ਮਿਡਲ ਸਕੂਲਾਂ ਵਿੱਚ ਵਿਸ਼ੇ ਵਾਰ ਅਧਿਆਪਕਾਂ ਦਾ ਪ੍ਰਬੰਧ ਕਰੇ ਵਿਭਾਗ -ਮੱਲ੍ਹੀ, ਕੋਹਲੀ, ਸ਼ਰਮਾ
ਕਪੂਰਥਲਾ, (ਸਮਾਜ ਵੀਕਲੀ) ( ਵਿਸ਼ੇਸ਼ ਪ੍ਰਤੀਨਿਧ )- ਗੌਰਮਿੰਟ ਟੀਚਰ ਯੂਨੀਅਨ ਮਾਸਟਰ ਕੇਡਰ ਯੂਨੀਅਨ ਡੈਮੋਕਰੇਟਿਕ ਟੀਚਰ ਯੂਨੀਅਨ ਦੇ ਆਗੂਆਂ ਦੀ ਇੱਕ ਅਹਿਮ ਤੇ ਸਾਂਝੀ ਮੀਟਿੰਗ ਤਰਮਿੰਦਰ ਸਿੰਘ ਮੱਲ੍ਹੀ (ਜੀ ਟੀ ਯੂ ਆਗੂ),ਨਰੇਸ਼ ਕੋਹਲੀ (ਜ਼ਿਲ੍ਹਾ ਪ੍ਰਧਾਨ ਮਾਸਟਰ ਕੇਡਰ ਯੂਨੀਅਨ),ਰੋਹਿਤ ਸ਼ਰਮਾ (ਬਲਾਕ ਪ੍ਰਧਾਨ ਡੀ ਟੀ ਐੱਫ), ਦੀ ਅਗਵਾਈ ਵਿੱਚ ਹੋਈ। ਇਸ ਦੌਰਾਨ ਮਿਡਲ ਸਕੂਲਾਂ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਸਰਕਾਰੀ ਮਿਡਲ ਸਕੂਲਾਂ ਦੀ ਤਰਾਸਦੀ ਨੂੰ ਪੰਜਾਬ ਸਰਕਾਰ ਦੇ ਵਿਭਾਗ ਦੇ ਸਾਹਮਣੇ ਪੇਸ਼ ਕਰਦਿਆਂ ਹੋਇਆਂ ਉਕਤ ਆਗੂਆਂ ਨੇ ਕਿਹਾ ਕਿ ਮਿਡਲ ਸਕੂਲਾਂ ਵਿੱਚ ਅਧਿਆਪਕਾਂ ਦੀ ਵੱਡੀ ਘਾਟ ਹੈ। ਯੂਨੀਅਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਸਕੂਲਾਂ ਵਿੱਚ ਵਿਸ਼ਾ ਵਾਰ ਤੇ ਜਮਾਤਵਾਰ ਅਧਿਆਪਕਾਂ ਦੀ ਭਰਤੀ ਕਰੇ। ਉਹਨਾਂ ਅਧਿਕਾਰੀਆਂ ਨੂੰ ਮਿਡਲ ਸਕੂਲਾਂ ਵਿੱਚ ਪੜ੍ਹ ਰਹੀਆਂ ਛੇਵੀਂ ਤੋਂ ਅੱਠਵੀਂ ਤੱਕ ਤਿੰਨ ਜਮਾਤਾਂ ਤੇ ਹਰੇਕ ਜਮਾਤ ਦੇ ਛੇ ਛੇ ਮੁੱਖ ਵਿਸ਼ੇ ਵੀ ਧਿਆਨ ਵਿੱਚ ਰੱਖਣੇ ਚਾਹੀਦੇ ਹਨ ਤਾਂ ਕਿ ਮਿਡਲ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਹੋ ਰਹੇ ਨੁਕਸਾਨ ਨੂੰ ਰੋਕਿਆ ਜਾ ਸਕੇ । ਆਗੂਆਂ ਨੇ ਪੰਜਾਬ ਸਰਕਾਰ ਤੇ ਵਿਭਾਗ ਤੋਂ ਮਿਡਲ ਸਕੂਲਾਂ ਵਿੱਚ ਸਫਾਈ ਕਰਮਚਾਰੀ, ਹੈਡ ਮਾਸਟਰ ਦੀ ਪੱਕੀ ਪੋਸਟ ਇਹ ਦਿਨ ਲਈ ਕੰਪਿਊਟਰ ਅਧਿਆਪਕ ਦੇਣ ਦੀ ਵੀ ਮੰਗ ਕੀਤੀ। ਇਸ ਮੀਟਿੰਗ ਵਿੱਚ ਵਿਜੇ ਤਲਵੰਡੀ ਮਹਿਮਾ, ਸੰਦੀਪ, ਬਲਵਿੰਦਰ ਸਿੰਘ ਫੈਜ਼ਾਲਾਬਾਦ, ਅਵਤਾਰ ਸਿੰਘ ਆਦਿ ਅਧਿਆਪਕ ਹਾਜ਼ਰ ਸਨ।



