HOME ਪਾਕੇਟ ਨਾਵਲ ਦੀ ਜਾਂਚ

ਪਾਕੇਟ ਨਾਵਲ ਦੀ ਜਾਂਚ

5
ਜਸਵਿੰਦਰ ਪੰਜਾਬੀ 
    (ਸਮਾਜ ਵੀਕਲੀ)  ਮੈਨੂੰ ਆਦਤ ਜਿਹੀ ਨਹੀਂ ਕਿ ਹੁਣ ਦੁੱਧ ਧੋਤਾ ਬਣਾਂ। ਨਹੀਂ ਬਥੇਰੇ ਨੇ ਜਿਹੜੇ ਓਸ ਗੀਤ,’ਜਵਾਨੀ ਵੇਲ਼ੇ ਲੁੱਟੇ ਬਾਣੀਏ,ਹੁਣ ਰੱਬ ਦੀ ਭਗਤਣੀ ਹੋਈ’ ਵਾਂਗ ਆਖਣਗੇ,’ਅਸੀਂ ਤਾਂ ਕਦੀ ਗਿੱਲੇ ਗੋਹੇ ‘ਤੇ ਪੈਰ ਨ੍ਹੀਂ ਧਰਿਆ,….. ਅਸੀਂ ਤਾਂ ਜਵਾਨੀ ਤੋਂ ਹੀ ਬੜੇ ਸਾਊ ਸੀ… ਅਸੀਂ ਨ੍ਹੀਂ ਕਿਸੇ ਨੂੰ ਗ਼ਲਤ ਨਿਗਾਹਾਂ ਨਾਲ਼ ਝਾਕੇ…..ਆਦਿ,ਆਦਿ। ਘਰ ਵਿੱਚ ਭਾਵੇਂ ਪੂਰਾ ਧਾਰਮਿਕ ਮਾਹੌਲ ਸੀ। ਧਾਰਮਿਕ ਗ੍ਰੰਥਾਂ ਦੇ ਟਰੰਕ ਭਰੇ ਪਏ ਸੀ, ਪਰ ਜਵਾਨੀ ਦੀਆਂ ਖੇਡਾਂ ਅੱਗੇ…..।  ਦੱਸਵੀਂ ‘ਚ ਪੜ੍ਹਦੇ ਸੀ ਉਦੋਂ, ਜਦੋਂ ਮਿੱਠੂ ਨੇ ਆਪਣੇ ਤਾਏ ਦੇ ਫ਼ੌਜੀ ਮੁੰਡੇ ਵੱਲੋਂ “ਸੇਵਾ” ‘ਚ ਸੌਂਪੇ ਪਾਕੇਟ ਨਾਵਲ ਪੜ੍ਹਾਉਣੇ ਸ਼ੁਰੂ ਕੀਤੇ। ਜਵਾਨੀ ਵੇਲ਼ੇ ਬੜਾ ਝੱਸ ਸੀ, ਓਹਨਾਂ ਨਾਵਲਾਂ ਦਾ। ਓਸ ਦਿਨ ਅੱਧੀ ਛੁੱਟੀ ਦਾ ਟਾਇਮ ਸੀ। ਮੈਂ ਮਿੱਠੂ ਵੱਲੋਂ ਦਿੱਤਾ ਪਾਕੇਟ ਨਾਵਲ,’ਮੈਂ ਵੈਲਣ ਹੋ ਗਈ’ ਪੜ੍ਹ ਰਿਹਾ ਸੀ। ਅੱਧੀ ਛੁੱਟੀ ਵੇਲ਼ੇ ਸਾਰੀਆਂ ਕੁੜੀਆਂ ਤੇ ਬਹੁਤੇ ਮੁੰਡੇ ਕਮਰਿਆਂ ਤੋਂ ਬਾਹਰ ਚਲੇ ਜਾਂਦੇ ਸੀ। ਮੈਂ ਐਨ ਖੁੱਭਿਆ ਹੋਇਆ ਸੀ। ਨਾਵਲ ਨੂੰ ਡਰਾਇੰਗ ਦੀ ਵੱਡੀ ਕਾਪੀ ਵਿਚ ਛੁਪਾਇਆ ਹੋਇਆ ਸੀ। ਇੱਕ ਕੁੜੀ ਨੇ ਖਿੜਕੀ ਵਿਚਦੀ ਦੇਖ ਲਿਆ। ਓਹਨੇ ਮਾਸਟਰ ਜੀ ਦੇ ਆਉਣ ਸਾਰ ਸ਼ਰੇਆਮ ਸ਼ਿਕਾਇਤ ਕਰਤੀ; “ਮਾਸਟਰ ਜੀ, ਬਿੰਦਰ ਕੋਲ਼ ਗੰਦਾ ਨਾਵਲ ਆ।” “ਉੱਠ ਓਏ, ਲਿਆ ਨਾਵਲ।” ਮਾਸਟਰ ਜੀ ਨੇ ਹੁਕਮ ਦਿੱਤਾ। ਮੈਂ ਲੈ ਗਿਆ ਨਾਵਲ। “ਕਿੱਥੋਂ ਲਿਆ?” ਮੈਂ ਚੁੱਪ। ਮਾਸਟਰ ਜੀ ਨੇ ਕਈ ਵਾਰ ਇਹੋ ਸਵਾਲ ਦੁਹਰਾਇਆ। ਮੈਂ ਚੁੱਪ ਰਿਹਾ। “ਜਦੋਂ ਤਾਈਂ ਦਸਦਾ ਨ੍ਹੀਂ ਬੀ ਕਿੱਥੋਂ ਲਿਆ ਇਹ ਨਾਵਲ, ਉਦੋਂ ਤੱਕ ਮੁਰਗਾ ਬਣ।”  ਮਸੀਂ ਚਾਰ-ਪੰਜ ਮਿੰਟ ਝੱਲਿਆ ਕਸ਼ਟ। ਮੈਂ ਉੱਠ ਕੇ ਦੱਸ ਦਿੱਤਾ; “ਮਾਸਟਰ ਜੀ,ਮਿੱਠੂ ਨੇ ਦਿੱਤਾ ਸੀ ਜੀ।” “ਪਤਾ ਸੀ ਮੈਨੂੰ। ਆ ਜਾ ਬਣ ਓਏ ਮੁਰਗਾ।” ਮਾਸਟਰ ਜੀ ਮਿੱਠੂ ਨੂੰ ਬੋਲੇ,”ਤੂੰ ਬੈਠ ਜਾ ਕੇ। ਅੱਗੇ ਤੋਂ ਜੇ ਪਤਾ ਲੱਗ ਗਿਆ ਨਾਲ਼ੇ ਐਥੇ ਤੌਣੀ ਲਾਹੂੰ, ਨਾਲ਼ੇ ਸੇਵਾ ਦਾਸ (ਡੈਡੀ) ਨੂੰ ਦੱਸੂੰ।” ਮੈਨੂੰ ਕਿਹਾ ਮਾਸਟਰ ਜੀ ਨੇ। ਜਮਾਤ ਦਾ ਸਮਾਂ ਖ਼ਤਮ ਹੋਣ ਤੋਂ ਕੁਝ ਸਮਾਂ ਪਹਿਲਾਂ ਮਿੱਠੂ ਨੂੰ ਖੜ੍ਹੇ ਹੋਣ ਦਾ ਹੁਕਮ ਹੋਇਆ। ਪਹਿਲਾ ਡੰਡਾ ਇੱਕ ਹੱਥ ‘ਤੇ ਮਾਰਦੇ ਮਾਸਟਰ ਜੀ ਬੋਲੇ,”ਕੱਲ੍ਹ ਲਿਆਂਦਾ ਸੀ ਨਾ ਇਹ ਨਾਵਲ?” “ਹਾਂ ਜੀ।” “ਕਿਹਾ ਤੈਨੂੰ ਖ਼ਤਮ ਹੋਈਆਂ ਕਾਪੀਆਂ ਲਿਆਉਣ ਲਈ ਸੀ, ਤੂੰ ਆਹ ਖ਼ਰੀਦ ਲਿਆਇਆ।” ਦੂਸਰੇ ਹੱਥ ‘ਤੇ ਡੰਡਾ ਮਾਰਦਿਆਂ ਮਾਸਟਰ ਜੀ ਬੋਲੇ,”ਪੁੱਤ ਤੂੰ ਜਦ ਆਥਣੇ ਗਰਗ ਦੀ ਦੁਕਾਨ ਤੋਂ ਕਾਪੀਆਂ ਲੈ ਕੇ ਲੰਘਿਆ ਸੀ, ਤਾਂ ਮੇਰੀ ਨਜ਼ਰ ਪੈ ਗੀ ਸੀ ਤੇਰੇ ‘ਤੇ।” ਗਰਗ ਦੀ ਕਾਪੀਆਂ ਕਿਤਾਬਾਂ ਦੀ ਦੁਕਾਨ ਸੀ, ਨਾਲ਼ ਲਗਦੇ ਸ਼ਹਿਰ। ਤਾੜ ਕਰਦਾ ਤੀਸਰਾ ਡੰਡਾ ਮਿੱਠੂ ਦੀ ਬਾਂਹ ‘ਤੇ ਪਿਆ। “ਮਾਸਟਰ ਜੀ, ਗ਼ਲਤੀ ਹੋ ਗੀ ਜੀ।” ਲ੍ਹੇਰ ਨਿੱਕਲ ਗਈ ਮਿੱਠੂ ਦੀ। “ਮੈਂ ਦੇਖ ਲਿਆ ਸੀ, ਜਦੋਂ ਤੈਂ ਆਹ ਕਿਤਾਬ, ਕਾਪੀਆਂ ‘ਚ ਲਕੋਈ ਸੀ।” ਅਗਲੇ ਡੰਡੇ ਦਾ ਪ੍ਰਸ਼ਾਦ ਬਖਸ਼ਦੇ ਮਾਸਟਰ ਜੀ ਬੋਲੇ। “ਏਹਨੂੰ ਪਾੜ ਤੇ ਅੱਗੇ ਤੋਂ ਜੇ ਕਿਸੇ ਕੋਲ਼ ਐਹੋ ਜਿਹੀ ਕਿਤਾਬ ਦਿਸ ਗਈ ਤਾਂ ਪ੍ਰਾਰਥਨਾ ਟੈਮ ਸਰਵਿਸ ਹੋਊ।” ਮਾਸਟਰ ਜੀ ਨੇ ਹੁਕਮ ਲਾਇਆ। ਓਧਰ ਦੋ ਚੁਪੇੜਾਂ ਮੈਨੂੰ ਮੁਫ਼ਤ ‘ਚ ਹੋਰ ਮਿਲ ਗਈਆਂ। ਮਾਸਟਰ ਜੀ ਅਜੇ ਕੁਰਸੀ ਤੋਂ ਉੱਠਣ ਈ ਲੱਗੇ ਸੀ,ਜਦੋਂ ਮੈਂ ਸ਼ਿਕਾਇਤਣ ਕੁੜੀ ਵੱਲ ਉਂਗਲੀ ਚੱਕਤੀ ਕਿ ਦੇਖੂੰ ਤੈਨੂੰ। ਓਹਨੇ ਝੱਟ ਦੱਸਤਾ ਮਾਸਟਰ ਜੀ ਨੂੰ; “ਮਾਸਟਰ ਜੀ, ਬਿੰਦਰ ਮੇਰੇ ਕਨੀਂ ਉਂਗਲੀ ਕਰਦਾ।”
-ਜਸਵਿੰਦਰ ਪੰਜਾਬੀ 
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਕਲਮਾ ਪੁੰਗਰਦੀਆ
Next articleਵੇਖੇ ਬਸਰੇ ਦੀ ਲਾਮ ਦੇ ਹਾਲਾਤ-