

(ਸਮਾਜ ਵੀਕਲੀ) ਸਾਡੀਆਂ ਲੋਕ ਬੋਲੀਆਂ ਵਿੱਚ ਇੱਕ ਬੋਲੀ ਬਹੁਤ ਮਸ਼ਹੂਰ ਹੈ “ਨੀ ਮੈਂ ਰੰਡੀਓ ਸੁਹਾਗਣ ਹੋਵਾਂ ਬਸਰੇ ਦੀ ਲਾਮ ਟੁੱਟ ਜਾਏ”ਪਹਿਲੀ ਤੇ ਦੂਜੀ ਦੁਨੀਆ ਦੀ ਜੰਗ ਨੇ ਲੋਕਾਂ ਨੂੰ ਹਿਲਾਕੇ ਰੱਖ ਦਿੱਤਾ ਸੀ ਉਸ ਲਈ ਇੱਕ ਫੌਜੀ ਦੀ ਨਾਰ ਕੀ ਸੋਚਦੀ ਹੈ ਸਾਡੀ ਇੱਕ ਕਹਾਵਤ ਬਹੁਤ ਮਸ਼ਹੂਰ ਹੋਈ ਸੀ। ਆਪਾਂ ਸਭ ਜਾਣਦੇ ਹਾਂ 19 9 0 ਦੇ ਦਹਾਕੇ ਵਿੱਚ ਈਰਾਨ ਤੇ ਇਰਾਕ ਦੀ ਜੰਗ ਜੋ ਬਹੁਤ ਖਤਰਨਾਕ ਹੋਈ ਸੀ ਉਹ ਖਤਮ ਹੋਣ ਤੋਂ ਬਾਅਦ ਸਾਡਾ ਸਮੁੰਦਰੀ ਜਹਾਜ਼ ਇਰਾਕ ਦੇਸ਼ ਲਈ ਕਣਕ ਲੈ ਕੇ ਗਿਆ ਸੀ। ਇਹ ਗੱਲ 1993 ਦੀ ਹੈ ਜਦੋਂ ਸਾਡਾ ਜਹਾਜ਼ ਆਸਟਰੇਲੀਆ ਤੋਂ ਕਣਕ ਲੈ ਕੇ ਬਸਰਾ ਇਰਾਕ ਵਿੱਚ ਪਹੁੰਚਿਆ, ਸਮੁੰਦਰ ਵਿੱਚ ਬਸਰਾ ਦਾ ਇਲਾਕਾ ਵੇਖ ਕੇ ਮਨ ਬਹੁਤ ਦੁਖੀ ਹੋਇਆ। ਬਸਰਾ ਦੀ ਬੰਦਰਗਾਹ ਵਿੱਚ ਬੰਨੇ ਹੋਏ ਐਂਕਰ ਤੇ ਖੜੇ ਜਹਾਜ਼ ਸੈਂਕੜੇ ਗਿਣਤੀ ਵਿੱਚ ਸਨ ਸਾਰੇ ਇਰਾਕ ਇਰਾਨ ਦੀ ਲੜਾਈ ਵਿੱਚ ਬੰਨੇ ਹੋਏ ਹੀ ਉਡਾ ਦਿੱਤੇ ਗਏ ਸਨ ਦੇਖ ਕੇ ਮਨ ਬਹੁਤ ਖ਼ਰਾਬ ਮਹਿਸੂਸ ਕਰ ਰਿਹਾ ਸੀ। ਕਿਸ ਤਰ੍ਹਾਂ ਇਰਾਨ ਇਰਾਕ ਦੀ ਜੰਗ ਨਾਲ ਬੁਰੇ ਹਾਲਾਤ ਹੋਏ ਹੋਣਗੇ ਉਸ ਵਿੱਚੋਂ ਇਹ ਇੱਕ ਤਸਵੀਰ ਵਿਖਾਈ ਦੇ ਰਹੀ ਸੀ ਬੰਦਰਗਾਹ ਦੇ ਵਿੱਚ ਜਿੰਨੇ ਵੀ ਉਸ ਸਮੇਂ ਬੰਨੇ ਹੋਏ ਜਹਾਜ਼ ਐਕਰ ਤੇ ਸਨ
