HOME ਭੁੱਲੇ ਵਿਸਰੇ ਰਿਵਾਜ

ਭੁੱਲੇ ਵਿਸਰੇ ਰਿਵਾਜ

ਵੈਦ ਬਲਵਿੰਦਰ ਸਿੰਘ ਢਿੱਲੋ
   (ਸਮਾਜ ਵੀਕਲੀ)  ਨੱਬੇ ਤੋਂ ਬਾਅਦ ਜੰਮਿਆਂ ਤਾਂ ਕੀ, ਸ਼ਾਇਦ ਅੱਸੀ ਤੋਂ ਬਾਅਦ ਜੰਮੇ ਨੇ ਵੀ ਕਿਸੇ ਨੇ ਨਾ ਦੇਖਿਆ ਹੋਵੇ। ਜਦ ਘਰ ਵਿਚ ਜਵਾਈ ਨੇ ਆਉਣਾ, ਤਾਂ ਦਿਨ ਵਿਚ ਹੀ ਉਹਦੇ ਲਈ ਦਰੀ ਗਦੈਲਾ ਚਾਦਰ ਨਵੀਂ ਨਕੋਰ ਤੇ ਨਵਾਂ ਸਿਰਹਾਣਾ, ਮਤਲਬ ਪੂਰਾ ਬਿਸਤਰ ਲਗਾ ਦਿੱਤਾ ਜਾਂਦਾ ਸੀ। ਜੇਕਰ ਕਿਸੇ ਘਰ ਕੁਰਸੀ ਵਗੈਰਾ ਹੁੰਦੀ ਸੀ, ਤਾਂ ਉਹ ਵੀ ਪਰਾਹੁਣੇ ਦੇ ਬਿਸਤਰ ਕੋਲ ਹੀ ਲਗਾਈ ਜਾਂਦੀ ਸੀ। ਅਸਲ ਵਿੱਚ ਇਸਦਾ ਮਤਲਬ ਕੀ ਸੀ, ਇਸਦਾ ਪਿਛੋਕੜ ਕੀ ਹੈ ? ਇਸ ਬਾਰੇ ਬਹੁਤ ਘੱਟ ਲੋਕ ਜਾਣਦੇ ਨੇ। ਕਿਉਂਕਿ ਪਹਿਲੇ ਸਮਿਆਂ ਵਿੱਚ ਪੜਾਈ ਤੇ ਸਿੱਖਿਆ ਦੀ ਘਾਟ ਸੀ। ਲੋਕਾਂ ਵਿਚ ਜਾਹਿਲ ਪੁਣਾ ਤੇ ਉਜੱਡਤਾ ਜਿਆਦਾ ਹੁੰਦੀ ਸੀ। ਸੋ ਇਹ ਦੇਖ ਕੇ ਆਦਮੀ ਸਮਝ ਜੰਦਾ ਸੀ ਕਿ ਘਰ ਵਿਚ ਜਵਾਈ ਭਾਈ ਆਇਆ ਹੋਇਆ, ਤਾਂ ਉਹ ਆਦਰ ਸਤਿਕਾਰ ਨਾਲ ਬੋਲਦਾ। ਗੱਲ 75/76 ਦੇ ਨੇੜ ਤੇੜ ਦੀ ਹੈ। ਅਸੀਂ ਮੇਰੇ ਬਾਪੂ ਜੀ ਨਾਲ ਨਾਨਕੇ ਗਏ। ਮੈਂ ਤੇ ਮੇਰੀ ਛੋਟੀ ਭੈਣ ਨਾਲ ਸੀ। ਅੱਜਕਲ ਤਾਂ ਜਵਾਕ ਦੁਕਾਨ ਤੋਂ ਠੰਢਾ ਲੈਣ ਬਾਈਕ ਤੇ ਜਾਂਦੇ ਨੇ। ਸਾਨੂੰ ਦੋ ਤਿੰਨ ਕਿਲੋਮੀਟਰ ਤੁਰਨਾ ਪੈਣਾ ਸੀ। ਅਸੀਂ ਨਾਨਕਿਆਂ ਦੇ ਚਾਅ ਚ ਉਹ ਸਫ਼ਰ ਇੰਝ ਪੂਰਾ ਕੀਤਾ, ਜਿਵੇਂ ਤੀਸਰੇ ਘਰ ਜਾਣਾ ਹੋਵੇ। ਘਰ ਵਿਚ ਇੱਕ ਪਾਸੇ ਵੱਡੇ ਮਾਮਾ ਜੀ ਨੇ ਕਰਿਆਨੇ ਦੀ ਦੁਕਾਨ ਕੀਤੀ ਹੋਈ ਸੀ। ਉਸ ਵਿਚ ਹੀ ਇੱਕ ਮੰਜਾ ਲੱਗਿਆ ਹੁੰਦਾ। ਜਿਸ ਉੱਤੇ ਮਾਮਾ ਦੁਪਿਹਰ ਨੂੰ ਆਰਾਮ ਕਰਦਾ। ਬਾਪੂ ਜੀ ਮੰਜੇ ਤੇ ਬੈਠ ਗਏ। ਅਸੀਂ ਮਾਮੇ ਤੋਂ ਲੈਕੇ ਚੀਜ਼ਾਂ ਖਾਣ ਵਾਲੀ ਝੜੀ ਲਾ ਦਿੱਤੀ। ਮੇਰਾ ਬਾਪ ਵੈਸੇ ਵੀ ਸਾਧ ਸੁਭਾਅ ਤੇ ਬਹੁਤ ਸਾਦਗੀ ਚ ਰਹਿਣ ਵਾਲਾ ਸੀ। ਮਾਮੀ ਬਿਸਤਰਾ ਚੁੱਕ ਕੇ ਭੱਜੀ ਭੱਜੀ ਆਈ। ਬਾਪੂ ਜੀ ਨੇ ਉਸ ਕੋਲੋਂ ਬਿਸਤਰਾ ਫੜਿਆ ਤੇ ਸਿਰਹਾਣੇ ਵਾਂਗ ਲਗਾ ਕੇ ਬੜੇ ਅਰਾਮ ਨਾਲ ਅਧਲੇਟੀ ਅਵਸਥਾ ਵਿਚ ਪੈ ਗਏ। ਮਾਮੀ ਇੱਕ ਬਿਸਤਰਾ ਹੋਰ ਲਿਆਈ। ਉਹ ਕਹਿੰਦੀ, ਤੁਸੀਂ ਅਰਾਮ ਨਾਲ ਪਵੋ ਮੈਂ ਬਸ ਇਹ ਵਿਛਾ ਦੇਵਾਂ। ਮੇਰੇ ਬਾਪੂ ਜੀ ਕਹਿੰਦੇ, ਕਮਲੀਏ ਇਹ ਸਿਰਫ ਲੋਕਾਂ ਨੂੰ ਦੱਸਣ ਲਈ ਹੁੰਦਾ ਕਿ ਜਵਾਈ ਭਾਈ ਆਇਆ ਹੋਇਆ। ਦੱਸ ਤੇਰੇ ਨੇੜੇ ਦੇ ਦਸ ਪਿੰਡਾਂ ਵਿਚ ਮੈਨੂੰ ਕਿਹੜਾ ਨਹੀਂ ਜਾਣਦਾ ? ਕਿ ਆਹ ਵੈਦ ਇਹਨਾ ਦਾ ਜਵਾਈ ਹੈ।
ਵੈਦ ਬਲਵਿੰਦਰ ਸਿੰਘ ਢਿੱਲੋ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਫ਼ੁੱਲਾਂ ਦੀ ਖ਼ੁਸ਼ਬੋ ਪੱਤੀਆਂ
Next articleਫੈਮਿਲੀ ਪ੍ਰੋਬਲਮ