ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਤੇ ਵਰਤਮਾਨ ਸਮੇਂ ਵਿੱਚ ਅਮਲ

(ਸਮਾਜ ਵੀਕਲੀ)– ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਇਕ ਅਜਿਹਾ ਨੌਜਵਾਨ ਇਨਕਲਾਬੀ ਸੀ ਜਿਸਨੇ ਆਪਣੀ ਛੋਟੀ ਜਿਹੀ ਉਮਰ ਵਿਚ ਸਾਰੇ ਅੰਗਰੇਜ਼ ਸਾਮਰਾਜ ਦੀਆਂ ਭਾਜੜਾਂ ਪਾ ਦਿੱਤੀਆਂ ਅਤੇ ਫਾਂਸੀ ਦੇ ਰੱਸੇ ਨੂੰ ਚੁੰਮਿਆ ਅਤੇ ਭਾਰਤੀ ਕੌਮ ਵਿੱਚ ਅਜਿਹੀ ਲਹਿਰ ਪੈਦਾ ਕਰ ਦਿੱਤੀ ਸੀ ਜਿਸ ਨੇ ਅੰਗਰੇਜ਼ੀ ਸਾਮਰਾਜ ਦੀਆਂ ਨੀਹਾਂ ਹਿਲਾ ਕੇ ਰੱਖ ਦਿੱਤੀਆਂ ਸਨ। ਜਿਸ ਦੀ ਬਦੌਲਤ ਸਾਡਾ ਵਤਨ ਭਾਰਤ 15 ਅਗਸਤ 1947 ਨੂੰ ਆਜ਼ਾਦ ਹੋ ਗਿਆ। ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਮਹਾਨ ਯੋਧੇ, ਸੂਰਬੀਰਾਂ ਦੀ ਕੁਰਬਾਨੀ ਦੀ ਕਥਾ ਵੀ ਸਦਾ ਸੁਨਹਿਰੀ ਅੱਖਰਾਂ ਵਿੱਚ ਲਿਖੀ ਗਈ। ਭਾਰਤ ਦੇ ਮਹਾਨ ਯੋਧੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਬੰਗਾਂ, ਲਾਇਲਪੁਰ (ਹੁਣ ਫ਼ੈਸਲਾਬਾਦ, ਪਾਕਿਸਤਾਨ) ਵਿਖੇ ਹੋਇਆ। ਖਟਕੜ ਕਲਾਂ ਜ਼ਿਲ੍ਹਾ ਜਲੰਧਰ ਇਨ੍ਹਾਂ ਦਾ ਜੱਦੀ ਪਿੰਡ ਸੀ। ਭਗਤ ਸਿੰਘ ਦੇ ਪਿਤਾ ਦਾ ਨਾਂਅ ਸਰਦਾਰ ਕਿਸ਼ਨ ਸਿੰਘ ਤੇ ਮਾਤਾ ਦਾ ਨਾਂਅ ਵਿਦਿਆਵੰਤੀ ਸੀ। ਪਗੜੀ ਸੰਭਾਲ ਜੱਟਾ ਲਹਿਰ ਦੇ ਪ੍ਰਸਿੱਧ ਆਗੂ ਸਰਦਾਰ ਅਜੀਤ ਸਿੰਘ ਤੇ ਸਰਦਾਰ ਸਵਰਨ ਸਿੰਘ ਜਲਾਵਤਨ ਦੋਵੇਂ ਭਗਤ ਸਿੰਘ ਦੇ ਚਾਚੇ ਸਨ। ਛੋਟੇ ਹੁੰਦਿਆਂ 14 ਅਪਰੈਲ 1919 ਦੇ ਦਿਨ ਜਲਿਆਂਵਾਲੇ ਬਾਗ ਦੀ ਘਟਨਾ ਨੇ ਭਗਤ ਸਿੰਘ ਦੇ ਮਨ ‘ਤੇ ਬਹੁਤ ਡੂੰਘਾ ਅਸਰ ਪਾਇਆ। ਉਨ੍ਹੀਂ ਦਿਨੀਂ ਨਾਲ ਹੀ ਮਹਾਤਮਾ ਗਾਂਧੀ ਜੀ ਦੀ ਨਾ ਮਿਲਵਰਤਣ ਲਹਿਰ ਵੀ ਚੱਲ ਰਹੀ ਸੀ।

ਜਿਸ ਦੀ ਬਦੌਲਤ ਭਗਤ ਸਿੰਘ ਸਾਡੇ ਦੇਸ਼ ਲਈ ਆਜ਼ਾਦੀ ਦਾ ਚੰਨ ਬਣ ਕੇ ਸਾਹਮਣੇ ਆਇਆ। ਭਗਤ ਸਿੰਘ ਜਿਉਂ ਹੀ ਜਵਾਨੀ ਦੀ ਦਹਿਲੀਜ਼ ‘ਤੇ ਪੈਰ ਧਰਦਾ ਗਿਆ, ਜੋ ਆਜ਼ਾਦੀ ਲਈ ਉਹਦੇ ਦਿਲ ਵਿੱਚ ਭਾਂਬੜ ਬਲ ਰਿਹਾ ਸੀ ਉਹ ਹੋਰ ਮਘਦਾ ਗਿਆ। ਆਪਣੇ ਸਾਥੀਆਂ ਰਾਜਗੁਰੂ, ਸੁਖਦੇਵ ਅਤੇ ਚੰਦਰ ਸ਼ੇਖਰ ਨਾਲ ਮਿਲ ਕੇ ਅੰਗਰੇਜ਼ਾਂ ਦੇ ਹੋ ਰਹੇ ਜ਼ੁਲਮ ਅੱਗੇ ਸ਼ਹੀਦ ਹੋਏ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਮੋਟਰਸਾਈਕਲ ‘ਤੇ ਜਾ ਰਹੇ ਅੰਗਰੇਜ਼ੀ ਹਕੂਮਤ ਦੇ ਅਫਸਰ ਸਾਂਡਰਸ ਨੂੰ ਮਾਰ ਕੇ ਲਿਆ। ਕੁਝ ਮਹੀਨਿਆਂ ਬਾਅਦ ਹੀ 8 ਅਪਰੈਲ 1928 ਨੂੰ ਦਿੱਲੀ ਸੈਂਟਰਲ ਅਸੈਂਬਲੀ ਵਿੱਚ ਬੰਬ ਸੁੱਟਿਆ, ਜਿਸ ਦੀ ਬਦੌਲਤ ਭਗਤ ਸਿੰਘ ਤੇ ਸ੍ਰੀ ਬੀ.ਕੇ ਦੱਤ ਨੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਾਉਂਦਿਆਂ ਆਪਣੀ ਗ੍ਰਿਫ਼ਤਾਰੀ ਦੇ ਦਿੱਤੀ। ਭਗਤ ਸਿੰਘ ਜੋ ਕਿ ਆਜ਼ਾਦ ਭਾਰਤ ਦਾ ਚਮਕਦਾ ਕੋਹਿਨੂਰ ਹੈ।

