ਦੀਦਾਰ ਸੰਧੂ
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ
(ਸਮਾਜ ਵੀਕਲੀ) 16 ਫਰਵਰੀ 1991 ਵਿੱਚ ਮੈਂ ਆਪਣੇ ਰਿਸ਼ਤੇਦਾਰ ਦੀ ਟਰੈਕਟਰ ਏਜੰਸੀ ਵਿੱਚ ਕੋਟਕਪੂਰਾ ਵਿੱਚ ਬੈਠਿਆਂ ਸੀ। ਉਹਨਾਂ ਦੇ ਕੋਲ ਕੁਲਦੀਪ ਮਾਣਕ , ਦਿਲਸ਼ਾਦ ਅਖ਼ਤਰ, ਕਰਤਾਰ ਰਮਲਾ ਜੀ ਦਾ ਵੀ ਕਾਫ਼ੀ ਆਉਣ ਜਾਣ ਸੀ ।16 ਫਰਵਰੀ ਨੂੰ ਸ਼ਾਮ ਨੂੰ ਕਰਤਾਰ ਰਮਲਾ ਜੀ ਆਏ ,ਅਤੇ ਦੁੱਖੀ ਮਨ ਨਾਲ ਦੀਦਾਰ ਸੰਧੂ ਜੀ ਦੇ ਸਵਰਗਵਾਸ ਹੋਣ ਦੀ ਦੁਖ ਭਰੀ ਖ਼ਬਰ ਦਿੱਤੀ ਤਾਂ ਸਾਡੇ ਸਾਰਿਆਂ ਦੇ ਚਿਹਰੇ ਗਮਗੀਨ ਹੋ ਗਏ। ਇਸ ਤਰ੍ਹਾਂ ਉਹਨਾਂ ਦੇ ਚਲੇ ਜਾਣ ਦਾ ਸਾਨੂੰ ਰਤੀ ਭਰ ਵੀ ਯਕੀਨ ਨਹੀਂ ਸੀ। ਦੀਦਾਰ ਸੰਧੂ ਜੀ ਦਾ ਜਨਮ 3 ਜੁਲਾਈ 1942 ਵਿੱਚ ਪਿਤਾ ਸਮੁੰਦ ਸਿੰਘ ਅਤੇ ਮਾਤਾ ਦਾਨ ਕੌਰ ਦੀ ਕੁੱਖੋਂ ਚੱਕ ਨੰਬਰ 133 ਜ਼ਿਲ੍ਹਾ ਸਰਗੋਧਾ ਜੋ ਕਿ ਹੁਣ ਪਾਕਿਸਤਾਨ ਵਿੱਚ ਹੈ, ਵਿੱਚ ਹੋਇਆ। ਆਪ ਪੰਜਾਂ ਭਰਾਵਾਂ ਤੋਂ ਸਭ ਤੋਂ ਛੋਟੇ ਸਨ। ਦੇਸ਼ ਆਜ਼ਾਦ ਹੋਣ ਤੋਂ ਬਾਅਦ ਆਪ ਮਾਤਾ ਪਿਤਾ, ਅਤੇ ਭਰਾਵਾਂ ਸਮੇਤ ਭੈਰੋਵਾਲ ਖ਼ੁਰਦ ਜ਼ਿਲ੍ਹਾ ਲੁਧਿਆਣਾ ਵਿਖੇ ਆ ਕੇ ਰਹਿਣ ਲੱਗ ਗਏ, ਅਤੇ ਖੇਤੀਬਾੜੀ ਕਰਨ ਲੱਗ ਪਏ। ਦੀਦਾਰ ਸੰਧੂ ਨੇ ਮੁੱਢਲੀ ਵਿਦਿਆ ਸਰਕਾਰੀ ਹਾਈ ਸਕੂਲ ਬਰਸਾਲਾ ਤੋਂ ਪ੍ਰਾਪਤ ਕੀਤੀ 1962 ਵਿੱਚ ਆਪ ਨੇ ਲੋਕ ਸੰਪਰਕ ਵਿਭਾਗ ਵਿੱਚ ਨੌਕਰੀ ਕਰ ਲਈ । ਆਪ ਦਾ ਵਿਆਹ ਗਾਲਬ ਕਲਾਂ ਦੀ ਜੰਮਪਲ ਬੀਬੀ ਅਮਰਜੀਤ ਕੌਰ ਸਪੁੱਤਰੀ ਭਾਨ ਸਿੰਘ ਨਾਲ 1966 ਵਿੱਚ ਹੋਇਆ। ਆਪਦੇ ਘਰ ਪੁੱਤਰ ਜਗਮੋਹਨ ਸੰਧੂ ਅਤੇ ਬੇਟੀ ਦੀਪਾ ਨੇ ਜਨਮ ਲਿਆ। ਦੀਦਾਰ ਸੰਧੂ ਜੀ ਨੂੰ ਬਚਪਨ ਤੋਂ ਹੀ ਪੰਜਾਬੀ ਗੀਤ ਲਿਖਣ ਦਾ ਸ਼ੌਂਕ ਸੀ। ਇੱਕ ਦਿਨ ਉਹ ਗਾਇਕ ਮੁਹੰਮਦ ਸਦੀਕ ਦੇ ਸੰਪਰਕ ਵਿੱਚ ਆਏ ਤਾਂ ਉਹਨਾਂ ਦੀ ਸਲਾਹ ਨਾਲ ਉਹ ਪੰਜਾਬੀ ਗੀਤ ਵੀ ਗਾਉਣ ਲੱਗ ਪਏ। ਦਿਨਾਂ ਵਿੱਚ ਚਾਰੇ ਪਾਸੇ ਦੀਦਾਰ ,ਦੀਦਾਰ ਸੰਧੂ ਹੀ ਹੋਣ ਲੱਗ ਪਈ। ਉਹਨਾਂ ਦੇ ਲਿਖੇ ਗੀਤਾਂ ਵਿੱਚ ਪੰਜਾਬੀ ਪਿੰਡਾਂ ਦੀ ਝਲਕ ਮਿਲਦੀ ਸੀ। ਦੀਦਾਰ ਸੰਧੂ ਦੇ ਲਿਖੇ ਗੀਤਾਂ ਵਿੱਚ ਚਿੰਨ, ਪ੍ਰਤੀਕ ਅਲੰਕਾਰਾ ਤਸਬੀਹਾਂ ਦੀ ਵਰਤੋਂ ਕੀਤੀ। ਉਸਦੇ ਗੀਤਾਂ ਵਿੱਚ ਚਿੰਨ, ਪ੍ਰਤੀਕ , ਪੰਜਾਬ ਦੇ ਪਿੰਡਾਂ ਵਿੱਚ ਵਰਤੀਆਂ ਜਾਂਦੀਆਂ ਪੰਜਾਬੀ ਦੀਆਂ ਕਹਾਵਤਾਂ ,ਮਾਲਾ ਦੇ ਮਣਕਿਆਂ ਵਾਂਗੂੰ ਪਰੋਈਆਂ ਹੋਈਆਂ ਸਨ। ਉਨਾਂ ਦੇ ਲਿਖੇ ਗੀਤਾਂ ਤੇ ਅੱਜ ਕੱਲ ਦੇ ਕਈ ਵਿਦਿਆਰਥੀਆਂ ਨੇ ਐਮ. ਫਿਲ ਅਤੇ ਪੀ. ਐਚ. ਡੀ. ਵੀ ਕੀਤੀ ਹੈ। 1962 ਤੋਂ ਲੈ ਕੇ 1991 ਤੱਕ ਦੀਦਾਰ ਸੰਧੂ ਦੀ ਪੰਜਾਬੀ ਗੀਤ ਸੰਗੀਤ ਜਗਤ ਵਿੱਚ ਪੂਰੀ ਤੂਤੀ ਬੋਲਦੀ ਸੀ।
ਹਰ ਰੋਜ਼ ਪੰਜਾਬ ,ਹਰਿਆਣਾ ਅਤੇ ਰਾਜਸਥਾਨ ਦੇ ਸ਼੍ਰੀ ਗੰਗਾ ਨਗਰ ਵਰਗੇ ਇਲਾਕਿਆਂ ਵਿੱਚ ਅਖਾੜੇ ਲੱਗਣ ਲੱਗ ਪਏ ਸਨ। ਕਈ ਵਾਰ ਦੋ- ਦੋ ,ਤਿੰਨ- ਤਿੰਨ ਅਖਾੜੇ ਵੀ ਲੱਗਦੇ ਸਨ। ਜ਼ਿਆਦਾਤਰ ਲੋਕ ਸਾਜ਼ ਤੂੰਬੀ ਦੀ ਹੀ ਵਰਤੋਂ ਕਰਦੇ ਸਨ। ਜਦੋਂ ਦੀਦਾਰ ਸੰਧੂ ਦਾ ਕਿਤੇ ਆਖਾੜਾ ਲੱਗਦਾ ਸੀ, ਤਾਂ ਲੋਕ ਟਰੈਕਟਰ, ਟਰਾਲੀਆਂ ਪੈਦਲ ਹੀ ਆਖਾੜਾ ਸੁਣਨ ਵਾਸਤੇ ਆਉਂਦੇ, ਅਤੇ ਦੀਦਾਰ ਸੰਧੂ ਉਹਨਾਂ ਨੂੰ ਆਪਣੀ ਮਿੱਠੀ ਪਿਆਰੀ ਬੋਲੀ ਨਾਲ ਕੀਲ ਲੈਂਦਾ ਸੀ। ਉਹਨਾਂ ਨੇ ਆਪਣੇ ਵੇਲੇ ਦੀਆਂ ਪ੍ਰਸਿੱਧ ਗਾਇਕਾਵਾਂ ਸੁਰਿੰਦਰ ਕੌਰ, ਰਣਜੀਤ ਕੌਰ, ਅਮਰ ਨੂਰੀ, ਸੁਖਵੰਤ ਸੁੱਖੀ , ਕੁਲਦੀਪ ਕੌਰ, ਸੁਨੇਹ ਲਤਾ ,ਪਰਮਿੰਦਰ ਸੰਧੂ, ਬਲਜੀਤ ਬੱਲੀ ,ਸੁਸ਼ਮਾ, ਪ੍ਰੀਤੀ ਬਾਲਾ ਆਦਿ ਨਾਲ ਵੀ ਗਾਇਆ ਤੇ ਹਿੰਦੀ ਪੰਜਾਬੀ ਫਿਲਮਾਂ ਦੀ ਹੀਰੋਇਨ ਰਮਾ ਵਿੱਜ ਨਾਲ ਵੀ ਗਾਇਆ। ਦੀਦਾਰ ਸੰਧੂ ਦੇ ਲਿਖੇ ਗੀਤਾਂ ਨੂੰ ਮੁਹੰਮਦ ਸਦੀਕ, ਰਣਜੀਤ ਕੌਰ, ਸੁਰਿੰਦਰ ਕੌਰ, ਨਰਿੰਦਰ ਬੀਬਾ, ਸੰਦੇਸ਼ ਕਪੂਰ, ਪਰੀਮੋਲਾ ਪੰਮੀ, ਸਵਰਨ ਲਤਾ ,ਕਰਨੈਲ ਗਿੱਲ ,ਸੁਨੇਹ ਲਤਾ, ਪ੍ਰੀਤੀ ਬਾਲਾ ਨੇ ਵੀ ਆਪਣੀ ਆਵਾਜ਼ ਵਿੱਚ ਗਾਇਆ ਤੇ ਪ੍ਰਸਿੱਧ ਹੋਏ । ਪਹਿਲਾ ਗੀਤ ਨਰਿੰਦਰ ਬੀਬਾ ਨੇ ਆਪਣੀ ਆਵਾਜ਼ ਵਿੱਚ ਗਾਇਆ ਸੀ ,ਅਤੇ ਸਭ ਤੋਂ ਪਹਿਲਾਂ ਉਹਨਾਂ ਦੀ ਜੋੜੀ ਸਨੇਹ ਲਤਾ ਨਾਲ ਬਣੀ।ਸਭ ਤੋਂ ਵੱਧ ਗੀਤ ਸੁਨੇਹ ਲਤਾ ਤੇ ਅਮਰ ਨੂਰੀ ਨਾਲ ਰਿਕਾਰਡ ਹੋਏ ਅਤੇ ਮਕਬੂਲ ਹੋਏ। ਪੰਜਾਬੀ ਫਿਲਮ ‘ਅਣਖ ਜੱਟਾਂ ਦੀ’ ਵਿੱਚ ਸੁਰਿੰਦਰ ਸ਼ਿੰਦਾ ਨੇ ‘ਲਲਕਾਰਾ’ ਵਿੱਚ ਸਰਬਜੀਤ ਨੇ ਅਤੇ ‘ਗੱਭਰੂ ਪੰਜਾਬ ਦਾ’ ਵਿੱਚ ਦੀਦਾਰ ਸੰਧੂ ਅਤੇ ਅਮਰ ਨੂਰੀ ਦਾ ਅਖਾੜਾ ਫ਼ਿਲਮਾਇਆ ਗਿਆ। ਉਹਨਾਂ ਦੇ ਲਈ ਫਿਰ ਰਿਕਾਰਡ ਗੀਤ ਬਲੈਕ ਵਿੱਚ ਵਿਕਣ ਲੱਗ ਪਏ। ਬੱਚੇ ਬੱਚੇ ਦੀ ਜ਼ੁਬਾਨ ਤੇ ਚੜ੍ਹ ਗਏ। ਉਹਨਾਂ ਦੇ ਲਿਖੇ ਪ੍ਰਮੁੱਖ ਗਾਣਿਆਂ ਦੀਆਂ ਕੁਝ ਸਤਰਾਂ ਹੇਠ ਲਿਖੀਆਂ ਹਨ….
