ਪੁਸਤਕ ਮੇਰੀ ਨਜ਼ਰ ਵਿੱਚ –
ਪੁਸਤਕ ਦਾ ਨਾਂ : ਦੱਸ ਕੀ ਆਖਾਂ (ਕਾਵਿ ਸੰਗ੍ਰਹਿ)
ਲੇਖਕ ਦਾ ਨਾਂ : ਪ੍ਰਸ਼ੋਤਮ ਪੱਤੋ ਪੰਨੇ 100
ਮੁੱਲ : 180/- ਰੁਪਏ ਪ੍ਰਕਾਸ਼ਕ : ਸਾਦਿਕ ਪਬਲੀਕੇਸ਼ਨਜ਼ ਬਠਿੰਡਾ।
-ਤੇਜਿੰਦਰ ਚੰਡਿਹੋਕ
ਤੇਜਿੰਦਰ ਚੰਡਿਹੋਕ
(ਸਮਾਜ ਵੀਕਲੀ) ਕਵਿਤਾ ਦੇ ਪੰਜਾਬੀ ਸਾਹਿਤ ਜਗਤ ਵਿੱਚ ਕਈ ਰੂਪ ਹਨ ਜਿਵੇਂ ਛੰਦ ਬੱਧ ਤੁਕਾਂਤ ਰੂਪ ਜਾਂ ਖੁੱਲ੍ਹੀ ਕਵਿਤਾ। ਕਵਿਤਾ ਦਾ ਆਪਣਾ ਵਿਧੀ ਵਿਧਾਨ ਹੈ। ਭਾਵੇਂ ਆਮ ਕਵੀ ਖੁੱਲ੍ਹੀ ਕਵਿਤਾ ਨੂੰ ਸਹਿਜ ਹੀ ਸੌਖਾ ਮੰਨ ਲੈਂਦੇ ਹਨ ਪਰ ਜੇ ਉਸ ਨੂੰ ਨਿਯਮ ਬੱਧ ਨਾ ਕੀਤਾ ਜਾਵੇ ਤਾਂ ਉਹ ਵਾਰਤਕ ਜਾਪਣ ਲੱਗ ਪੈਂਦੀ ਹੈ। ਅਮਰਜੀਤ ਸਿੰਘ ਸੰਧੂ ਲਿਖਦੇ ਹਨ ਕਿ ਵਿਸ਼ੇ ਪੱਖੋਂ ਕਵਿਤਾ ਵਿੱਚ ਇੱਕ ਹੀ ਵਿਸ਼ਾ ਨਿਭਾਇਆ ਜਾਂਦਾ ਹੈ ਅਤੇ ਕਲਾਤਮਿਕ ਤੌਰ ਤੇ ਇੱਕ ਕਵਿਤਾ ਪਾਠਕ ਦੀ ਸੋਚ ਪੱਧਰ ਤੋਂ ਸਹਿਜ ਸੁਭਾਅ ਹੀ ਸ਼ੁਰੂ ਹੁੰਦੀ ਹੈ। ਕਾਵਿ ਚਿੰਤਨ ਦਾ ਖੇਤਰ ਬਹੁਤ ਵਿਸ਼ਾਲ ਹੈ। ਇੱਕ ਪਾਸੇ ਵਿਆਕਰਨ ਭਾਸ਼ਾ ਸ਼ਾਸ਼ਤਰ ਕਲਾਸ਼ਾਸ਼ਤਰ ਦਰਸ਼ਨ ਅਤੇ ਛੰਦ ਸ਼ਾਸ਼ਤਰ ਨੂੰ ਛੂਹੰਦਾ ਹੈ ਅਤੇ ਦੂਜੇ ਪਾਸੇ ਮਨੋਵਿਗਿਆਨ ਅਤੇ ਸਰੀਰ ਕਿਰਿਆ ਵਿਗਿਆਨ ਨਾਲ਼ ਵੀ ਜੁੜਿਆ ਹੋਇਆ ਹੈ। ਉਹ ਸਮਾਜ ਸ਼ਾਸ਼ਤਰ ਇਤਿਹਾਸ ਅਤੇ ਰਾਜਨੀਤਕ ਚਿੰਤਨ ਨਾਲ਼ ਵੀ ਜੁੜਦਾ ਹੈ। ਇਹੀ ਕਾਰਨ ਹੈ ਕਿ ਅਜੋਕੇ ਸਮੇਂ ਕਾਵਿ ਸ਼ਾਸ਼ਤਰ ਚਿੰਤਨ ਵਿੱਚ ਕਈ ਦਿ੍ਰਸ਼ਟੀਆਂ ਜਿਨ੍ਹਾਂ ਵਿੱਚ ਰੋਮਾਂਸਵਾਦੀ ਕਲਾਵਾਦੀ ਭਵਿੱਖਵਾਦੀ ਜਾਂ ਹੋਂਦਵਾਦੀ ਸਿਧਾਂਤਾਂ ਨਾਲ਼ ਜੁੜੀਆਂ ਮਿਲਦੀਆਂ ਹਨ।
‘ਦੱਸ ਕੀ ਆਖਾਂ’ ਪ੍ਰਸ਼ੋਤਮ ਪੱਤੋ ਦਾ ਛੇਵਾਂ ਕਾਵਿ ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਪੰਜ ਕਾਵਿ ਸੰਗ੍ਰਹਿ ਸਾਹਿਤ ਅਤੇ ਪਾਠਕਾਂ ਦੀ ਝੋਲੀ ਪਾ ਚੁੱਕਾ ਹੈ। ਇਹ ਜੀਵਨ ਦਾ ਅਸੂਲ ਹੈ ਕਿ ਕੁਝ ਪਾਉਣ ਲਈ ਕੁਝ ਦੇਣਾ ਵੀ ਪੈਂਦਾ ਹੈ ਇਸੇ ਤਹਿਤ ਕਵੀ ਨੇ ਹਥਲੀ ਪੁਸਤਕ ‘ਦੱਸ ਕੀ ਆਖਾਂ’ ਉਸ ਨੂੰ ਜਿਨ੍ਹਾਂ ਮਿੱਤਰਾਂ ਤੋਂ ਕਾਵਿ ਪੁਸਤਕਾਂ ਲਈ ਸਹਾਇਤਾ ਆਈ ਉਹਨਾਂ ਦਾ ਧੰਨਵਾਦ ਕਰਦਿਆਂ ਉਹਨਾਂ ਨੂੰ ਹੀ ਸਮਰਪਿਤ ਕਰ ਦਿੱਤੀ ਹੈ। ਪੁਸਤਕ ‘ਨਿਰਾਸ਼ਤਾ’ ਤੋਂ ਸ਼ੁਰੂ ਹੋ ਕੇ ‘ਸੋਚ ਦਾ ਪੰਧ’ ਤੇ ਆ ਕੇ ਰੁਕਦੀ ਹੈ।
ਪੁਸਤਕ ਵਿੱਚੋਂ ਵਿਚਰਦਿਆਂ ਸ਼ਾਮਲ ਕਵਿਤਾਵਾਂ ਵਿੱਚ ਹਉਮੈ ਨੂੰ ਮਾਰਨ ਵਿਗਿਆਪਨਾਂ ਦੇ ਜਾਲ ਅੱਖਾਂ ਦੀ ਕਰਾਮਾਤ ਹੱਕ ਸੱਚ ਨਫਰਤ ਬਿਰਹਾ ਸ਼ਬਦਾਂ ਦੀ ਮਹਾਨਤਾ ਉਡੀਕ ਮਿਲਾਵਟ ਧਰਮ ਦੀ ਠੇਕੇਦਾਰੀ ਸੌੜੀ ਸੋਚ ਅਤੇ ਦੇਸ਼ ਵਿੱਚ ਉਤਪੰਨ ਹੋਈਆਂ ਵਿਸੰਗਤੀਆਂ ਦੀ ਗੱਲ ਮਿਲਦੀ ਹੈ। ਪੁਸਤਕ ਦੀ ਸਿਰਲੇਖਤ ਕਵਿਤਾ ‘ਦੱਸ ਕੀ ਆਖਾਂ’ ਚੋਵੀਵੇਂ ਸਥਾਨ ਤੇ ਅੰਕਿਤ ਹੈ। ਜਿਸ ਵਿੱਚ ਸੱਚ ਨੂੰ ਫਾਂਸੀ ਰਿਸ਼ਵਤ ਰੋਟੀ ਦੀ ਥਾਂ ਗੋਲੀ ਲਹੂ ਦਾ ਵਾਪਾਰ ਔਰਤ ਦੀ ਜਿਸਮ ਫ਼ਰੋਸ਼ੀ ਵਰਗੀਆਂ ਅਲਾਮਤਾਂ ਦਾ ਜਿਕਰ ਕੀਤਾ ਗਿਆ ਹੈ। ਇਸੇ ਤਰ੍ਹਾਂ ਲੋਕਾਂ ਨੂੰ ਵਿਗਿਆਪਨ ਮੋਹ ਕੇ ਆਪਣੇ ਪਿੱਛੇ ਲਾਉਂਦੇ ਹਨ ਤੇ ਫਿਰ ਆਮ ਜਨਤਾ ਦੀ ਲੁੱਟ ਘੱਸੁਟ ਕਰਦੇ ਹਨ ਦੱਸੇ ਗਏ ਹਨ। ਹੱਕ ਸੱਚ ਦੀ ਗੱਲ ਕਰਦੀ ਕਵਿਤਾ ‘ਸੱਚ ਦਾ ਰਾਹ’ ਰਾਹੀਂ ਲੋਕਾਂ ਨੂੰ ਸੁਚੇਤ ਕਰਦੀ ਹੈ। ਕਵਿਤਾ ‘ਸ਼ਬਦ’ ਵਿੱਚ ਨਾ ਮਿਟਣ ਅਤੇ ਖੁਰਨ ਦੀ ਗੱਲ ਆਖਦਿਆਂ ਕਿਹਾ ਗਿਆ ਹੈ ਕਿ –
‘ਨਾ ਮਿਟਣਗੇ ਨਾ ਖੁਰਨਗੇ
ਸ਼ਬਦ ਕਵਿਤਾਵਾਂ ਦੇ
ਚਿੰਤਨ ਕਰਕੇ ਇਨ੍ਹਾਂ ਦਾ
ਕਾਫ਼ਲੇ ਤੁਰਨਗੇ
ਨਵੀਆਂ ਰਾਹਾਂ ਤੇ।’ (ਪੰਨਾ 94)
ਦੇਸ਼ ਅੰਦਰ ਵਾਪਰਦੀਆਂ ਵਿਸੰਗਤੀਆਂ ਦੀ ਗੱਲ ਕਰਦੀਆਂ ਕਵਿਤਾਵਾਂ ਭਾਰਤ ਦੇਸ਼ ਬੌਣੇ ਕਦਮ ਸਹਿਮ ਭਵਿੱਖ ਖੁੱਲ੍ਹਾ ਅੰਬਰ ਸਾਂਝ ਦੇ ਫੁੱਲ ਆਦਿ ਸ਼ਾਮਲ ਹਨ ਜਿਹਨਾਂ ਵਿੱਚ ਘਪਲਿਆਂ ਘੁਟਾਲਿਆਂ ਧਰਮਾਂ ਦੀ ਗੱਲ ਕੀਤੀ ਗਈ ਹੈ। ਪ੍ਰੇਮ ਦੀ ਸਰਦਲ ਤੇ ਵਿਰਾਗ ਅਤੇ ਉਡੀਕ ਕਰਦੀਆਂ ਕਵਿਤਾਵਾਂ ਯਾਦ ਵਿੱਚ ਅਤੇ ਉਡੀਕ ਵਿੱਚ ਸ਼ਾਮਲ ਹਨ। ਕਵਿਤਾ ‘ਸਿਰੜੀ ਔਰਤਾਂ’ ਅਤੇ ਹੋਰ ਕਵਿਤਾਵਾਂ ਜਿਵੇਂ ਸਹਿਮ ਮਮਤਾ ਮਾਂ ਆਦਿ ਵਿੱਚ ਔਰਤਾਂ ਦੀ ਹਰ ਥਾਂ ਸ਼ਮੂਲੀਅਤ ਦੀ ਗੱਲ ਕਰਦਿਆਂ ਲਿਖਿਆ ਗਿਆ ਹੈ ਕਿ-
‘ਘਰ ਬਣਾਉਣ ਲਈ
ਇੱਕ ਔਰਤ ਦੀ ਹੁੰਦੀ ਹੈ ਲੋੜ।
