“ਭਵਿੱਖ ਦੀ ਤਲਾਸ਼ ਵਿੱਚ ਨੌਜਵਾਨਾਂ ਦਾ ਵੱਧ ਰਿਹਾ ਪ੍ਰਵਾਸ “

(ਸਮਾਜ ਵੀਕਲੀ) ਭਾਰਤ ਵਿਚ ਹਰ ਸਾਲ 12 ਜਨਵਰੀ ਨੂੰ ਸਵਾਮੀ ਵਿਵੇਕਾਨੰਦ ਦੇ ਜਨਮ ਦਿਨ ਨੂੰ ਸਮਰਪਿਤ ਰਾਸ਼ਟਰੀ ਨੌਜਵਾਨ ਦਿਵਸ਼ ਮਨਾਇਆ ਜਾਂਦਾ ਹੈ ਪਰ ਸਵਾਲ ਇਹ ਬਣ ਜਾਂਦਾ ਹੈ ਕਿ ਇਹ ਦਿਵਸ਼ ਨੌਜਵਾਨਾ ਲਈ ਕੀ ਲੈਕੇ ਆਉਂਦਾ ਹੈ ਅਤੇ ਸਾਡੇ ਮੁਲਕ ਦੀਆਂ ਸਰਕਾਰਾਂ ਇਸ ਦਿਨ ਨੌਜਵਾਨਾ ਦੇ ਚੰਗੇ ਭਵਿੱਖ ਅਤੇ ਉਨ੍ਹਾਂ ਦੇ ਰੁਜ਼ਗਾਰ ਸਬੰਧੀ ਕਿਨੀ ਕੁ ਨਵੀ ਨੀਤੀਆਂ ਲੈ ਕੇ ਆਉਂਦੀਆਂ ਹਨ । ਅੱਜ ਸਾਡੇ ਦੇਸ਼ ਖ਼ਾਸ ਕਰ ਪੰਜਾਬ ਦਾ ਨੌਜਵਾਨ ਆਪਣੇ ਚੰਗੇ ਭਵਿੱਖ ਲਈ ਜਿਸ ਹਿਸਾਬ ਨਾਲ ਦੂਜੇ ਮੁਲਕਾਂ ਵਿੱਚ ਪ੍ਰਵਾਸ ਕਰ ਰਿਹਾ ਹੈ ਇਸ ਤੋਂ ਸਹਿਜੇ ਆਪਣੇ ਮੁਲਕ ਦੀ ਤ੍ਰਾਸਦੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਸਾਡੇ ਦੇਸ਼ ਦੀ ਤ੍ਰਾਸਦੀ ਕਹਿ ਲਵੋ ਕਿ ਅਜ਼ਾਦੀ ਤੋਂ ਬਾਅਦ ਦੇਸ਼ ਦੀ ਗੰਦੀ ਰਾਜਨੀਤੀ ਅਤੇ ਸਿਆਸਤ ਹੀ ਦੇਸ਼ ਦੀ ਮਾੜੀ ਸਥਿਤੀ ਦਾ ਕਾਰਨ ਬਣੀ ਹੈ। ਇਹ ਇੱਕ ਕੌੜਾ ਸੱਚ ਹੈ ਕਿ ਅੱਜ ਦੇਸ਼ ਦੇ 90 ਫੀਸਦੀ ਨੇਤਾ ਸਿਰਫ ਸੱਤਾ, ਕੁਰਸੀ ਅਤੇ ਪੈਸੇ ਲਈ ਰਾਜਨੀਤੀ ਦੀ ਖੇਡ ਖੇਡ ਰਹੇ ਹਨ। ਰਾਜਨੀਤਕ ਪਾਰਟੀਆਂ ਕਿਸੇ ਨਾ ਕਿਸੇ ਤਰੀਕੇ ਨਾਲ ਸੱਤਾ ਹਾਸਲ ਕਰਨ ਵਿੱਚ ਕਾਮਯਾਬ ਹੋ ਜਾਂਦੀਆਂ ਹਨ ਅਤੇ ਪੰਜ ਸਾਲ ਬਾਅਦ ਕੋਈ ਹੋਰ ਪਾਰਟੀ ਸੱਤਾ ਵਿਚ ਆ ਜਾਂਦੀ ਹੈ ਇਹ ਪੰਜ ਸਾਲ ਦਾ ਵਕਤ ਸਿਰਫ ਇੱਕ ਦੂਜੇ ਤੇ ਦੁਸਨ ਲਾਉਣ ਵਿੱਚ ਨਿਕਲ ਜਾਂਦਾ ਹੈ। ਸੱਤਾ ਹਾਸਿਲ ਕਰਨ ਲਈ ਰਾਜਨੀਤਕ ਪਾਰਟੀਆਂ ਵੱਲੋਂ ਧਰਮ, ਜ਼ਾਤ ਅਤੇ ਮਜ਼ਬਾਂ ਦੇ ਪੱਤੇ ਖੇਡੇ ਜਾਂਦੇ ਹਨ ਜਾਂ ਫਿਰ ਆਟਾ ਦਾਲ ਵਰਗੀਆਂ ਸਕੀਮਾਂ ਦੇ ਆਸਰੇ ਸੱਤਾ ਹਾਸਿਲ ਕਰਨ ਵਿੱਚ ਕਾਮਯਾਬ ਹੋ ਜਾਂਦੀਆਂ ਹਨ। ਦੇਸ਼ ਨੂੰ ਵਿਕਾਸਸ਼ੀਲ ਅਤੇ ਖੁਸ਼ਹਾਲ ਕਿਵੇਂ ਬਣਾਇਆ ਜਾਵੇ, ਨੌਜਵਾਨਾ ਨੂੰ ਚੰਗੀ ਸਿੱਖਿਆ, ਰੁਜ਼ਗਾਰ ਅਤੇ ਸਿਹਤ ਦੇਣ ਲਈ ਕੀ ਰਾਜਨੀਤੀ ਬਣਾਈ ਜਾਵੇ ਸ਼ਾਇਦ ਇਹ ਸੋਚਣ ਦਾ ਕਿਸੇ ਰਾਜਨੀਤਕ ਪਾਰਟੀ ਕੋਲ ਟਾਈਮ ਨਹੀਂ ਹੈ। ਅੱਜ ਦੇਸ਼ ਦੇ ਨੌਜਵਾਨਾਂ ਦਾ ਧਿਆਨ ਵਿਗਿਆਨਕ ਅਤੇ ਤਕਨੀਕੀ ਸੋਚ ਤੋਂ ਹਟਾ ਕੇ ਅੰਧਵਿਸ਼ਵਾਸ ਦੇ ਰਾਹ ਤੋਰਿਆ ਜਾ ਰਿਹਾ ਹੈ।ਨੌਜਵਾਨਾਂ ਲਈ ਰੁਜ਼ਗਾਰ ਦੇ ਸਾਧਨ ਕਿਵੇਂ ਪੈਦਾ ਕਰਨੇ ਹਨ, ਨੌਜਵਾਨਾਂ ਨੂੰ ਵਿਗਿਆਨ ਨਾਲ ਕਿਵੇਂ ਜੋੜਨਾ ਹੈ, ਨੌਜਵਾਨਾ  ਨੂੰ ਨਵੀਂ ਟੈਕਨਾਲੋਜੀ ਦੀ ਸਿਖਿਆ ਕਿਵੇਂ ਦੇਣੀ ਹੈ ਇਸ ਵਾਰੇ ਸਰਕਾਰਾ ਕਦੇ ਵੀ ਗੰਭੀਰ ਨਹੀਂ ਹੋਈਆਂ। ਮੁੱਠੀ ਭਰ ਸਰਕਾਰੀ ਨੌਕਰੀਆਂ ਨਾਲ ਦੇਸ਼ ਦਾ ਨੌਜਵਾਨ ਬੇਰੁਜ਼ਗਾਰੀ ਦੀ ਦਲਦਲ ਵਿਚੋਂ ਬਾਹਰ ਨਹੀਂ ਨਿਕਲ ਸਕਦਾ। ਦੇਸ਼ ਦੀ ਅਜ਼ਾਦੀ ਦੀ ਲੜਾਈ ਤੋਂ ਲੈਕੇ ਹੋਰ ਬਹੁਤ ਸਾਰੇ ਸੰਘਰਸ਼ਾਂ ਵਿੱਚ ਨੌਜਵਾਨਾਂ ਦਾ ਅਹਿਮ ਰੋਲ ਰਿਹਾ ਹੈ। ਕਿਸੇ ਵੀ ਦੇਸ਼ ਦੀ ਖੁਸ਼ਹਾਲੀ ਉਥੋ ਦੇ ਨੌਜਵਾਨਾਂ ਦੇ ਚਿਹਰਿਆਂ ਤੋਂ ਸਹਿਜੇ ਹੀ ਪੜੀ ਜਾ ਸਕਦੀ ਹੈ। ਨੌਜਵਾਨ ਇਕ ਇਹੋ ਜਿਹਾ ਵਰਗ ਹੈ, ਜਿਸ ਤੋਂ ਬਿਨਾਂ ਕਿਸੇ ਦੇਸ਼ ਜਾਂ ਸੂਬੇ ਦੀ ਸੱਤਾ ਤਬਦੀਲੀ ਨਹੀਂ ਹੋ ਸਕਦੀ ਅੱਜ ਦੇਸ਼ ਦਾ ਨੌਜਵਾਨ ਦੂਜੇ ਦੇਸ਼ਾਂ ਵੱਲ ਜਾਣ ਲਈ ਜਦੋ ਜਹਿਦ ਕਰ ਰਿਹਾ ਹੈ ਜਿਸਦੇ ਦੇ ਹੋਰ ਵੀ ਬਹੁਤ ਸਾਰੇ ਕਾਰਨ ਹੋ ਸਕਦੇ ਹਨ, ਜਿਨ੍ਹਾਂ ਵਿਚ ਸਿਸਟਮ ਦਾ ਸਹੀ ਨਾ ਹੋਣਾਂ ਨੂੰ ਰੁਜ਼ਗਾਰ ਦੀ ਸਮੱਸਿਆ, ਭ੍ਰਿਸ਼ਟਾਚਾਰ ਆਦਿ। ਪਾਰਟੀਆਂ ਵਲੋਂ ਕਈ ਤਰ੍ਹਾਂ ਦੇ ਵਾਅਦੇ ਜ਼ਰੂਰ ਕੀਤੇ ਜਾਂਦੇ ਹਨ ਪਰ ਕੋਈ ਠੋਸ ਨੀਤੀ ਨਹੀਂ ਬਣਾਈ ਜਾਂਦੀ। ਜਦੋਂਕਿ ਭਾਰਤ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ, ਹੁਣ ਵੀ ਹੈ ਪਰ ਸੋਨੇ ਦੀ ਖਾਣ ਵਿੱਚੋ ਕਿਸੇ ਸਰਕਾਰ ਨੇ ਸੋਨਾ ਕੱਢਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਦੇਸ਼ ਦਾ ਵਾਤਾਵਰਨ ਅਤੇ ਜ਼ਮੀਨ ਖੁਸ਼ਹਾਲੀ ਦੇ ਅਨੂਕੂਲ ਹੋਣ ਦੇ ਬਾਵਜੂਦ ਵੀ ਸੋਨੇ ਦੀ ਚਿੜੀ ਕਹਿਆ ਜਾਣ ਵਾਲਾ ਭਾਰਤ ਦੇਸ਼ ਵਿਕਾਸਸ਼ੀਲ ਦੇਸ਼ਾਂ ਤੋਂ ਬਹੁਤ ਪੱਛੜ ਗਿਆ ਹੈ। ਹੁਣ ਤੱਕ ਦੇਸ਼ ਦੀ ਸਿਆਸਤ ਹਮੇਸ਼ਾ ਸਿਰਫ਼ ਧਨਾਢ ਲੋਕਾਂ ਤੱਕ ਹੀ ਸੀਮਤ ਰਹੀ ਹੈ। ਪਾਰਟੀਆਂ ਅਤੇ ਰਾਜਨੀਤਕ ਲੋਕਾਂ ਵਲੋਂ ਵੱਡੇ-ਵੱਡੇ ਲੋਕਾਂ ਅਤੇ ਕੰਪਨੀਆਂ ਤੋਂ ਪਾਰਟੀ ਫੰਡ ਲੈਕੇ ਅਤੇ ਪੈਸਾ ਵੰਡ ਕੇ ਚੋਣਾਂ ਜਿੱਤ ਲਈਆ ਜਾਦੀਆ ਹਨ ਅਤੇ ਬਾਅਦ ’ਚ ਉਨ੍ਹਾਂ ਦੇ ਮੁਤਾਬਕ ਹੀ ਸਰਕਾਰਾਂ ਚਲਦੀਆਂ ਹਨ ਇਸ ਕਰਕੇ ਰਾਜਨੀਤੀ ਸਮਾਜ ਸੇਵਾ ਦੀ ਬਜਾਏ ਇੱਕ ਬਿਜ਼ਨਸ ਬਣ ਕੇ ਰਹਿ ਚੁੱਕੀ ਹੈ ਇਥੋਂ ਤੱਕ ਕਿ ਲੋਕਾਂ ਵਲੋਂ ਚੁਣੇ ਗਏ ਨੁਮਾਇੰਦੇ ਵੀ ਵੇਚੇ ਅਤੇ ਖਰੀਦੇ ਜਾਂਦੇ ਹਨ ਰਾਜਨੀਤੀ ਪੈਸੇ ਅਤੇ ਧਨਾਢ ਲੋਕਾਂ ਦੇ ਦੁਆਲੇ ਘੁੰਮਦੀ ਘੁੰਮਦੀ ਗਰੀਬਾ,ਨੌਜਵਾਨਾਂ ਅਤੇ ਦੇਸ਼ ਦੀਆਂ ਹੋਰ ਸਮੱਸਿਆਵਾਂ ਤੱਕ ਪਹੁੰਚਦੇ ਪਹੁੰਚਦੇ ਦਮ ਤੋੜ ਜਾਂਦੀ ਹੈ। ਜਿਨ੍ਹਾਂ ’ਚੋਂ ਨੌਜਵਾਨਾਂ ਦੀ ਬੇਰੁਜ਼ਗਾਰੀ ਦੀ ਵੀ ਸਮੱਸਿਆ ਹੈ। ਲੇਬਰ ਬਿਊਰੋ ਅੰਕੜਿਆਂ ਅਨੁਸਾਰ ਭਾਰਤ ਦੁਨੀਆਂ ਦਾ ਸਭ ਤੋਂ ਵੱਧ ਬੇਰੁਜ਼ਗਾਰਾਂ ਦਾ ਦੇਸ਼ ਬਣ ਚੁੱਕਿਆ ਹੈ। ਦੇਸ਼ ਵਿੱਚ ਨੌਕਰੀਆਂ ਦਿਨ ਪ੍ਰਤੀ ਦਿਨ ਘੱਟ ਰਹੀਆਂ ਹਨ, ਸਵੈ-ਰੁਜ਼ਗਾਰ ਦੇ ਮੌਕੇ ਦੇਸ਼ ਦੇ ਨੌਜਵਾਨਾਂ ਨੂੰ ਨਹੀਂ ਮਿਲ ਰਹੇ। ਭਾਰਤ ਚੀਨ ਨੂੰ ਪਛਾੜ ਕੇ ਦੁਨੀਆਂ ’ਚ ਅਬਾਦੀ ’ਚ ਪਹਿਲਾਂ ਵੱਡਾ ਦੇਸ਼ ਬਣ ਚੁੱਕਾ ਹੈ ਜਿਸਦੀ 65 ਫ਼ੀਸਦੀ ਅਬਾਦੀ ਦੀ ਔਸਤ ਉਮਰ 35 ਸਾਲ ਦੇ ਕਰੀਬ ਹੈ ਭਾਵ ਭਾਰਤ ’ਚ ਨੌਜਵਾਨ ਕਾਮਾ ਸ਼ਕਤੀ, ਦੁਨੀਆ ਦੇ ਵਿਕਾਸਸ਼ੀਲ ਦੇਸ਼ਾਂ ਨਾਲੋਂ ਵੀ ਵੱਡੀ ਹੈ ਪਰ ਇਸ ਕਾਮਾ ਸ਼ਕਤੀ ਕੋਲ ਰੁਜ਼ਗਾਰ ਜਾਂ ਇੱਛਤ ਰੁਜ਼ਗਾਰ ਜਾਂ ਸਵੈ ਰੁਜ਼ਗਾਰ ਦੀ ਘਾਟ ਹੈ,ਜੋ ਵੱਡੀ ਨਿਰਾਸ਼ਾ ਦਾ ਕਾਰਨ ਹੈ ਅਤੇ ਕਈ ਹਾਲਤਾਂ ਵਿੱਚ ਉਸਨੂੰ ਪ੍ਰਵਾਸ ਹੰਢਾਉਣ ਲਈ ਮਜ਼ਬੂਰ ਕਰ ਰਹੀ ਹੈ ਜਾਂ ਫਿਰ ਉਸਨੂੰ ਅੱਤਵਾਦੀ ਸਰਗਰਮੀਆਂ, ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਿਆਂ ਵੱਲ ਪ੍ਰੇਰਿਤ ਕਰਦੀ ਹੈ। ਜੇਕਰ ਨੌਜਵਾਨਾ ਦੇ ਪ੍ਰਵਾਸ ਦੀ ਗੱਲ ਕਰੀਏ ਤਾਂ ਅੰਦਾਜ਼ਨ ਇਸ ਵੇਲੇ ਸਿਰਫ ਕਨੇਡਾ ਵਿੱਚ ਹੀ 12 ਲੱਖ ਤੋਂ ਵੱਧ ਪੰਜਾਬੀ ਪਹੁੰਚ ਚੁੱਕੇ ਹਨ ਅਤੇ ਆਸਟਰੇਲੀਆ ਵਿੱਚ ਵੀ ਕਰੀਬ 5 ਲੱਖ ਤੋਂ ਵੱਧ ਪੰਜਾਬੀ ਪਹੁੰਚ ਚੁੱਕੇ ਹਨ ਜੇਕਰ ਜਾਣ ਦੀ ਸਰਤਾ ਨਰਮ ਕਰ ਦਿਤੀਆਂ ਜਾਣ ਤਾਂ ਸ਼ਾਇਦ ਅੱਧੇ ਤੋਂ ਜਿਆਦਾ ਪੰਜਾਬੀ ਬਾਹਰਲੇ ਮੁਲਕਾਂ ਵਿੱਚ ਜਾ ਸਕਦੇ ਹਨ ਇਹ ਇੱਕ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਦੇਸ਼ ਦਾ ਨੌਜਵਾਨ ਇਸ ਸਮੇਂ ਨਿਰਾਸ਼ਾ ਦੇ ਆਲਮ ਵਿੱਚੋ ਗੁਜਰ ਰਿਹਾ ਹੈ ਇਸ ਨਿਰਾਸ਼ਤਾ ਕਾਰਨ ਉਹ ਆਪਣੇ ਸਰਵਜਨਿਕ ਜੀਵਨ ਵਿੱਚ ਸੁਤੰਤਰ ਫ਼ੈਸਲੇ ਨਹੀਂ ਲੈ ਸਕਦੇ। ਉਨ੍ਹਾਂ ਦੇ ਜੀਵਨ ਵਿੱਚ ਉਦਾਸੀ ਅਤੇ ਨਿਰਾਸ਼ਾ ਦਾ ਆਲਮ ਆਮ ਵੇਖਿਆ ਜਾਣ ਲੱਗਾ ਹੈ। ਉਨ੍ਹਾਂ ਦੇ ਮਨ ‘ਚ ਪੈਦਾ ਹੋ ਰਹੇ ਨਾਕਾਰਤਮਕ ਵਿਚਾਰ, ਕ੍ਰੋਧ ਅਤੇ ਤਨਾਅ ਉਨ੍ਹਾਂ ਦੇ ਵਿਅਕਤੀਤੱਵ ਜੀਵਨ ਤੇ ਬੁਰਾ ਪ੍ਰਭਾਵ ਛੱਡ ਰਹੇ ਹਨ। ਉਹ ਆਪਣੇ ਸਭਿਆਚਾਰ, ਸਮਾਜਿਕ ਮੁਲਾਂ ਅਤੇ ਪ੍ਰੰਪਰਾਵਾਂ ਤੋਂ ਦੂਰ ਹੁੰਦੇ ਜਾ ਰਹੇ ਹਨ। ਇਸ ਸਮੇਂ ਵਿਗੜੀ ਅਰਥ ਵਿਵਸਥਾ ਨੂੰ ਥਾਂ-ਸਿਰ ਲਿਆਉਣ ਲਈ ਵੱਡੇ ਕਦਮ ਪੁੱਟਣ ਦੀ ਲੋੜ ਹੈ ਪਰ ਇਸ ਤੋਂ ਵੀ ਵੱਡੀ ਲੋੜ ਸਥਾਨਕ ਪੱਧਰ ਤੇ ਅਸਥਾਈ ਅਤੇ ਸਥਾਈ ਰੁਜ਼ਗਾਰ ਸਿਰਜਨ ਦੀ ਹੈ। ਇਸ ਵਾਸਤੇ ਭਾਰਤ ਅਤੇ ਸੂਬਿਆਂ ਨੂੰ ਆਪਣੀਆਂ ਨੀਤੀਆਂ ਵਿੱਚ ਵੱਡਾ ਬਦਲਾਅ ਕਰਨਾ ਹੋਏਗਾ ਅਤੇ ਨਾ-ਬਰਾਬਰੀ ਵਾਲੇ, ਲੋਕਾਂ ਦੀ ਲੁੱਟ-ਖਸੁੱਟ ਵਾਲੇ ਅਰਥਚਾਰੇ ਨੂੰ ਕਾਬੂ ਕਰਨਾ ਹੋਵੇਗਾ। ਸਰਕਾਰਾਂ ਨੂੰ ਨੌਜਵਾਨਾਂ ਲਈ ਰੁਜ਼ਗਾਰ ਦੇ ਸਾਧਨ ਪੈਦਾ ਕਰਨ ਲਈ ਠੋਸ ਨੀਤੀਆਂ ਲਿਆਉਣ ਦੀ ਲੋੜ ਹੈ, ਕਿਉਂਕਿ ਜਿਸ ਦੇਸ਼ ਦਾ ਨੌਜਵਾਨ ਵਰਗ ਨਿਰਾਸ਼ ਹੈ ਤਾਂ ਉਸ ਦੇਸ਼ ਦੇ ਵਿਕਾਸ ਵਿਚ ਤੇਜ਼ੀ ਆਉਣੀ ਨਾ ਮੁਮਕਿਨ ਹੈ। ਜੇਕਰ ਅਸੀਂ ਆਪਣੇ ਦੇਸ਼ ਦੇ ਨੌਜਵਾਨਾਂ ਦੀ ਉਰਜਾ ਬਾਹਰਲੇ ਮੁਲਕਾਂ ਦੀ ਬਜਾਏ ਆਪਣੇ ਦੇਸ਼ ਵਿੱਚ ਲਾਉਣਾ ਚਾਹੁੰਦੇ ਹਾਂ ਤਾਂ ਸਰਕਾਰਾਂ ਨੂੰ ਦੇਸ਼ ਵਿੱਚ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਕਰਨ ਦੇ ਸਾਧਨਾ ਤੇ ਗੰਭੀਰ ਚਰਚਾ ਕਰਨ ਦੀ ਲੋੜ ਹੈ ਅਤੇ ਉਨ੍ਹਾਂ ਨੂੰ ਅੰਧਵਿਸ਼ਵਾਸੀ ਸੋਚ ਚੋ ਕੱਢਕੇ ਵਿਗਿਆਨਕ, ਕਿੱਤਾਮੁਖੀ ਅਤੇ ਨਵੀਂ ਤਕਨਾਲੋਜੀ ਨਾਲ ਜੋੜਨ ਦੀ ਲੋੜ ਹੈ ਤਾਂ ਹੀ ਅਸੀਂ ਵਿਕਾਸਸ਼ੀਲ ਦੇਸ਼ਾਂ ਦੀ ਰੀਸ ਕਰਨ ਦੇ ਕਾਬਲ ਬਣ ਸਕਦੇ ਹਾਂ ਅਤੇ ਤਾਂ ਹੀ
ਸਾਨੂੰ ਨੌਜਵਾਨ ਦਿਵਸ ਮਨਾਉਣ ਦਾ ਫ਼ਾਇਦਾ ਹੈ ਇਸ ਦੇ ਨਾਲ ਹੀ ਨੌਜਵਾਨ ਵਰਗ ਨੂੰ ਚੰਗੀ ਅਤੇ ਸਾਫ ਸੁਥਰੀ ਰਾਜਨੀਤੀ ਵਿੱਚ ਰੁਚੀ ਵਧਾਉਣ ਦੀ ਲੋੜ ਹੈ ਜਿਸ ਦਿਨ ਸਾਡੇ ਨੌਜਵਾਨ ਰਾਜਨੀਤੀ ਸਮਝਣ, ਅਤੇ ਸਮਝਾਉਣ ਲੱਗ ਪਏ ਤਾਂ ਅਖੌਤੀ ਅਤੇ, ਭ੍ਰਿਸ਼ਟ ਲੀਡਰਾ ਨੂੰ ਰਾਜਨੀਤੀ ਕਰਨੀ ਇਨੀ ਆਸਾਨ ਨਹੀਂ ਹੋਵੇਗੀ।  ਡਾਕਟਰ ਭੀਮ ਰਾਓ ਅੰਬੇਡਕਰ ਅਤੇ ਸ਼ਹੀਦਾਂ ਦੇ ਸੁਪਨਿਆਂ ਦੇ ਲੋਕਤੰਤਰ ਦੀ ਬਹਾਲੀ, ਦੇਸ਼ ਦੇ ਨਿਰਮਾਣ, ਵਿਕਾਸ, ਅਤੇ ਸਾਫ ਸੁਥਰੀ ਰਾਜਨੀਤੀ ਲਈ ਨੌਜਵਾਨ ਪੀੜ੍ਹੀ ਦਾ ਯੋਗਦਾਨ ਬੜੀ ਅਹਿਮੀਅਤ ਰੱਖਦਾ ਹੈ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਨੌਜਵਾਨ ਪੀੜ੍ਹੀ ਕੋਲ ਰੁਜ਼ਗਾਰ ਹੋਵੇਗਾ ਅਤੇ  ਉਹ ਆਰਥਿਕ ਪੱਖੋਂ ਮਜ਼ਬੂਤ ਹੋਵੇਗਾ ਜਿਸ ਦਿਨ ਦੇਸ਼ ਦਾ ਨੌਜਵਾਨ ਵਰਗ ਮਜ਼ਬੂਤ ਹੋ ਗਿਆ ਉਸ ਦਿਨ ਦੇਸ਼ ਨੂੰ ਮਜ਼ਬੂਤ ਹੋਣੋਂ ਕੋਈ ਨਹੀਂ ਰੋਕ ਸਕਦਾ।
ਕੁਲਦੀਪ ਸਿੰਘ ਸਾਹਿਲ 
9417990040
ਸਿਰਨਾਵਾਂ:- # 16, ਏ ਫੋਕਲ ਪੁਆਇੰਟ ਰਾਜਪੁਰਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleDoes Babasaheb’s Ideology match with the Hindu Nationalist Politics?
Next articleਕੋਪਲ ਕੰਪਨੀ ਲਈ ਕਿਸਾਨੀ ਹਿੱਤ ਸਭ ਤੋਂ ਪਹਿਲਾਂ ਅਤੇ ਅਹਿਮ ਹੈ : ਸੰਜੀਵ ਬਾਂਸਲ