ਬੰਬਾਂ ਨਾਲ ਉਡਾ ਦਿੱਤੇ ਗਏ ਵੇਖ ਕੇ ਸਾਡਾ ਸਾਰੇ ਸਟਾਫ ਦਾ ਬਹੁਤ ਬੁਰਾ ਹਾਲ ਸੀ। ਬਸਰਾ ਬੰਦਰਗਾਹ ਵਿੱਚ ਜਹਾਜ ਬੰਨਿਆ ਉਥੋਂ ਦੇ ਲੋਕ ਹੱਥਾਂ ਵਿੱਚ ਡੋਲੂ ਡੱਬੇ ਲੈ ਕੇ ਕੁਝ ਖਾਣ ਨੂੰ ਮੰਗਣ ਲਈ ਜਹਾਜ਼ ਦੇ ਉੱਤੇ ਆ ਖੜੇ ਹੋਏ। ਪਤਾ ਨਹੀਂ ਕਪਤਾਨ ਸਾਹਿਬ ਨੇ ਉਹਨਾਂ ਨੂੰ ਕੀ ਦਿੱਤਾ ਜਾਂ ਨਾ ਦਿੱਤਾ ਜਦੋਂ ਸਾਡਾ ਰੋਟੀ ਖਾਣ ਦਾ ਸਮਾਂ ਹੋਇਆ ਤਾਂ ਸਾਡੇ ਆਲੇ ਦੁਆਲੇ ਉਥੋਂ ਦੇ ਲੋਕ ਮੰਗਣ ਲਈ ਸਾਡੇ ਆਲੇ ਦੁਆਲੇ ਆ ਖੜੇ ਹੋਏ, ਜਿਸ ਤੋਂ ਸਾਫ ਪਤਾ ਲੱਗਦਾ ਸੀ ਕਿ ਇਰਾਕ ਨੂੰ ਲੜਾਈ ਨੇ ਤਬਾਹ ਕਰਕੇ ਰੱਖ ਦਿੱਤਾ ਸੀ। ਅਸੀਂ ਆਪਣੀ ਰੋਟੀ ਚੀਫ ਕੁੱਕ ਤੋਂ ਲੈ ਕੇ ਕੈਬਨ ਵਿੱਚ ਲੁਕ ਛਿਪ ਕੇ ਖਾਂਦੇ ਰਹੇ। ਇਹ ਜੰਗ ਇਰਾਨ ਅਤੇ ਇਰਾਕ ਦੀ ਤੇਲ ਦੇ ਖੂਹਾਂ ਪਿੱਛੇ ਲੱਗੀ ਸੀ ਉਹ ਤੇਲ ਦੇ ਖੂਹ ਜਿਸ ਪਿੱਛੇ ਲੜਾਈ ਹੋਈ ਸੀ ਉਸਦੇ ਨੇੜੇ ਜਿੰਨੇ ਵੀ ਉਸ ਸਮੇਂ ਜਹਾਜ਼ ਤੇਲ ਲੈਣ ਲਈ ਖੜੇ ਸਨ ਬੰਬ ਸਿੱਟ ਕੇ ਖਤਮ ਕਰ ਦਿੱਤੇ ਗਏ ਸਨ। ਸਾਡਾ ਜਹਾਜ ਬੱਦਰਗਾਹ ਤੇ ਅੰਦਰ ਜਾਣ ਲਈ ਖ਼ਾਸ ਚੈਕਿੰਗ ਹੁੰਦੀ ਹੈ ਉਥੇ ਲੱਗੀ ਫੌਜ ਜਿਸ ਵਿੱਚ ਆਸਟਰੇਲੀਆ ਤੇ ਇੰਗਲੈਂਡ ਦੇ ਫੌਜੀ ਜਵਾਨ ਸਨ ਸਾਨੂੰ ਸਾਰਿਆਂ ਨੂੰ ਇਕੱਠੇ ਕਰਕੇ ਜਹਾਜ਼ ਦੇ ਬਾਹਰ ਖੜ੍ਹਾ ਕਰ ਲਿਆ ਤੇ ਤਿੰਨ ਚਾਰ ਘੰਟੇ ਸਾਡੇ ਜਹਾਜ਼ ਦੀ ਪੂਰੀ ਚੈਕਿੰਗ ਕਰਦੇ ਰਹੇ। ਫੌਜ ਨੂੰ ਡਰ ਸੀ ਕਿ ਅਸੀਂ ਇਰਾਕ ਲਈ ਕੋਈ ਬੰਬ ਬਰੂਦ ਤਾਂ ਨਹੀਂ ਲੈ ਕੇ ਆਏ ਅਜਿਹਾ ਹੋ ਨਹੀਂ ਸਕਦਾ ਕਿਉਂਕਿ ਸਾਡਾ ਜਹਾਜ਼ ਕਣਕ ਨਾਲ ਪੂਰੀ ਤਰ੍ਹਾਂ ਭਰਿਆ ਹੋਇਆ ਸੀ। ਚੈਕਿੰਗ ਤੋਂ ਬਾਅਦ ਸਾਡਾ ਜਹਾਜ਼ ਅੰਦਰ ਚਲਾ ਗਿਆ ਸ਼ਾਂਤੀ ਨਾਲ ਅਸੀਂ ਟੈਲੀਵਿਜ਼ਨ ਤੇ ਚੱਲ ਰਹੇ ਉਥੋਂ ਦੇ ਲੋਕਾਂ ਦੇ ਹਾਲਾਤ ਵੇਖ ਕੇ ਮਨ ਬਹੁਤ ਉਦਾਸ ਸੀ। ਸ਼ਾਮ ਨੂੰ ਬਾਹਰ ਘੁੰਮਣ ਦਾ ਪ੍ਰੋਗਰਾਮ ਬਣਾਉਣ ਲਈ ਕਪਤਾਨ ਸਾਹਿਬ ਨੇ ਸਾਡੀ ਇੱਕ ਮੀਟਿੰਗ ਸੱਦੀ ਜਿਸ ਵਿੱਚ ਦੋ ਜੋੜੇ ਬਣਾਏ ਗਏ ਕਿ ਇੱਕ ਅੱਜ ਜਾਣਗੇ ਤੇ ਇੱਕ ਕੱਲ੍ਹ। ਮੈਂ ਅੱਜ ਜਾਣ ਵਾਲੇ ਜੋੜੇ ਵਿੱਚ ਸ਼ਾਮਿਲ ਸੀ ਅਸੀਂ ਬਸਰਾ ਸ਼ਹਿਰ ਵੱਲ ਨੂੰ ਇੱਕ ਕਿਰਾਏ ਤੇ ਗੱਡੀ ਲੈ ਕੇ ਚੱਲ ਪਏ ਬਾਜ਼ਾਰ ਵਿੱਚ ਵੇਖਿਆ ਖਜੂਰਾਂ ਤੋਂ ਇਲਾਵਾ ਖਾਣ ਵਾਲੇ ਪਦਾਰਥ ਬਹੁਤ ਘੱਟ ਵਿਕਦੇ ਸਨ। ਦੁਕਾਨਦਾਰੀ ਬਿਲਕੁਲ ਫੇਲ ਹੋ ਚੁੱਕੀ ਸੀ ਭੁੱਖ ਮਰੀ ਦੇ ਹਾਲਾਤ ਪੈਦਾ ਹੋ ਗਏ ਸਨ। ਸਿਨੇਮਿਆ ਵਿੱਚ ਫਿਲਮਾਂ ਭਾਰਤ ਦੀਆਂ ਚਲਦੀਆਂ ਸਨ ਹੁਣ ਮਿਸਟਰ ਨਟਵਰ ਲਾਲ ਦੀ ਫਿਲਮ ਦੇ ਬਾਜ਼ਾਰ ਵਿੱਚ ਪੋਸਟਰ ਲੱਗੇ ਸਾਫ਼ ਦਿਖਾਈ ਦੇ ਰਹੇ ਸਨ ਅਸੀਂ ਉਥੋਂ ਦਾ ਨਾਚ ਦੇਖਣ ਲਈ ਇੱਕ ਨਾਚ ਘਰ ਵਿੱਚ ਪਹੁੰਚ ਕੇ ਉਥੋਂ ਦੇ ਨਾਚ ਦੇਖਦੇ ਦੇਖਦੇ ਰਾਤ ਦੇ 10 ਵੱਜ ਚੁੱਕੇ ਸਨ। ਨਾਚ ਦੇਖਣ ਤੋਂ ਬਾਅਦ ਅਸੀਂ ਫਿਰ ਉਹ ਹੀ ਗੱਡੀ ਬੁਲਾਈ ਜਿਸ ਨਾਲ ਅਸੀਂ ਨਾਚ ਘਰ ਵਿੱਚ ਆਏ ਸੀ। ਬੰਦਰਗਾਹ ਹਮੇਸ਼ਾ ਸ਼ਹਿਰ ਤੋਂ ਬਾਹਰ ਹੁੰਦੀ ਹੈ ਬਸਰਾ ਦੀ ਬੰਦਰਗਾਹ ਸ਼ਹਿਰ ਤੋਂ ਬਹੁਤ ਦੂਰ ਸੀ ਸਾਡੀ ਗੱਡੀ ਧੂੜਾਂ ਪੱਟਦੀ ਜਾ ਰਹੀ ਸੀ ਤਾਂ ਸਾਹਮਣੇ ਸੜਕ ਤੇ ਬੰਦੂਕਧਾਰੀਆਂ ਨੇ ਸਾਡੀ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਗੋਲੀਆਂ ਚਲਾ ਦਿੱਤੀਆਂ। ਟੈਕਸੀ ਡਰਾਈਵਰ ਨੇ ਪਹਿਲਾਂ ਅਜਿਹੇ ਹਮਲਿਆਂ ਦਾ ਸਾਹਮਣਾ ਕੀਤਾ ਹੋਵੇਗਾ ਸਾਨੂੰ ਸਿਰ ਨੀਵੇਂ ਕਰਕੇ ਬੈਠਣ ਲਈ ਉਸਨੇ ਬਹੁਤ ਜ਼ੋਰ ਲਗਾਇਆ ਤੇ ਗੱਡੀ ਨੂੰ ਪੂਰੀ ਸਪੀਡ ਨਾਲ ਭਜਾਉਂਦਾ ਸਾਨੂੰ ਬੰਦਰਗਾਹ ਵਿੱਚ ਲੈ ਗਿਆ ਅਸੀਂ ਬਚ ਤਾਂ ਗਏ ਪਰ ਗੱਡੀ ਦੀ ਪੂਰੀ ਤੋੜ ਭੰਨ ਗੋਲੀਆਂ ਨਾਲ ਹੋ ਚੁੱਕੀ ਸੀ, ਬੰਦਰਗਾਹ ਦੇ ਅੰਦਰ ਹੀ ਥਾਣਾ ਸੀ। ਅਸੀਂ ਪੁਲਿਸ ਨੂੰ ਰਿਪੋਰਟ ਕਰਨ ਲਈ ਗਏ ਕੋਈ ਰਿਪੋਰਟ ਲਿਖਣ ਲਈ ਤਿਆਰ ਨਹੀਂ ਸੀ ਕਹਿੰਦੇ ਇਹ ਇਰਾਨ ਦਾ ਕੰਮ ਹੈ ਉਹਨਾਂ ਨੇ ਆ ਕੇ ਤੁਹਾਡੇ ਤੇ ਹਮਲਾ ਕੀਤਾ ਹੈ। ਅਸੀਂ ਜਹਾਜ਼ ਵਿੱਚ ਆਏ ਡਰਾਇਵਰ ਜਿਸ ਨੇ ਸਾਡੀ ਜਾਨ ਬਚਾਈ ਸੀ ਉਸ ਨੂੰ ਪੈਸੇ ਇਕੱਠੇ ਕਰਕੇ ਦਿੱਤੇ ਤਾਂ ਜੋ ਆਪਣੀ ਗੱਡੀ ਦੀ ਮੁਰੰਮਤ ਕਰਵਾ ਸਕੇ। ਸਾਡੇ ਨਾਲ ਜੋ ਕਾਰਾ ਹੋਇਆ ਉਸ ਸਬੰਧੀ ਕਪਤਾਨ ਨੇ ਕੰਪਨੀ ਨੂੰ ਦੱਸਿਆ ਤੇ ਕੰਪਨੀ ਨੇ ਹੁਕਮ ਕਰ ਦਿੱਤਾ ਕਿ ਜਿੰਨੇ ਦਿਨ ਤੁਸੀਂ ਬੰਦਰਗਾਹ ਵਿੱਚ ਰਹਿਣਾ ਹੈ ਜਹਾਜ਼ ਵਿੱਚ ਰਹੋਗੇ ਬਾਹਰ ਕਿਸੇ ਨੇ ਘੁੰਮਣ ਨਹੀਂ ਜਾਣਾ। ਆਪਾਂ ਲੜਾਈ ਦੀਆਂ ਗੱਲਾਂ ਕਰਕੇ ਸੁਦਾਮ ਹੁਸੈਨ ਨੂੰ ਹੀਰੋ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਪਰ ਉਸ ਨੇ ਜੋ ਇਰਾਕ ਦਾ ਬੁਰਾ ਹਾਲ ਕਰਵਾਇਆ ਸੀ ਉਹ ਵੇਖਣ ਵਾਲਾ ਹੈ। ਇਰਾਕ ਦੇ ਲੋਕ ਹੁਣ ਮੁਸਲਿਮ ਧਰਮ ਦੇ ਪਹਿਰਾਵੇ ਤੋਂ ਬਹੁਤ ਅੱਗੇ ਜਾ ਚੁੱਕੇ ਹਨ ਯੂਰਪ ਦੇ ਨਾਲ ਮਿਲਣ ਕਰਕੇ ਬਸਰਾ ਸ਼ਹਿਰ ਦੇ ਲੋਕਾਂ ਦਾ ਪਹਿਰਾਵਾ ਹੁਣ ਸਕਰਟ ਤੇ ਟੀ ਸ਼ਰਟ ਤੱਕ ਆ ਗਿਆ ਹੈ ਬੁਰਕੇ ਦਾ ਬਹੁਤ ਘੱਟ ਰਿਵਾਜ ਹੈ। ਇਰਾਕ ਦੇ ਲੋਕਾਂ ਦਾ ਰਹਿਣ ਸਹਿਣ ਆਪਣੇ ਪੰਜਾਬੀਆਂ ਵਰਗਾ ਹੈ ਰੋਟੀ ਆਪਣੇ ਵਰਗੀ ਬਣਾ ਕੇ ਖਾਂਦੇ ਹਨ ਰੋਟੀ ਥੋੜੀ ਮੋਟੀ ਹੁੰਦੀ ਹੈ, ਉਸ ਨੂੰ ਕਾਫੂਸ ਕਹਿੰਦੇ ਹਨ। ਜਹਾਜ਼ ਚੋਂ ਕਣਕ ਕੱਢਣ ਵਾਲੀਆਂ ਮਸ਼ੀਨਾਂ ਦਾ ਹਾਲ ਬਹੁਤ ਬੁਰਾ ਸੀ ਅਸੀਂ ਸਿਰਫ ਤਿੰਨ ਚਾਰ ਦਿਨ ਉੱਥੇ ਰੁਕਣਾ ਸੀ 15,20 ਦਿਨ ਮਸ਼ੀਨਾਂ ਦੀ ਖ਼ਰਾਬੀ ਕਾਰਨ ਉਥੇ ਖੜੇ ਰਹੇ। ਬਸਰੇ ਦੀ ਇਹ ਲਾਮ ਦੇ ਕਾਰਨਾਮੇ ਅਸੀਂ ਬਾਹਰ ਜਾ ਕੇ ਤਾਂ ਵੇਖੇ ਸੀ ਪਰ ਉੱਥੇ ਲੋਕਾਂ ਦੇ ਬੁਰੇ ਹਾਲਾਤ ਦੱਸ ਰਹੇ ਸਨ ਕਿ ਬਸਰੇ ਦੀ ਲਾਮ ਹੁਣ ਕਦੇ ਵੀ ਨਾ ਲੱਗੇ, ਸਾਨੂੰ ਸਾਰਿਆਂ ਨੂੰ ਦੁਆ ਕਰਨੀ ਚਾਹੀਦੀ ਹੈ। ਆਪਣਾ ਲੋਕ ਗੀਤ ” ਨੀ ਮੈਂ ਰੰਡੀਓ ਸੁਹਾਗਣ ਹੋਵਾਂ ਬਾਸਰੇ ਦੀ ਲਾਮ ਟੁੱਟ ਜਾਏ” ਦੁਆਰਾ ਕਦੇ ਨਾ ਗਾਉਣਾ ਪਵੇ।-
ਆਮੀਨ ਰਮੇਸ਼ਵਰ ਸਿੰਘ ਸੰਪਰਕ ਨੰਬਰ-7814410176



