HOME ‘ਸੁਪਨਿਆਂ ਦੀ ਉਡਾਣ’

‘ਸੁਪਨਿਆਂ ਦੀ ਉਡਾਣ’

ਹਰਮਨਜੋਤ ਕੌਰ

ਕਹਾਣੀਕਾਰ: ਹਰਮਨਜੋਤ ਕੌਰ

ਪੰਜਾਬੀ ਅਨੁਵਾਦ: ਰਵਿੰਦਰ ਸਿੰਘ ਸੋਢੀ
ਰਵਿੰਦਰ ਸਿੰਘ ਸੋਢੀ

 (ਸਮਾਜ ਵੀਕਲੀ)   ਬਕਸੀ ਪਿੰਡ ਦੀ ਬਸਤੀ, ਹਰ-ਭਰੇ ਖੇਤਾਂ ਅਤੇ ਝੂਲਦੇ ਰੁੱਖਾਂ ਦੇ ਵਿਚਾਲੇ ਵਸਿਆ ਹੋਇਆ ਸੀ, ਜਿਸ ਵਿਚ ਅਜਿਹੇ ਪਰਿਵਾਰ ਰਹਿ ਰਹੇ ਸੀ ਜਿਥੇ ਔਰਤਾਂ ਅਜੇ ਵੀ ਮਰਦ ਪ੍ਰਧਾਨ ਸਮਾਜ ਦੀਆਂ ਬੇੜੀਆਂ ਦੇ ਭਾਰ ਵਿਚ ਬੱਝੀਆਂ ਹੋਈਆਂ ਸੀ। ਇਸ ਪਿੰਡ ਦੀਆਂ ਗਲੀਆਂ ਮਿੱਟੀ-ਘੱਟੇ ਨਾਲ ਭਰੀਆਂ, ਗਾਰੇ ਨਾਲ ਚਿਣੀਆਂ ਇੱਟਾਂ ਦੇ ਆਮ ਜਿਹੇ ਘਰਾਂ ਵਿਚ ਰਹਿਣ ਵਾਲੇ ਲੋਕ ਸਦੀਆਂ ਪੁਰਾਣੇ ਔਰਤ-ਮਰਦ ਦੇ ਭੇਦ-ਭਾਵ ਵਾਲੇ ਜਾਲ ਵਿਚ ਜਕੜੇ ਹੋਏ ਸੀ। ਸਵੇਰ ਦਾ ਸੂਰਜ ਜਦੋਂ ਸੋਨ ਰੰਗੀਆਂ ਕਿਰਨਾਂ ਬਿਖੇਰਦਾ ਤਾਂ ਪਿੰਡ ਪੰਛੀਆਂ ਦੇ ਚਹਿ ਚਹਾਉਣਾ ਅਤੇ ਉਥੇ ਰਹਿਣ ਵਾਲਿਆਂ ਦੀਆਂ ਅਵਾਜ਼ਾਂ ਨਾਲ ਜ਼ਿੰਦਗੀ ਨਾਲ ਧੜਕਣ ਲੱਗ ਜਾਂਦਾ. ਆਦਮੀ ਖੇਤਾਂ ਵਿਚ ਜਾ ਕੇ ਪਸੂਆਂ ਅਤੇ ਫਸਲਾਂ ਦੀ ਦੇਖਭਾਲ ਕਰਦੇ ਅਤੇ ਔਰਤਾਂ ਆਪਣੇ ਘਰਾਂ ਦੀ ਚਾਰਦਿਵਾਰੀ ਵਿਚ ਹੀ ਘਰ ਦੇ ਨਾ ਖਤਮ ਹੋਣ ਵਾਲੇ ਕੰਮਾਂ ਵਿਚ ਰੁਝ ਜਾਂਦੀਆਂ। ਕਦੇ ਰੋਟੀ ਬਣਾਉਣੀ, ਪਾਣੀ ਲੈ ਕੇ ਆਉਣਾ, ਪਰ ਮਰਦ ਬਾਹਰਲੀ ਦੁਨੀਆਂ ਦੀ ਅਜ਼ਾਦੀ ਦਾ ਆਨੰਦ ਮਾਣਦੇ।

ਪਿੰਡ ਵਿਚ ਮਾਲਤੀ ਨਾਂ ਦੀ ਬੱਚੀ ਦੇ ਪੈਦਾ ਹੋਣ ਨਾਲ ਇਕ ਆਸ ਦੀ ਕਿਰਨ ਪੈਦਾ ਹੋਈ ਕਿ ਜਿਵੇਂ ਉਹ ਆਪਣੇ ਨਾਲ ਉਹਨਾਂ ਸਾਰੀਆਂ ਔਰਤਾਂ ਦੀ ਰੂਹ ਲੈ ਕੇ ਆਈ ਹੋਵੇ ਜੋ ਉਸ ਤੋਂ ਪਹਿਲਾਂ ਬਰਾਬਰੀ ਲਈ ਆਵਾਜ਼ ਬੁਲੰਦ ਕਰਦੀਆਂ ਰਹੀਆਂ ਸੀ। ਉਸਦੀ ਮਾਂ, ਮਾਲਵਿਕਾ ਨੂੰ ਇਹ ਮਹਿਸੂਸ ਹੋਇਆ ਜਿਵੇਂ ਇਹ ਬੱਚੀ ਵਿਚ ਉਹਨਾਂ ਦੇ ਸਮਾਜ ‘ਚ ਫੈਲੇ ਭਿੰਨ-ਭੇਦ ਨੂੰ ਖਤਮ ਕਰਨ ਦੀ ਹਿੰਮਤ ਹੋਵੇਗੀ। ਉਸ ਨੇ ਸਮਾਜ ਦੇ ਰਸਮਾਂ-ਰਿਵਾਜ਼ਾਂ ਦੀ ਪ੍ਰਵਾਹ ਨਾ ਕਰਦੇ ਹੋਏ ਅਤੇ ਮਰਦਾਂ ਦੇ ਸਰਦਾਰੀ ਵਾਲੇ ਦਸਤੂਰ ਦੇ ਵਿਰੁੱਧ ਜਾਂਦੇ ਹੋਏ, ਮਾਲਤੀ ਦੀ ਪਾਲਣਾ ਇਕ ਮੁੰਡੇ ਦੇ ਤੌਰ ‘ਤੇ ਕਰਨ ਦਾ ਫ਼ੈਸਲਾ ਕਰ ਲਿਆ। ਉਸਦਾ ਵਿਸ਼ਵਾਸ ਸੀ ਕਿ ਹਰ ਬੱਚਾ, ਭਾਵੇਂ ਉਹ ਮੁੰਡਾ ਹੋਵੇ ਜਾਂ ਕੁੜੀ, ਸਭ ਨੂੰ ਬਰਾਬਰ ਦੇ ਹੱਕ ਅਤੇ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ। ਮਾਲਤੀ ਦੇ ਪਿਉ ਸੁਪ੍ਰਭਾਤ ਦੀ ਇੱਛਾ ਸੀ ਕਿ ਉਹਨਾਂ ਦੇ ਘਰ ਮੁੰਡੇ ਦਾ ਜਨਮ ਹੋਵੇ, ਜੋ ਆਪਣੇ ਪਰਿਵਾਰ ਦੇ ਰਿਵਾਜ਼ਾਂ ਅਤੇ ਬਰਾਦਰੀ ਦੇ ਕਇਦੇ ਕਾਨੂੰਨਾਂ ਨੂੰ ਅੱਗੇ ਵਧਾ ਸਕੇ. ਪਿੰਡ ਦੇ ਬਾਕੀ ਲੋਕਾਂ ਵਰਗੀ ਹੀ ਉਸਦੀ ਸੋਚ ਸੀ ਕਿ ਘਰ ਵਿਚ ਮੁੰਡੇ ਦਾ ਪੈਦਾ ਹੋਣਾ ਇਕ ਨਿਆਮਤ ਹੈ, ਮਾਣ ਵਾਲੀ ਗੱਲ ਹੈ ਅਤੇ ਕੁਲ ਨੂੰ ਅੱਗੇ ਤੋਰਨਾ ਹੈ। ਉਹ ਦੁਖੀ ਅਤੇ ਨਿਰਾਸ਼ ਸੀ ਕਿ ਉਸ ਦੀ ਘਰਵਾਲੀ ਨੇ ਮੁੰਡਾ ਕਿਉਂ ਨਹੀਂ ਜੰਮਿਆ। ਸਮਾਜਿਕ ਜਿੰਮੇਵਾਰੀਆਂ ਦਾ ਬੋਝ ਉਸ ‘ਤੇ ਵੱਧ ਰਿਹਾ ਸੀ, ਇਸ ਲਈ ਉਸਨੇ ਆਪਣੀ ਪਤਨੀ ਦੀ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ।
ਮਾਲਤੀ ਦੀ ਕਹਾਣੀ ਨੇ ਉਸ ਸਮੇਂ ਇਕ ਭੈੜਾ ਮੋੜ ਕੱਟਿਆ, ਜਦੋਂ ਉਸਦੀ ਮਾਂ ਨੇ ਮੁੰਡੇ ਨੂੰ ਜਨਮ ਦਿੱਤਾ। ਉਸਦਾ ਨਾਂ ਅਭਿਨਵ ਰੱਖਿਆ ਗਿਆ। ਮੁੰਡੇ ਦੇ ਜਨਮ ਨੇ ਘਰ ਵਿਚ ਖੁਸ਼ੀਆਂ ਦਾ ਮਾਹੌਲ ਪੈਦਾ ਕਰ ਦਿੱਤਾ, ਜਿਥੇ ਬਹੁਤ ਸਾਲਾਂ ਤੋਂ ਉਦਾਸੀ ਦਾ ਮਾਹੌਲ ਸੀ। ਹੌਲੀ-ਹੌਲੀ ਮਾਲਤੀ ਦੇ ਪਿਤਾ ਅਤੇ ਮਾਂ ਦਾ ਸਾਰਾ ਧਿਆਨ ਅਤੇ ਪਿਆਰ ਅਭਿਨਵ ਵੱਲ ਹੋ ਗਿਆ। ਜਦੋਂ ਮਾਲਤੀ ਵੱਡੀ ਹੋਈ ਤਾਂ ਉਸ ਨੇ ਮਹਿਸੂਸ ਕੀਤਾ ਕਿ ਉਸਦੇ ਮਾਂ-ਪਿਉ ਦਾ ਵਤੀਰਾ ਉਸ ਪ੍ਤੀ ਅਤੇ ਉਸਦੇ ਭਰਾ ਪ੍ਤੀ ਬਿਲਕੁਲ ਉਲਟ ਸੀ। ਅਭਿਨਵ ਨੂੂੰ ਹਰ ਸਹੂਲਤ ਦਿੱਤੀ ਜਾਂਦੀ, ਉਸਦੀ ਵੱਡਿਆਈ ਦੇ ਨਾਲ-ਨਾਲ ਉਸ ਨੂੰ ਹੱਲਾ ਸ਼ੇਰੀ ਵੀ ਦਿੱਤੀ ਜਾਂਦੀ, ਜਦੋਂ ਕਿ ਮਾਲਤੀ ਨੂੰ ਪਾਸੇ ਹੀ ਰੱਖਿਆ ਜਾਂਦਾ। ਉਸ ਦੀਆਂ ਉਮੀਦਾਂ ਨੂੰ ਢਹਿ-ਢੇਰੀ ਕੀਤਾ ਜਾਂਦਾ, ਉਸ ਦੀਆਂ ਪ੍ਰਾਪਤੀਆਂ ਨੂੰ ਨਜ਼ਰ ਅੰਦਾਜ਼ ਕੀਤਾ ਜਾਂਦਾ ਅਤੇ ਜਿਵੇਂ ਆਪਣੇ ਘਰ ਵਿਚ ਹੀ ਉਸਦੀ ਕੋਈ ਹੋਂਦ ਨਹੀਂ ਸੀ। ਮਾਲਤੀ ਦੇ ਮਾਪਿਆਂ ਵੱਲੋਂ ਕੀਤੇ ਅਜਿਹੇ ਭਿੰਨ ਭੇਦ ਅਤੇ ਅਣਗਹਿਲੀ ਨਾਲ ਮਾਲਤੀ ਦੇ ਦਿਲ ਤੇ ਡੂੰਘਾ ਅਸਰ ਪਿਆ। ਇਹ ਲੱਗਦਾ ਸੀ ਜਿਵੇਂ ਉਸ ਦੀਆਂ ਆਸਾਂ ਅਤੇ ਉਮੀਦਾਂ ਦੀ ਕੋਈ ਅਹਿਮੀਅਤ ਹੀ ਨਹੀਂ ਸੀ ਕਿਉਂ ਕਿ ਉਹ ਕੁੜੀ ਸੀ। ਉਹ ਆਪਣੇ ਮਾਤਾ-ਪਿਤਾ ਦਾ ਪਿਆਰ ਚਾਹੁੰਦੀ ਸੀ, ਪਰ ਉਸ ਨੂੰ ਲਗਾਤਾਰ ਨਜ਼ਰ ਅੰਦਾਜ਼ ਹੀ ਕੀਤਾ ਜਾਂਦਾ। ਆਪਣੀ ਇੱਕਲਤਾ ਤੋਂ ਹੀ ਉਸ ਨੇ ਆਪਣੇ ਅੰਦਰਲੀ ਤਾਕਤ ਨੂੰ ਪਹਿਚਾਣਿਆ ਅਤੇ ਆਪਣੇ ‘ਤੇ ਲਾਈਆਂ ਰੋਕਾਂ ਨੂੰ ਦੂਰ ਕਰਕੇ ਆਪਣੀ ਸੋਚ ਅਨੁਸਾਰ ਜ਼ਿੰਦਗੀ ਜਿਉਣ ਦਾ ਫ਼ੈਸਲਾ ਕੀਤਾ। ਉਸ ਨੇ ਆਪਣੀ ਇੱਕਲਤਾ ਤੋਂ ਲਾਚਾਰ ਹੋ ਕੇ, ਪੜਨ ਪ੍ਤੀ ਇੱਛਾ ਹੋਣ ਕਰਕੇ, ਹੌਸਲਾ ਕੀਤਾ ਅਤੇ ਆਪਣੇ ਪਿਤਾ ਨਾਲ ਗੱਲ ਕਰਨ ਦੀ ਸੋਚੀ ਕਿ ਜਿਵੇਂ ਉਸਦਾ ਭਰਾ ਪੜਦਾ ਹੈ, ਉਹ ਵੀ ਪੜ੍ਹਨਾ ਚਾਹੁੰਦੀ ਹੈ। ਉਹ ਇਹ ਸਮਝਦੀ ਸੀ ਕਿ ਪੜ੍ਹਾਈ ਸਿਰਫ ਮੁੰਡਿਆਂ ਲਈ ਹੀ ਜਰੂਰੀ ਨਹੀਂ, ਇਹ ਸਾਰੇ ਬੱਚਿਆਂ ਦਾ ਹੱਕ ਹੈ ਕਿ ਬਿਨਾਂ ਮੁੰਡੇ- ਕੁੜੀ ਦਾ ਫਰਕ ਕੀਤਿਆਂ ਸਾਰਿਆਂ ਨੂੰ ਪੜ੍ਹਨ ਦਾ ਮੌਕਾ ਮਿਲਣਾ ਚਾਹੀਦਾ ਹੈ।
ਜਦੋਂ ਇਕ ਦਿਨ ਮਾਲਤੀ ਨੇ ਦੇਖਿਆ ਕਿ ਉਸਦਾ ਪਿਤਾ ਸਾਂਤ ਜਿਹਾ ਬੈਠਾ ਸੀ ਤਾਂ ਉਹ ਆਪਣੀ ਪੂਰੀ ਹਿੰਮਤ ਕਰਕੇ ਪਿਤਾ ਕੋਲ ਗਈ ਅਤੇ ਬੜੇ ਅਰਾਮ ਨਾਲ ਗੱਲ ਕੀਤੀ। ਮਾਲਤੀ ਨੇ ਆਪਣੇ ਦਿਲ ਦੀ ਗੱਲ ਸਾਂਝੀ ਕਰਦੇ ਕਿਹਾ ਕਿ ਜਿਵੇੰ ਉਸਦਾ ਭਰਾ ਪੜ੍ਹਦਾ ਹੈ ਉਸਦੀ ਵੀ ਇਹ ਰੀਝ ਹੈ ਕਿ ਉਹ ਵੀ ਪੜ੍ਹੇ। ਉਸਦੇ ਪਿਤਾ ਨੂੰ ਪਹਿਲਾਂ ਤਾਂ ਯਕੀਨ ਹੀ ਨਾ ਹੋਇਆ ਕਿ ਮਾਲਤੀ ਕੀ ਕਹਿ ਰਹੀ ਹੈ। ਉਸਦੇ ਦਿਮਾਗ ਵਿਚ ਤਾਂ ਪੁਰਾਣੀ ਗੱਲ ਹੀ ਬੈਠੀ ਹੋਈ ਸੀ ਕਿ ਕੁੜੀਆਂ ਲਈ ਪੜ੍ਹਾਈ ਦੀ ਕੋਈ ਜਰੂਰਤ ਨਹੀਂ। ਉਸ ਨੇ ਤਾਂ ਇਸ ਗੱਲ ‘ਤੇ ਜੋਰ ਦਿੱਤਾ ਕਿ ਕੁੜੀਆਂ ਨੂੰ ਤਾਂ ਵਿਆਹ ਕਰਵਾ ਕੇ ਪਰਿਵਾਰਕ ਜਿੰਮੇਵਾਰੀਆਂ ਸਾਂਭਣ ਨੂੰ ਤਿਆਰ ਰਹਿਣਾ ਚਾਹੀਦਾ ਹੈ।
ਇਕ ਰਾਤ ਜਦੋਂ ਮਾਲਤੀ ਚੁੱਪਚਾਪ ਆਪਣੇ ਭਰਾ ਦੀਆਂ ਕਿਤਾਬਾਂ ਪੜ੍ਹ ਰਹੀ ਸੀ, ਤਾਂ ਉਸਦੀ ਮਾਂ ਰੌਸ਼ਨੀ ਕਰਕੇ ਜਾਗ ਪਈ ਅਤੇ ਮਾਲਤੀ ਦੇ ਚੋਰੀ ਛੁਪੇ ਪੜ੍ਹਨ ਦਾ ਪਤਾ ਲੱਗਿਆ। ਮਾਲਤੀ ਨੂੰ ਝਿੜਕਨ ਦੀ ਬਜਾਏ, ਉਸਦੀ ਮਾਂ ਦਾ ਸਿਨਾ ਖੁਸ਼ੀ ਵਿਚ ਫੁਲ ਗਿਆ ਕਿ ਉਸਦੀ ਧੀ ਦੇ ਦਿਲ ਵਿਚ ਪੜ੍ਹਨ ਦੀ ਕਿੰਨੀ ਲਗਨ ਹੈ ਅਤੇ ਉਸ ਨੂੰ ਪੜ੍ਹਾਈ ਤੋਂ ਦੂਰ ਰੱਖਣਾ ਨਾ ਇਨਸਾਫੀ ਹੈ। ਉਸ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਮਾਲਤੀ ਦੇ ਦਿਲ ਵਿਚ ਅਜਿਹੀ ਇੱਛਾ ਕੁਦਰਤੀ ਹੀ ਹੈ। ਮਾਲਤੀ ਦੀ ਮਾਂ ਨੇ ਉਸਦੀ ਇਸ ਲੁਕੀ ਇੱਛਾ ਦੀ ਹਮਾਇਤ ਕਰਨੀ ਸ਼ੁਰੂ ਕਰ ਦਿੱਤੀ। ਆਪਣੇ ਗਵਾਂਢੀਆਂ ਦੇ ਬੱਚਿਆਂ ਦੀਆਂ ਕਿਤਾਬਾਂ ਲੈ ਕੇ ਮਾਲਤੀ ਅਲੱਗ-ਅਲੱਗ ਵਿਸ਼ਿਆਂ ਦੀ ਜਾਣਕਾਰੀ ਲੈਂਦੀ ਰਹੀ ਅਤੇ ਆਪਣੇ ਗਿਆਨ ਵਿਚ ਵਾਧਾ ਕਰਦੀ ਰਹੀ। ਜਿਵੇਂ-ਜਿਵੇਂ ਮਾਲਤੀ ਲੁਕ-ਛਿਪ ਕੇ ਪੜ੍ਹਦੀ ਗਈ, ਉਸ ਦੀ ਯੋਗਤਾ ਵੀ ਨਿਖਰਣ ਲੱਗੀ।