ਮਾਹੀ ਵੇ ਮਾਹੀ ਮੈਨੂੰ ਵੈਦ ਮੰਗਾ ਦੇ…
ਚੜ ਗਿਆ ਮਹੀਨਾ ਸੌਣ ਕੁੜੇ..
ਮੋਤੀ ਬਾਗ ਦਾ ਤੋਤਾ….
ਜੋੜੀ ਜਦੋਂ ਚੁਬਾਰੇ ਚੜਦੀ..
ਖੁਸ਼ੀਆਂ ਮਾਣੇ ਪਿੰਡ ਸਾਰਾ ਮੈਂ ਸੁੰਨ ਮਸੁੰਨੀ…
ਮਾਹੀ ਚੱਲਿਆ ਲਾਮ ਨੂੰ. …
ਘੱਗਰੇ ਦੀ ਵੇ ਲੌਣ ਭਿੱਜਗੀ ….
ਤੇਰਾ ਆਉਣਾ ਨਹੀਂ ਸਮੁੰਦਰਾਂ ਦੀ ਛੱਲ ਵਰਗਾ….
ਮੇਰੀ ਮਾਹੀ ਮਾਹੀ ਕਹਿੰਦੀ ਦੀ ਜੁਬਾਨ ਸੁੱਕ ਗਈ …
ਜੇ ਬਣ ਜੇ ਵਿਚੋਲਣ ਮੇਰੀ….
ਬੰਦ ਪਿਆ ਦਰਵਾਜਾ ਜਿਵੇਂ ਫਾਟਕ ਕੋਟਕਪੂਰੇ ਦਾ….
ਤੇਰੇ ਮਾਨਸਰੋਵਰ ਝੀਲ ਜਿਹੇ ਨੈਣਾਂ, ਦੇ ਨਜ਼ਰੀ ਚੜ ਜਾਵਾਂ…
ਨਾ ਮਾਰ ਜ਼ਾਲਮਾਂ ਵੇ….
ਆਪ ਗਰੀਬ ਗਰੀਬਾਂ ਦੀ ਬਹੁਤ ਮੱਦਦ ਕਰਦੇ ਸਨ ਮੁੱਲਾਂਪੁਰ ਵਾਲੇ ਭੋਲੂ ਦੇ ਢਾਬੇ ਵਾਲੇ ਮੁੰਡੇ ਦੀ ਬਹੁਤ ਮੱਦਦ ਕੀਤੀ। ਉਸ ਕੋਲੋਂ ਹੀ ਰੋਟੀ ਖਾਂਦੇ ਸਨ। ਉਹਨਾਂ ਦੀ ਲੋਕ ਪ੍ਰੀਆ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ, ਕਿ ਉਹ 15 ਸਾਲਾਂ ਆਪਣੇ ਪਿੰਡ ਭਰੋਵਾਲ ਖੁਰਦ ਦੇ ਸਰਬ ਸੰਮਤੀ ਨਾਲ ਸਰਪੰਚ ਚੁਣੇ ਜਾਂਦੇ ਰਹੇ। ਦੀਦਾਰ ਸੰਧੂ ਨੇ ਅਮਰੀਕਾ, ਕਨੇਡਾ, ਅਤੇ ਇੰਗਲੈਂਡ ਵਿੱਚ ਵੀ ਆਪਣੇ ਪ੍ਰੋਗਰਾਮ ਕੀਤੇ।
ਥੋੜੇ ਚਿਰ ਦੀ ਬਿਮਾਰੀ ਬਾਅਦ 16 ਫਰਵਰੀ 1991 ਨੂੰ ਆਪ ਸਵਰਗਵਾਸ ਹੋ ਗਏ। ਉਹਨਾਂ ਦੀ ਯਾਦ ਵਿੱਚ ਉਹਨਾਂ ਦਾ ਮੁੰਡਾ ਜਗਮੋਹਨ ਸੰਧੂ ਜੋ ਕਿ ਆਪ ਵੀ ਇੱਕ ਬਹੁਤ ਵਧੀਆ ਗਾਇਕ ਹੈ, ਹਰ ਸਾਲ ਭਰੋਵਾਲ ਖੁਰਦ ਪਿੰਡ ਵਿੱਚ ਸੱਭਿਆਚਾਰਕ ਮੇਲਾ ਲਵਾਉਂਦਾ ਹੈ। ਦੀਦਾਰ ਸੰਧੂ ਅੱਜ ਵੀ ਲੋਕਾਂ ਦੇ ਚੇਤਿਆਂ ਵਿੱਚ ਵਸਿਆ ਹੋਇਆ ਹੈ।
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ।
ਪਿੰਡ ਅਤੇ ਡਾਕਖਾਨਾ ਝਬੇਲਵਾਲੀ।
ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ।
6284145349