HOME ਆਰਥਿਕ ਮੰਦੀ ਦਾ ਸ਼ਿਕਾਰ ਹੋਏ ਕਿਸਾਨਾਂ ਲਈ ਆਲੂਆਂ ਦੀ ਫਸਲ ਘਾਟੇ ਦਾ...

ਆਰਥਿਕ ਮੰਦੀ ਦਾ ਸ਼ਿਕਾਰ ਹੋਏ ਕਿਸਾਨਾਂ ਲਈ ਆਲੂਆਂ ਦੀ ਫਸਲ ਘਾਟੇ ਦਾ ਸੌਦਾ ਹੋ ਰਹੀ ਸਾਬਿਤ

8
ਕਰੀਬ 30 ਤੋਂ 40 ਹਜ਼ਾਰ ਰੁਪਏ ਪ੍ਰਤੀ ਏਕੜ ਆਉਂਦਾ ਖ਼ਰਚ ਜ਼ਮੀਨ ਦਾ ਦਿੱਤਾ ਠੇਕਾ ਵੀ ਪੂਰਾ ਨਹੀਂ ਹੋ ਰਿਹਾ 
 ਠੋਸ ਨੀਤੀ ਨਾ ਹੋਣ ਕਾਰਨ ਆਲੂਆਂ ਦੀ ਫਸਲ ਹਰ ਸਾਲ ਬੇਹੱਦ ਮੰਦੀ ਦਾ ਸ਼ਿਕਾਰ
ਕਪੂਰਥਲਾ,  (ਸਮਾਜ ਵੀਕਲੀ)  ( ਕੌੜਾ ) – ਪੰਜਾਬ ਦੇ ਦੁਆਬੇ ਖੇਤਰ ਵਿਚ ਆਲੂ ਦੀ ਪੱਕੀ ਪੁਟਾਈ ਦਾ ਕੰਮ ਜੰਗੀ ਪੱਧਰ ਤੇ ਸ਼ੁਰੂ ਹੋ ਚੁੱਕਾ ਹੈ । ਪਰ ਇਸ ਸਾਲ ਵੀ ਆਲੂ ਦਾ ਪੂਰਾ ਭਾਅ ਨਾ ਮਿਲਦਾ ਦੇਖ ਕੇ ਆਲੂ ਉਤਪਾਦਕ ਕਿਸਾਨਾਂ ਵਿਚ ਭਾਰੀ ਨਿਰਾਸ਼ਾ ਹੋ ਰਹੀ ਹੈ । ਪਿੰਡ ਹਰਨਾਮਪੁਰ, ਹੈਬਤਪੁਰ, ਜੈਨਪੁਰ, ਚੱਕ ਕੋਟਲਾ, ਡਡਵਿੰਡੀ , ਸ਼ਿਕਾਰਪੁਰ , ਜਾਰਜਪੁਰ, ਮੈਰੀਪੁਰ, ਸਾਬੂਵਾਲ, ਦਰੀਏਵਾਲ, ਠੱਟਾ , ਬੂਲਪੁਰ, ਟਿੱਬਾ , ਨਸੀਰ ਪੁਰ , ਮੋਠਾਂਵਾਲ, ਰਾਮਪੁਰ ਜਗੀਰ ਆਦਿ ਅਨੇਕਾਂ ਪਿੰਡਾਂ ਵਿਚ ਆਲੂ ਦੀ ਪੁਟਾਈ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਵਪਾਰੀ ਵੱਲੋ ਚੰਗਾ ਰੇਟ ਨਾ ਮਿਲਣ ਕਾਰਨ ਕਿਸਾਨ ਘਬਰਾਹਟ ਵਿਚ ਹਨ , ਕਿਉਂਕਿ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਆਲੂ ਦੀ ਫਸਲ ਨੇ ਆਲੂ ਉਤਪਾਦਕ  ਕਿਸਾਨਾਂ ਨੂੰ ਘਾਟਾ ਹੀ ਪਾਇਆ ਹੈ । ਹਰ ਵਾਰ ਕਿਸਾਨ ਦੋਬਾਰਾ ਫਿਰ ਇਹ ਸੋਚ ਕੇ ਆਲੂ ਦੀ ਖੇਤੀ ਕਰਦੇ ਹਨ ਕਿ ਸ਼ਾਇਦ ਅਗਲੇ ਸਾਲ ਹੀ ਪੂਰਾ ਭਾਅ ਮਿਲ ਜਾਵੇ । ਕਿਸਾਨਾਂ ਦਾ ਕਹਿਣਾ ਹੈ ਕਿ ਆਲੂ ਦੀ ਫਸਲ ਨਾਲ ਪਏ ਘਾਟੇ ਵੀ ਜੇਕਰ ਅਗਲੇ ਸਾਲ ਰੇਟ ਵੱਧ ਜਾਏ ਤਾਂ ਆਲੂ ਹੀ ਪੂਰੇ ਕਰਦੇ ਹਨ । ਪਹਿਲਾਂ ਹੀ ਆਰਥਿਕ ਮੰਦੀ ਦਾ ਸ਼ਿਕਾਰ ਹੋਏ ਕਿਸਾਨਾਂ ਲਈ ਆਲੂਆਂ ਦੀ ਫਸਲ ਘਾਟੇ ਵਾਲੀ ਸਾਬਿਤ ਹੋ ਰਹੀ ਹੈ , ਜਿਸ ਤੋਂ ਹੁਣ ਖਹਿੜਾ ਛੁਡਾਉਣ ਲਈ ਕਿਸਾਨ ਸੋਚਣ ਲਈ ਮਜਬੂਰ ਹਨ ।ਹਲਕਾ ਸੁਲਤਾਨਪੁਰ ਲੋਧੀ  ਦੇ ਵੱਡੀ ਗਿਣਤੀ ਪਿੰਡ ਆਲੂਆਂ ਦੀ ਫਸਲ ਦੇ ਵੱਡੇ ਰਕਬੇ ਲਈ ਵੀ ਜਾਣੇ ਜਾਂਦੇ ਹਨ, ਜਿਥੇ ਕਿਸਾਨ ਤਕਰੀਬਨ 15 ਹਜ਼ਾਰ ਹੈਕਟੇਅਰ ਖੇਤਰ ‘ਚ ਆਲੂਆਂ ਦੀ ਬਿਜਾਈ ਕਰਦੇ ਹਨ । ਕਈ ਆਲੂ ਉਤਪਾਦਕ ਕਿਸਾਨਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਪੁਰਾਣਾ ਆਲੂ ਵੀ ਵਿਕਿਆ ਨਹੀਂ, ਨਵਾਂ ਵੀ ਬਹੁਤ ਘੱਟ ਰੇਟ ਦੱਸ ਰਹੇ ਹਨ।ਕਿਸਾਨਾਂ ਨੇ ਦੱਸਿਆ ਕਿ ਪੁਰਾਣਾ ਆਲੂ ਹਾਲੇ ਤਕ ਸਟੋਰਾਂ ‘ਚ ਪਿਆ ਹੈ, ਜਿਸ ਨੂੰ ਖਰੀਦਣ ਲਈ ਕੋਈ ਵਿਉਪਾਰੀ ਤਿਆਰ ਨਹੀਂ ਹੈ। ਸਟੋਰਾਂ ਦਾ ਖਰਚਾ ਹੀ ਹੁਣ ਇੰਨਾ ਪੈ ਚੁੱਕਾ ਹੈ ਕਿ ਕਿਸਾਨ ਸਟੋਰਾਂ ‘ਚੋਂ ਆਲੂ ਚੁੱਕਣ ਹੀ ਨਹੀਂ ਜਾਂਦੇ ਤੇ ਮਜਬੂਰ ਹੋ ਕੇ ਸਟੋਰ ਮਾਲਿਕ ਨੂੰ ਆਲੂ ਬਾਹਰ ਸੁੱਟਣੇ ਪੈ ਰਹੇ ਹਨ। ਨਵੇਂ ਆਲੂ ਦੀ ਹਾਲੇ ਪੁਟਾਈ ਸ਼ੁਰੂ ਹੋਈ ਹੈ । ਪਰ ਬੀਤੇ ਸਾਲ ਦੇ ਹਾਲਾਤ ਨੂੰ ਵੇਖਦਿਆਂ ਕਿਸਾਨ ਖੇਤਾਂ ‘ਚ ਹੀ ਆਲੂ ਵੇਚਣ ਦੀ ਸੋਚ ਰਹੇ ਹਨ। ਆਮ ਤੌਰ ‘ਤੇ ਇਨ੍ਹਾਂ ਦਿਨਾਂ ‘ਚ ਕੱਚਾ ਆਲੂ ਬਾਜ਼ਾਰ ‘ਚ ਉਪਲੱਬਧ ਰਹਿੰਦਾ ਹੈ ਪਰ ਇਸ ਵਾਰ ਅਜਿਹਾ ਨਹੀਂ ਹੈ। ਸਰਕਾਰ ਵਲੋਂ ਚਲਾਈ ਭਵਿੱਖੀ ਫਸਲਾਂ ਦੀ ਯੋਜਨਾ ਵੀ ਮਜ਼ਾਕ ਬਣ ਕੇ ਰਹਿ ਗਈ ਹੈ। ਇਲਾਕੇ ਦੇ ਆਲੂ ਉਤਪਾਦਕ ਕਿਸਾਨਾਂ ਜਸਵਿੰਦਰ ਸਿੰਘ ਨੰਡਾ ਹੈਬਤਪੁਰ , ਸੁਖਦੇਵ ਸਿੰਘ , ਸੁਖਵਿੰਦਰ ਸਿੰਘ , ਬਲਕਾਰ ਸਿੰਘ ਢਿੱਲੋਂ , ਗੁਰਪ੍ਰੀਤ ਸਿੰਘ , ਰਣਜੀਤ ਸਿੰਘ , ਅਮਨਦੀਪ ਸਿੰਘ ਭਿੰਡਰ, ਨੰਬਰਦਾਰ ਸਤਵਿੰਦਰ ਸਿੰਘ ਸੱਤਾ ਸਾਬੂਵਾਲ ਤੇ ਹੋਰਨਾਂ ਦੱਸਿਆ ਕਿ ਫਸਲਾਂ ਦੀ ਅਦਲਾ ਬਦਲੀ ਕਰਨ ਲਈ ਆਲੂ ਦੀ ਕਿਸਾਨਾਂ ਬਿਜਾਈ ਕੀਤੀ ਸੀ । ਕਿਉਂਕਿ  ਆਲੂਆਂ ਦੀ ਖੇਤੀ ਕਿਸੇ ਉਦਯੋਗ ਤੋਂ ਘੱਟ ਨਹੀਂ ਹੈ। ਇਸ ਨਾਲ ਸਿੱਧੇ ਤੌਰ ‘ਤੇ ਵੱਡੀ ਗਿਣਤੀ ਲੋਕਾਂ ਨੂੰ ਰੁਜ਼ਗਾਰ ਮਿਲ ਰਿਹਾ ਹੈ ਪਰ ਸਰਕਾਰ ਦੀ ਆਲੂਆਂ ਦੀ ਫਸਲ ਬਾਰੇ ਕੋਈ ਵੀ ਠੋਸ ਨੀਤੀ ਨਾ ਹੋਣ ਕਾਰਨ ਆਲੂਆਂ ਦੀ ਫਸਲ ਹਰ ਸਾਲ ਬੇਹੱਦ ਮੰਦੀ ਦਾ ਸ਼ਿਕਾਰ ਹੈ ਰਹੀ ਹੈ।  ਕਿਸਾਨਾਂ ਦੱਸਿਆ ਕਿ ਸਰਕਾਰਾਂ ਤੇ ਖੇਤੀਬਾੜੀ ਵਿਭਾਗ ਕਣਕ ਤੇ ਝੋਨੇ ਦੀ ਰਵਾਇਤੀ ਫਸਲੀ ਚੱਕਰ ਤੋਂ ਬਾਹਰ ਨਿਕਲਣ ਦਾ ਹੋਕਾ ਦੇ ਰਹੇ ਹਨ ਪਰ ਹੁਣ ਕੋਈ ਵੀ ਕਿਸਾਨਾਂ ਦੀ ਬਾਂਹ ਨਹੀ ਫੜ ਰਿਹਾ । ਸੀਨੀਅਰ ਕਿਸਾਨ ਆਗੂ ਸ਼ੇਰ ਸਿੰਘ ਮਹੀਵਾਲ , ਨੰਬਰਦਾਰ ਸਰਬਜੀਤ ਸਿੰਘ ਕਾਲੇਵਾਲ , ਸੱਤਾ ਸਾਬੂਵਾਲ ਪ੍ਰਧਾਨ ਨੰਬਰਦਾਰ ਯੂਨੀਅਨ ਨੇ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਆਲੂ ਉਤਪਾਦਕ ਕਿਸਾਨਾਂ ਦੀ ਵੀ ਕੋਈ ਮਦਦ ਨਾ ਦੇਣ ਕਾਰਨ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠਾਂ ਆਇਆ ਕਿਸਾਨ ਲਗਾਤਾਰ ਬਰਬਾਦੀ ਵੱਲ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਆਲੂਆਂ ਦੀ ਫਸਲ ਤੇ ਕਰੀਬ 30 