7 ਅਕਤੂਬਰ 1930 ਨੂੰ ਭਗਤ ਸਿੰਘ, ਸੁਖਦੇਵ ਸਿੰਘ, ਰਾਜਗੁਰੂ ਨੂੰ ਫ਼ਾਂਸੀ ਦੀ ਸਜ਼ਾ ਹੋ ਗਈ, ਪਰ ਜ਼ਾਲਮ ਅੰਗਰੇਜ਼ੀ ਸਰਕਾਰ ਨੇ ਧੋਖੇ ਨਾਲ ਹੀ ਜਲਦੀ-ਜਲਦੀ 23 ਮਾਰਚ 1931 ਨੂੰ ਉਨ੍ਹਾਂ ਨੂੰ ਫਾਂਸੀ ਦੇ ਦਿੱਤੀ। ਸ਼ਹੀਦਾਂ ਦੀਆਂ ਲੋਥਾਂ ਨੂੰ ਵੀ ਅੰਗਰੇਜ਼ ਸਰਕਾਰ ਨੇ ਡਰਦਿਆਂ ਹਨ੍ਹੇਰੇ ਵਿੱਚ ਹੀ ਜੇਲ੍ਹ ਦੇ ਪਿਛਲੇ ਪਾਸਿਓਂ ਚੋਰ ਦਰਵਾਜ਼ੇ ਰਾਹੀਂ ਫ਼ਿਰੋਜ਼ਪੁਰ ਲਿਜਾ ਕੇ ਲਾਸ਼ਾਂ ‘ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀ ਅਤੇ ਅੱਧ ਸੜੀਆਂ ਲਾਸ਼ਾਂ ਸਤਲੁਜ ਦਰਿਆ ਵਿੱਚ ਰੋੜ੍ਹ ਦਿੱਤੀਆਂ। ਸ਼ਹੀਦ ਭਗਤ ਸਿੰਘ ਦੀ ਜੀ ਦੀ ਇਸ ਮਹਾਨ ਸ਼ਹਾਦਤ ਦੇ ਬਦੌਲਤ ਅੱਜ ਅਸੀਂ ਆਜ਼ਾਦ ਮੁਲਕ ਦੇ ਵਾਸੀ ਹਾਂ।

ਭਗਤ ਸਿੰਘ ਨੇ ਫਾਂਸੀ ਚੜ੍ਹਨ ਤੋਂ ਕੁਝ ਸਮਾਂ ਪਹਿਲਾਂ ਆਪਣੇ ਸਾਥੀ ਸ਼ਿਵ ਵਰਮਾ ਨੂੰ ਕਿਹਾ ਸੀ,”ਇਨਕਲਾਬੀ ਪਾਰਟੀ ਵਿਚ ਸ਼ਾਮਿਲ ਹੋਣ ਸਮੇਂ ਮੈਂ ਸੋਚਿਆ ਸੀ ਕਿ ਜੇਕਰ ਮੈਂ ਮੁਲਕ ਦੀ ਹਰੇਕ ਨੁੱਕਰ ਵਿਚ ‘ਇਨਕਲਾਬ ਜ਼ਿੰਦਾਬਾਦ’ ਦਾ ਨਾਅਰਾ ਪਹੁੰਚਾ ਦਿੱਤਾ, ਤਦ ਹੀ ਮੇਰੇ ਜੀਵਨ ਦਾ ਪੂਰਾ ਮੁੱਲ ਮਿਲੇਗਾ…… ਮੇਰੇ ਖਿਆਲ ਹੈ ਕਿ ਕਿਸੇ ਦੀ ਵੀ ਜ਼ਿੰਦਗੀ ਦਾ ਮੁੱਲ ਇਸ ਤੋਂ ਵੱਧ ਨਹੀਂ ਹੋ ਸਕਦਾ।” ਸ਼ਹੀਦ ਭਗਤ ਸਿੰਘ ਨੇ ਆਪਣਾ ਫਰਜ਼ ਬਖ਼ੂਬੀ ਨਿਭਾਇਆ। ਉਨ੍ਹਾਂ ਨੇ ਮੁਲਕ ਦੇ ਹਰ ਵਾਸੀ ਦੇ ਮਨ ਵਿਚ ਇਨਕਲਾਬ ਦੇ ਬੀਜ ਬੀਜੇ, ਇਕ ਸੇਧ ਦਿੱਤੀ। ਪਰ ਸਾਡੇ ਤੋਂ ਸ਼ਹੀਦ ਭਗਤ ਸਿੰਘ ਦੇ ਦਿਖਾਏ ਰਾਸਤੇ ਤੇ ਚੱਲਿਆ ਵੀ ਨਹੀਂ ਗਿਆ। ਅੱਜ ਭਾਵੇਂ ਹੀ ਅਸੀਂ ਆਜ਼ਾਦ ਮੁਲਕ ਦੇ ਵਿਚ ਰਹਿੰਦੇ ਹਾਂ ਪਰ ਸਾਡੀ ਸੋਚ ਅੱਜ ਵੀ ਗੁਲ਼ਾਮ ਹੈ। ਇਸ ਲਈ ਤਾਂ ਆਜ਼ਾਦੀ ਦੇ ਪਚੱਤਰ ਵਰ੍ਹੇ ਬਾਅਦ ਵੀ ਉਹ ਇਨਕਲਾਬ ਅਜੇ ਤੱਕ ਨਹੀਂ ਆਇਆ , ਜਿਸਦੀ ਸ਼ਹੀਦ ਭਗਤ ਸਿੰਘ ਨੇ ਕਲਪਨਾ ਕੀਤੀ ਸੀ।

ਵਰਤਮਾਨ ਸਮੇਂ ਵਿੱਚ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਜਿਸ ਹੈ ਵਿਚ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਬਾਰੇ ਦੱਸਿਆ ਜਾਂਦਾ ਹੈ ਪਰ ਸਿਰਫ਼ ਕੁਝ ਘੰਟਿਆਂ ਵਿੱਚ ਜਿੱਥੋਂ ਸੁਣਿਆ ਜਾਂਦਾ ਹੈ ਉੱਥੇ ਹੀ ਛੱਡ ਦਿੱਤਾ ਜਾਂਦਾ ਹੈ। ਕਿਉਂਕਿ ਅਸੀਂ ਅਜੇ ਵੀ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਪੱਲੇ ਨਾਲ ਬੰਨਿਆ ਨਹੀਂ ਹੈ, ਹਾਂ ਪਰ ਇਕ ਸਾਲ ਵਿਚ ਇਕ- ਦੋ ਦਿਨ ਉਨ੍ਹਾਂ ਦੀ ਵਿਚਾਰਧਾਰਾ ਤੇ ਭਾਸ਼ਣ ਦੇ ਕੇ ਦੇਸ਼ ਭਗਤ ਹੋਣ ਦਾ ਦਿਖਾਵਾ ਕਰਦੇ ਹਾਂ,ਇਸ ਲਈ ਤਾਂ ਸਾਨੂੰ ਅੱਜ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਸਮਝ ਨਹੀਂ ਆਈ ਕਿਉਂਕਿ ਅਸੀਂ ਕਦੇ ਉਸਨੂੰ ਸਮਝਣ ਦਾ ਯਤਨ ਹੀ ਨਹੀਂ ਕੀਤਾ। ਕੋਈ ਸ਼ਹੀਦ ਭਗਤ ਸਿੰਘ ਦੇ ਪੋਸਟਰ ਨਾਲ ਫੋਟੋ ਖਿਚਵਾਉਣ ਜਾਂ ਸ਼ਹੀਦ ਭਗਤ ਸਿੰਘ ਦੀ ਫੋਟੋ ਵਾਲੀ ਟੀ- ਸ਼ਰਟ ਪਾਉਣ ਨਾਲ ਭਗਤ ਸਿੰਘ ਵਰਗਾ ਨਹੀਂ ਬਣ ਸਕਦਾ। ਸ਼ਹੀਦ ਭਗਤ ਸਿੰਘ ਵਰਗਾ ਬਣਨਾ ਹੈ ਤਾਂ ਉਨ੍ਹਾਂ ਦੇ ਵਿਚਾਰ ਪੜ੍ਹੋ, ਉਨ੍ਹਾਂ ਤੋਂ ਕੁਝ ਕਰ ਦਿਖਾਉਣ ਦਾ ਜਜ਼ਬਾ ਸਿੱਖੋ।