ਇਕ ਦਿਨ ਜਦੋਂ ਉਹ ਆਪਣੇ ਪਿਤਾ ਦੀ ਰੋਟੀ ਦੇ ਕੇ ਖੇਤਾਂ ਤੋਂ ਵਾਪਿਸ ਆ ਰਹੀ ਸੀ, ਮਾਲਤੀ ਪਿੰਡ ਦੇ ਸਕੂਲ ਕੋਲ ਖੜ ਗਈ । ਉਸ ਨੂੰ ਬੱਚਿਆਂ ਦੇ ਪੜ੍ਹਨ ਦੀਆਂ ਆਵਾਜ਼ਾਂ ਆ ਰਹੀਆਂ ਸੀ। ਉਸਦਾ ਦਿਲ ਕੀਤਾ ਕਿ ਉਹ ਵੀ ਕਲਾਸ ਵਿਚ ਜਾ ਕੇ ਦੇਖੇ। ਜਮਾਤ ਵਿਚ ਅਧਿਆਪਕ ਨੇ ਹਿਸਾਬ ਦਾ ਇਕ ਮੁਸ਼ਕਿਲ ਸਵਾਲ ਪੁੱਛ ਲਿਆ, ਜਿਸ ਨਾਲ ਬੱਚੇ ਉਲਝਣ ਵਿਚ ਪੈ ਗਏ। ਮਾਲਤੀ ਨੇ ਉਸ ਸਵਾਲ ਨੂੰ ਕਾਗਜ ‘ਤੇ ਹਲ ਕਰਨ ਦੀ ਥਾਂ ਸਿੱਧਾ ਹੀ ਬੜੇ ਆਤਮ ਵਿਸ਼ਵਾਸ ਨਾਲ ਸਹੀ ਜਵਾਬ ਦੇ ਦਿੱਤਾ। ਅਧਿਆਪਕ ਉਸ ਕੁੜੀ ਦੇ ਜਲਦੀ ਜੁਆਬ ਦੇਣ ਕਾਰਨ ਅਤੇ ਹਿਸਾਬ ਤੇ ਉਸਦੀ ਅਜਿਹੀ ਅਸਾਧਾਰਣ ਕਾਬਲੀਅਤ ਦੇਖ ਕੇ ਦੰਗ ਰਹਿ ਗਿਆ। ਉਹ ਮਾਲਤੀ ਨੂੰ ਸਕੂਲ ਦੇ ਮੁੱਖ ਅਧਿਆਪਕ ਕੋਲ ਲੈ ਗਿਆ। ਮਾਲਤੀ ਨੇ ਮੁੱਖ ਅਧਿਆਪਕ ਨੂੰ ਦੱਸਿਆ ਕਿ ਕਿਵੇਂ ਉਸਦੇ ਪਿਤਾ ਦੇ ਨਾਂਹ ਕਰਨ ‘ਤੇ ਉਸਦੇ ਪੜ੍ਹਨ ਦੀ ਇੱਛਾ ਅਤੇ ਸੁਪਨਿਆਂ ਨੂੰ ਪੂਰੀ ਕਰਨ ਦੀ ਚਾਹਤ ਪੂਰੀ ਨਾ ਹੋ ਸਕੀ। ਮਾਲਤੀ ਨੇ ਇਹ ਵੀ ਦੱਸਿਆ ਕਿ ਸਮਾਜ ਦੀਆਂ ਕਦਰਾਂ -ਕੀਮਤਾਂ ਦੇ ਭਾਰ ਅਤੇ ਜਿਸ ਤਰਾਂ ਦੇ ਭਿੰਨ-ਭੇਦ ਦਾ ਉਸ ਨੂੰ ਸਾਹਮਣਾ ਕਰਨਾ ਪਿਆ ਹੈ, ਉਸ ਨਾਲ ਉਸ ਦੇ ਆਤਮ-ਸਨਮਾਨ ਅਤੇ ਉਸਦੀ ਆਪਣੀ ਪਹਿਚਾਣ ‘ਤੇ ਅਸਰ ਪਿਆ। ਮਾਲਤੀ ਦੇ ਇਹਨਾਂ ਸ਼ਬਦਾਂ ਨੇ ਉਸ ਨੂੰ ਪੇਸ਼ ਆਈਆਂ ਮੁਸੀਬਤਾਂ ਦੀ ਸਾਰੀ ਤਸਵੀਰ ਉਘਾੜ ਕੇ ਰੱਖ ਦਿੱਤੀ ਜੋ-ਜੋ ਉਸ ਨੂੰ ਪੜ੍ਹਨ ਲਈ ਝੇਲਨੀਆਂ ਪਈਆਂ। ਉਸ ਨੇ ਦੱਸਿਆ ਕਿ ਉਹ ਕਿਵੇਂ ਦੇਰ ਰਾਤ ਤੱਕ ਜਾਗ ਕੇ ਪੜ੍ਹਦੀ ਰਹੀ, ਆਪਣੇ ਗਵਾਂਢੀਆਂ ਤੋਂ ਕਿਤਾਬਾਂ ਲੈਂਦੀ ਸੀ ਅਤੇ ਕਿਵੇਂ ਉਸਦੀ ਮਾਂ ਨੇ ਉਸਦੀ ਗਿਆਨ ਪ੍ਰਾਪਤੀ ਦੀ ਇੱਛਾ ਪੂਰੀ ਕਰਨ ਵਿਚ ਜੋ ਸਹਾਇਤਾ ਕੀਤੀ, ਉਹ ਬਹੁਤ ਹੀ ਮਹੱਤਵਪੂਰਨ ਸੀ। ਮਾਲਤੀ ਨੇ ਆਪਣੇ ਦਿਲ ਵਿਚ ਲੁਕੀ ਹੋਈ ਇਹ ਇੱਛਾ ਜਾਹਿਰ ਕੀਤੀ ਕਿ ਉਹ ਮੁੰਡੇ-ਕੁੜੀ ਦੇ ਫਰਕ ਨੂੰ ਦੂਰ ਕਰਨਾ ਚਾਹੁੰਦੀ ਹੈ ਅਤੇ ਬਿਨਾਂ ਕਿਸੇ ਡਰ ਤੋਂ ਅਤੇ ਆਪਣੀ ਮਰਜੀ ਮੁਤਾਬਿਕ ਪੜ੍ਹਨਾ ਚਾਹੁੰਦੀ ਹੈ।
ਮਾਲਤੀ ਦੀ ਗੱਲ ਧਿਆਨ ਨਾਲ ਸੁਣ ਕੇ ਅਧਿਆਪਕ ਦਾ ਮਨ ਪਸੀਜ ਗਿਆ. ਉਹ ਮਾਲਤੀ ਦੀਆਂ ਗੱਲਾਂ ਤੋਂ ਉਸ ਅੰਦਰ ਲੁਕੀ ਸ਼ਕਤੀ ਅਤੇ ਦ੍ਰਿੜਤਾ ਨੁੰ ਪਹਿਚਾਣ ਗਿਆ ਅਤੇ ਉਸ ਦੇ ਰਾਹ ਵਿਚ ਆਈਆਂ ਰੁਕਾਵਟਾਂ ਨੁੰ ਵੀ. ਉਸ ਨੇ ਮਾਲਤੀ ਦੀ ਪੜ੍ਹਾਈ ਲਈ ਕਿਤੀ ਜਾ ਰਹੀ ਕਸ਼ਮਕਸ਼ ਨਾਲ ਹਮਦਰਦੀ ਦਿਖਾਈ ਅਤੇ ਉਸ ਨੁੰ ਪੜ੍ਹਾਈ ਵਾਲਾ ਮਾਹੌਲ ਪ੍ਰਦਾਨ ਕਰਨ ਦੀ ਜ਼ਰੂਰਤ ਨੁੰ ਵੀ ਸਮਝਿਆ. ਉਸ ਨੁੰ ਇਹ ਵੀ ਮਹਿਸੂਸ ਹੋਇਆ ਕਿ ਮਾਲਤੀ ਲਈ ਪੜ੍ਹਾਈ ਦੀ ਲੋੜ ਸਿਰਫ ਉਸ ਦੇ ਆਪਣੇ ਲਈ ਹੀ ਨਹੀਂ ਸਗੋਂ ਸਮਾਜ ਦੇ ਚੁਣੌਤੀਪੂਰਨ ਹਾਲਾਤ ਅਤੇ ਉਹਨਾਂ ਦੀ ਬਰਾਦਰੀ ਵਿਚ ਬਰਾਬਰੀ ਦੀ ਭਾਵਨਾ ਪੈਦਾ ਕਰਨ ਲਈ ਵੀ ਹੈ.
ਦੂਸਰੇ ਦਿਨ ਸਕੂਲ ਦਾ ਮੁੱਖ ਅਧਿਆਪਕ ਆਪ ਮਾਲਤੀ ਦੇ ਘਰ ਸੁਪ੍ਰਭਾਤ ਨੂੰ ਮਿਲਨ ਆਇਆ ਤਾਂ ਜੋ ਉਹ ਮਾਲਤੀ ਨੂੰ ਸਕੂਲ ਭੇਜੇ, ਪਰ ਉਸ ਨੇ ਸਾਫ ਮਨਾ ਕਰ ਦਿੱਤਾ। ਮੁੱਖ ਅਧਿਆਪਕ ਨੇ ਮਾਲਤੀ ਦੇ ਪਿਤਾ ਦੇ ਸਾਰੇ ਸ਼ਕ ਅਤੇ ਡਰ ਦੂਰ ਕੀਤੇ ਅਤੇ ਯਕੀਨ ਦਵਾਇਆ ਕਿ ਮਾਲਤੀ ਦੇ ਸਕੂਲ ਜਾਣ ਨਾਲ ਉਹਨਾਂ ਦੇ ਪਰਿਵਾਰ ਦੀ ਇਜ਼ਤ ਜਾਂ ਸ਼ਾਨ ‘ਤੇ ਕੋਈ ਆਂਚ ਨਹੀਂ ਆਏਗੀ। ਉਸ ਨੇ ਕਈ ਔਰਤਾਂ ਦੀਆਂ ਉਦਾਹਰਨਾਂ ਦਿੱਤੀਆਂ ਜਿਨ੍ਹਾਂ ਨੇ ਸਮਾਜ ਦੇ ਕਾਨੂੰਨਾਂ ਦੀਆਂ ਰੋਕਾਂ ਤੋੜ ਕੇ ਪੜ੍ਹਾਈ ਕਰਕੇ ਉੱਚੇ ਰੁਤਬੇ ਪ੍ਰਾਪਤ ਕੀਤੇ। ਉਸ ਨੇ ਇਹ ਵੀ ਸਮਝਾਇਆ ਕਿ ਮਾਲਤੀ ਪੜ੍ਹ-ਲਿਖ ਕੇ ਭਵਿੱਖ ਵਿਚ ਪਰਿਵਾਰ ਦੀ ਭਲਾਈ ਲਈ ਵੀ ਬਹੁਤ ਕੁਝ ਕਰ ਸਕਦੀ ਹੈ ਅਤੇ ਆਉਣ ਵਾਲੀਆਂ ਪੀੜੀਆਂ ਲਈ ਵੀ ਪ੍ਰੇਰਨਾ ਬਣ ਸਕਦੀ ਹੈ। ਸੁਪ੍ਰਭਾਤ ਦਾ ਕਹਿਣਾ ਸੀ ਕਿ ਪੜ੍ਹਨ ਦਾ ਹੱਕ ਸਿਰਫ ਮੁੰਡਿਆਂ ਦਾ ਹੀ ਹੈ। ਜੇ ਤੁਸੀਂ ਮੁਫ਼ਤ ਪੜ੍ਹਾਈ ਕਰਵਾਉਣੀ ਹੈ ਤਾਂ ਉਸਦੇ ਮੁੰਡੇ ਨੂੰ ਕਰਵਾਉ ਤਾਂ ਜੋ ਉਹ ਜ਼ਿੰਦਗੀ ਵਿਚ ਸਫਲ ਹੋ ਸਕੇ। ਮੁੱਖ ਅਧਿਆਪਕ ਸਮਝ ਗਿਆ ਕਿ ਪੇਂਡੂਆਂ ਦੇ ਦਿਮਾਗ ਵਿਚੋਂ ਕੁੜੀ-ਮੁੰਡੇ ਦੇ ਫਰਕ ਨੂੰ ਕੱਢਣਾ ਮੁਸ਼ਕਿਲ ਹੈ। ਉਸਨੇ ਦੇਖ ਲਿਆ ਕਿ ਸੁਪ੍ਰਭਾਤ ਦੇ ਦਿਲ ਵਿਚ ਆਪਣੇ ਮੁੰਡੇ ਪ੍ਤੀ ਬਹੁਤ ਪਿਆਰ ਹੈ। ਮੁੱਖ ਅਧਿਆਪਕ ਨੇ ਇਕ ਕਹਾਣੀ ਘੜ ਲਈ ਜੋ ਮਾਲਤੀ ਦੇ ਪਿਤਾ ਨੂੰ ਜਚ ਗਈ ਕਿਉਂ ਕਿ ਉਹ ਸੁਪ੍ਰਭਾਤ ਦੀਆਂ ਆਸਾਂ ਅਨੁਸਾਰ ਅਤੇ ਉਸਦੇ ਪੁੱਤਰ ਦੇ ਸੁਪਨਿਆਂ ਅਨੁਸਾਰ ਸੀ। ਉਸਨੇ ਇਸ ਗੱਲ ‘ਤੇ ਜੋਰ ਦਿੱਤਾ ਕਿ ਮਾਲਤੀ ਦੀ ਪੜ੍ਹਾਈ ਨਾਲ ਉਹ ਨਾ ਸਿਰਫ ਆਪਣਾ ਭਵਿੱਖ ਤਹਿ ਕਰ ਸਕੇਗੀ ਬਲਕਿ ਆਪਣੇ ਭਰਾ ਦਾ ਧਿਆਨ ਵੀ ਰੱਖ ਸਕੇਗੀ ਅਤੇ ਪਰਿਵਾਰ ਦੇ ਹਾਲਾਤ ਵੀ ਸੁਧਾਰ ਸਕੇਗੀ। ਮਾਲਤੀ ਦਾ ਪਿਤਾ, ਗੁਪਤਾ ਸਾਹਿਬ ਦੀਆਂ ਗੱਲਾਂ ਬੜੇ ਧਿਆਨ ਨਾਲ ਸੁਣ ਰਿਹਾ ਸੀ. ਉਹ ਆਪਣੇ ਪੁੱਤਰ ਦੀ ਭਲਾਈ ਦੀ ਗੱਲ ਸੁਣ ਕੇ ਉਸ ਵੱਲੇਂ ਪਹਿਲਾਂ ਕੀਤੀ ਨਾਂਹ-ਨੁੱਕਰ ਨੂੰ ਠਲ੍ਹ ਜਿਹੀ ਪਈ। ਅਰਾਮਦਾਇਕ ਜ਼ਿੰਦਗੀ ਦੀ ਆਸ, ਪੈਸੇ-ਧੇਲੇ ਦੇ ਫਿਕਰਾਂ ਤੋਂ ਛੁਟਕਾਰੇ ਨੇ ਉਸਦੇ ਅੰਦਰ ਆਸ ਦੀ ਇਕ ਕਿਰਨ ਜਗਾ ਦਿੱਤੀ। ਉਸ ਸਮੇਂ ਮਾਲਤੀ ਦੇ ਪਿਉ ਨੇ ਸਮਾਜਿਕ ਬੰਧਨਾ ਨੂੰ ਦਰ ਕਿਨਾਰ ਕਰਦੇ ਹੋਏ ਮਹਿਸੂਸ ਕੀਤਾ ਕਿ ਉਸਦੀ ਧੀ ਦੀ ਪੜ੍ਹਾਈ ਸਿਰਫ ਉਸਦਾ ਹੀ ਫਾਇਦਾ ਨਹੀਂ ਕਰੇਗੀ ਬਲਕਿ ਸਾਰੇ ਪਰਿਵਾਰ ਦੇ ਹਾਲਾਤ ਨੂੰ ਸੁਧਾਰਨ ਦਾ ਰਸਤਾ ਖੋਲ੍ਹ ਦਏਗੀ। ਇਸ ਢੰਗ ਨਾਲ ਮੁੱਖ ਅਧਿਆਪਕ ਨੇ ਮੁੰਡੇ-ਕੁੜੀ ਦੇ ਫਰਕ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਮਾਲਤੀ ਦੀ ਪੜ੍ਹਾਈ ਦਾ ਰਾਹ ਖੋਲਿਆ, ਜਿਸ ਨਾਲ ਪਿੰਡ ਵਾਲਿਆਂ ਦੀ ਸੋਚ ਵਿਚ ਵੀ ਹਾਂ-ਪੱਖੀ ਬਦਲਾਵ ਆਇਆ।
ਮਾਲਤੀ ਨੇ ਬੜੇ ਉਤਸ਼ਾਹ ਅਤੇ ਲਗਨ ਨਾਲ ਸਕੂਲ ਜਾਣਾ ਸ਼ੁਰੂ ਕੀਤਾ ਅਤੇ ਇਸ ਨਾਲ ਪਿੰਡ ਦੀਆਂ ਹੋਰ ਕੁੜੀਆਂ ਨੇ ਵੀ ਮੁੰਡੇ-ਕੁੜੀ ਦੇ ਆਪਸੀ ਫਰਕ ਤੋਂ ਅੱਗੇ ਦੇਖਣ ਦੇ ਸੁਪਨੇ ਲੈਣੇ ਸ਼ੁਰੂ ਕੀਤੇ। ਪਿੰਡ ਦੀਆਂ ਬਹੁਤੀਆਂ ਕੁੜੀਆਂ ਸਕੂਲ ਜਾਣ ਲੱਗੀਆਂ। ਜਿਵੇਂ-ਜਿਵੇੰ ਪੜ੍ਹਾਈ ਕਰਕੇ ਮਾਲਤੀ ਦੀ ਚਰਚਾ ਹੋਣ ਲੱਗੀ, ਉਸ ਨੂੰ ਪਤਾ ਲੱਗਦਾ ਗਿਆ ਕਿ ਗਿਆਨ ਪ੍ਰਾਪਤ ਕਰਨ ਨਾਲ ਹੀ ਬਦਲਾਓ ਆ ਸਕਦਾ ਹੈ। ਪਿੰਡ ਦੀਆਂ ਔਰਤਾਂ ਦੇ ਹਾਲਾਤ ਦੇਖ ਕੇ ਮਾਲਤੀ ਦੇ ਦਿਲ ਵਿਚ ਆਇਆ ਕਿ ਜਮਾਤ ਤੋਂ ਬਾਹਰ ਵੀ ਪੜ੍ਹਾਈ ਨੂੰ ਲੈ ਕੇ ਜਾਣਾ ਚਾਹੀਦਾ ਹੈ। ਉਸ ਨੇ ਪੱਕੇ ਇਰਾਦੇ ਅਤੇ ਹੌਂਸਲੇ ਨਾਲ ਪਿੰਡ ਦੀਆਂ ਬਿਬੀਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ ਅਤੇ ਉਹਨਾਂ ਨੂੰ ਉਹਨਾਂ ਦੇ ਹੱਕਾਂ ਬਾਰੇ ਦੱਸਿਆ ਅਤੇ ਜ਼ੁਲਮ ਖਿਲਾਫ ਆਵਾਜ਼ ਚੁੱਕਣ ਲਈ ਕਿਹਾ। ਹਰ ਪਾਸਿਓਂ ਮਾਲਤੀ ਦੀ ਹੁੰਦੀ ਪ੍ਸੰਸਾ ਸੁਣ ਕੇ ਉਸਦੀ ਮਾਂ ਨੂੰ ਮਾਣ ਮਹਿਸੂਸ ਹੁੰਦਾ, ਜਿਸ ਨੇ ਹਮੇਸ਼ਾ ਆਪਣੀ ਧੀ ਦਾ ਸਾਥ ਦਿੱਤਾ ਸੀ, ਪਰ ਇਸ ਨਾਲ ਉਸਦੇ ਪਿਓ ਦਾ ਦਿਲ ਟੁੱਟ ਜਾਂਦਾ। ਉਹ ਤਾਂ ਚਾਹੁੰਦਾ ਸੀ ਕਿ ਅਜਿਹੀ ਪ੍ਸੰਸਾ ਉਸਦੇ ਪੁੱਤ ਦੀ ਹੋਵੇ, ਕਿਉਂ ਕਿ ਉਹ ਸੋਚਦਾ ਸੀ ਕਿ ਇਸ ਸਭ ਕੁਝ ਦਾ ਹੱਕਦਾਰ ਉਸਦਾ ਮੁੰਡਾ ਹੈ। ਉਸਦੇ ਦਿਲ ਵਿਚ ਚੱਲ ਰਹੀ ਇਸ ਕਸ਼ਮਕਸ਼ ਕਰਕੇ ਉਸ ਨੇ ਮਾਲਤੀ ਦਾ ਵਿਆਹ ਕਰਨ ਵਰਗਾ ਬਹੁਤ ਹੀ ਭੈੜਾ ਫੈਸਲਾ ਕਰ ਲਿਆ, ਉਹ ਵੀ ਨੇੜੇ ਦੇ ਹੀ ਪਿੰਡ ਦੇ ਇਕ ਵੱਡੀ ਉਮਰ ਅਤੇ ਹੈਂਕੜ ਵਾਲੇ ਆਦਮੀ ਨਾਲ, ਪਰ ਮਾਲਤੀ ਨੇ ਇਸ ਫ਼ੈਸਲੇ ਵਿਰੁਧ ਡੱਟ ਕੇ ਵਿਰੋਧ ਕਰਨ ਦੀ ਠਾਨ ਲਈ।
ਮਾਲਤੀ ਕਿਉਂ ਜੋ ਆਪਣੇ ਹੱਕਾਂ ਬਾਰੇ ਜਾਗਰੂਕ ਹੋ ਚੁੱਕੀ ਸੀ , ਇਸ ਕਰਕੇ ਉਹ ਚੁੱਪ ਕਰਕੇ ਨਹੀਂ ਸੀ ਬੈਠਣਾ ਚਾਹੁੰਦੀ। ਉਸ ਨੂੰ ਪਤਾ ਸੀ ਕਿ ਉਸਦੇ ਪਿਤਾ ਦੇ ਇਸ ਗਲਤ ਫੈਸਲੇ ਕਰਕੇ ਸਿਰਫ ਉਸ ਨਾਲ ਹੀ ਨਹੀਂ ਸਗੋਂ ਹੋਰ ਕੁੜੀਆਂ ਨਾਲ ਵੀ ਬੇ-ਇਨਸਾਫੀ ਹੋ ਰਹੀ ਸੀ ਕਿਉਂਕਿ ਸਮਾਜ ਦੀਆਂ ਅਜਿਹੀਆਂ ਰਸਮਾਂ ਨਾਲ ਹੀ ਉਹਨਾਂ ਦੀ ਹੋਣੀ ਵੀ ਬੰਨ੍ਹ ਹੋਈ ਸੀ। ਉਸਦੀ ਲੜਾਈ ਕੇਵਲ ਆਪਣੇ ਪਿਤਾ ਦੇ ਫ਼ੈਸਲੇ ਦੇ ਖਿਲਾਫ਼ ਹੀ ਨਹੀਂ ਸੀ ਸਗੋਂ ਉਸ ਮਰਦ ਪ੍ਰਧਾਨ ਸਮਾਜ ਦੇ ਵਿਰੁਧ ਸੀ ਜਿਸ ਨੇ ਅਜਿਹੇ ਰਿਤੀ ਰਿਵਾਜ਼ ਬਣਾਏ। ਆਪਣਾ ਵਿਆਹ ਨਾ ਹੋਣ ਦੇਣ ਲਈ ਬਹੁਤ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਵਿਆਹ ਵਾਲਾ ਦਿਨ ਆ ਗਿਆ। ਵਿਆਹ ਦੀਆਂ ਰਸਮਾ ਦੇ ਦੌਰਾਨ ਹੀ ਲਾੜੇ ਵਾਲਿਆਂ ਨੇ ਦਹੇਜ ਦੀ ਮੰਗ ਰੱਖ ਦਿੱਤੀ, ਜੋ ਕਿ ਮਾਲਤੀ ਦਾ ਪਿਤਾ ਦੇ ਨਹੀਂ ਸੀ ਸਕਦਾ। ਮਾਲਤੀ ਨੂੰ ਪਤਾ ਸੀ ਕਿ ਦਹੇਜ ਅਤੇ ਬੱਚਿਆਂ ਦੇ ਵਿਆਹ ਕਾਨੂੰਨ ਵਿਰੁਧ ਹਨ, ਪਰ ਉਹ ਆਪਣੇ ਆਪ ਨੁੰ ਬੇਸਹਾਰਾ ਮਹਿਸੂਸ ਕਰ ਰਹੀ ਸੀ, ਇਸ ਲਈ ਉਹ ਚੁੱਪ ਰਹਿਣ ਲਈ ਮਜਬੂਰ ਸੀ। ਮਾਲਤੀ ਦੇ ਸਬਰ ਦਾ ਬੰਨ੍ਹ ਉਦੋਂ ਟੁੱਟਿਆ ਜਦੋਂ ਉਸਦੇ ਪਿਤਾ ਨੇ ਆਪਣੀ ਪੱਗ ਲਾਹ ਕੇ ਲਾੜੇ ਦੇ ਪਿਉ ਦੇ ਪੈਰਾਂ ਵਿਚ ਰੱਖ ਕੇ ਆਪਣੀ ਅਤੇ ਆਪਣੇ ਪਰਿਵਾਰ ਦੀ ਇਜ਼ਤ, ਮਾਣ-ਮਰਿਆਦਾ ਦਾ ਵਾਸਤਾ ਪਾਇਆ ਅਤੇ ਕੁਝ ਸਮੇਂ ਦੀ ਮੋਹਲਤ ਮੰਗੀ।
