(ਸਮਾਜ ਵੀਕਲੀ) “ਪਾਪਾ ਜੀ, ਜਦੋਂ ਛੁੱਟੀਆਂ ਵਿੱਚ ਭੂਆ ਜੀ ਇੱਥੇ ਆਉਂਦੇ ਨੇ ਤਾਂ ਉਹਨਾਂ ਨੂੰ ਮਿਲਦੇ ਹੋਏ ਦਾਦੀ-ਮਾਂ ਆਪਣੀਆਂ ਅੱਖਾਂ ਪੂੰਝਣ ਲੱਗ ਜਾਂਦੇ ਨੇ ਜਿਵੇਂ ਜ਼ਬਰਦਸਤੀ ਆਪਣਾ ਰੌਣਾ ਰੋਕਦੇ ਹੋਣ ਤੇ ਜਦੋਂ ਵਾਪਸ ਜਾਂਦੇਂ ਨੇ, ਉਦੋਂ ਤਾਂ ਭੂਆ ਜੀ ਵੀ ਉਹਨਾਂ ਨਾਲ ਰੌਣ ਲੱਗ ਜਾਂਦੇ ਨੇ, ਕਿਓਂ?”, ਜੱਸੀ ਨੇ ਮਾਸੂਮ ਤੇ ਵਾਜਬ ਸਵਾਲ ਕੀਤਾ। ਮੈਂ ਕਿਹਾ,”ਹੰਝੂ ਕੁਝ ਬੂੰਦਾਂ ਹੀ ਹੁੰਦੇ ਨੇ ਪਰ ਜਦੋਂ ਵਗਦੇ ਨੇ ਨਾ, ਦਿਲ ਹੌਲਾ ਕਰ ਜਾਂਦੇ ਆ। ਜਿਹੜੇ ਬੰਦੇ ਕੁਝ ਜ਼ਿਆਦਾ ਹੀ ਇਮੋਸ਼ਨਲ ਹੁੰਦੇ ਨੇ ਜਿਵੇਂ ਥੋਡੇ ਦਾਦੀ ਮਾਂ ਨੇ, ਉਹਨਾਂ ਦੇ ਹੰਝੂ ਹਰ ਖੁਸ਼ੀ-ਗ਼ਮੀ ਵਿਚ ਆਪ ਮੁਹਾਰੇ ਹੀ ਵਗ ਪੈਂਦੇ ਆ। ਉਹਨਾਂ ਦੇ ਹੰਝੂ ਆਪਣੀ ਧੀ ਨੂੰ ਮਿਲਣ ਦੀ ਖੁਸ਼ੀ ਤੇ ਵਾਪਸੀ ਵੇਲੇ ਵਿਛੜਨ ਦੇ ਹੁੰਦੇ ਆ।” ਮੈਂ ਕੁਝ ਸਮਝਾਉਣ ਦੀ ਕੋਸ਼ਿਸ਼ ਕੀਤੀ। “ਮਤਲਬ ਇੱਕੋ ਚੀਜ਼ ਦੋ ਮੌਕਿਆਂ ਨਾਲ ਜੁੜੀ ਹੁੰਦੀ ਆ?” ਜੱਸੀ ਦਾ ਅਗਲਾ ਸਵਾਲ ਸੀ। “ਜ਼ਰੂਰੀ ਨਹੀਂ ਆ, ਪਰ ਕਈ ਵਾਰ ਹੋ ਵੀ ਜਾਂਦਾ ਆ। ਤੈਨੂੰ ਮੈਂ ਆਪਣੇ ਕਾਲਜ ਦੀ ਗੱਲ ਦੱਸਦਾਂ। ਮੈਂ ਆਪਣੇ ਲੁਧਿਆਣਾ ਸ਼ਹਿਰ ਦੇ ਸਰਕਾਰੀ ਕਾਲਜ ਵਿੱਚ ਪੜ੍ਹਦਾ ਸੀ। ਤੇਰਾ ਅਮਨ ਅੰਕਲ, ਕਨੇਡਾ ਵਾਲ਼ਾ, ਇਕ ਅਰਜ਼ੀ ਲੈ ਕੇ ਸਾਡੇ ਪ੍ਰਿੰਸੀਪਲ ਸਾਹਬ ਦੇ ਦਫ਼ਤਰ ਵੜ ਗਿਆ ਅਖੇ ‘ਮੈਂ ਕਾਲਜ ਹੋਸਟੇਲ ਵਿੱਚ ਰਹਿ ਕੇ ਪੜ੍ਹਾਈ ਕਰਨੀ ਆ।’ ਪ੍ਰਿੰਸੀਪਲ ਸਰ ਕਹਿੰਦੇ ‘ਕੀ ਗੱਲ? ਪਹਿਲਾਂ ਕਿਉਂ ਨਹੀਂ ਲਿਆ ਹੋਸਟਲ ਵਿੱਚ ਕਮਰਾ? ਹੁਣ ਕੋਈ ਕਮਰਾ ਹੈਨੀ।’ ਪ੍ਰਿੰਸੀਪਲ ਸਰ ਮਨ੍ਹਾਂ ਕਰਨ ਲੱਗੇ।” ਜੱਸੀ ਅੱਗੇ ਜਾਨਣ ਲਈ ਉਤਾਵਲੀ ਹੋ ਗਈ ਤੇ ਮੇਰੇ ਹੋਰ ਨੇੜੇ ਹੋ ਕੇ ਬੈੱਡ ਉੱਤੇ ਚੌਂਕੜੀ ਮਾਰ ਕੇ ਬੈਠ ਗਈ। “ਅੱਛਾ ਫੇਰ ਕੀ ਹੋਇਆ?” ਉਸ ਨੇ ਪੁੱਛਿਆ। “ਕਹਿੰਦਾ, ‘ਫੈਮਿਲੀ ਪ੍ਰੋਬਲਮ ਆ, ਸਰ ਜੀ। ਪਲੀਜ਼ ਦੇ ਦਵੋ ਪਰਮੀਸ਼ਨ।’ ਚਲੋ ਪ੍ਰਿੰਸੀਪਲ ਸਾਅਬ ਨੇ ਯੈੱਸ ਕਰਤੀ। ਘਰੋਂ ਬਿਸਤਰਾ-ਬੁਸਤਰਾ ਤੇ ਹੋਰ ਸਾਮਾਨ ਲਿਆ ਕੇ ਹੋਸਟਲ ਦੇ ਇੱਕ ਕਮਰੇ ਵਿੱਚ ਰੱਖ ਲਿਆ ਤੇ ਰਹਿਣ ਲੱਗਾ। ਕਦੀ-ਕਦੀ ਅਸੀਂ ਵੀ ਓਹਦੇ ਕੋਲ ਕਮਰੇ ਵਿੱਚ ਚਲੇ ਜਾਂਦੇ। ਮਹੀਨੇ ਕੁ ਬਾਅਦ ਫਿਰ ਅਰਜ਼ੀ ਲੈ ਕੇ ਪ੍ਰਿੰਸੀਪਲ ਸਰ ਦੇ ਦਫ਼ਤਰ ਜਾ ਵੱਜਿਆ। ਕਹਿੰਦਾ ‘ਸਰ ਜੀ ਸਾਈਨ ਕਰ ਦਵੋ, ਮੈਂ ਹੋਸਟਲ ਛੱਡਣਾ ਆ।’ ਪ੍ਰਿੰਸੀਪਲ ਸਰ ਉਸ ਨੂੰ ਪਛਾਣ ਗਏ। ਕਾਰਨ ਤਾਂ ਪੁੱਛਣਾ ਹੀ ਸੀ। ਢਿੱਲਾ ਜਿਹਾ ਮੂੰਹ ਕਰ ਕੇ ਕਹਿੰਦਾ, ‘ਕੁਛ ਨਹੀਂ ਸਰ, ਫੈਮਿਲੀ ਪ੍ਰੋਬਲਮ ਆ।’ ਪ੍ਰਿੰਸੀਪਲ ਸਰ ਕਹਿੰਦੇ ‘ਤੂੰ ਚੰਗਾ ਬੰਦਾ! ਕਦੇ ਫੈਮਿਲੀ ਪ੍ਰੋਬਲਮ ਕਹਿ ਕੇ ਕਮਰਾ ਲੈ ਲਿਆ, ਕਦੇ ਫੈਮਿਲੀ ਪ੍ਰੋਬਲਮ ਕਹਿ ਕਮਰਾ ਛੱਡਣ ਆ ਗਏ। ਫੜਾ ਉਰੇ ਐਪਲੀਕੇਸ਼ਨ, ਮੁੜ ਕੇ ਨਾ ਆਈਂ।’ ਇਵੇਂ ਤੇਰੀ ਦਾਦੀ-ਮਾਂ ਦੇ ਹੰਝੂ ਨੇ, ਜੋ ਭੂਆ ਜੀ ਦੇ ਆਉਣ ‘ਤੇ ਵੀ ਆਉਂਦੇ ਨੇ ਤੇ ਜਾਣ ਵੇਲ਼ੇ ਵੀ।” ਅਮਨ ਵਾਲੀ ਗੱਲ ‘ਤੇ ਅਸੀਂ ਦੋਵੇਂ ਹੱਸਣ ਲੱਗੇ ਅਤੇ ਛਾਲ ਮਾਰ ਕੇ ਉਹ ਹੇਠਾਂ ਉੱਤਰ ਗਈ ਤੇ ਕਹਿੰਦੀ,”ਹੁਣੇ ਅਮਨ ਅੰਕਲ ਵਾਲੀ ਗੱਲ ਮੈਂ ਦਾਦੀ-ਮਾਂ ਨੂੰ ਦੱਸ ਕੇ ਆਉਂਦੀ ਆਂ।” ਮੈਂ ਕਾਲਜ ਵਾਲ਼ੇ ਯਾਰਾਂ ਨੂੰ ਮੋਬਾਈਲ ‘ਤੇ ਗਰੁੱਪ ਕਾਲ ਲਗਾ ਲਈ।
(ਮਨਜੀਤ ਸਿੰਘ ਬੱਧਣ 9417635053)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