ਅਸੀਂ ਜਿੱਥੇ ਵੀ ਕਿਤੇ ਕੁਝ ਗ਼ਲਤ ਜਾਂ ਕਿਸੇ ਨਾਲ ਧੱਕਾ ਹੁੰਦਾ ਦੇਖਦੇ ਹਾਂ ਤਾਂ ਉਸਦਾ ਵਿਰੋਧ ਕਰਨ ਦੀ ਥਾਂ ਸੋਚਦੇ ਹਾਂ ” ਆਪਾਂ ਕੀ ਲੈਣਾ ਕਿਸੇ ਤੋਂ ‌….” ਕਹਿ ਕੇ ਅੱਗੇ ਲੰਘ ਜਾਂਦੇ ਹਾਂ। ਪ੍ਰੰਤੂ ਸੋਚੋ ਜੇਕਰ ਅਜਿਹਾ ਹੀ ਸ਼ਹੀਦ ਭਗਤ ਸਿੰਘ ਨੇ ਆਪਣੇ ਸਮੇਂ ਵਿੱਚ ਅੰਗਰੇਜ਼ੀ ਹਕੂਮਤ ਦਾ ਵਿਰੋਧ ਨਾ ਕਰਦੇ ਤੇ ਉਹ ਵੀ ਅਜਿਹਾ ਹੀ ਸੋਚਦੇ ਕਿ “ਮੈਂ ਇਕੱਲੇ ਥੋੜਾ ਆ ਜਿਸ ਨਾਲ ਧੱਕਾ ਹੋ ਰਿਹਾ ਬਲਕਿ ਸਾਰਿਆਂ ਨਾਲ ਗ਼ਲਤ ਹੋ ਰਿਹਾ, ਫਿਰ ਆਪਾਂ ਨੂੰ ਕੀ ਲੋੜ ਵਿਰੋਧ ਕਰਨ ਦੀ, ਅੱਗੇ ਹੋ ਕੇ ਬੋਲਣ ਦੀ।” ਤਾਂ ਸ਼ਾਇਦ ਅਸੀਂ ਅੱਜ ਵੀ ਗੁਲਾਮ ਹੀ ਹੋਣਾ ਸੀ । ਪ੍ਰੰਤੂ ਸ਼ਹੀਦ ਭਗਤ ਸਿੰਘ ਨੇ ਉਸ ਸਮੇਂ ਹਕੂਮਤ ਦਾ ਵਿਰੋਧ ਕੀਤਾ। ਜਿਸ ਬਦੌਲਤ ਸਾਨੂੰ ਆਜ਼ਾਦੀ ਮਿਲੀ।ਇਸ ਲਈ ਜਿੱਥੇ ਵੀ ਕੁਝ ਗ਼ਲਤ ਹੁੰਦਾ ਹੈ ਉਸਦਾ ਵਿਰੋਧ ਕਰਨਾ ਦੀ ਹਿੰਮਤ ਰੱਖੋ ਤਦੇ ਹੀ ਸਾਡੇ ਸਮਾਜ ਵਿਚ ਭਗਤ ਸਿੰਘ ਵਰਗੇ ਸੂਰਮੇ ਪੈਦਾ ਹੋਣਗੇ। ਅੱਜ ਸਾਡੇ ਸਮਾਜ ਵਿਚ ਬਹੁਤ ਸਾਰੀਆਂ ਸਮੱਸਿਆਵਾਂ ਹਨ ਅੱਜ ਵੀ ਸਾਡੇ ਪੰਜਾਬ ਨੂੰ ਸ਼ਹੀਦ ਭਗਤ ਸਿੰਘ ਵਰਗੇ ਸੂਰਮਿਆਂ ਦੀ ਲੋੜ ਹੈ ਜੋ ਸੱਚ ਲਈ ਲੜਨ ਦੀ ਹਿੰਮਤ ਰੱਖਦੇ ਹੋਣ।

ਨਿੱਕੀ ਕੌਰ

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਯਾਦ ਯੋਧਿਆਂ ਦੀ*
Next articleਸੋਚ ਨੂੰ ਸਲਾਮ……