ਔਰਤ ਖੇਤਾਂ ਤੋਂ ਲੈ ਕੇ ਮੈਦਾਨੇ ਜੰਗ ਆਈ ਹੈ ਜੁਝਦੀ।’ (ਪੰਨਾ 11)
ਕਵਿਤਾ ‘ਪਿਆਰ ਬਿਨਾਂ ਕੁੱਝ ਨਹੀਂ’ ਪਿਆਰ ਤੋਂ ਵਾਂਝਾਂ ਮਨ ਸੰਦੇਸ਼ ਦਿੰਦਾ ਹੈ ਕਿ ਬਿਨਾਂ ਪਿਆਰ ਕੁਝ ਵੀ ਨਹੀਂ ਹੈ ਸੰਸਾਰ ਵਿੱਚ ਪਰ ਲੋਕ ਇਸ ਸਿਧਾਂਤ ਨੂੰ ਅੱਜ ਦੀ ਭੱਜ ਦੌੜ ਵਿੱਚ ਭੁੱਲ ਗਏ ਹਨ। ਹਾਕਮਾਂ ਦੀ ਚਾਹਤ ਦੀ ਗੱਲ ਕਰਦੀ ਕਵਿਤਾ ‘ਬਾਗ਼ੀ ਸੁਰ’ ਵਿੱਚ ਦੱਸਿਆ ਗਿਆ ਹੈ ਕਿ ਹਾਕਮ ਨਹੀਂ ਚਾਹੁੰਦਾ ਕੋਈ ਉਸ ਦੇ ਫੈੋਸਲੇ ਨੂੰ ਚੁਣੌਤੀ ਦੇਵੇ। ਉਹ ਤਾਂ ਲਾਈਲੱਗ ਅਤੇ ਚਾਪਲੂਸਾਂ ਦੇ ਭੁੱਖੇ ਹੁੰਦੇ ਹਨ ਪਰ ਜਦੋਂ ਜਨਤਾ ਦੀਆਂ ਫਰਿਆਦਾਂ ਅਰਜ਼ਾਂ ਮਿੰਨਤਾਂ ਅਤੇ ਤਰਲੇ ਨਾਲ਼ ਮੰਗਾਂ ਦੀ ਸੁਣਵਾਈ ਨਾ ਹੋਵੇ ਤਾਂ ਫਿਰ ਹਾਕਮਾਂ ਵਿਰੁੱਧ ਬਾਗ਼ੀ ਸੁਰ ਉਤਪੰਨ ਹੋਣ ਲੱਗਦੀ ਹੈ। ਜਿਹੜਾ ਸੰਘਰਸ਼ ਦਾ ਰੂਪ ਧਾਰਨ ਕਰ ਲੈਂਦੀਆਂ ਹਨ। ਲੋਕ ਆਪਣੀ ਜਾਨ ਵੀ ਦਾਅ ਤੇ ਲਾਉਣ ਤੋਂ ਗੁਰੇਜ਼ ਨਹੀਂ ਕਰਦੇ। ਕਵਿਤਾ ਦੇ ਬੰਦ ਦੇਖੋ-
‘ਜਦੋਂ ਫਰਿਆਦ ਅਰਜ਼ਲੂ ਮਿੰਨਤਾਂ ਤਰਲੇ ਤੇ ਸਹੀ ਮੰਗਾਂ
ਤੇ ਹੋਵੇ ਨਾ ਸੁਣਵਾਈ ਤਾਂ ਪੈਦਾ ਹੁੰਦੀ ਹੈ ਬਾਗ਼ੀ ਸੁਰ
ਤੇ ਫਿਰ ਲੋਕਾਂ ਦੇ ਵੱਡੇ ਕਾਫ਼ਲੇ ਤੁਰ ਪੈਂਦੇ ਨੇ ਮੰਜ਼ਿਲ ਸਰ ਕਰਨ ਵਾਸਤੇ
ਪੱਤੋ ਲੋਕ ਡਰਦੇ ਨਹੀਂ ਜਾਨ ਵਾਰਨ ਤੋਂ।’ (ਪੰਨਾ 19)
‘ਕਿਰਪਾ’ ਕਵਿਤਾ ਇਹ ਵੀ ਦੱੋਸਦੀ ਹੈ ਕਿ ਕਿਸੇ ਬਾਬੇ ਦੇ ਹੱਥ ਉੱਪਰ ਚੁੱਕਣ ਨਾਲ ਜਾਂ ਸਿਰ ਤੇ ਹੱਥ ਰੱਖਣ ਨਾਲ਼ ਕਿ੍ਰਪਾ ਨਹੀਂ ਆਉਂਦੀ ਸਗੋਂ ਕਿ੍ਰਪਾ ਤਾਂ ਮਾਂ-ਬਾਪ ਦੀ ਸੇਵਾ ਕਰਨ ਪ੍ਰੇਮ ਕਰਨ ਇਮਾਨਦਾਰੀ ਅਤੇ ਸੱਚੀ ਮਿਹਨਤ ਨਾਲ਼ ਆਉਂਦੀ ਹੈ। ਮਨੁੱਖ ਨੂੰ ਤਾਂ ਸ਼ੁਰੂ ਤੋਂ ਹੀ ਘਰ ਦੀ ਜਰੂਰਤ ਰਹੀ ਹੈ ਜਿਵੇਂ ਪੰਛੀਆਂ ਲਈ ਆਲ੍ਹਣਾ ਪਾਣੀ ਦੇ ਜੀਵਾਂ ਲਈ ਪਾਣੀ ਜਰੂਰੀ ਹੈ। ਆਸ਼ਰਮ ਅਤੇ ਧਰਮਸ਼ਾਲਾਵਾਂ ਬੁਢਾਪਾ ਬਸ਼ਰ ਕਰਨਾ ਇੱਕ ਮਜ਼ਬੂਰੀ ਹੈ ਕੋਈ ਸੁੱਖ ਚੈਨ ਨਹੀਂ ਹੈ। ਸਮਾਜ ਵਿੱਚ ਧੀਆਂ ਨਾਲ਼ ਹੁੰਦਾ ਵਿਤਕਰਾ ਦਾ ਵਰਨਣ ਕਵਿਤਾ ‘ਲੋਹੜੀ ਤੇ ਧੀਆਂ’ ਕਰਦੀ ਹੈ। ਲੋਕ ਪੁੱਤਾਂ ਦੀਆਂ ਤਾਂ ਲੋਹੜੀਆਂ ਮਨਾਉਂਦੇ ਹਨ ਪਰ ਧੀਆਂ ਦੀ ਨਹੀਂ। ਪੁੱਤ ਆਪਣੇ ਫਰਜ਼ ਭੁੱਲ ਜਾਂਦੇ ਨੇ ਪਰ ਧੀਆਂ ਆਖਿਰ ਤੱਕ ਮਾਪਿਆਂ ਨਾਲ਼ ਜੁੜੀਆਂ ਰਹਿੰਦੀਆਂ ਹਨ। ਇਸੇ ਸੰਦਰਭ ਵਿੱਚ ਲਿਖਿਆ ਹੈ-
‘ਧੀਆਂ ਬਿਨਾਂ ਦੱਸੋ ਕਾਹਦੀਆਂ ਨੇ ਲੋਹੜੀਆਂ।
ਪੁੱਤਾਂ ਮਾਪਿਆਂ ਤੋਂ ਅੱਖੀਆਂ ਨੇ ਮੋੜੀਆਂ।’ (ਪੰਨਾ 52)
ਪੁਸਤਕ ਵਿੱਚ ਸਮੇਂ ਦੇ ਹਾਣੀ ਬਣਨ ਦੀ ਗੱਲ ਵੀ ਆਖੀ ਗਈ ਹੈ। ਜਿਸ ਵਿੱਚ ਲੋਕਾਂ ਨੂੰ ਸਮੇਂ ਦੇ ਹਾਣੀ ਹੋਣ ਦਾ ਯਤਨ ਕਰਨ ਦੀ ਸਲਾਹ ਅਤੇ ਨੋਜਵਾਨਾਂ ਨੂੰ ਦੇਸ਼ ਸੰਭਾਲਣ ਦੀ ਸਲਾਹ ਦਿੰਦੀਆਂ ਕਵਿਤਾਵਾਂ ‘ਸਮੇਂ ਦੇ ਹਾਣੀ’ ਅਤੇ ‘ਨੋਜਵਾਨੋਂ ਦੇਸ਼ ਸੰਭਾਲੋ’ ਵੀ ਸ਼ਾਮਲ ਹਨ। ‘ਸੁਪਨੇ’ ਕਵਿਤਾ ਵਿੱਚ ਸੁਪਨਿਆਂ ਤੇ ਜਿਉਂਦੇ ਮਨੁੱਖ ਦੀ ਗੱਲ ਕਰਦੀ ਹੈ। ਭਾਵੇਂ ਸੁਪਨੇ ਪੂਰੇ ਨਾ ਵੀ ਹੋਣ ਪਰ ਕੁਝ ਸੁਪਨੇ ਭਵਸਾਗਰ ਟੱਪਦੇ ਨਜ਼ਰ ਆਉਂਦੇ ਹਨ। ਮਨੁੱਖ ਦੇ ਚਿਹਰੇ ਦੇ ਮੁਖੌਟਿਆਂ ਅਤੇ ਮਜ਼੍ਹਬਾ ਦੀ ਗੱਲ ਕਰਦੀਆਂ ਕਵਿਤਾਵਾਂ ਚਿਹਰਾ ਅਤੇ ਘਾਗ ਸਪੇਰੇ ਵਿੱਚ ਕਿਹਾ ਗਿਆ ਹੈ ਕਿ ਹਰ ਮਨੁੱਖ ਦੇ ਚਿਹਰੇ ਤੇ ਅੱਜ ਮੁਖੌਟਾ ਚੜ੍ਹਿਆ ਹੋਇਆ ਹੈ ਅਤੇ ਦੁਨੀਆਂ ਵਿੱਚ ਮਜ਼੍ਹਬਾਂ ਦੇ ਸਭ ਝਗੜੇ ਝੇੜੇ ਹਨ। ਇਹਨਾਂ ਘਾਗ ਸਪੇਰੇ ਰੂਪੀ ਰਹਿਬਰਾਂ ਨੇ ਮਨੁੱਖ ਦੀ ਸੋਚ ਨੂੰ ਕੀਲ ਕੇ ਪਟਾਰੀ ਵਿੱਚ ਪਾ ਲਿਆ ਹੈ। ਲੋਕਾਂ ਨੂੰ ਸਵਰਗ ਦਾ ਲਾਲਚ ਅਤੇ ਨਰਕ ਦਾ ਡਰਾਵਾ ਦੇ ਕੇ ਡੇਰੇ ਲੋਕਾਂ ਨੂੰ ਭਰਮਾ ਕੇ ਆਪਣੇ ਸੰਗ ਰਲਾਈ ਬੈਠੇ ਹਨ। ਮਨੁੱਖ ਦੀ ਜ਼ਿੰਦਗੀ ਦੇ ਵੱਖ-ਵੱਖ ਰੰਗ ਹਨ। ਕਵਿਤਾ ਦਾ ਬੰਦ ਹੈ ਕਿ-
‘ਕੁੱਖ ਤੋਂ ਕਬਰ ਤੱਕ ਜ਼ਿੰਦਗੀ ਵੰਨ-ਸਵੰਨ
ਜ਼ਿੰਦਗੀ ਦੇ ਕਈ ਰੰਗ। ’ (ਪੰਨਾ 70)
ਮਨੁੱਖ ਦਾ ਮਨੁੱਖ ਤੋਂ ਡਰ ਅੱਜ ਦੇ ਸਮੇਂ ਦਾ ਸੱਚ ਬਿਆਨ ਕਰਦੀ ਹੈ ਕਵਿਤਾ ‘ਦਹਿਸ਼ਤ’। ਵਰਤਮਾਨ ਸਮਾਂ ਇੰਨਾ ਭਿਆਨਕ ਆ ਗਿਆ ਹੈ ਕਿ ਮਨੁੱਖ ਹੀ ਮਨੁੱਖ ਨੂੰ ਖਾਈ ਜਾ ਰਿਹਾ ਹੈ। ਮਾਰ ਰਿਹਾ ਹੈ ਇੱਕ ਕੀੜੀ ਵਾਂਗ। ਕਵਿਤਾ ਬੰਦੇ ਦਾ ਬੰਦੇ ਕੋਲੋਂ ਕਤਲ ਹੋਣਾ ਹੱਦਾਂ ਸਰਹੱਦਾਂ ਉੱਪਰ ਤੋਪਾਂ ਦਾ ਮੂੰਹ ਖੋਲ੍ਹਣਾ ਗੋਲੀਆਂ ਵਰਾਉਣੀਆਂ ਅਤੇ ਸੁਰੰਗਾਂ ਦਾ ਫਟਣਾ ਬੰਬ ਧਮਾਕੇ ਅਤੇ ਰੋਜ਼ ਅਖਬਾਰਾਂ ਦੀਆਂ ਸੁਰਖੀਆਂ ਦਾ ਲਹੂ ਭਿੱਜਿਆ ਕਿੰਨਾਂ ਹੀ ਭਿਆਨਕ ਅਤੇ ਦਰਦਨਾਕ ਅਤੇ ਸੋਗਮਈ ਹੁੰਦਾ ਹੈ। ਪੁਸਤਕ ਦੀ ਆਖਰੀ ਕਵਿਤਾ ‘ਸੋਚ ਦਾ ਪੰਧ’ ਵਿੱਚ ਕਵੀ ਇੱਕ ਆਸ ਲੈ ਕੇ ਤੁਰਦਾ ਹੈ। ਭਾਵੇਂ ਚਾਰੇ ਪਾਸੇ ਹਨੇਰਾ ਹੈ ਪਰ ਉਸ ਸੋਚ ਵਿੱਚ ਇੱਕ ਸੁਰਖ਼ ਸਵੇਰਾ ਦਿਸਦਾ ਹੈ। ਉਹ ਆਸ ਦੀ ਤੰਦ ਨਹੀਂ ਛੱਡਦਾ ਕਿਉਂਕਿ ਉਸਨੂੰ ਸੋਚ ਦਾ ਪੰਧ ਲਮੇਰਾ ਨਜ਼ਰੀ ਪੈਂਦਾ ਹੈ। ਉਹ ਕਹਿੰਦਾ ਹੈ-
‘ਪ੍ਰਸ਼ੋਤਮ ਨੇ ਆਸਾਂ ਦੀ ਤੰਦ ਛੱਡੀ ਨਾਲ
ਹਾਲੇ ਉਸ ਦੀ ਸੋਚ ਦਾ ਪੰਧ ਲਮੇਰਾ ਹੈ।’ (ਪੰਨਾ 99)
ਪੁਸਤਕ ਵਿਚਲੀਆਂ ਕਵਿਤਾਵਾਂ ਸਭ ਕੁਝ ਹੋਣ ਦੇ ਬਾਵਜੂਦ ਵੀ ਆਸ ਦਾ ਪੱਲਾ ਨਹੀਂ ਛੱਡਦੀਆਂ। ਉਸ ਦੀਆਂ ਕਵਿਤਾਵਾਂ ਰੋਹ ਅੱਗ ਬੁਝ ਜਾਵੇਗੀ ਦੀਵਾ ਕਸਮ ਗੁਲਾਬੀ ਸਾਉਣ ਇਸ਼ਕ ਦੀ ਬਾਜ਼ੀ ਵਹਿਸ਼ੀ ਸੋਚ ਭੋਲੇ ਜਜ਼ਬੇ ਬ੍ਰਹਿਮੰਡ ਘੇਰੇ ਦਾ ਰੂਪ ਅਤੇ ਬੇਸਹਾਰਾ ਆਦਿ ਵੀ ਗੌਰ ਤਲਬ ਹਨ। ਲੇਖਕ ਦੀਆਂ ਕਵਿਤਾਵਾਂ ਵਿੱਚ ਜਿੱਥੇ ਚਿੰਤਾ ਹੈ ਉੱਥੇ ਚਿੰਤਨ ਵੀ ਹੈ। ਭਵਿੱਖ ਵਿੱਚ ਲੇਖਕ ਤੋਂ ਹੋਰ ਕਵਿਤਾਵਾਂ ਦੀ ਆਸ ਕੀਤੀ ਜਾਂਦੀ ਹੈ।
ਸਾਬਕਾ ਏ.ਐਸ. ਪੀ ਨੈਸ਼ਨਲ ਐਵਾਰਡੀ
ਸੰਪਰਕ ਨੰ : 95010-00224
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj