HOME ਫ਼ੁੱਲਾਂ ਦੀ ਖ਼ੁਸ਼ਬੋ ਪੱਤੀਆਂ

ਫ਼ੁੱਲਾਂ ਦੀ ਖ਼ੁਸ਼ਬੋ ਪੱਤੀਆਂ

ਡਾ. ਇਕਬਾਲ ਸਿੰਘ ਸਕਰੌਦੀ
    (ਸਮਾਜ ਵੀਕਲੀ)  ਰਣਜੀਤ ਕੌਰ ਅਤੇ ਸੁਖਦੀਪ ਕੌਰ ਦੇ ਘਰ ਨਾਲ਼ ਲੱਗਵੇਂ ਹਨ। ਰਣਜੀਤ ਦੇ ਡੈਡੀ ਮਹਿੰਦਰ ਸਿੰਘ ਵੜੈਚ ਫ਼ੌਜ ਵਿੱਚ ਮੇਜਰ ਹਨ। ਸੁਖਦੀਪ ਦੇ ਪਾਪਾ ਹਰਦਿਆਲ ਸਿੰਘ ਪੰਨੂ ਸੈਦੋਵਾਲ ਪਿੰਡ ਵਿੱਚ ਪਟਵਾਰੀ ਲੱਗੇ ਹੋਏ ਹਨ। ਪਿੰਡ ਵਿੱਚ ਪਟਵਾਰੀ ਤੱਕ ਹਰੇਕ ਬੰਦੇ ਨੂੰ ਕੋਈ ਨਾ ਕੋਈ ਕੰਮ ਧੰਦਾ ਪੈਂਦਾ ਹੀ ਰਹਿੰਦਾ ਹੈ। ਇਸ ਤਰ੍ਹਾਂ ਪੰਨੂ ਦੀ ਆਪਣੇ ਪਿੰਡ ਅਤੇ ਹੋਰ ਆਲ਼ੇ ਦੁਆਲ਼ੇ ਦੇ ਪਿੰਡਾਂ ਵਿੱਚ ਚੰਗੀ ਪੈਂਠ ਬਣੀਂ ਹੋਈ ਹੈ। ਜੇ ਕਿਸੇ ਕਿਸਾਨ ਨੇ ਆਪਣੇ ਇੱਖ ਨੂੰ ਵੱਢਣਾ ਸ਼ੁਰੂ ਕਰਨਾ ਤਾਂ ਸਭ ਤੋਂ ਪਹਿਲਾਂ ਪੋਨੇ ਗੰਨਿਆਂ ਦੀ ਵੱਡੀ ਭਰੀ ਪਟਵਾਰੀ ਦੇ ਘਰ ਪਹੁੰਚ ਜਾਂਦੀ। ਜੇ ਕਿਸੇ ਜੱਟ ਜ਼ਿਮੀਂਦਾਰ ਦੇ ਖੇਤ ਛੱਲੀਆਂ ਪੱਕਣ ‘ਤੇ ਆਉਂਦੀਆਂ ਤਾਂ ਉਹ ਮੋਟੀਆਂ-ਮੋਟੀਆਂ ਛਾਂਟਵੀਆਂ ਛੱਲੀਆਂ ਨਾਲ਼ ਬੋਰੀ ਭਰ ਕੇ ਉਸ ਦੇ ਘਰ ਛੱਡ ਆਉਂਦਾ। ਪਿੰਡ ਵਿੱਚ ਜ਼ਿੰਮੀਂਦਾਰਾਂ ਦੇ ਕਈ ਘਰ ਤਾਂ ਅਜਿਹੇ ਹਨ, ਜਿਹੜੇ ਪਟਵਾਰਨ ਦੇ ਬਿਨਾਂ ਕਹੇ ਹਰਾ ਛੋਲੂਆ, ਸਰੋਂ ਦਾ ਸਾਗ ਉਨ੍ਹਾਂ ਦੇ ਘਰ ਦੇ ਆਉਂਦੇ। ਇਉਂ ਖਾਣ ਪੀਣ ਦੀਆਂ ਵਸਤਾਂ ਦੀ ਉਨ੍ਹਾਂ ਦੇ ਘਰ ਵਿੱਚ ਰੁਲ਼ ਪਈ ਰਹਿੰਦੀ ਸੀ।
