(ਸਮਾਜ ਵੀਕਲੀ) ਜਦੋਂ ਵੀ ਵਿੱਦਿਆ ਦੇਵੀ ਦੀ ਧੀ ਜਾਂ ਜਵਾਈ ਦੇ ਫ਼ੋਨ ਦੀ ਘੰਟੀ ਵੱਜਦੀ ਤਾਂ ਉਹ ਇੱਕਦਮ ਚੁਕੰਨੀ ਹੋ ਜਾਂਦੀ। ਜਿਉਂ ਹੀ ਉਨ੍ਹਾਂ ਦੋਵਾਂ ਵਿੱਚੋਂ ਕੋਈ ਵੀ ਫ਼ੋਨ ‘ਤੇ ਗੱਲ ਪੂਰੀ ਕਰ ਹਟਦਾ ਤਾਂ ਉਸ ਦਾ ਇੱਕੋ ਸਵਾਲ ਹੁੰਦਾ, “ਕਿਉਂ ਧੀਏ! ਕਿਉਂ ਬਲਰਾਮ! ਕੀ ਮੇਰੇ ਪੁੱਤਾਂ, ਪੋਤਿਆਂ ‘ਚੋਂ ਕਿਸੇ ਦਾ ਫ਼ੋਨ ਸੀ?” ਮਾਂ ਦੀਆਂ ਅੱਖਾਂ ਵਿਚਲੀ ਚਮਕ ਦੇਖ ਕੇ ਧੀ ਨੀਰੂ ਉਹਦੇ ਦੋਵਾਂ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਘੁੱਟ ਕੇ ਬੜੇ ਮਮਤਾਮਈ ਢੰਗ ਨਾਲ਼ ਆਖਦੀ, “ਨਹੀਂ ਮਾਂ, ਇਹ ਤਾਂ ਮੇਰੇ ਸਕੂਲ ਦੀ ਪ੍ਰਿੰਸੀਪਲ ਮੈਡਮ ਅਮਰਜੀਤ ਕੌਰ ਦਾ ਫ਼ੋਨ ਆਇਆ ਸੀ। ਮਾਂ, ਜਦੋਂ ਤੇਰੇ ਪੁੱਤਰਾਂ ਨੇ ਤੈਨੂੰ ਧੱਕੇ ਮਾਰ- ਮਾਰ ਕੇ ਘਰੋਂ ਬਾਹਰ ਕੱਢ ਦਿੱਤਾ ਹੈ, ਫ਼ਿਰ ਕਾਹਦੇ ਲਈ ਤੂੰ ਉਨ੍ਹਾਂ ਦਾ ਇੰਨਾਂ ਮੋਹ ਕਰਦੀ ਐਂ? ਦੇਖ ਮਾਂ, ਤੇਰੇ ਜੁਆਈ ਨੇ ਤੈਨੂੰ ਹਮੇਸ਼ਾ ਮਾਂ ਤੋਂ ਵੱਧ ਕੇ ਜਾਣਿਆ ਹੈ। ਜੇ ਤੂੰ ਧੀ ਜੁਆਈ ਦੇ ਘਰ ਰਹਿ ਕੇ ਵੀ ਆਪਣੇ ਪੁੱਤਰਾਂ ਨੂੰ ਇੰਨਾਂ ਹੀ ਮੋਹ ਕਰਦੀ ਰਹੀ ਤਾਂ ਮੈਨੂੰ ਤਾਂ ਬੁਰਾ ਲੱਗਦਾ ਹੀ ਹੈ। ਬਲਰਾਮ ਅਤੇ ਮੇਰੇ ਬੀਜੀ ਪਾਪਾ ਜੀ ਵੀ ਇਸ ਗੱਲ ਦਾ ਬੁਰਾ ਮਨਾਉਣਗੇ ਕਿ ਪਿਛਲੇ ਅੱਠ ਸਾਲਾਂ ਤੋਂ ਬੈਠੀ ਧੀ ਦੇ ਬਾਰ ਐ, ਯਾਦ ਸਾਰਾ ਦਿਨ ਆਪਣੇ ਪੁੱਤਾਂ ਪੋਤਰਿਆਂ ਨੂੰ ਕਰਦੀ ਰਹਿੰਦੀ ਐ।”
ਇੱਕ ਦਿਨ ਬਲਰਾਮ ਨੇ ਵੀ ਆਪਣੀ ਸੱਸ ਦੇ ਪੁੱਛਣ ਉੱਤੇ ਕਿਹਾ ਸੀ, “ਓਹ ਮਾਂ ਜੀ! ਤੁਸੀਂ ਵੀ ਕਿਹੜੀਆਂ ਗਿਣਤੀਆਂ ਮਿਣਤੀਆਂ ਵਿੱਚ ਪੈ ਜਾਂਦੇ ਓ। ਮਾਂ, ਕੀ ਅੱਜ ਤੱਕ ਕਦੇ ਹੋਇਐ ਕਿ ਨੀਰੂ, ਮੈਂ ਜਾਂ ਮੇਰੇ ਬੀਜੀ ਪਾਪਾ ਨੇ ਤੁਹਾਨੂੰ ਕਿਸੇ ਗੱਲ ਤੋਂ ਰੋਕਿਆ ਟੋਕਿਆ ਹੋਵੇ। ਸਵੇਰੇ ਸ਼ਾਮ ਤੁਸੀਂ ਭਜਨ ਬੰਦਗੀ ਕਰ ਲੈਂਦੇ ਓ। ਛੁੱਟੀ ਵਾਲ਼ੇ ਦਿਨ ਤੁਹਾਨੂੰ ਸਾਰਿਆਂ ਨੂੰ ਮੈਂ ਮੰਦਰ ਮੱਥਾ ਟਿਕਾਉਣ ਲਈ ਲੈ ਜਾਂਦਾ ਹਾਂ। ਫ਼ੇਰ ਘਰ ਵਿੱਚ ਭਗਵਾਨ ਨੇ ਹਰੇਕ ਚੀਜ਼ ਵਸਤ ਵਿੱਚ ਬਰਕਤ ਦਿੱਤੀ ਐ। ਮਾਂ ਜੀ, ਤੁਹਾਡੇ ਦੋਵੇਂ ਪੁੱਤਰ ਬਹੁਤ ਵੱਡੇ ਅਫ਼ਸਰ ਲੱਗ ਗਏ ਐ। ਇੰਨੇਂ ਵੱਡੇ ਅਫ਼ਸਰਾਂ ਦੀਆਂ ਵੱਡੀਆਂ ਕੋਠੀਆਂ ਵਿੱਚ ਬੁੱਢੀ ਮਾਂ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਨੇ ਦੋ-ਦੋ ਕੁੱਤੇ ਪਾਲ਼ੇ ਹੋਏ ਐ। ਭਲਾਂ ਮਾਂ ਦਾ ਉੱਥੇ ਕੀ ਕੰਮ? ਨਾਲ਼ੇ ਮਾਂ, ਤੈਨੂੰ ਉੱਥੇ ਰਹਿੰਦਿਆਂ ਵੇਖ ਕੇ ਜੇ ਭਲਾਂ ਕਿਸੇ ਮਿਲਣ ਗਿਲਣ ਲਈ ਆਏ ਬੰਦੇ ਨੇ ਤੇਰੇ ਪੁੱਤਰਾਂ ਤੋਂ ਪੁੱਛ ਲਿਆ ਕਿ ਇਹ ਬਜ਼ੁਰਗ ਔਰਤ ਕੌਣ ਹੈ? ਤਾਂ ਉਨ੍ਹਾਂ ਸ਼ਾਹੀ ਠਾਠ ਨਾਲ਼ ਰਹਿੰਦੇ ਅਫ਼ਸਰਾਂ ਨੂੰ ਭਲਾਂ ਸੰਗ ਨੀਂ ਆਊਗੀ? ਉਹ ਵਿਚਾਰੇ ਕੀ ਜਵਾਬ ਦੇਣਗੇ? ਇਸ ਲਈ ਮਾਂ, ਤੁਸੀਂ ਹਰ ਰੋਜ਼ ਇੱਕੋ ਸਵਾਲ ਪੁੱਛਣ ਦੀ ਬਜਾਇ ਉਸ ਭਗਵਾਨ ਦਾ ਸ਼ੁਕਰ ਕਰਿਆ ਕਰੋ ਕਿ ਤੁਸੀਂ ਆਪਣੀ ਧੀ ਦੇ ਘਰ ਸੁੱਖ ਸ਼ਾਂਤੀ ਨਾਲ਼ ਰਹਿੰਦੇ ਹੋਏ ਤਿੰਨ ਵਕ਼ਤ ਰੱਜਵੀਂ ਰੋਟੀ ਖਾ ਰਹੇ ਓ।”
ਬਲਰਾਮ ਦੀਆਂ ਸੱਚੀਆਂ ਗੱਲਾਂ ਸੁਣ ਕੇ ਭਾਵੇਂ ਉਹ ਚੁੱਪ ਤਾਂ ਕਰ ਜਾਂਦੀ। ਪਰੰਤੂ ਉਹਦੇ ਸੀਨੇ ਵਿੱਚ ਪੁੱਤਾਂ ਪੋਤਰਿਆਂ ਨੂੰ ਕੇਵਲ ਇੱਕੋ ਵਾਰੀ ਦੇਖਣ ਦੀ ਜਿਹੜੀ ਗੱਲ ਘਰ ਕਰ ਗਈ ਸੀ, ਉਹ ਕਿਸੇ ਤਰ੍ਹਾਂ ਵੀ ਨਿੱਕਲ਼ ਨਹੀਂ ਰਹੀ ਸੀ। ਕਦੇ ਕਦਾਈਂ ਉਹ ਆਪਣੇ ਆਪੇ ਨਾਲ਼ ਗੱਲਾਂ ਕਰਦੀ ਆਖਦੀ- “ਮੇਰਾ ਬਲਰਾਮ ਤਾਂ ਤੜਕੇ ਉੱਠ ਕੇ ਨਾਂ ਲੈਣ ਵਾਲ਼ਾ ਹੈ। ਇਹਨੇ ਮੈਨੂੰ ਕਦੇ ਕਿਸੇ ਚੀਜ਼ ਦੀ ਤੋਟ ਨੀਂ ਆਉਣ ਦਿੱਤੀ। ਪਰ ਮੈਂ ਆਪਣੇ ਧੀ ਜੁਆਈ ਨੂੰ ਕਿਵੇਂ ਆਖਾਂ ਕਿ ਆਂਦਰਾਂ ਦੀ ਖਿੱਚ ਨਾਲ਼ ਮੇਰੇ ਕਾਲਜੇ ‘ਚੋਂ ਰੁੱਗ ਭਰਿਆ ਜਾਂਦੈ।”
ਡਾ. ਇਕਬਾਲ ਸਿੰਘ ਸਕਰੌਦੀ
ਸੰਗਰੂਰ।
84276-85020.
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



