HOME ਕਹੋ ਉਨ੍ਹਾਂ ਨੂੰ – ਡਾ. ਮੇਹਰ ਮਾਣਕ 

ਕਹੋ ਉਨ੍ਹਾਂ ਨੂੰ – ਡਾ. ਮੇਹਰ ਮਾਣਕ 

ਡਾ. ਮੇਹਰ ਮਾਣਕ 
(ਸਮਾਜ ਵੀਕਲੀ)
ਕਹੋ ਉਨ੍ਹਾਂ ਨੂੰ
ਬਾਰੂਦ ਦੀ ਸਪਰੇਅ ਨਾਲ
ਤਿਤਲੀਆਂ ਦੇ ਪਰ ਨਹੀਂ ਉਗਦੇ
ਸਾਹ ਹੁੱਟਦੇ ਧੂੰਏਂ ਵਿੱਚੋਂ
ਗੁਲਾਬ ਦੀਆਂ ਪੱਤੀਆਂ ਦੀ
ਮਹਿਕ
ਦਰਾਂ ਤੇ ਦਸਤਕ ਦੇਣ
ਨਹੀਂ ਆਉਂਦੀ
ਮਿਜ਼ਾਇਲਾਂ ਦੇ ਮਿਰਗਣੀ ਨੈਣ
ਦਰਾਂ ‘ਤੇ ਮੁਹੱਬਤ ਦਾ ਲੋਟਾ ਲੈ
ਸਨੇਹ ਦੀ ਗ਼ਜ਼ਾ ਲਈ ਨਹੀਂ ਆਂਉਂਦੇ
ਉਹ ਦਰ ਘਰ
ਜਿਨ੍ਹਾਂ ਨੂੰ ਬਣਾਉਂਦਿਆਂ ਬਣਾਉਂਦਿਆਂ
ਉਮਰਾਂ ਤਾਂ ਕੀ
ਕਈ ਕਈ ਪੁਸ਼ਤਾਂ ਖਪ ਜਾਂਦੀਆਂ ਨੇ।
ਕਹੋ ਉਨ੍ਹਾਂ ਨੂੰ
ਸਿਰਾਂ  ‘ਤੇ ਚੜ੍ਹ ਆਏ
ਬੰਬਾਂ ਨਾਲ਼ ਲੱਦੇ ਜਹਾਜ਼
ਸ਼ਾਂਤੀ ਦੀ ਛਤਰ ਛਾਇਆ ਹੇਠ
ਬੇਗੁਨਾਹ ਅਤੇ ਮਾਸੂਮਾਂ ਲਈ
ਅਰਾਮਗਾਹ ਨਹੀਂ ਹੁੰਦੇ
ਜਸ਼ਨਾਂ ਦੇ ਸ਼ੋਰ ਵਿੱਚ
ਗੋਲੀਆਂ ਦੀ ਗੂੰਜ
ਗੱਭਰੂਆਂ ਦੀ ਬਰਾਤਾਂ ਦਾ
ਬੈਂਡ ਵਾਜਾ ਨਹੀਂ ਹੁੰਦੀ
ਬਲਦੀਆਂ ਅੱਗਾਂ ‘ਚ
ਜਿਉਂਦੀਆਂ ਜਲਦੀਆਂ ਲਾਸ਼ਾਂ
ਜਿੱਤ ਦਾ ਪਰਚਮ ਨਹੀਂ ਹੁੰਦੀਆਂ
ਹੰਕਾਰ ਦੇ ਮੂੰਹਜ਼ੋਰ  ਫ਼ਤਵੇ
ਕੁਦਰਤ ਦੇ ਅਸੂਲਾਂ ਦਾ
ਫੁਰਮਾਨ ਨਹੀਂ ਹੁੰਦੇ।
ਕਹੋ ਉਨ੍ਹਾਂ ਨੂੰ
ਇਹ ਤੇਜੀ ਨਾਲ਼ ਘੁੰਮਦਾ ਬਹ੍ਰਿਮੰਡ
ਕਦੇ ਕਿਸੇ ਦੀ
ਪ੍ਰਵਾਹ ਨਹੀਂ ਕਰਦਾ
