(ਸਮਾਜ ਵੀਕਲੀ)
ਇਤਿਹਾਸ ਗਵਾਹੀ ਭਰਦਾ ਹੈ ਕਿ ‘ਭਾਈ ਮਹਾਂ ਸਿੰਘ’ ਸ਼ਾਇਦ ਪਹਿਲਾਂ ਆਪਣੇ ਆਪ ਨਾਲ ਸਹੀ ਨਿਰਣਾ ਨਾ ਕਰ ਸਕੇ ਕਿ ‘ਮੈਂ ਕੌਣ ਹਾਂ’?
ਸੁਣਦੇ ਆ ਅਨੰਦਪੁਰ ਸਾਹਿਬ ਨੂੰ ਕਈ ਦਿਨਾਂ ਤੋਂ ਘੇਰਾ ਪਿਆ ਹੋਇਆ ਸੀ, ਕੁਝ ਸਿੰਘ ਡੋਲ ਕੇ ਬਿਦਾਵਾ ਲਿਖ ਸੱਚ ਦਾ ਮਾਰਗ ਤਿਆਗ ਗਏ…
ਅੰਤਿਮ ਨਿਰਣਾ ਲੈ ਗੂਰੂ ਜੀ ਨੂੰ ਅਨੰਦਪੁਰ ਸਾਹਿਬ ਛੱਡਣਾ ਪਿਆ, ਸਰਸਾ ਨਦੀਂ ਤੇ ਪਰਿਵਾਰ ਵਿਛੜ ਗਿਆ, ਚਮਕੌਰ ਗੜ੍ਹੀ ਲੰਘ ਗੁਰੂ ਜੀ, ਮਾਛੀਵਾੜੇ ਦੇ ਜੰਗਲਾਂ ‘ਚ ਵਿਸ਼ਰਾਮ ਕਰਦੇ ਹੋਏ, ਦੀਨਾ ਕਾਂਗੜ ਪਹੁੰਚੇ ਹੀ ਸੀ ਕਿ ਖ਼ਬਰ ਮਿਲੀ *ਸੂਬਾ ਸਰਹੰਦ ਯੁੱਧ ਲਈ ਆ ਰਿਹਾ!* ਸਿੰਘਾਂ ਦੀ ਗਿੱਣਤੀ ਘੱਟ ਹੋਣ ਕਰਕੇ ਤਰੁੰਤ ਫੈਸਲਾ ਲੈ ਕੇ ਖਿਦਰਾਣੇ ਦੀ ਢਾਬ ਵੱਲ ਚਾਲੇ ਪਾਏ, ਉਸ ਥਾਂ ਤੋਂ ਸਿਵਾਏ ਕਿਤੇ ਪਾਣੀ ਨਹੀਂ ਸੀ! ਇਸ ਸਮੇਂ ਤੱਕ ਚਾਰੋਂ ਸ਼ਹਿਬਜ਼ਾਦਿਆਂ ਤੇ ਮਾਤਾ ਜੀ ਦੇ ਸ਼ਹੀਦ ਹੋਣ ਦੀ ਖ਼ਬਰ ਵੀ ਮਿਲ ਚੁੱਕੀ ਸੀ, ਸਮਾਂ ਦੇਖੋਂ!
ਦੂਜੇ ਪਾਸੇ ਬਿਦਾਵਾ ਦੇਣ ਵਾਲੇ ਸਿੰਘਾਂ ਨੂੰ ਜਾਂਦਿਆ ਹੀ, ਮਾਤਾ ‘ਭਾਗ ਕੋਰ’ ਨੇ ਲਲ਼ਕਾਰਿਆ… ‘ਔਖੀ ਘੜੀ ਸਾਥ ਛੱਡ ਆਏ, ਲਾਹਲਤਾਂ ਪੈਣਗੀਆਂ, ਕਿਹੜਾ ਮੂੰਹ ਲੈ ਕੇ ਚੱਲੋਗੇ, ਮੇਰੀ ਮੰਨੋ, ਹੰਭਲਾ ਮਾਰੋ, ਗੁਰੂ ਬਖਸ਼ਣ ਯੋਗ ਨੇ, ਬਖਸ਼ ਦੇਣਗੇ’! ਮਿਜ਼ਾਈਲ ਸਿੰਘਾਂ ਦੀ ਜ਼ਮੀਰ ਜਾਗੀ, ਕਮਰਕਸੇ ਕਸ ਲਏ, ਖਿਦਰਾਣੇ ਪੂਰਬ ਵਾਲੇ ਪਾਸੇ ਜਾ ਸੰਭਾਲੇ ਮੋਰਚੇ, ਜਿੱਧਰੋਂ ਮੁਗਲ ਫੌਜ ਨੇ ਆਉਣਾ ਸੀ। ਗੁਰੂ ਜੀ ਪੱਛਮ ਵੱਲ ਉੱਚੀ ਟਿੱਬੀ ਤੇ ਠਹਿਰੇ ਸਨ। ਸਿੰਘਾਂ ਨੇ ਦ੍ਰਿੜ ਇਰਾਦਾ ਕਰ ਲਿਆ ਕਿ ਫੌਜ ਗੁਰੂ ਜੀ ਤੱਕ ਨਹੀਂ ਜਾਣ ਦੇਵਾਂਗੇ, ਘਮਸਾਣ ਦਾ ਯੁੱਧ ਹੋਇਆ, ਸਿੰਘ ਝੂਜਦੇ ਰਹੇ, ਮੁਗ਼ਲਾਂ ਦੇ ਸੱਥਰ ਵਿਛਦੇ ਗਏ! ਵਜ਼ੀਦ ਖਾਂ ਨੂੰ ਹਾਰ ਮੰਨ ਵਾਪਿਸ ਮੁੜਨਾ ਪਿਆ।
ਗੁਰੂ ਜੀ ਨੇ ਸ਼ਹੀਦ ਸਿੰਘਾਂ ਦੇ ਹੱਥ ਮੱਥੇ ਨੂੰ ਲਾਏ, ਗੋਦ ਲਿਆ, ਮੱਥਾ ਚੁੰਮਿਆ, ਤਾਰੀਖ਼ ਦੇ ਪੰਨੇ ਦੱਸਦੇ ਨੇ ਕਿ ਪਹਿਲੀ ਵਾਰ ਹਜ਼ੂਰ ਦੀਆਂ ਅੱਖਾਂ ਵਿਚ ਅੱਥਰੂ ਵੇਖੇ ਗਏ! 40 ਸਿੰਘਾਂ ‘ਚੋਂ ਸਿਰਫ਼ ‘ਮਹਾਂ ਸਿੰਘ’ ਦੇ ਸਵਾਸ ਚਲਦੇ ਸਨ, ਗੁਰੂ ਜੀ ਨੇ ‘ਮਹਾਂ ਸਿੰਘ’ ਨੂੰ ਗੋਦ ਲਿਆ ਤਾਂ ਚਾਰ ਅਲਫਾਜ਼ ਨਿਕਲੇ, *ਹਜ਼ੂਰ ਬੇਦਾਵਾ ਪਾੜ ਦਿਓ…* ਗੁਰੂ ਜੀ ਨੇ ਬੇਦਾਵਾ ਪਾੜ ਦਿੱਤਾ, ਭਾਈ ‘ਮਹਾਂ ਸਿੰਘ’ ਸ਼ੁਕਰਾਨੇ ਕਰਦਾ ਗੁਰੂ ਦੀ ਗੋਦ ‘ਚ ਸੌਂ ਗਿਆ।
ਗੁਰੂ ਜੀ ਨੇ ਸ਼ਹੀਦਾਂ ਨੂੰ *ਚਾਲੀ ਮੁਕਤੇ* ਕਹਿ ਨਿਵਾਜ਼ਿਆ, ਖਿਦਰਾਣੇ ਨੂੰ ਮੁਕਤਸਰ ਦਾ ਨਾਮ ਬਖ਼ਸਦਿਆਂ ਕਿਹਾ, *ਅਬਿ ਤੇ ਨਾਮ ਮੁਕਤਿਸਰ ਹੋਇ, ਖਿਦਰਾਣਾ ਇਸ ਕਹੈ ਨਾ ਕੋਇ!* ਕੋਟਿ-ਕੋਟ ਪ੍ਰਣਾਮ ਸ਼ਹੀਦਾਂ ਨੂੰ, ਕੌਮ ਦੀ ਚੜ੍ਹਦੀਕਲਾ ਲਈ ਅਰਦਾਸ ਕਰਦਾ ਹਾਂ।
ਹਰਫੂਲ ਸਿੰਘ ਭੁੱਲਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly