ਹਿੰਮਤ

ਮਹਿੰਦਰ ਸਿੰਘ ਮਾਨ

(ਸਮਾਜ ਵੀਕਲੀ)

ਅੱਜ ਸਕੂਲ ਮੁਖੀ ਛੁੱਟੀ ਤੇ ਸੀ। ਸਭ ਤੋਂ ਸੀਨੀਅਰ ਮਾਸਟਰ ਹੋਣ ਕਰਕੇ ਉਹ ਮਾਸਟਰ ਮਲੂਕ ਚੰਦ ਨੂੰ ਸਕੂਲ ਦਾ ਇਨਚਾਰਜ ਬਣਾ ਗਿਆ ਸੀ। ਇਸ ਵੇਲੇ ਸਕੂਲ ਲੱਗੇ ਨੂੰ ਅੱਧਾ ਘੰਟਾ ਹੋ ਗਿਆ ਸੀ, ਪਰ ਸਕੂਲ ਦੀ ਸਫਾਈ ਕਰਮਚਾਰਨ ਜੋਗਿੰਦਰੋ ਹਾਲੇ ਤੱਕ ਸਕੂਲ ਨਹੀਂ ਪਹੁੰਚੀ ਸੀ। ਸਕੂਲ ਮੁਖੀ ਦੀ ਕੁਰਸੀ ਤੇ ਬੈਠੇ ਮਾਸਟਰ ਮਲੂਕ ਚੰਦ ਦੇ ਕੰਨਾਂ ‘ਚ ਅਚਾਨਕ ਇਹ ਸ਼ਬਦ ਪਏ,” ਸਰ ਜੀ, ਸਤਿ ਸ੍ਰੀ ਅਕਾਲ।”
ਉਹ ਇਹ ਸ਼ਬਦ ਸੁਣ ਕੇ ਇਕਦਮ ਬੋਲ ਉੱਠਿਆ,  ” ਜੋਗਿੰਦਰੋ, ਇਹ ਕੋਈ ਸਕੂਲ ਆਣ ਦਾ ਟੈਮ ਆਂ। ਸਕੂਲ ਲੱਗੇ ਨੂੰ ਅੱਧਾ ਘੰਟਾ ਹੋ ਗਿਐ। ਜੇ ਕੋਈ ਅਫਸਰ ਆ ਜਾਂਦਾ, ਮੈਂ ਉਸ ਨੂੰ ਕਿਆ ਜਵਾਬ ਦਿੰਦਾ। ਤੂੰ ਤਾਂ ਆਰਾਮ ਨਾਲ ਹੌਲੀ, ਹੌਲੀ ਆ ਗਈ ਆਂ। ਹਾਲੇ ਤੱਕ ਬੱਚਿਆਂ ਤੇ ਮਾਸਟਰਾਂ ਦੇ ਯੂਰਿਨਲਜ਼ ਬੰਦ ਪਏ ਆ। ਕਮਰਿਆਂ ‘ਚ ਥਾਂ, ਥਾਂ ਕਾਗਜ਼ ਖਿਲਰੇ ਪਏ ਆ। ਤੈਨੂੰ ਤਾਂ ਆਪਣੀ ਡਿਊਟੀ ਦਾ ਰਤਾ ਵੀ ਖਿਆਲ ਨ੍ਹੀ।”
” ਸਰ ਜੀ, ਮੈਂ ਜਾਣ ਬੁਝ ਕੇ ਲੇਟ ਨ੍ਹੀ ਆਈ। ਜਿਸ ਬੱਸ ‘ਚ ਮੈਂ ਰੋਜ਼ ਆਂਦੀ ਆਂ, ਉਹ ਪਿੱਛੇ ਤੋਂ ਹੀ ਲੇਟ ਆਈ ਸੀ। ਨਾਲੇ ਮੇਰੀ ਸੇਹਤ ਕੁਛ ਸਮੇਂ ਤੋਂ ਖਰਾਬ ਰਹਿੰਦੀ ਆ। ਸਾਰੇ ਸਰੀਰ ‘ਚ ਦਰਦਾਂ ਹੁੰਦੀਆਂ ਰਹਿੰਦੀਆਂ ਆਂ। ਬੱਸ ਅੱਡੇ ਤੋਂ ਤੁਰ ਕੇ ਸਕੂਲ ਪਹੁੰਚਣ ਨੂੰ ਅੱਧਾ ਘੰਟਾ ਲੱਗ ਜਾਂਦਾ ਆ।”  ਜੋਗਿੰਦਰੋ ਨੇ ਬੜੀ ਹਲੀਮੀ ਨਾਲ ਆਖਿਆ।