          ਉਹ ਜਦੋਂ ਵੀ ਆਪਣੇ ਦੁੱਗ-ਦੁੱਗ ਕਰਦੇ ਬੁਲੇਟ ਮੋਟਰਸਾਈਕਲ ‘ਤੇ ਚੜ੍ਹ ਕੇ ਘਰੋਂ ਨਿੱਕਲਦਾ ਹੈ ਤਾਂ ਪਿੰਡ ਦਾ ਹਰੇਕ ਲੰਘਦਾ ਵੜਦਾ ਬੰਦਾ ਉਸ ਨਾਲ਼ ਫ਼ਤਹਿ ਦੀ ਸਾਂਝ ਪਾਉਣ ਵਿੱਚ ਆਪਣੀ ਸ਼ਾਨ ਸਮਝਦਾ- ‘ਪੰਨੂੰ ਸਾਹਿਬ, ਸਤਿ ਸ਼੍ਰੀ ਅਕਾਲ।’ ‘ਰਾਮ ਰਾਮ ਪਟਵਾਰੀ ਜੀ।’ ‘ਨਮਸਕਾਰ ਪਟਵਾਰੀ ਸਾਹਿਬ।’ ‘ਜੀਉਂਦੇ ਵਸਦੇ ਰਹੋ ਪਟਵਾਰੀ ਸਾਹਿਬ। ਰੱਬ ਥੋਨੂੰ ਬਹੁਤਾ ਦੇਵੇ।’ ਸਭ ਦੀਆਂ ਦੁਆਵਾਂ ਸਲਾਮਾਂ ਕਬੂਲਦਾ ਹੋਇਆ ਉਹ ਸਾਹਮਣੇ ਵਾਲ਼ੇ ਦੀ ਹੈਸੀਅਤ ਅਨੁਸਾਰ ਯਥਾ ਸੰਭਵ ਉੱਤਰ ਦਿੰਦਾ ਜਾਂਦਾ। ਬਹੁਤਿਆਂ ਨੂੰ ਤਾਂ ਉਹ ਮਾੜਾ ਜੇਹਾ ਸਿਰ ਹੀ ਹਿਲਾਉਂਦਾ। ਪਿੰਡ ਦੇ ਇੰਨੇਂ ਲੋਕਾਂ ਕੋਲੋਂ ਮਿਲਦਾ ਇੰਨਾਂ ਮਾਣ ਸਨਮਾਨ ਉਸ ਦੀ ਧੌਣ ਨੂੰ ਹੋਰ ਵੀ ਅਕੜੇਵਾਂ ਚਾੜ੍ਹ ਦਿੰਦਾ। ਇਸੇ ਤਰ੍ਹਾਂ ਪਟਵਾਰਨ ਦੀ ਵੀ ਗਲ਼ੀ ਗੁਆਂਢ ਵਿੱਚ ਪੂਰੀ ਪੁੱਛ ਪ੍ਰਤੀਤ ਹੁੰਦੀ ਸੀ।
          ਚੌਥੀ ਜਮਾਤ ਵਿੱਚ ਪੜ੍ਹਦੀਆਂ ਰਣਜੀਤ ਅਤੇ ਸੁਖਦੀਪ ਦੋਵੇਂ ਪੱਕੀਆਂ ਸਹੇਲੀਆਂ ਹਨ। ਸਵੇਰੇ ਸਕੂਲ ਜਾਣ ਵੇਲੇ ਜੇ ਰਣਜੀਤ ਨੇ ਰੋਟੀ ਟੁੱਕ ਖਾ ਕੇ ਪਹਿਲਾਂ ਤਿਆਰ ਹੋ ਜਾਣਾ ਤਾਂ ਉਹ ਸੁਖਦੀਪ ਦੇ ਘਰ ਆ ਜਾਂਦੀ। ਜੇ ਕਦੇ ਸੁਖਦੀਪ ਸੁਵੱਖਤੇ ਤਿਆਰ ਹੋ ਜਾਂਦੀ ਤਾਂ ਉਹ ਰਣਜੀਤ ਦੇ ਘਰ ਅੱਗੇ ਖਲੋ ਕੇ ਅਵਾਜ਼ ਮਾਰਦੀ- “ਜੀਤਾਂ, ਆ ਜਾ ਅੜੀਏ! ਸਕੂਲੇ ਚੱਲੀਏ।” ਤਦ ਉਸ ਦੀ ਸਾਹਾਂ ਤੋਂ ਪਿਆਰੀ ਸਹੇਲੀ ਰਣਜੀਤ ਨੇ ਉਸ ਨੂੰ ਬਹੁਤ ਹੀ ਮੋਹ ਭਿੱਜੇ ਲਫ਼ਜ਼ਾਂ ਵਿੱਚ ਕਹਿਣਾ- “ਬੱਸ, ਹੁਣੇ ਆਈ ਦੀਦੀ। ਮੈਂ ਬਿਲਕੁਲ ਤਿਆਰ ਈ ਆਂ।” ਇਉਂ ਦੋਵਾਂ ਕੁੜੀਆਂ ਨੇ ਇੱਕ ਦੂਜੀ ਦਾ ਹੱਥ ਫ਼ੜ ਕੇ ਸਕੂਲ ਦੇ ਰਾਹ ਪੈ ਜਾਣਾ। ਇਨ੍ਹਾਂ ਨਿੱਕੀਆਂ ਬਾਲੜੀਆਂ ਦੀਆਂ ਪਤਾ ਨਹੀਂ ਕਿੰਨੀਆਂ ਕੁ ਨਿੱਕੀਆਂ-ਨਿੱਕੀਆਂ ਗੱਲਾਂ ਸਨ ਕਿ ਉਨ੍ਹਾਂ ਦਾ ਛਣਕਦਾ ਹਾਸਾ ਰਾਹ ਜਾਂਦਿਆਂ ਨੂੰ ਖਿੱਚ ਪਾਉਂਦਾ ਸੀ।
          ਜੇ ਦੋਵਾਂ ਦੀ ਪੜ੍ਹਾਈ ਦੀ ਗੱਲ ਕੀਤੀ ਜਾਂਦੀ ਤਾਂ ਰਣਜੀਤ ਜਿੱਥੇ ਟੀਸੀ ‘ਤੇ ਖੜ੍ਹੀ ਸੀ। ਸੁਖਦੀਪ ਤਾਂ ਉਹਦੇ ਪਾਂਸਕੂ ਵੀ ਨਹੀਂ ਸੀ। ਜਿੱਥੇ ਰਣਜੀਤ ਹਮੇਸ਼ਾ ਮੋਹਰੀ ਹੋ ਕੇ ਵਿਚਰਦੀ ਸੀ। ਉੱਥੇ ਸੁਖਦੀਪ ਪੜ੍ਹਾਈ ਵਿੱਚ ਬਹੁਤ ਜ਼ਿਆਦਾ ਪਛੜੀ ਹੋਈ ਸੀ। ਰਣਜੀਤ ਨੇ ਜਦੋਂ ਆਪਣੀ ਫ਼ੱਟੀ ਨੂੰ ਪੋਚ ਕੇ ਰੀਝ ਨਾਲ਼ ਲਿਖਣਾ ਤਾਂ ਸਕੂਲ ਦੇ ਅਧਿਆਪਕ ਮੋਤੀਆਂ ਵਾਂਗ ਚਿਣੇ ਉਸ ਦੇ ਸ਼ਬਦਾਂ ਨੂੰ ਵੇਖ ਕੇ ਅਸ਼-ਅਸ਼ ਕਰ ਉੱਠਦੇ ਸਨ। ਸਕੂਲ ਦੇ ਹੋਰਨਾਂ ਬੱਚਿਆਂ ਨੂੰ ਪ੍ਰੇਰਨਾ ਦੇਣ ਲਈ ਉਸ ਦੀ ਫ਼ੱਟੀ ਨੂੰ ਸਾਰੀਆਂ ਜਮਾਤਾਂ ਵਿੱਚ ਘੁਮਾਇਆ ਜਾਂਦਾ। ਕਿਸੇ ਅਧਿਆਪਕ ਨੇ ਉਸ ਨੂੰ ਦਸ ਵਿੱਚੋਂ ਦਸ ਨੰਬਰ ਦੇ ਦੇਣੇ। ਕੋਈ-ਕੋਈ ਅਧਿਆਪਕ ਉਸ ਨੂੰ ਦਸ ਵਿੱਚੋਂ ਸਾਢੇ ਨੌਂ ਨੰਬਰ ਵੀ ਦੇ ਦਿੰਦਾ ਸੀ। ਪਰੰਤੂ ਸਾਰੇ ਅਧਿਆਪਕਾਂ ਵੱਲੋਂ ਮਿਲਦੀ ‘ਸ਼ਾਬਾਸ਼’ ਨਾਲ਼ ਉਸ ਦੀ ਪੜ੍ਹਾਈ ਅਤੇ ਲਿਖਾਈ ਹੋਰ ਵੀ ਵਧੀਆ ਹੁੰਦੀ ਜਾਂਦੀ ਸੀ।
           ਮਹੀਨੇ ਦੇ ਆਖਰੀ ਸ਼ਨੀਵਾਰ ਅੱਧੀ ਛੁੱਟੀ ਬਾਅਦ ਸਕੂਲ ਵਿੱਚ ਬਾਲ ਸਭਾ ਲੱਗਦੀ ਸੀ। ਜਿਸ ਵਿੱਚ ਬਹੁਤ ਸਾਰੇ ਬੱਚੇ ਚਾਂਈਂ-ਚਾਂਈਂ ਭਾਗ ਲੈਂਦੇ ਸਨ। ਪਰੰਤੂ ਰਣਜੀਤ ਤਾਂ ਸਕੂਲ ਦਾ ਇੱਕ ਅਜਿਹਾ ਚਮਕਦਾ ਸਿਤਾਰਾ ਸੀ ਕਿ ਉਹ ਹਰ ਥਾਂ ‘ਤੇ ਬਾਜ਼ੀ ਮਾਰ ਜਾਂਦੀ। ਪੰਜਾਬੀ ਲੋਕ ਗੀਤਾਂ ਨੂੰ ਤਾਂ ਉਹ ਬੜੀ ਰੂਹ ਨਾਲ਼ ਗੌਂਦੀ ਸੀ। ਪਰੰਤੂ ਸਿੱਖ ਇਤਿਹਾਸ ਨਾਲ਼ ਸੰਬੰਧਿਤ ਧਾਰਮਿਕ ਗੀਤ- ‘ਕਿੱਥੇ ਮਾਤਾ ਤੋਰਿਆ, ਅਜੀਤ ਤੇ ਜੁਝਾਰ ਨੂੰ। ਮਹਿਲਾਂ ਦੀਆਂ ਰੌਣਕਾਂ ਤੇ ਵਿਹੜੇ ਦੇ ਸ਼ਿੰਗਾਰ ਨੂੰ’, ‘ਚੰਨ ਮਾਤਾ ਗੁਜਰੀ ਦਾ, ਬੈਠਾ ਕੰਡਿਆਂ ਦੀ ਸੇਜ ਵਿਛਾਈ। ਸੀਨੇ ਨਾਲ਼ ਤੇਗ਼ ਲਾ ਲਈ, ਜਦੋਂ ਯਾਦ ਪੁੱਤਰਾਂ ਦੀ ਆਈ’ ਜਦੋਂ ਉਹ ਗੌਂਦੀ ਸੀ ਤਾਂ ਸਮਾਂ ਬੰਨ੍ਹ ਕੇ ਰੱਖ ਦਿੰਦੀ ਸੀ। ਜਿਉਂ ਹੀ ਉਹ ਗੀਤ ਗਾ ਕੇ ਮੰਚ ਤੋਂ ਹੇਠਾਂ ਉੱਤਰਦੀ ਤਾਂ ਸਾਰੇ ਅਧਿਆਪਕ ਅਤੇ ਬੱਚੇ ਤਾੜੀਆਂ ਦੀ ਗੜਗੜਾਹਟ ਨਾਲ਼ ਉਸ ਨੂੰ ਭਰਪੂਰ ਦਾਦ ਦਿੰਦੇ ਸਨ।
          ਪਰੰਤੂ ਦੂਜੇ ਪਾਸੇ ਉਸ ਦੀ ਸਹੇਲੀ ਸੁਖਦੀਪ ਉਸ ਨਾਲ਼ੋਂ ਪੜ੍ਹਾਈ ਤੋਂ ਇਲਾਵਾ ਹੋਰ ਵੀ ਹਰ ਗੱਲ ਵਿੱਚ ਪਛੜੀ ਹੋਈ ਹੈ। ਉਸ ਦੀ ਲਿਖਾਈ ਇੰਨੀਂ ਭੈੜੀ ਹੈ ਕਿ ਕਈ ਵਾਰੀ ਤਾਂ ਉਸ ਦਾ ਆਪਣਾ ਲਿਖਿਆ ਹੋਇਆ ਵੀ ਉਸ ਤੋਂ ਪੜ੍ਹਿਆ ਨੀਂ ਸੀ ਜਾਂਦਾ। ਅਧਿਆਪਕਾਂ ਲਈ ਤਾਂ ਪੜ੍ਹਨਾ ਹੋਰ ਵੀ ਮੁਸ਼ਕਲ ਹੋ ਜਾਂਦਾ ਸੀ। ਮੈਡਮ ਸ਼ਹਿਨਾਜ ਨੇ ਜਦੋਂ ਸੁਖਦੀਪ ਨੂੰ ਪੰਜਾਬੀ ਦਾ ਪਾਠ ਪੜ੍ਹਨ ਲਈ ਕਹਿਣਾ ਤਾਂ ਉਹ ਬਹੁਤ ਹੌਲ਼ੀ ਜਿਹੀ ਅਵਾਜ਼ ਵਿੱਚ ਕੇਵਲ ਇੱਕ ਦੋ ਲਫ਼ਜ਼ ਹੀ ਹੀਜੇ ਕਰ-ਕਰ ਕੇ ਮਸਾਂ ਪੜ੍ਹਦੀ ਸੀ। ਬੱਸ ਉੱਥੇ ਹੀ ਉਸ ਦੀਆਂ ਬਰੇਕਾਂ ਲੱਗ ਜਾਂਦੀਆਂ ਸਨ। ਹਿਸਾਬ ਦੇ ਸੁਆਲ ਕੱਢਣ ਵਿੱਚ ਵੀ ਉਹ ਬਹੁਤ ਪਿੱਛੇ ਸੀ। ਹਿੰਦੀ ਅਤੇ ਅੰਗਰੇਜ਼ੀ ਤਾਂ ਉਸ ਨੂੰ ਬਿਲਕੁਲ ਹੀ ਪੜ੍ਹਨੀ ਨਹੀਂ ਸੀ ਆਉਂਦੀ। ਇਸ ਲਈ ਜਦੋਂ ਵੀ ਜਮਾਤ ਵਿੱਚ ਉਸ ਨੂੰ ਝਿੜਕਾਂ ਪੈਂਦੀਆਂ ਤਾਂ ਉਸ ਦੇ ਉੱਤਰੇ ਚਿਹਰੇ ਵੱਲ ਦੇਖ ਕੇ ਰਣਜੀਤ ਦਾ ਵੀ ਚਿਹਰਾ ਉੱਤਰ ਜਾਂਦਾ। ਪਰੰਤੂ ਉਹ ਆਪਣੀ ਸਹੇਲੀ ਲਈ ਕੁਝ ਵੀ ਨਹੀਂ ਸੀ ਕਰ ਸਕਦੀ। ਹਾਂ, ਸਾਰੀ ਛੁੱਟੀ ਹੋਣ ‘ਤੇ ਘਰ ਜਾਂਦਿਆਂ ਉਹ ਜ਼ਰੂਰ ਆਪਣੀ ਸਹੇਲੀ ਨੂੰ ਆਖਦੀ, “ਸੁੱਖਾਂ ਭੈਣ, ਜਦੋਂ ਸਕੂਲ ਵਿੱਚ ਤੈਨੂੰ ਝਿੜਕਾਂ ਪੈਂਦੀਆਂ ਨੇ ਨਾ। ਤਾਂ ਮੇਰਾ ਮਨ ਬਹੁਤ ਦੁਖੀ ਹੁੰਦੈ। ਪਰ ਉੱਥੇ ਮੇਰਾ ਕੋਈ ਵੱਸ ਨੀਂ ਚੱਲਦਾ। ਤੂੰ ਮੇਰੀ ਭੈਣ ਬਣ ਕੇ ਪੜ੍ਹਿਆ ਕਰ। ਕਿਉਂਕਿ ਮੇਰੇ ਡੈਡੀ ਜੀ ਜਦੋਂ ਵੀ ਛੁੱਟੀ ਆਉਂਦੇ ਐ ਤਾਂ ਉਹ ਮੈਨੂੰ ਇੱਕੋ ਗੱਲ ਆਖਦੇ ਹੁੰਦੇ ਐ- ‘ਪੜ੍ਹਾਈ ਕਰਨ ਨਾਲ਼ ਹੀ ਜ਼ਿੰਦਗੀ ਬਣਦੀ ਹੈ। ਜਿਹੜੇ ਬੱਚੇ ਪੜ੍ਹਾਈ ਵਿੱਚ ਆਪਣਾ ਮਨ ਨਹੀਂ ਲਾਉਂਦੇ, ਉਨ੍ਹਾਂ ਨੂੰ ਸਾਰੀ ਉਮਰ ਪਛਤਾਉਣਾ ਪੈਂਦਾ ਹੈ।’ ਦੇਖ, ਤੂੰ ਮੇਰੀ ਪੱਕੀ ਸਹੇਲੀ ਐਂ। ਏਸ ਲਈ ਭੈਣੇ ਤੂੰ ਜ਼ਰੂਰ ਪੜ੍ਹਿਆ ਕਰ।”
          ਆਪਣੀ ਪਿਆਰੀ ਸਹੇਲੀ ਦੀਆਂ ਸਿਆਣੀਆਂ ਗੱਲਾਂ ਸੁਣ ਕੇ ਇੱਕ ਵਾਰੀ ਤਾਂ ਸੁਖਦੀਪ ਦਾ ਮਨ ਦ੍ਰਿੜ੍ਹਤਾ ਫ਼ੜ ਜਾਂਦਾ। ਪਰੰਤੂ ਘਰ ਜਾਂਦਿਆਂ ਹੀ ਜਿਵੇਂ ਉਸ ਨੂੰ ਸਭ ਕੁਝ ਭੁੱਲ ਭੁਲਾ ਜਾਂਦਾ। ਉਹ ਆਪਣਾ ਸਕੂਲ ਵਾਲ਼ਾ ਬਸਤਾ ਸੁੱਟ ਕੇ ਟੈਲੀਵਿਜ਼ਨ ਲਾ ਲੈਂਦੀ। ਇੱਕ ਨਾਟਕ ਮੁੱਕਦਾ, ਦੂਜਾ ਸ਼ੁਰੂ ਹੋ ਜਾਂਦਾ। ਦੂਜਾ ਮੁੱਕਦਾ, ਤਾਂ ਤੀਜਾ ਸ਼ੁਰੂ ਹੋ ਜਾਂਦਾ। ਟੈਲੀਵਿਜ਼ਨ ਅੱਗੇ ਬੈਠਿਆਂ ਹੀ ਉਹ ਰੋਟੀ ਖਾਣ ਲੱਗ ਪੈਂਦੀ। ਜੱਟ ਜ਼ਿੰਮੀਂਦਾਰਾਂ ਦੇ ਘਰੋਂ ਆਈਆਂ ਵਸਤਾਂ ਵੇਖ ਕੇ ਉਸ ਨੂੰ ਲੱਗਦਾ ਸੀ ਕਿ ਇਹ ਸਭ ਕੁਝ ਤਾਂ ਆਪਣੇ ਆਪ ਹੀ ਘਰ ਵਿੱਚ ਆਈ ਜਾਂਦਾ ਹੈ। ਫ਼ਿਰ ਪੜ੍ਹਾਈ ਲਈ ਮੱਥਾ ਮਾਰਨ ਦੀ ਕੀ ਲੋੜ ਐ?
          ਪੰਜਵੀਂ ਜਮਾਤ ਦਾ ਇਮਤਿਹਾਨ ਬੋਰਡ ਨੇ ਫ਼ਰਵਰੀ ਮਹੀਨੇ ਵਿੱਚ ਹੀ ਲੈ ਲਿਆ ਸੀ। ਸਕੂਲ ਦੀਆਂ ਬਾਕੀ ਜਮਾਤਾਂ ਦੇ ਪੇਪਰ ਦਸ ਮਾਰਚ ਨੂੰ ਆਰੰਭ ਹੋ ਗਏ ਸਨ। ਚੌਵੀ ਮਾਰਚ ਨੂੰ ਆਖ਼ਰੀ ਪੇਪਰ ਸੀ। ਚਾਰ ਦਿਨਾਂ ਵਿੱਚ ਸਕੂਲ ਦੇ ਸਾਰੇ ਅਧਿਆਪਕਾਂ ਨੇ ਪੇਪਰ ਚੈੱਕ ਕਰਕੇ ਫਾਈਨਲ ਲਿਸਟਾਂ ਸਕੂਲ ਮੁਖੀ ਗੁਰਨਾਮ ਸਿੰਘ ਸੇਖੋਂ ਕੋਲ ਪਹੁੰਚਾ ਦਿੱਤੀਆਂ ਸਨ। ਤੀਹ ਮਾਰਚ ਨੂੰ ਐਤਵਾਰ ਸੀ। ਇਸ ਕਰਕੇ 29 ਮਾਰਚ ਨੂੰ ਹੀ ਰਿਜ਼ਲਟ ਕੱਢਿਆ ਜਾਣਾ ਸੀ। ਬੱਚੇ ਆਪੋ ਆਪਣੇ ਘਰਾਂ ਤੋਂ ਤਿਆਰ ਹੋ ਕੇ ਚਾਂਈਂ-ਚਾਂਈਂ ਸਕੂਲ ਆ ਰਹੇ ਸਨ। ਸੁਖਦੀਪ ਨੇ ਆਪਣੇ ਘਰ ਦੇ ਵਿਹੜੇ ਵਿੱਚ ਖਿੜੇ ਗੇਂਦੇ ਅਤੇ ਗ਼ੁਲਾਬ ਦੇ ਫੁੱਲਾਂ ਨੂੰ ਤੋੜ ਕੇ ਇੱਕ ਵੱਡੇ ਰੁਮਾਲ ਵਿੱਚ ਬੰਨ੍ਹ ਲਿਆ ਸੀ। ਉਸ ਨੇ ਸਹੇਲੀ ਦੇ ਘਰ ਅੱਗੇ ਖਲੋ ਕੇ ਆਪਣੀ ‘ਜੀਤਾਂ” ਕਹਿ ਕੇ ਅਵਾਜ਼ ਮਾਰੀ ਤਾਂ ਰਣਜੀਤ ਉਸੇ ਵੇਲੇ ਦੌੜ ਕੇ ਬਾਹਰ ਆ ਗਈ ਸੀ। ਉਸ ਨੇ ਸੁਖਦੀਪ ਦੇ ਹੱਥਾਂ ਵਿੱਚ ਫੜੀ ਪੋਟਲੀ ਵੇਖੀ। ਉਸ ਨੇ ਬੜੀ ਹੈਰਾਨੀ ਅਤੇ ਉਤਸੁਕਤਾ ਨਾਲ਼ ਪੁੱਛਿਆ, “ਆਹ ਪੋਟਲੀ ਵਿੱਚ ਕੀ ਬੰਨ੍ਹਿਆਂ ਏ ਸੁਖਦੀਪ?”
          “ਲੈ, ਤੈਨੂੰ ਨੀਂ ਪਤਾ? ਅੱਜ ਆਪਣੇ ਸ਼ਹਿਨਾਜ ਮੈਡਮ ਨੇ ਨਤੀਜਾ ਸੁਣਾਉਣਾ ਏ। ਜਿਉਂ ਹੀ ਮੈਡਮ ਨਤੀਜਾ ਸੁਣਾ ਕੇ ਹਟਣਗੇ, ਮੈਂ ਉਸੇ ਵੇਲੇ ਫੁੱਲਾਂ ਦੀ ਵਰਖਾ ਆਪਣੀ ਸ਼ਹਿਨਾਜ ਮੈਡਮ ਉੱਤੇ ਕਰਾਂਗੀ। ਆਪਣੇ ਮੈਡਮ ਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਸੋਹਣੇ ਨੇ। ਤੂੰ ਵੇਖੀਂ, ਖਿੜੇ ਫੁੱਲਾਂ ਨਾਲ਼ ਉਹ ਹੋਰ ਵੀ ਜ਼ਿਆਦਾ ਸੋਹਣੇ ਲੱਗਣਗੇ।” ਸੁਖਦੀਪ ਨੇ ਚਹਿਕਦਿਆਂ ਹੋਇਆਂ ਕਿਹਾ।
          “ਅੱਛਾ! ਅੱਛਾ! ਠੀਕ ਐ। ਚੱਲ ਆ ਹੁਣ ਸਕੂਲੇ ਚੱਲੀਏ। ਕਿਤੇ ਅਜਿਹਾ ਨਾ ਹੋਵੇ ਕਿ ਆਪਣੇ ਸਕੂਲ ਪਹੁੰਚਣ ਤੋਂ ਪਹਿਲਾਂ ਹੀ ਸ਼ਹਿਨਾਜ ਮੈਡਮ ਨਤੀਜਾ ਸੁਣਾ ਦੇਣ। ਤੇ ਤੇਰੇ ਇਨ੍ਹਾਂ ਖਿੜੇ ਫੁੱਲਾਂ ਦੀ ਖ਼ੁਸ਼ਬੋ ਇਸ ਰੁਮਾਲ ਵਿੱਚ ਹੀ ਦੱਬ ਕੇ ਰਹਿ ਜਾਵੇ।”
