(ਸਮਾਜ ਵੀਕਲੀ) ਜੰਗਲ ਵਿੱਚ ਅਚਾਨਕ ਰੌਣਕ ਹੋ ਗਈ। ਪੰਛੀ ਤੇ ਜਾਨਵਰ ਇੱਕ – ਦੂਜੇ ਵੱਲ ਦੇਖਣ ਲੱਗੇ। ਦੌੜਿਆ – ਦੌੜਿਆ ਖਰਗੋਸ਼ ਆ ਕੇ ਦੱਸਣ ਲੱਗਾ ਕਿ ਅੱਜ ਮੀਤੀ ਗਿਲਹਰੀ ਦਾ ਜਨਮ ਦਿਨ ਹੈ। ਇਸ ਲਈ ਸੰਗੀਤ ਦੀਆਂ ਆਵਾਜ਼ਾਂ ਆ ਰਹੀਆਂ ਹਨ। ਸਾਰਿਆਂ ਨੂੰ ਰਾਤ ਦੇ ਪ੍ਰੋਗਰਾਮ ਲਈ ਸੱਦਿਆ ਗਿਆ। ਸਭ ਖੁਸ਼ ਸਨ ਕਿ ਰਾਤ ਨੂੰ ਨੱਚਾਂਗੇ ਤੇ ਖਾਵਾਂਗੇ। ਸ਼ਾਮ ਹੋਈ ਤਾਂ ਸਭ ਇਹ ਦੇਖ ਕੇ ਹੈਰਾਨ ਹੋਏ ਕਿ ਇੱਕ ਵੱਡੇ ਪ੍ਰੋਗਰਾਮ ਦਾ ਆਯੋਜਨ ਖੁੱਲ੍ਹੇ ਮੈਦਾਨ ਵਿੱਚ ਕੀਤਾ ਹੋਇਆ ਹੈ। ਖਾਣ – ਪੀਣ ਲਈ ਭਾਂਤ – ਭਾਂਤ ਦੀਆਂ ਸੁਆਦਲ਼ੀਆਂ ਚੀਜ਼ਾਂ ਤੇ ਪਕਵਾਨ ਸਜਾਏ ਹੋਏ ਸਨ। ਕੇਕ ਕੱਟਿਆ ਗਿਆ। ਸਭ ਨੇ ਮੀਤੀ ਗਿਲਹਰੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਤੇ ਫਿਰ ਖਾਣਾ ਖਾਣ ਚਲੇ ਗਏ। ਕਈ ਪੰਛੀ ਤੇ ਜਾਨਵਰ ਭੋਜਨ ਖਾ ਕੇ ਖੁਸ਼ੀ ਨਾਲ਼ ਨੱਚਣ ਲੱਗੇ ਤੇ ਕਈ ਜਲਦੀ ਹੀ ਆਪਣੇ – ਆਪਣੇ ਘਰਾਂ ਨੂੰ ਵਾਪਿਸ ਚਲੇ ਗਏ। ਰਾਤ ਕਾਫੀ ਬੀਤ ਗਈ ਸੀ। ਪਰ ਭੀਰੂ ਹਿਰਨ ਅਜੇ ਵੀ ਕੁਝ ਨਾ ਕੁਝ ਖਾ ਰਿਹਾ ਸੀ। ਸਾਰੇ ਜੰਗਲ ਦੇ ਜਾਨਵਰ ਤੇ ਪੰਛੀ ਉਸਨੂੰ ਜਾਣਦੇ ਸਨ ਕਿ ਉਹ ਮੁਫ਼ਤ ਦਾ ਭੋਜਨ ਦੇਖ ਕੇ ਲਾਲਚ ਵਸ ਲੋੜ ਅਤੇ ਭੁੱਖ ਤੋਂ ਜ਼ਿਆਦਾ ਭੋਜਨ ਖਾ ਲੈਂਦਾ ਹੈ। ਅੱਜ ਵੀ ਇਹੋ ਕੁਝ ਹੋਇਆ। ਭੀਰੂ ਹਿਰਨ ਸੁਆਦਲੀ ਆਇਸ ਕਰੀਮ ਖਾ ਰਿਹਾ ਸੀ। ਕੋਈ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਤਾਂ ਉਹ ਝੱਟ ਲੜਨ ਲੱਗ ਜਾਂਦਾ। ਸਾਰਿਆਂ ਦਾ ਧਿਆਨ ਅੱਜ ਭੀਰੂ ਹਿਰਨ ਵੱਲ ਹੀ ਸੀ। ਉਹ ਕਦੇ ਫਾਸਟ – ਫੂਡ ਖਾ ਰਿਹਾ ਸੀ ਤੇ ਕਦੇ ਵਾਰ – ਵਾਰ ਆਇਸ ਕਰੀਮ। ਕੁਝ ਸਮੇਂ ਬਾਅਦ ਉਹ ਪ੍ਰੇਸ਼ਾਨ ਜਿਹਾ ਦਿਖਾਈ ਦਿੱਤਾ। ਜਦੋਂ ਕਾਲ਼ੇ ਲੰਗੂਰ ਨੇ ਉਸਨੂੰ ਪੁੱਛਿਆ ਤਾਂ ਉਸਨੇ ਦੱਸਿਆ ਕਿ ਉਸਦੇ ਪੇਟ/ਢਿੱਡ ‘ਚ ਤੇਜ਼ ਦਰਦ ਹੋ ਰਿਹਾ ਹੈ। ਉਹ ਜਲਦੀ ਹੀ ਘਰ ਚਲਾ ਗਿਆ। ਉਸਦੀ ਸਿਹਤ ਕਈ ਦਿਨ ਤੱਕ ਖਰਾਬ ਰਹੀ। ਉਸਦੀ ਖਬਰ ਲੈਣ ਪਹੁੰਚੀ ਗੁਟਾਰ ਨੇ ਜਦੋਂ ਉਸਨੂੰ ਸਮਝਾਇਆ ਤਾਂ ਉਹ ਬੋਲਿਆ ਕਿ ਮੈਂ ਹੀ ਗਲਤੀ ਕੀਤੀ ਹੈ ਤੇ ਹੁਣ ਮੈਂ ਕਦੇ ਵੀ ਲਾਲਚ ਕਰਕੇ ਵੱਧ ਭੋਜਨ ਨਹੀਂ ਖਾਇਆ ਕਰਾਂਗਾ।