” ਮੈਨੂੰ ਨ੍ਹੀ ਕੁਛ ਵੀ ਪਤਾ। ਮੈਂ ਤੇਰੀ ਗੈਰਹਾਜ਼ਰੀ ਲਾਣ ਲੱਗਾ ਆਂ। ਸਕੂਲ ਮੁਖੀ ਨੇ ਤਾਂ ਤੇਰੇ ਵਿਰੁੱਧ ਕੋਈ ਕਾਰਵਾਈ ਕਰਨੀ ਨਾ ਹੋਈ। ਅੱਗੇ ਵੀ ਤੂੰ ਬਹੁਤ ਵਾਰੀ ਸਕੂਲ ਲੇਟ ਪਹੁੰਚਦੀ ਆਂ।”
 ਜੋਗਿੰਦਰੋ ਤੋਂ ਮਾਸਟਰ ਮਲੂਕ ਚੰਦ ਦੀਆਂ ਗੱਲਾਂ ਸੁਣਨੀਆਂ ਔਖੀਆਂ ਹੋ ਰਹੀਆਂ ਸਨ। ਉਹ ਥੋੜ੍ਹੀ ਜਹੀ ਹਿੰਮਤ ਕਰਕੇ ਬੋਲੀ,” ਵੈਸੇ ਸਰ ਜੀ, ਤੁਸੀਂ ਆਪ ਸਕੂਲ ‘ਚ ਕਿੰਨੇ ਦਿਨ ਆਂਦੇ ਹੋ। ਰੋਜ਼ ਛੁੱਟੀ ਲਈ ਰੱਖਦੇ ਹੋ, ਕਦੇ ਅਚਨਚੇਤ ਛੁੱਟੀ, ਕਦੇ ਮੈਡੀਕਲ ਛੁੱਟੀ, ਕਦੇ ਕਮਾਈ ਛੁੱਟੀ, ਕਦੇ ਬਿਨਾਂ ਤਨਖਾਹ ਵਾਲੀ ਛੁੱਟੀ। ਫੇਰ ਪੀਰੀਅਡਾਂ ‘ਚ ਤੁਹਾਡੀਆਂ ਫੋਨ ਤੇ ਗੱਲਾਂ ਨ੍ਹੀ ਮੁੱਕਦੀਆਂ। ਤੁਸੀਂ ਬੱਚਿਆਂ ਦੀ ਪੜ੍ਹਾਈ ਦਾ ਕਿੰਨਾ ਕੁ ਖਿਆਲ ਰੱਖਦੇ ਹੋ?”
ਇਸ ਤੋਂ ਪਹਿਲਾਂ ਕਿ ਉਹ ਹੋਰ ਕੁੱਝ ਬੋਲਦੀ, ਪਹਿਲਾ ਪੀਰੀਅਡ ਖਤਮ ਹੋਣ ਦੀ ਘੰਟੀ ਵੱਜ ਗਈ, ਮਾਸਟਰ ਮਲੂਕ ਚੰਦ ਨੇ ਕਾਹਲੀ ਨਾਲ ਉਸ ਦੇ ਖਾਨੇ ‘ਚ ‘ਹਾਜ਼ਰ’ ਲਿਖ ਦਿੱਤਾ ਤੇ ਸ਼ਰਮਿੰਦਾ ਜਿਹਾ ਹੋ ਕੇ ਸੱਤਵੀਂ ਕਲਾਸ ਵਿੱਚ ਪੀਰੀਅਡ ਲਗਾਉਣ ਤੁਰ ਪਿਆ।
ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ -144514       
  ਫ਼ੋਨ-9915803554

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

 

Previous article40 ਮੁਕਤਿਆਂ ਦੀ ਯਾਦ ਨੂੰ ਸਮਰਪਿਤ ਧਾਰਮਿਕ ਸਮਾਗਮ ਆਯੋਜਿਤ
Next articleਸ਼ੁਭ ਸਵੇਰ ਦੋਸਤੋ,