ਮਾਲਤੀ ਨੇ ਖੜੇ ਹੋ ਕੇ ਆਪਣੇ ਪਿਤਾ ਦੀ ਪੱਗ ਉਸਦੇ ਸਿਰ ‘ਤੇ ਰੱਖੀ। ਇਹ ਕਰਦੇ ਹੋਏ ਉਸ ਨੇ ਵਿਆਹ ਦੀਆਂ ਰਸਮਾਂ ਨੂੰ ਹੀ ਨਾ ਰੋਕਿਆ ਸਗੋਂ ਆਪਣੇ ਪਰਿਵਾਰ ਦੀ ਹੋ ਰਹੀ ਹੇਠੀ ਨੂੰ ਵੀ ਰੋਕ ਦਿੱਤਾ। ਉਸ ਨੇ ਉੱਚੀ ਅਤੇ ਨਿਧੜਕ ਆਵਾਜ਼ ਵਿਚ ਲਲਕਾਰਦੇ ਹੋਏ ਕਿਹਾ ਕਿ ਉਹ ਕੋਈ ਬੇਜਾਨ ਚੀਜ਼ ਨਹੀਂ ਕਿ ਉਸਦਾ ਮੁੱਲ ਲਾ ਕੇ ਵੇਚਿਆ ਜਾਵੇ। ਆਪਣੀ ਪੜ੍ਹਾਈ ਦੌਰਾਨ ਮਿਲੇ ਗਿਆਨ ਤੋਂ ਉਸ ਨੇ ਦੱਸਿਆ ਕਿ ਕਾਨੂੰਨ ਅਨੁਸਾਰ ਬਾਲ-ਵਿਆਹ ਅਤੇ ਦਾਜ ਲੈਣਾ ਅਤੇ ਦੇਣਾ ਗਲਤ ਹੈੈ। ਉਸ ਨੇ ਇਸ ਗੱਲ ਤੇ ਵੀ ਜੋਰ ਦਿੱਤਾ ਕਿ ਅਜਿਹੇ ਰਿਵਾਜ ਸਿਰਫ ਸਮਾਜਿਕ ਪੱਖੋਂ ਹੀ ਗਲਤ ਨਹੀਂ ਸਗੋਂ ਕਾਨੂੰਨ ਵਿਰੋਧੀ ਵੀ ਹਨ ਅਤੇ ਸਰਕਾਰ ਵੱਲੋਂ ਇਹਨਾਂ ਲਈ ਸਜ਼ਾ ਵੀ ਦਿੱਤੀ ਜਾਂਦੀ ਹੈ। ਉਸ ਦੀਆਂ ਗੱਲਾਂ ਨੇ ਪਿੰਡ ਦੀਆਂ ਔਰਤਾਂ ਨੂੰ ਵੀ ਹੈਰਾਨ ਕਰ ਦਿੱਤਾ ਕਿ ਅਜਿਹੇ ਰਿਵਾਜ਼ ਔਰਤਾਂ ਦੇ ਵਿਰੁਧ ਹਨ।
ਅਜਿਹੇ ਭਾਵੁਕ ਮੌਕੇ ਮਾਲਤੀ ਦੀ ਹਿੰਮਤ ਕਰਕੇ ਉਸਦੇ ਪਿਤਾ ਨੂੰ ਪਤਾ ਲੱਗ ਗਿਆ ਕਿ ਮਾਲਤੀ ਕਿੰਨੀ ਬਹਾਦੁਰ ਹੈ। ਅੱਖਾਂ ਵਿਚ ਹੰਝੂ ਭਰਦੇ ਹੋਏ ਉਸ ਨੇ ਮੰਨਿਆ ਕਿ ਮਾਲਤੀ ਉਸਦੀ ਧੀ ਨਹੀ, ਉਸ ਲਈ ਪੁੱਤਰ ਤੋਂ ਵੀ ਵੱਧ ਹੈ। ਉਹ ਅਸਲ ਵਿਚ ਉਸਦਾ ਪੁੱਤ ਹੀ ਹੈ ਅਤੇ ਉਸ ਵਿਚ ਉਹ ਗੁਣ ਹਨ ਜਿਨ੍ਹਾਂ ਨੁੰ ਆਮ ਤੌਰ ‘ਤੇ ਮੁੰਡਿਆਂ ਨਾਲ ਜੋੜਿਆ ਜਾਂਦਾ ਹੈ। ਮਾਲਤੀ ਦੀਆਂ ਅਜਿਹੀਆਂ ਖੂਬੀਆਂ ਉਹ ਪਹਿਲਾਂ ਪਹਿਚਾਣ ਨਹੀਂ ਸੀ ਸਕਿਆ, ਉਸ ਨੇ ਆਪਣੀ ਇਸ ਗਲਤੀ ਨੁੰ ਵੀ ਮੰਨਿਆ। ਮਾਲਤੀ ਦੀ ਬਗਾਵਤ ਨੇ ਸਿਰਫ ਉਸ ਨੁੰ ਜ਼ੁਲਮ ਸਹਿਣ ਵਾਲੀ ਜ਼ਿੰਦਗੀ ਤੋਂ ਹੀ ਨਹੀ ਬਚਾਇਆ ਬਲਕਿ ਉਹਨਾਂ ਦੀ ਬਿਰਾਦਰੀ ਵਿਚ ਔਰਤਾ ਦੀ ਭੂਮਿਕਾ ਬਾਰੇ ਨਵੇਂ ਸਿਰੇ ਤੋਂ ਸੋਚਣ ਲਈ ਮਜ਼ਬੂਰ ਵੀ ਕੀਤਾ ਹੈ. ਉਸਦੀ ਕਹਾਣੀ ਨੇ ਇਹ ਦਿਖਾ ਦਿੱਤਾ ਹੈ ਕਿ ਪੁਰਾਣੇ ਰਿਵਾਜ ਭਾਵੇਂ ਜਿੰਨੇ ਵੀ ਦਿਮਾਗ ਵਿਚ ਬੈਠੇ ਹੋਣ, ਹਿੰਮਤ ਅਤੇ ਹੋਂਸਲੇ ਨਾਲ ਉਹਨਾਂ ਨੁੰ ਬਦਲਿਆ ਜਾ ਸਕਦਾ ਹੈ, ਦੂਜਿਆਂ ਨੁੰ ਵੀ ਪ੍ਰੇਰਨਾ ਦਿੱਤੀ ਕਿ ਉਹ ਆਪਣੀ ਕਿਸਮਤ ਨੁੰ ਬਦਲ ਸਕਦੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਕੂਲਾਂ ਵਿੱਚ ਕੰਪਿਊਟਰ ਲੈਬਜ਼ ਦੀ ਮਹੱਤਤਾ
Next articleਸੱਤ ਪਾਲ ਸਾਹਲੋਂ ਨੂੰ “ਬਹੁਜਨ ਰਤਨ ਐਵਾਰਡ” ਨਾਲ ਸਨਮਾਨਿਤ ਕੀਤਾ ਗਿਆ