          ਉਹ ਦੋਵਾਂ ਹੱਸਦੀਆਂ ਹੋਈਆਂ ਗੱਲਾਂ ਕਰਦੀਆਂ ਸਕੂਲ ਪਹੁੰਚ ਗਈਆਂ। ਬਹੁਤ ਸਾਰੇ ਬੱਚੇ ਪਹਿਲਾਂ ਹੀ ਸਕੂਲ ਆ ਚੁੱਕੇ ਸਨ। ਸਾਰਿਆਂ ਦੇ ਚਿਹਰੇ ਫੁੱਲਾਂ ਵਾਂਗੂੰ ਖਿੜੇ ਹੋਏ ਸਨ। ਸਕੂਲ ਦੀ ਘੰਟੀ ਵੱਜਣ ਨਾਲ਼ ਸਾਰੇ ਬੱਚੇ ਸਵੇਰ ਦੀ ਸਭਾ ਵਾਲ਼ੇ ਗਰਾਉੰਡ ਵਿੱਚ ਇਕੱਠੇ ਹੋ ਗਏ ਸਨ। ਸੁਖਦੀਪ ਨੇ ਫ਼ੁੱਲਾਂ ਵਾਲ਼ੀ ਪੋਟਲੀ ਦੀ ਗੰਢ ਖੋਲ੍ਹ ਲਈ ਸੀ। ਉਸ ਨੇ ਪੋਟਲੀ ਨੂੰ ਆਪਣੀ ਝੋਲ਼ੀ ਵਿੱਚ ਰੱਖ ਕੇ ਦੋਵੇਂ ਮੁੱਠੀਆਂ ਵਿੱਚ ਫ਼ੁੱਲਾਂ ਦੀਆਂ ਪੱਤੀਆਂ ਭਰ ਲਈਆਂ ਸਨ। ਔਹ ਸਾਹਮਣੇ, ਸ਼ਹਿਨਾਜ ਮੈਡਮ ਨਤੀਜੇ ਵਾਲ਼ੀ ਫਾਈਲ ਲੈ ਕੇ ਸਟੇਜ ਉੱਤੇ ਚੜ੍ਹ ਰਹੇ ਹਨ। ਸਕੂਲ ਦੇ ਮੁਖੀ ਅਤੇ ਹੋਰ ਅਧਿਆਪਕ ਬੱਚਿਆਂ ਵੱਲ ਮੂੰਹ ਕਰਕੇ ਸਟੇਜ ਦੇ ਬਿਲਕੁਲ ਨਜ਼ਦੀਕ ਖੜ੍ਹੇ ਹਨ। ਸ਼ਹਿਨਾਜ ਮੈਡਮ ਲੈਕਚਰ ਸਟੈਂਡ ਕੋਲ ਆ ਗਏ ਸਨ‌। ਉਨ੍ਹਾਂ ਸਾਰਿਆਂ ਨੂੰ ਸੰਬੋਧਨ ਕਰਦਿਆਂ ਕਿਹਾ- “ਪਿਆਰੇ ਬੱਚਿਓ! ਜਿਸ ਤਰ੍ਹਾਂ ਇੱਕ ਕਿਸਾਨ ਪੂਰਾ ਸਾਲ ਮਿਹਨਤ ਕਰਦਾ ਹੈ। ਤਦ ਕਿਤੇ ਜਾ ਕੇ ਉਸ ਨੂੰ ਆਪਣੀ ਕੀਤੀ ਮਿਹਨਤ ਦਾ ਫ਼ਲ ਮਿਲਦਾ ਹੈ। ਇਸੇ ਤਰ੍ਹਾਂ ਬੱਚੇ ਵੀ ਪੂਰਾ ਸਾਲ ਸਖ਼ਤ ਮਿਹਨਤ, ਲਗਨ, ਦ੍ਰਿੜ੍ਹਤਾ ਅਤੇ ਸਿਰੜ ਨਾਲ਼ ਪੜ੍ਹਾਈ ਕਰਦੇ ਹਨ। ਤੇ ਉਹ ਸਾਰੇ ਅੱਜ ਦੇ ਦਿਨ ਦੀ ਬੜੀ ਬੇਸਬਰੀ ਨਾਲ਼ ਉਡੀਕ ਕਰਦੇ ਹਨ, ਕਿਉਂਕਿ ਉਨ੍ਹਾਂ ਨੂੰ ਆਪਣੀ ਸਾਲ ਭਰ ਦੀ ਕੀਤੀ ਮਿਹਨਤ ਦਾ ਫ਼ਲ ਮਿਲਣਾ ਹੁੰਦਾ ਹੈ। ਇਹ ਨਤੀਜਾ ਹੀ ਸਾਨੂੰ ਸਾਰਿਆਂ ਨੂੰ ਦੱਸਦਾ ਹੈ ਕਿ ਲੰਘੇ ਸਾਲ ਵਿੱਚ ਕਿਹੜੇ ਬੱਚੇ ਨੇ ਕਿੰਨੀਂ ਮਿਹਨਤ ਕੀਤੀ ਹੈ। ਮੈਨੂੰ ਇਹ ਦੱਸਦਿਆਂ ਬਹੁਤ ਖ਼ੁਸ਼ੀ ਹੋ ਰਹੀ ਹੈ ਕਿ ਪਹਿਲੀ, ਦੂਜੀ, ਤੀਜੀ ਜਮਾਤ ਦੇ ਸਾਰੇ ਬੱਚੇ ਵਧੀਆ ਅੰਕ ਲੈ ਕੇ ਪਾਸ ਹੋਏ ਹਨ। ਹੁਣ ਤੁਸੀਂ ਸਾਰੇ ਨਵੀਂ ਸ਼੍ਰੇਣੀ ਦੇ ਵਿਦਿਆਰਥੀ ਹੋ ਗਏ ਹੋ। ਚੌਥੀ ਜਮਾਤ ਵਿੱਚੋਂ ਰਣਜੀਤ ਕੌਰ ਸਪੁੱਤਰੀ ਮੇਜਰ ਮਹਿੰਦਰ ਸਿੰਘ ਵੜੈਚ ਸਾਰੇ ਵਿਸ਼ਿਆਂ ਵਿੱਚੋਂ ਸੌ ਪ੍ਰਤੀਸ਼ਤ ਅੰਕ ਲੈ ਕੇ ਫ਼ਸਟ ਆਈ ਹੈ। ਸੁਖਚੈਨ ਸਿੰਘ ਪੁੱਤਰ ਸ੍ਰ. ਸਰਵਨ ਸਿੰਘ ਨੇ ਸਤੱਨਵੇਂ ਪ੍ਰਤੀਸ਼ਤ ਅੰਕ ਲੈ ਕੇ ਦੂਜਾ ਸਥਾਨ ਹਾਸਲ ਕੀਤਾ ਹੈ। ਅਰੂੰਨਾ ਨਾਦਰ ਭੱਟੀ ਸਪੁੱਤਰੀ ਜਨਾਬ ਨਾਦਰ ਅਲੀ ਭੱਟੀ ਇਕੱਨਵੇਂ ਪ੍ਰਤੀਸ਼ਤ ਅੰਕ ਲੈ ਕੇ ਆਪਣੀ ਜਮਾਤ ਵਿੱਚੋਂ ਤੀਜੇ ਸਥਾਨ ‘ਤੇ ਆਈ ਹੈ। ਇਨ੍ਹਾਂ ਤਿੰਨਾਂ ਬੱਚਿਆਂ ਨੂੰ ਤੇ ਇਨ੍ਹਾਂ ਦੇ ਮਾਤਾ ਪਿਤਾ ਨੂੰ ਬਹੁਤ-ਬਹੁਤ ਵਧਾਈਆਂ ਹੋਣ। ਪਰੰਤੂ ਸੁਖਦੀਪ ਕੌਰ ਪੁੱਤਰੀ ਸ੍ਰ. ਹਰਦਿਆਲ ਸਿੰਘ ਪੰਨੂ ਸਾਰੇ ਵਿਸ਼ਿਆਂ ਵਿੱਚੋਂ ਫੇਲ੍ਹ ਹੈ। ਇਸ ਕਰਕੇ ਉਹ ਚੌਥੀ ਜਮਾਤ ਵਿੱਚ ਹੀ ਬੈਠੇਗੀ।”
          ਜਿਉਂ ਹੀ ਸੁਖਦੀਪ ਦੇ ਕੰਨਾਂ ਵਿੱਚ ਸ਼ਹਿਨਾਜ ਮੈਡਮ ਦੇ ਬੋਲ ਪਏ- ‘ਸੁਖਦੀਪ ਸਾਰੇ ਵਿਸ਼ਿਆਂ ਵਿੱਚੋਂ ਫੇਲ੍ਹ ਹੈ। ਇਸ ਕਰਕੇ ਉਹ ਚੌਥੀ ਜਮਾਤ ਵਿੱਚ ਹੀ ਬੈਠੇਗੀ’ ਉਸ ਦੇ ਹੱਥਾਂ ਵਿੱਚ ਫੜੀਆਂ  ਫੁੱਲਾਂ ਦੀਆਂ ਰੰਗ ਬਰੰਗੀਆਂ ਪੱਤੀਆਂ ਰੇਤੇ ਉੱਤੇ ਵਿੱਖਰ ਗਈਆਂ ਸਨ। ਉਸ ਨੂੰ ਇੰਝ ਮਹਿਸੂਸ ਹੋ ਰਿਹਾ ਸੀ, ਜਿਵੇਂ ਪੋਟਲੀ ਵਿੱਚ ਬੰਨ੍ਹੇ ਫੁੱਲਾਂ ਦੀ ਖ਼ੁਸ਼ਬੋ ਕਿੱਧਰੇ ਖਿੰਡ ਪੁੰਡ ਗਈ ਹੋਵੇ। ਉਸ ਦੀਆਂ ਅੱਖਾਂ ਵਿੱਚੋਂ ਲਗਾਤਾਰ ਹੰਝੂ ਵਹਿ ਰਹੇ ਸਨ। ਸਹੇਲੀ ਨੂੰ ਰੋਂਦਿਆਂ ਵੇਖ ਕੇ ਰਣਜੀਤ ਦੀਆਂ ਅੱਖਾਂ ਵਿੱਚ ਵੀ ਪਾਣੀ ਸਿੰਮ ਆਇਆ ਸੀ। ਉਸ ਨੇ ਧਾਹ ਕੇ ਸੁਖਦੀਪ ਨੂੰ ਗਲਵੱਕੜੀ ਪਾ ਲਈ।
ਡਾ. ਇਕਬਾਲ ਸਿੰਘ ਸਕਰੌਦੀ 
ਗਲ਼ੀ ਨੰਬਰ 06, ਥਲੇਸ ਬਾਗ਼ ਕਲੋਨੀ, ਸੰਗਰੂਰ- 148001
84276-85020.
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕਹੋ ਉਨ੍ਹਾਂ ਨੂੰ – ਡਾ. ਮੇਹਰ ਮਾਣਕ 
Next articleਭੁੱਲੇ ਵਿਸਰੇ ਰਿਵਾਜ