ਤੋਂ 40 ਹਜ਼ਾਰ ਰੁਪਏ ਪ੍ਰਤੀ ਏਕੜ ਖਰਚ ਆਉਂਦਾ ਹੈ ਪਰ ਜੇ ਹੁਣ ਅਸੀਂ ਇਸ ਵਾਰ ਮਿਲ ਰਹੇ ਆਲੂਆਂ ਦੇ ਰੇਟ ‘ਤੇ ਨਜ਼ਰ ਮਾਰੀਏ ਤਾਂ ਬਹੁਤ ਹੀ ਘੱਟ   ਆਲੂਆਂ ਦਾ ਰੇਟ ਮਿਲ ਰਿਹਾ ਹੈ, ਜੋ ਕਿ ਸਿੱਧਾ ਕਿਸਾਨਾਂ ਨੂੰ ਬਰਬਾਦੀ ਵੱਲ ਮੋੜ ਰਿਹਾ ਹੈ। ਕਈ ਕਿਸਾਨਾਂ ਵੱਲੋਂ ਠੇਕੇ ‘ਤੇ ਲੈ ਕੇ ਜ਼ਮੀਨ ‘ਤੇ ਆਲੂਆਂ ਦੀ ਫਸਲ ਬੀਜੀ ਸੀ, ਜਿਨ੍ਹਾਂ ਨੂੰ ਆਮਦਨ ਦੀ ਤਾਂ ਕੀ ਹੁਣ ਆਸ ਹੈ ਜ਼ਮੀਨ ਦਾ ਦਿੱਤਾ ਠੇਕਾ ਵੀ ਪੂਰਾ ਨਹੀਂ ਹੋਵੇਗਾ । ਆਲੂਆਂ ਦੀ ਬਿਜਾਈ ਤੋਂ ਪੁਟਾਈ ਤਕ ਵੱਡੀ ਗਿਣਤੀ ਮਹਿਲਾਵਾਂ ਤੇ ਪੁਰਸ਼ਾਂ ਲੇਬਰ ਦੀ ਲੋੜ ਹੈ ਤੇ ਉਤਪਾਦਕ ਨੂੰ ਕਾਫੀ ਖਰਚ ਸਹਿਣਾ ਪੈਂਦਾ ਹੈ। ਕਿਸਾਨ ਆਗੂਆਂ ਪੁਸ਼ਪਿੰਦਰ ਸਿੰਘ ਮੋਮੀ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਕੋਝਾ ਮਜ਼ਾਕ ਕਰ ਰਹੀ ਹੈ। ਫਸਲਾਂ ਦੇ ਭਾਅ ਸਵਾਮੀਨਾਥਨ ਰਿਪੋਰਟ ਰਾਹੀਂ ਲਾਗੂ ਕਰਨ ਦਾ ਵਚਨ ਦੇ ਕੇਂਦਰ ‘ਚ ਸੱਤਾ ‘ਚ ਆਈ ਭਾਜਪਾ ਦੀ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਬਦਹਾਲੀ ਦੇ ਕਗਾਰ ‘ਤੇ ਪਹੁੰਚਾ ਦਿੱਤਾ ਹੈ, ਨੋਟਬੰਦੀ ਤੋਂ ਪਹਿਲਾਂ ਜਿਹੜਾ ਵਿਉਪਾਰੀ ਖੁਸ਼ ਹੋ ਕੇ ਵਧੀਆ ਰੇਟ ਦੇ ਕੇ ਆਲੂਆਂ ਦੀ ਫਸਲ ਖਰੀਦਦਾ ਸੀ ਉਹ ਕੌਡੀਆਂ ਦੇ ਭਾਅ ਵੀ ਖਰੀਦਣ ਨੂੰ ਤਿਆਰ ਨਹੀਂ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਨੌਜਵਾਨ ਵਰਗ ਸ਼੍ਰੋਮਣੀ ਅਕਾਲੀ ਦਲ ਨਾਲ ਮਜ਼ਬੂਤੀ ਨਾਲ ਜੁੜਿਆ ਹੋਇਆ- ਮਨਸਿਮਰਨ ਸਿੰਘ
Next articleਵਿਸ਼ਵ ਅਨੀਮੀਆ ਜਾਗਰੂਕਤਾ ਦਿਵਸ ਮਨਾਇਆ ਗਿਆ