਿਸ ਦੀਆਂ ਦੁਨੀਆਂ ਦੇ ਹਰ ਸ਼ਹਿਰ ਵਿੱਚ ਥਾਂ-ਥਾਂ ਸ਼ਾਖਾਵਾਂ ਹੋਣ ਤੇ ਉਸ ਜਥੇਬੰਦੀ ਦੇ ਮੈਂਬਰ ਇਸ ਕਾਰਜ ਨੂੰ ਮਨੁੱਖੀ ਹਮਦਰਦੀ ਦੇ ਨਾਂ ਤੇ ਕਰਨ। 31 ਸਾਲ ਦੀ ਉਮਰ ਵਿੱਚ ਡਿਉੂਨਾਂ ਨੇ ਜ਼ਖ਼ਮੀ ਸਿਪਾਹੀਆਂ ਦੀ ਹਾਲਤ ਦੇ ਸੁਧਾਰ ਲਈ ਆਪਣਾ ਜੀਵਨ ਅਰਪਣ ਕਰ ਦਿੱਤਾ। ਉਸ ਦੇ ਪਿੱਛੋਂ ਉਹ ਆਪਣੇ ਘਰ ਵੱਲ ਨਹੀਂ ਮੁੜਿਆ। ਉਹ ਸਰਬ-ਸਾਂਝੀ ਰੈੱਡਕਰਾਸ ਦੀ ਸਥਾਪਨਾ ਦੇ ਕੰਮ ਵਿੱਚ ਜੁੱਟ ਗਿਆ। ਉਸ ਨੇ ਇੱਕ ਪੁਸਤਕ ‘ਸਲਫਰੀਨੋ ਦੀ ਯਾਦ’ ਵੀ ਲਿਖੀ। ਹੈਨਰੀ ਡਿਉੂਨਾਂ ਦੀ ਪੁਸਤਕ ਨੂੰ ਪੜ੍ਹ ਕੇ ਸਵਿਟਜ਼ਰਲੈਂਡ ਦੇ ਲੋਕ ਉਸ ਨਾਲ ਆ ਜੁੜੇ। 1863 ਵਿੱਚ ਰੈੱਡਕਰਾਸ ਲਹਿਰ ਦਾ ਜਨਮ ਹੋਇਆ। 1867 ਵਿੱਚ ਡਿਉੂਨਾਂ ਨੇ ਰੈੱਡਕਰਾਸ ਦੀ ਕੌਮਾਂਤਰੀ ਕਮੇਟੀ ਦੇ ਸਕੱਤਰ ਵਜੋਂ ਅਸਤੀਫਾ ਦੇ ਦਿੱਤਾ, ਜੋ ਪ੍ਰਵਾਨ ਕਰ ਲਿਆ ਗਿਆ। 1901 ਵਿੱਚ ਹੈਨਰੀ ਡਿਉੂਨਾਂ ਨੂੰ ਨਾਰਵੇ ਦੀ ਸਰਕਾਰ ਦੁਆਰਾ ਪਹਿਲਾ ‘ਨੋਬਲ ਪੁਰਸਕਾਰ’ ਦਿੱਤਾ ਗਿਆ। ਪਰ ਉਸ ਨੇ ਇਨਾਮ ਦੀ ਸਾਰੀ ਰਾਸ਼ੀ ਤੇ ਸੁਗਾਤਾਂ ਦੀ ਰਕਮ ਦੁਖੀਆਂ ਤੇ ਜ਼ਖ਼ਮੀਆਂ ਦੀ ਸੇਵਾ ਲਈ ਖ਼ਰਚਣ ਦੀ ਵਸੀਅਤ ਕਰਾ ਦਿੱਤੀ।
49 ਸਾਲ ਉਹ ਦੁਨੀਆਂ ਦੇ ਸਾਰੇ ਦੇਸ਼ਾਂ ਵਿੱਚ ਆਪਣੇ ਖ਼ਿਆਲ ਦੇ ਪ੍ਰਚਾਰ ਲਈ ਫਿਰਦਾ ਰਿਹਾ। 80 ਸਾਲ ਦੀ ਉਮਰ ਵਿੱਚ ਸੰਨ 1908 ਈ: ਨੂੰ ਜਦ ਹੈਨਰੀ ਡਿਉੂਨਾਂ ਆਪਣੇ ਜਨਮ ਦੇ ਸ਼ਹਿਰ ਜਨੇਵਾ ਪਹੁੰਚਿਆ ਤਾਂ ਉਸ ਨੇ ਪੁਰਾਣੇ ਘਸੇ ਹੋਏ ਮਾਮੂਲੀ ਕੱਪੜੇ ਪਹਿਨੇ ਹੋਏ ਸਨ। ਉਸ ਦੇ ਚਿਹਰੇ ’ਤੇ ਭਰਵੀ ਲੰਮੀ ਦਾਹੜੀ ਆਈ ਹੋਈ ਸੀ। 30 ਅਕਤੂਬਰ 1910 ਈ: ਨੂੰ 82 ਸਾਲ ਦੀ ਉਮਰ ਵਿੱਚ ਹੈਨਰੀ ਡਿਉੂਨਾਂ ਦਾ ਹੇਡਨ ਹਸਪਤਾਲ ਵਿੱਚ ਦਿਹਾਂਤ ਹੋ ਗਿਆ।
ਅੱਜ-ਕੱਲ੍ਹ ਜੰਗ ਯੁੱਧ ਦੇ ਸਮੇਂ ਹੁਣ ਰਣ-ਖੇਤਰ ਵਿੱਚ ਵੱਖ-ਵੱਖ ਸੁਸਾਇਟੀਆਂ ਜ਼ਖ਼ਮੀ ਲੋਕਾਂ ਦੀ ਮਲ੍ਹਮ-ਪੱਟੀ ਕਰਦੀਆਂ ਹਨ ਤੇ ਹੋਰ ਡਾਕਟਰੀ ਸਹਾਇਤਾ ਦਿੰਦੀਆਂ ਹਨ। ਜਿਨ੍ਹਾਂ ਨੂੰ ਰੈੱਡਕਰਾਸ ਦਾ ਨਾਂਅ ਦਿੱਤਾ ਜਾਂਦਾ ਹੈ ਕਿਉਂਕਿ ਲਾਲ ਰੰਗ ਵਿੱਚ ਜਮ੍ਹਾਂ (+) ਦੇ ਨਿਸ਼ਾਨ ਨੂੰ ਆਪਣਾ ਕੇ ਦੇਸ਼ ਨੇ ਇਸ ਨੂੰ ਅੰਤਰਰਾਸ਼ਟਰੀ ਪੱਧਰ ਦੀ ਮਾਨਤਾ ਦਿੱਤੀ ਹੋਈ ਹੈ। ਕੁਝ ਲੇਖਕਾਂ, ਵਿਦਵਾਨਾਂ ਦਾ ਕਹਿਣਾ ਹੈ ਕਿ ਰੈੱਡਕਰਾਸ ਦਾ ਬਾਨੀ ਹੈਨਰੀ ਡਿਉੂਨਾਂ ਹੈ ਜਦ ਕਿ ਸੇਵਾ ਦੇ ਪੁੰਜ ਭਾਈ ਕਨੱਈਆ ਰਾਮ ਜੀ ਨੇ 155 ਸਾਲ ਪਹਿਲਾਂ (1704) ਵਿੱਚ ਹੀ ਰੈੱਡਕਰਾਸ ਦਾ ਨੀਂਹ-ਪੱਥਰ ਰੱਖ ਦਿੱਤਾ ਸੀ। ਰੈੱਡਕਰਾਸ ਦਾ ਅਸਲੀ ਬਾਨੀ ਭਾਈ ਕਨੱਈਆ ਰਾਮ ਹੀ ਹੈ। ਉਹਨਾਂ ਨੇ 18ਵੀਂ ਸਦੀ ਦੇ ਸ਼ੁਰੂ ਵਿੱਚ ਇਹ ਸੇਵਾ ਕਰ ਵਿਖਾਈ ਜਿਸ ਦੀ ਲੋੜ ਸੰਸਾਰ ਦੇ ਕਈ ਦੇਸ਼ਾਂ ਨੇ ਮਿਲ ਕੇ 19ਵੀਂ ਸਦੀ ਦੇ ਅੱਧ ਵਿੱਚ ਮਹਿਸੂਸ ਕੀਤੀ।
ਪ੍ਰੋ: ਪ੍ਰਕਾਸ਼ ਸਿੰਘ ਅਨੁਸਾਰ ਸੰਸਾਰ ਦੇ ਇਤਿਹਾਸ ਵਿੱਚ ਸ਼ਾਇਦ ਕੁਝ ਅਜਿਹੇ ਵਿਅਕਤੀ ਲੱਭ ਪੈਣ ਜਿਨ੍ਹਾਂ ਨੇ ਜੰਗ ਦੇ ਸਮੇਂ ਫੱਟੜਾਂ, ਰੋਗੀਆਂ ਤੇ ਲੋੜਵੰਦਾਂ ਦੀ ਤਨੋਂ ਮਨੋਂ ਸੇਵਾ ਕੀਤੀ ਹੋਵੇ ਜਿਵੇਂ ਕਿ ਫਲੋਰੈਂਸ ਨਾਈਟਿੰਗੇਲ (1820-1910) ਜੋ ਕ੍ਰਿਸ਼ਚੀਅਨ ਹਸਪਤਾਲ ਦੀ ਨਰਸ ਸੀ ਪਰ ਭਾਈ ਕਨੱਈਆ ਜੀ ਵਰਗੀ ਸਮਦ੍ਰਿਸ਼ਟੀ ਨਾਲ ਨਿਰਪੱਖ, ਨਿਸ਼ਕਪਟ ਤੇ ਨਿਰਛਲ ਸੇਵਾ ਕਿਸੇ ਨੇ ਨਹੀਂ ਕੀਤੀ। ਭਾਈ ਕਨੱਈਆ ਜੀ ਨੇ ਇਹ ਬੇਮਿਸਾਲ ਸੇਵਾ ਉਦੋਂ ਕਰ ਵਿਖਾਈ ਜਦੋਂ ਸੰਸਾਰ ਵਿੱਚ ਇਸ ਪੱਖੋਂ ਅਜੇ ਜਾਗ੍ਰਿਤੀ ਨਹੀਂ ਸੀ ਆਈ। ਅੱਜ ਜੰਗੀ ਸ਼ਹੀਦਾਂ, ਕੈਦੀਆਂ, ਜ਼ਖ਼ਮੀਆਂ, ਕੁਦਰਤੀ ਤੇ ਗੈਰ ਕੁਦਰਤੀ ਆਫ਼ਤਾਂ ਦੀ ਮਾਰ ਹੇਠ ਆਏ ਲੋਕਾਂ ਦੀ ਸੇਵਾ ਸੰਭਾਲ ਰੈੱਡਕਰਾਸ ਹੀ ਕਰਦੀ ਹੈ।
ਸੋ ਅੱਜ ਲੋੜ ਹੈ ਭਾਈ ਕਨੱਈਆ ਰਾਮ ਤੇ ਹੈਨਰੀ ਡਿਉੂਨਾਂ ਦੇ ਪਦ-ਚਿੰਨ੍ਹਾਂ ਤੇ ਚੱਲਦੇ ਹੋਏ ਭਾਈ ਕਨੱਈਆ ਸੇਵਾ ਸੁਸਾਇਟੀਆਂ, ਭਾਈ ਕਨੱਈਆ ਸੇਵਾ ਮਿਸ਼ਨ, ਰੈੱਡਕਰਾਸ ਸੰਸਥਾਵਾਂ ਤੇ ਹੋਰ ਸਮਾਜ-ਸੇਵੀ ਸੰਸਥਾਵਾਂ ਨੂੰ ਬਿਨਾਂ ਕਿਸੇ ਭੇਦ-ਭਾਵ ਦੇ ਮਰੀਜ਼ਾਂ ਤੇ ਲੋੜਵੰਦਾਂ ਦੀ ਸੇਵਾ ਕਰਨ ਦੀ।
 
ਕਰਨੈਲ ਸਿੰਘ ਐੱਮ.ਏ. ਲੁਧਿਆਣਾ
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਮਿੱਟੀ ਬਣਨ ਤੋਂ ਪਹਿਲਾਂ ਮਨੁੱਖਤਾ ਦੇ ਕੰਮ ਆਵੇ ਮ੍ਰਿਤਕ ਸਰੀਰ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੀ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ
Next articleਨਹਿਰੀ ਸਬ ਡਵੀਜ਼ਨ ਬਣਾਉਣ ਲਈ ਕੈਬਨਿਟ ਮੰਤਰੀ ਐਡਵੋਕੇਟ ਚੀਮਾ ਦਾ ਧੰਨਵਾਦ ਕੀਤਾ