ਇਹ ਜਿੱਤਾਂ ਹਾਰਾਂ
ਸਦੀਵੀ ਨਹੀਂ ਹੁੰਦੀਆਂ
ਬੇਪ੍ਰਵਾਹ ਵਕਤ ਕਦੇ ਵੀ
ਇੱਕੋ ਜਿਹਾ ਨਹੀਂ ਰਹਿੰਦਾ
ਤੇ
ਇਹ ਬਹੁਤੀ ਦੇਰ
ਤਖ਼ਤ ਦੀ
ਜੇਬ ਵਿੱਚ ਨਹੀਂ ਪੈਂਦਾ
ਇਸ ਕਰਕੇ
ਕਹੋ ਉਨ੍ਹਾਂ ਨੂੰ
ਅਕਲ ਨੂੰ ਹੱਥ ਮਾਰਨ
ਬੇਗੁਨਾਹਾਂ ਦੇ ਘਰ ਦਰ ਨਾ ਉਜਾੜਨ
ਉਜਾੜੇ ‘ਚੋ ਉਜਾੜੇ ਹੀ
ਨਿਕਲ਼ਦੇ ਹਨ
ਜਦੋਂ ਪੈਰ ਫਿਸਲਦੇ ਹਨ
ਤਾਂ ਗੱਲ ਬਹੁਤ ਦੂਰ ਤੱਕ ਜਾਂਦੀ ਐ
ਤਵਾਰੀਖ ਤਾਂ ਇਹੋ ਸਮਝਾਂਦੀ ਐ
ਕਹੋ ਉਨ੍ਹਾਂ ਨੂੰ
ਉਹ ਤਵਾਰੀਖ ਨੂੰ ਪੜ੍ਹਨ
ਨਾ ਜੀਵਨ ‘ਤੇ ਅੰਗਿਆਰ ਧਰਨ।
ਕਹੋ ਉਨ੍ਹਾਂ ਨੂੰ
ਜੇ ਲੜਨ ਦਾ
ਇੰਨਾ ਹੀ ਸ਼ੌਕ ਐ
ਆਪਸ ‘ਚ ਨਿੱਬੜ ਲੈਣ
ਪਰ ਉਹ ਅਜਿਹਾ ਨਹੀਂ ਕਰਨਗੇ
ਕਿਉਂਕਿ
ਉਨ੍ਹਾਂ ਨੂੰ ਆਪਣੇ ਘਰ ਦਰ
ਜ਼ਮੀਨ ਜਾਇਦਾਦ
ਧੀ, ਪੁੱਤ, ਪਰਿਵਾਰ
ਨਾਲ ਹੈ ਸਭ ਤੋਂ ਵੱਧ ਪਿਆਰ
ਇਸ ਲਈ ਉਨ੍ਹਾਂ ਨੂੰ
ਆਂਚ ਤੱਕ ਨਹੀਂ ਆਉਂਦੀ
ਜੰਗ ਅਵਾਮ ਲੜਦਾ ਐ
ਤਖ਼ਤ ਵਾਹ ਵਾਹ ਕਰਦਾ ਹੈ
ਅਜਬ ਤਮਾਸ਼ਾ ਚੱਲਦਾ ਹੈ
ਹੁਣ ਵਕਤ ਸੁਨੇਹੇ ਘੱਲਦਾ ਹੈ
ਤਵਾਰੀਖ ਨੂੰ ਉਹ ਪੜ੍ਹਨ
ਨਾ ਜੀਵਨ ‘ਤੇ ਅੰਗਿਆਰ ਧਰਨ
ਕਿਉਂਕਿ
ਘਰ ਦਰ ਬਣਾਉਣ ਵਿੱਚ
ਖਪ ਜਾਂਦੀਆਂ ਨੇ ਬਹੁਤ ਸਾਰੀਆਂ ਪੁਸਤਾਂ।
Previous article   ਸਿਆਸਤ  ਦੇ ਦਾਅ ਪੇਚ
Next articleਫ਼ੁੱਲਾਂ ਦੀ ਖ਼ੁਸ਼ਬੋ ਪੱਤੀਆਂ